ਦੁਨੀਆਂ ਭਰ ਵਿੱਚ ਚੱਲ ਰਹੇ ਮੌਜੂਦਾ ਜਮਹੂਰੀ ਰਾਜਨੀਤਿਕ ਮਾਡਲ ਨੂੰ ਪੱਛਮੀ ਦੁਨੀਆਂ ਦੀ ਦੇਣ ਮੰਨਿਆਂ ਜਾਂਦਾ ਹੈ। ਰਾਜਨੀਤੀ ਸ਼ਾਸ਼ਤਰ ਦੇ ਵਿਦਿਆਰਥੀ ਜਾਣਦੇ ਹਨ ਕਿ ਮੌਜੂਦਾ ਜਮਹੂਰੀ ਮਾਡਲ ਜਿਸ ਵਿੱਚ ਆਮ ਨਾਗਰਿਕ ਸਰਕਾਰਾਂ ਚੁਣਨ ਲਈ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਦੇ ਹਨ ਇਹ ਸਭ ਤੋਂ ਪਹਿਲਾਂ ਪੱਛਮੀ ਰਾਜਨੀਤੀ ਦਾ ਧੁਰਾ ਬਣਿਆ। ਪੱਛਮੀ ਰਾਜਨੀਤੀ ਤੋਂ ਸਾਡਾ ਭਾਵ ਇੰਗਲੈਂਡ ਅਤੇ ਅਮਰੀਕਾ ਤੋਂ ਹੁੰਦਾ ਹੈੈ। ਬੇਸ਼ੱਕ ਯੂਰਪ ਦੇ ਕਾਫੀ ਸਾਰੇ ਮੁਲਕਾਂ ਨੂੰ ਵੀ ਹੁਣ ਪੱਛਮੀ ਰਾਜਨੀਤੀ ਦਾ ਹਿੱਸਾ ਮੰਨਿਆ ਜਾਣ ਲੱਗਾ ਹੈ ਪਰ ਮੂਲ ਰੂਪ ਵਿੱਚ ਇੰਗਲੈਂਡ ਅਤੇ ਅਮਰੀਕਾ ਨੂੰ ਹੀ ਪੱਛਮੀ ਰਾਜਨੀਤੀ ਦੇ ਧੁਰੇ ਦੇ ਤੌਰ ਤੇ ਦੇਖਿਆ ਜਾਂਦਾ ਹੈੈ। ਆਮ ਤੌਰ ਤੇ ਰਾਜਨੀਤੀ ਸ਼ਾਸ਼ਤਰ ਵਿੱਚ ਇਹ ਪੜ੍ਹਾਇਆ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਮੁਲਕਾਂ ਨੇ ਦੁਨੀਆਂ ਭਰ ਦੇ ਰਾਜਨੀਤਿਕ ਸਫਰ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਸੰਭਾਲੀ ਹੋਈ ਹੈ। ਕਿ ਇਹ ਦੋਵੇਂ ਮੁਲਕ ਨਾ ਕੇਵਲ ਸਿਧਾਂਤਕ ਤੌਰ ਤੇ ਦੁਨੀਆਂ ਦੀ ਅਗਵਾਈ ਕਰਦੇ ਹਨ ਬਲਕਿ ਰਾਜਨੀਤਿਕ ਅਤੇ ਫੌਜੀ ਤੌਰ ਵੀ ਦੁਨੀਆਂ ਭਰ ਵਿੱਚ ਇੱਕਸਾਰਤਾ ਬਣਾਈ ਰੱਖਣ ਲਈ ਅਗਵਾਈ ਦੇਂਦੇ ਹਨ।
ਪਰ ਮੌਜੂਦਾ ਵਕਤ ਦੇ ਇਤਿਹਾਸ ਨੇ ਸਾਨੂੰ ਜੋ ਕੁਝ ਦਿਖਾ ਦਿੱਤਾ ਹੈ ਜਾਂ ਅੱਜਕੱਲ੍ਹ ਜੋ ਕੁਝ ਅਸੀਂ ਦੇਖ ਰਹੇ ਹਾਂ ਉਸਨੇ ਪੱਛਮੀ ਮੁਲਕਾਂ ਦੀ ਸਿਧਾਂਤਕ ਅਤੇ ਰਾਜਨੀਤਿਕ ਅਗਵਾਈ ਦੇ ਖੋਖਲੇਪਣ ਨੂੰ ਸਾਡੇ ਸਭ ਦੇ ਸਾਹਮਣੇ ਖਿਲਾਰ ਕੇ ਰੱਖ ਦਿੱਤਾ ਹੈੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਸਫੀਰ ਰਹੇ ਇੱਕ ਸੱਜਣ ਪਿਛਲੇ ਦਿਨੀ ਲੰਡਨ ਦੇ ਕਿਸੇ ਹਵਾਈ ਅੱਡੇ ਉੱਤੇ ਉਤਰੇ। ਹਵਾਈ ਅੱਡੇ ਤੋਂ ਉਨ੍ਹਾਂ ਨੇ ਅਖਬਾਰ ਖਰੀਦਿਆ। ਅਖਬਾਰ ਦੀ ਸੁਰਖੀ ਇੰਗਲੈਂਡ ਦੀ ਪ੍ਰਧਾਨ ਮੰਤਰੀ ਬੀਬੀ ਥੈਰੇਸਾ ਮੇਅ ਦੀ ਯੂਰਪ ਤੋਂ ਬਾਹਰ ਨਿਕਲਣ ਦੀ ਕਵਾਇਦ, ਦੌਰਾਨ ਹੋਈ ਸ਼ਰਮਨਾਕ ਹਾਰ ਬਾਰੇ ਸੀ। ਅਖਬਾਰ ਨੇ ਇਹ ਵੀ ਲਿਖਿਆ ਕਿ ਏਨੀ ਇਤਿਹਾਸਕ ਹਾਰ ਹੋ ਜਾਣ ਦੇ ਬਾਵਜੂਦ ਵੀ ਬੀਬੀ ਥੈਰੇਸਾ ਮੇਅ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਨਹੀ ਕੀਤਾ।
ਜਮਹੂਰੀਅਤ ਦੀ ਮਾਂ ਸਮਝੇ ਜਾਂਦੇ ਇੰਗਲੈਂਡ ਦਾ ਸਿਆਸੀ ਘੜਮੱਸ ਅੱਜਕੱਲ੍ਹ ਆਪਣੇ ਨਕਾਰਾਤਮਕ ਜਲਵੇ ਲਗਾਤਾਰ ਦਿਖਾ ਰਿਹਾ ਹੈੈ। ਜਿਵੇਂ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਕੁਝ ਚਲਾਕ ਰਾਜਨੀਤੀਵਾਨ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਹਾਸਲ ਕਰ ਲੈਂਦੇ ਹਨ, ਇਵੇਂ ਹੀ ਇੰਗਲੈਂਡ ਦੇ ਕੁਝ ਚਲਾਕ ਰਾਜਨੀਤੀਵਾਨਾਂ ਨੇ ਬਿਨਾ ਕੋਈ ਸਚਾਈ ਦੱਸਿਆਂ ਇੰਗਲੈਂਡ ਦੇ ਲੋਕਾਂ ਨੂੰ ਯੂਰਪੀ ਸੰਘ ਤੋਂ ਬਾਹਰ ਨਿਕਲਣ ਲਈ ਪੁਚਕਾਰ ਲਿਆ। ਲੋਕਾਂ ਨੇ ਝਾਂਸੇ ਵਿੱਚ ਆ ਕੇ ਵੋਟਾਂ ਪਾ ਦਿੱਤੀਆਂ ਪਰ ਹੁਣ ਤਕਨੀਕੀ ਤੌਰ ਤੇੇ ਯੂਰਪ ਤੋਂ ਬਾਹਰ ਨਿਕਲਣਾਂ ਏਨਾ ਔਖਾ ਹੋਇਆ ਪਿਆ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਤਰੇਲੀਆਂ ਆਈਆਂ ਪਈਆਂ ਹਨ। 400 ਸਾਲਾਂ ਤੋਂ ਜਿਆਦਾ ਲੰਬੀ ਉਮਰ ਭੋਗ ਚੁਕੀ ਇੰਗਲੈਂਡ ਦੀ ਰਾਜਨੀਤੀ ਹੁਣ ਬੱਚਿਆਂ ਦੀ ਕੁਕੜਖੇਹ ਬਣੀ ਹੋਈ ਹੈੈ। ਕਿਸੇ ਇੱਕ ਵੀ ਲੀਡਰ ਵਿੱਚ ਸੁਹਿਰਦਤਾ ਅਤੇ ਅਗਵਾਈ ਵਾਲੀ ਕਾਬਲੀਅਤ ਨਜ਼ਰ ਨਹੀ ਆਉਂਦੀ। ਹਰ ਕੋਈ ਸਿਆਸਤ ਦੀ ਪੌੜੀ ਚੜ੍ਹਕੇ ਪ੍ਰਧਾਨ ਮੰਤਰੀ ਜਾਂ ਮੰਤਰੀ ਬਣਨ ਲਈ ਕਾਹਲਾ ਨਜ਼ਰ ਆ ਰਿਹਾ ਹੈੈ। ਰਾਜਨੀਤੀ ਦੀ ਨੈਤਿਕਤਾ ਕਿਧਰੇ ਨਜ਼ਰ ਨਹੀ ਆ ਰਹੀ। ਬਰੈਕਸਿਟ ਦੇ ਛੋਟੇ ਜਿਹੇ ਝਮੇਲੇ ਨੇ ਇੰਗਲੈਂਡ ਦੇ ਰਾਜਨੀਤੀਵਾਨਾਂ ਅਤੇ ਨੀਤੀਘਾੜਿਆਂ ਨੂੰ ਅਜਿਹਾ ਉਲਝਾਇਆ ਹੈ ਕਿ ਉਨ੍ਹਾਂ ਦੀ ਸਟੇਟਸਮੈਨਸ਼ਿੱਪ ਦਾ ਦਿਵਾਲਾ ਕੱਢ ਕੇ ਰੱਖ ਦਿਤਾ ਹੈੈ।
ਉਸ ਅਮਰੀਕੀ ਸਫੀਰ ਨੇ ਬੀਬੀਸੀ ਨਾਲ ਮੁਲਾਕਾਤ ਵੇਲੇ ਦੱਸਿਆ ਕਿ ਜੋ ਕੁਝ ਮੈਂ ਅਮਰੀਕਾ ਵਿੱਚ ਪਿੱਛੇ ਛੱਡਕੇ ਆਇਆ ਸੀ ਉਹ ਹੀ ਕੁਝ ਇੰਗਲੈਂਡ ਵਿੱਚ ਚੱਲ ਰਿਹਾ ਹੈੈ।
ਅਮਰੀਕਾ ਦੀ ਸਰਕਾਰ ਦਾ ਕੰਮਕਾਰ ਇੱਕ ਛੋਟੇ ਜਿਹੇ ਬਚਕਾਨਾ ਮਾਮਲੇ ਤੇ ਪਿਛਲੇ 32 ਦਿਨਾਂ ਤੋਂ ਬੰਦ ਪਿਆ ਹੈੈ। ਲਗਭਗ ਦਸ ਲੱਖ ਅਮਰੀਕੀ ਸਰਕਾਰੀ ਮੁਲਾਜਮਾਂ ਨੂੰ ਪਿਛਲੇ 32 ਦਿਨਾਂ ਤੋਂ ਤਨਖਾਹ ਨਹੀ ਮਿਲੀ। ਉਹ ਕੰਮ ਤੇ ਆ ਰਹੇ ਹਨ ਪਰ ਤਨਖਾਹ ਦਾ ਕੋਈ ਪਤਾ ਨਹੀ। ਕਾਰਨ ਕੀ ਹੈ ਕਿ ਪ੍ਰਧਾਨ ਡਾਨਲਡ ਟਰੰਪ ਮੈਕਸੀਕੋ ਦੀ ਸਰਹੱਦ ਤੇ ਇੱਕ ਕੰਧ ਬਣਾਉਣੀ ਚਾਹੁੰਦੇ ਹਨ ਜਿਸ ਲਈ ਉਹ 5 ਅਰਬ ਅਮਰੀਕੀ ਡਾਲਰਾਂ ਦਾ ਫੰਡ ਮੰਗ ਰਹੇ ਹਨ। ਵਿਰੋਧੀ ਧਿਰ ਉਹ ਬਿਲ ਪਾਸ ਨਹੀ ਹੋਣ ਦੇ ਰਹੀ ਤੇ ਇਸ ਜਿੱਦ ਵੱਜੋਂ ਹੀ ਸਰਕਾਰ ਦਾ ਕੰਮ ਠੱਪ ਹੋਇਆ ਪਿਆ ਹੈੈ।
ਦੁਨੀਆਂ ਭਰ ਦੇ ਮਸਲੇ ਸੁਲਝਾਉਣ ਦ ਦਾਅਵਾ ਕਰਨ ਵਾਲੇ ਅਤੇ ਦੁਨੀਆਂ ਭਰ ਨੂੰ ਅਗਵਾਈ ਦਾ ਸਿਆਸੀ, ਆਰਥਕ, ਸਿਧਾਂਤਕ ਅਤੇ ਫੌਜੀ ਮਾਡਲ ਦੇਣ ਦੇ ਦਮਗਜੇ ਮਾਰ ਰਹੇ ਦੋਵੇਂ ਵੱਡੇ ਸਿਆਸੀ ਧੁਨੰਤਰ ਆਪਣੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਲਈ ਕੁਕੜਖੇਹ ਉਡਾ ਰਹੇ ਹਨ।
ਰੁਹਾਨੀਅਤ ਤੋਂ ਟੁੱਟੀ ਸੰਸਾਰ ਰਾਜਨੀਤੀ ਦੇ ਹੋਰ ਖਲਾਅ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ।