ਅੱਜ ਕੱਲ ਭਾਰਤ ਦੇਸ਼ ਅੰਦਰ ਇੱਕ ਫਿਲਮ ‘ਪਦਮਾਵਤੀ’ ਦੀ ਰਚਨਾਤਮਿਕ ਕਲਾ ਤੇ ਜੋ ਕਿਸੇ ਦੀ ਵੀ ਸਿਰਜਨਾ ਹੋ ਸਕਦੀ, ਦੇਸ਼ ਦੇ ਕਾਫੀ ਹਿੱਸਿਆਂ ਅੰਦਰ ਵਿਵਾਦ ਤੇ ਵਿਰੋਧ ਛਿੜਿਆ ਹੋਇਆ ਹੈ। ਭਾਵੇਂ ਕਿ ਅਜੇ ਇਹ ਫਿਲਮ ਭਾਰਤੀ ਸਿਨੇਮਾ ਪਰਦੇ ਦਿਖਾਈ ਨਹੀਂ ਗਈ ਹੈ।
ਸੰਜੇ ਲੀਲਾ ਭੰਸਾਲੀ ਦੀ ਬਣਾਈ ਇਹ ਫਿਲਮ ‘ਪਦਮਾਵਤੀ’ ਸੋਲਵੀਂ ਸਦੀ ਦੇ ਸੂਫੀ ਸ਼ਾਇਰ ਮਲਕ ਮੁਹੰਮਦ ਜਾਇਸੀ ਦੇ ਮਹਾਂਕਾਵਿ ‘ਪਦਮਾਵਤ’ ਤੇ ਅਧਾਰਤ ਬਣਾਈ ਦੱਸੀ ਗਈ ਹੈ। ਇਸ ਵਿੱਚ ਤੇਰਵੀਂ ਚੌਧਵੀਂ ਸਦੀ ਦੀ ਹਿੰਦੂ ਰਾਜਪੂਤ ਰਾਣੀ ਦੇ ਕਿਰਦਾਰ ਅਤੇ ਉਹਨਾਂ ਦੇ ਸੂਬੇ ਤੇ ਹਮਲਾਵਰ ਰੁਖ ਲੈ ਕੇ ਆਏ ਉਸ ਸਮੇਂ ਦੇ ਹੁਕਮਰਾਨ ਖਿਲਜ਼ੀ ਨਾਲ ਸਬੰਧਤ ਘਟਨਾਵਾਂ ਦਰਸਾਈਆਂ ਗਈਆਂ ਹਨ।
ਸੰਜੇ ਲੀਲਾ ਭੰਸਾਲੀ ਇੱਕ ਬਹੁਤ ਹੀ ਨਾਮਵਰ ਤੇ ਕੱਦਾਵਰ ਫਿਲਮ ਨਿਰਮਾਤਾ ਹੈ। ਜੋ ਕਿ ਲੰਮੇ ਅਰਸੇ ਤੋਂ ਭਾਰਤੀ ਫਿਲਮ ਜਗਤ ਵਿੱਚ ਆਪਣੇ ਵੱਲੋਂ ਰਚੀਆਂ ਗਈਆਂ ਕਈ ਫਿਲਮਾਂ ਕਰਕੇ ਆਪਣੀ ਅਹਿਮ ਹੋਂਦ ਬਣਾਈ ਹੋਈ ਹੈ। ਇਸ ਦੇਸ਼ ਵਿੱਚ ਕੁਝ ਸਾਲਾਂ ਤੋਂ ਵੱਖ-ਵੱਖ ਰੂਪ ਵਿੱਚ ਸਮਾਜ ਦੇ ਕੁਝ ਹਿੱਸੇ ਵੱਲੋਂ ਇਸ ਅਜ਼ਾਦੀ ਨੂੰ ਖਤਮ ਕਰਨ ਦੀ ਕੋਸ਼ਿਸ ਲਗਾਤਾਰ ਜ਼ਾਰੀ ਹੈ। ਇਸ ਬੇਲੋੜੀ ਕੋਸ਼ਿਸ ਸਦਕਾ ਅੱਜ ਭਾਰਤ ਅੰਦਰ ਸੰਵਿਧਾਨਕ ਪ੍ਰਗਟਾਵੇ ਦੇ ਹੱਕ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਪਦਮਾਵਤੀ ਫਿਲਮ ਦੇ ਨਾਲ ਲੱਗਦੀਆਂ ਦੋ ਹੋਰ ਫਿਲਮਾਂ ਜਿਨਾਂ ਨੂੰ ਬਕਾਇਦਾ ਤੌਰ ਤੇ ਫਿਲਮ ਪ੍ਰਦਰਸ਼ਨ ਨੂੰ ਪਾਸ ਕਰਨ ਵਾਲੀ ਸੰਸਥਾ ਤੋਂ ਵੀ ਮਨਜੂਰੀ ਮਿਲ ਚੁੱਕੀ ਸੀ, ਉਨਾਂ ਦੇ ਪ੍ਰਦਰਸ਼ਨ ਨੂੰ ਵੀ ਰੋਕ ਦਿੱਤਾ ਗਿਆ ਹੈ। ਭਾਵੇਂ ਇਸ ਦੇ ਵਿਰੋਧ ਵਿੱਚ ਪਾਸ ਕਰਨ ਵਾਲੀ ਸੰਸਥਾ (ਫਿਲਮ ਯੂਰੀ) ਦੇ ਮੁਖੀ ਘੋਸ਼ ਨੇ ਵੀ ਇਸਦੇ ਪ੍ਰਤੀਕਰਮ ਵਜੋਂ ਆਪਣਾ ਅਹੁਦਾ ਤਿਆਗ ਦਿੱਤਾ ਹੈ। ਪਦਮਾਵਤੀ ਫਿਲਮ ਨੂੰ ਤਾਂ ਅਜੇ ਭਾਰਤ ਦੀ ਮੁੱਖ ਕੇਂਦਰੀ ਪਾਸ ਕਰਨ ਵਾਲੀ ਫਿਲਮ ਸੰਸਥਾ ਵੱਲੋਂ ਮਨਜ਼ੂਰੀ ਵੀ ਨਹੀਂ ਮਿਲੀ ਸੀ ਤੇ ਨਾ ਹੀ ਇਸ ਦਾ ਕਿਧਰੇ ਖੁੱਲੇਆਮ ਪਰਦਰਸ਼ਨ ਕੀਤਾ ਗਿਆ ਹੈ ਪਰ ਫੇਰ ਵੀ ਇੱਕ ਛੋਟੇ ਜਿਹੇ ਰਾਜਪੂਤ ਸੰਸਥਾ ਕਰਨੀਸੈਣਾ ਦੇ ਮੁੱਖ ਰੂਪ ਵਿੱਚ ਇਸਦਾ ਵਿਰੋਧ ਕਰਨ ਕਰਕੇ ਇਸਦੇ ਪ੍ਰਦਰਸ਼ਨ ਨੂੰ ਪੂਰੇ ਭਾਰਤ ਅੰਦਰ ਰੋਕਣ ਲਈ ਇੱਕ ਵਾਤਾਵਰਣ ਬਣਾਇਆ ਜਾ ਰਿਹਾ ਹੈ ਜੋ ਕਿ ਫਿਰਕਾਪ੍ਰਸ਼ਤੀ ਦੀ ਵਧ ਰਹੀ ਭੂਮਿਕਾ ਨੂੰ ਅੱਗੇ ਤੋਰ ਰਿਹਾ ਹੈ।
ਇਸ ਸੰਸਥਾ ਦੇ ਸਮਰਥਨ ਵਿੱਚ ਭਾਰਤ ਅੰਦਰ ਮੁੱਖ ਰੂਪ ਵਿੱਚ ਰਾਜ ਕਰ ਰਹੇ ਰਾਜਨੀਤਿਕ ਪਾਰਟੀ ਦੇ ਅਨੇਕਾਂ ਲੀਡਰਾਂ ਨੇ ਖੁੱਲੇ ਰੂਪ ਵਿੱਚ ਇਸ ਪਦਮਾਵਤੀ ਫਿਲਮ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕੀਤੀ ਹੈ। ਭਾਵੇਂ ਕਿ ਇਤਿਹਾਸ ਪੱਖੋਂ ਪਦਮਾਵਤੀ ਦੀ ਰਚਨਾ ਇੱਕ ਮਿਥਿਹਾਸਕ ਦੱਸੀ ਜਾਂਦੀ ਹੈ। ਇਸੇ ਕਰਨੀਸੈਣਾ ਨੇ ਫਿਲਮ ਦੀ ਚੱਲ ਰਹੀ ਤਿਆਰੀ ਸਮੇਂ ਵੀ ਫਿਲਮੀ ਨਿਰਮਾਤਾ ਤੇ ਕਲਾਕਾਰਾਂ ਉਪਰ ਜਾਨਲੇਵਾ ਹਮਲਾ ਕੀਤਾ ਸੀ ਅਤੇ ਹੁਣ ਵੀ ਵਾਰ ਵਾਰ ਫਿਲਮੀ ਨਿਰਮਾਤਾ ਤੇ ਪ੍ਰਮੁੱਖ ਅਦਾਕਾਰੀ ਕਰਨ ਵਾਲੀ ਨਾਮੀ ਫਿਲਮ ਅਦਾਕਾਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਬਦਲੇ ਵੱਡੇ ਵੱਡੇ ਇਨਾਮ ਨਿਰਧਾਰਤ ਕੀਤੇ ਕਏ ਹਨ।
ਭਾਰਤ ਦੀ ਜ਼ਮਹੂਰੀਅਤ ਅਜ਼ਾਦੀ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰਕ ਜ਼ਮਹੂਰੀਅਤ ਹੋਣ ਦਾ ਮਾਣ ਮਹਿਸੂਸ ਕਰਦੀ ਹੈ ਤੇ ਇਸ ਜ਼ਮਹੂਰੀਅਤ ਵਿੱਚ ਸੰਵਿਧਾਨਕ ਤੇ ਕਨੂੰਨੀ ਤੌਰ ਤੇ ਵੀ ਅਜ਼ਾਦਾਨਾ ਤੌਰ ਤੇ ਖੁੱਲ ਕੇ ਰਚਨਾ ਰਚਣ ਦੇ ਹੱਕ ਭਾਵੇਂ ਮੌਜੂਦ ਹਨ ਪਰ ਵਾਰ ਵਾਰ ਕੁਝ ਸਾਲਾਂ ਤੋਂ ਇੰਨਾ ਹੱਕਾਂ ਉਤੇ ਕਿਸੇ ਨਾ ਕਿਸੇ ਰੂਪ ਵਿੱਚ ਫਿਰਕਾਪਰਸਤੀ ਤੇ ਰਾਸ਼ਟਰਵਾਦ ਦੀ ਅਵਾਜ਼ ਉਠਾ ਕੇ ਹਮਲਾਵਾਰਾਨਾਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ ਜੋ ਕਿ ਕਿਸੇ ਵੀ ਜ਼ਮਹੂਰੀਅਤ ਅੱਗੇ ਵੱਡਾ ਸਵਾਲ ਹੈ। ਇਸ ਨਿਰੰਤਰ ਵਰਤਾਰੇ ਕਾਰਨ ਪਹਿਲਾਂ ਵੀ ਸਲਮਾਨ ਰਸਦੀ ਵਰਗੇ ਲੇਖਕ ਨੂੰ ਆਪਣੇ ਲਿਖੇ ਨਾਵਲ ਸਦਕਾ ਸਾਲਾਂ ਬੱਧੀ ਗੁੰਮਸ਼ੁਦਾ ਜਿੰਦਗੀ ਜ਼ਿਉਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਅੱਜ ਵੀ ਪਦਮਾਵਤੀ ਫਿਲਮ ਦੇ ਪ੍ਰਦਰਸ਼ਨ ਸਬੰਧੀ ਉੱਠ ਰਿਹਾ ਗੈਰ ਜ਼ਮਹੂਰੀ ਵਿਵਾਦ ਸਿਰਜਨਾਤਮਕ ਕਲਾ ਦੀ ਅਜ਼ਾਦੀ ਪ੍ਰਤੀ ਵੱਡੀ ਚੁਣੌਤੀ ਹੈ।