ਕੁਝ ਸਮਾਂ ਪਹਿਲਾਂ ਤਖਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਗਏ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇਹ ਆਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਫੈਸਲਿਆਂ ਅਤੇ ਜਾਰੀ ਹੁੰਦੇ ਹੁਕਮਨਾਮਿਆਂ ਵਿੱਚ ਹਿੰਦੂ ਕੱਟੜਪੰਥੀ ਜਥੇਬੰਦੀ ਸੰਘ ਪਰਿਵਾਰ ਦਾ ਕਾਫੀ ਪ੍ਰਭਾਵ ਹੁੰਦਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਸੰਘ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦੇ ਫੈਸਲਿਆਂ ਵਿੱਚ ਕਾਫੀ ਦਖਲਅੰਦਾਜ਼ੀ ਕਰਦਾ ਹੈ। ਗਿਆਨੀ ਨੰਦਗੜ੍ਹ ਨੇ ਇਹ ਵੀ ਆਖਿਆ ਹੈ ਕਿ ਵੱਖ ਵੱਖ ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਗਏ ਫੈਸਲੇ ਅਸਲ ਵਿੱਚ ਚੰਡੀਗੜ੍ਹ ਤੋਂ ਲਿਖਕੇ ਆਉਂਦੇ ਰਹੇ ਹਨ ਅਤੇ ਜਥੇਦਾਰ ਸਾਹਿਬਾਨ ਤਾਂ ਉਨ੍ਹਾਂ ਤੇ ਸਿਰਫ ਦਸਤਖਤ ਹੀ ਕਰਦੇ ਹਨ।

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਇਸ ਬਿਆਨ ਤੋਂ ਬਾਅਦ ਕੁਝ ਪੰਥਕ ਵਿਦਵਾਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਇਸ ਤੋਂ ਪਹਿਲਾਂ ਸੇਵਾ ਨਿਭਾ ਚੁੱਕੇ ਜਥੇਦਾਰਾਂ ਨੂੰ ਸੁਆਲ ਕਰਨੇ ਅਰੰਭ ਕਰ ਦਿੱਤੇ ਹਨ ਕਿ ਉਹ ਇਸ ਸਬੰਧ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ। ਖੈਰ ਹਾਲੇ ਮੌਜੂਦਾ ਜਥੇਦਾਰ ਨੇ ਤਾਂ ਇਸ ਸਬੰਧੀ ਕੋਈ ਟਿੱਪਣੀ ਨਹੀ ਕੀਤੀ ਪਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਇਹ ਆਖਿਆ ਹੈ ਕਿ ਉਨ੍ਹਾਂ ਦੇ ਕਾਰਜਕਾਲ ਵੇਲੇ ਵੀ ਸੰਘ ਪਰਿਵਾਰ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਸੰਘ ਪਰਿਵਾਰ ਦੀ ਗੱਲ ਨਹੀ ਸੀ ਮੰਨੀ।

ਇਸ ਸਬੰਧ ਵਿੱਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਪੱਖ ਮੰਨਣਯੋਗ ਨਹੀ ਲਗਦਾ। ਉਨ੍ਹਾਂ ਦਾ ਬਿਆਨ ਸਿੱਖ ਪੰਥ ਦੀ ਸਭ ਤੋਂ ਸਤਿਕਾਰਯੋਗ ਸਮਝੀ ਜਾਣ ਵਾਲੀ ਧਿਰ ਦੇ ਕਿਰਦਾਰ ਵਿੱਚ ਆਈ ਗਿਰਾਵਟ ਦੀ ਮੂੰਹ ਬੋਲਦੀ ਦੀ ਅਸਲੀਅਤ ਹੈ। ਇਸ ਸਬੰਧ ਵਿੱਚ ਅਸੀਂ ਸਿਰਫ ਕੁਝ ਘਟਨਾਵਾਂ ਦਾ ਹੀ ਜਿਕਰ ਕਰਾਂਗੇ। ਪਹਿਲੀ ਵਾਰਤਾ ਤੋਂ ਪਿਛਲੇ ਦਿਨੀ ਖਾਲਸਾ ਪੰਚਾਇਤ ਦੇ ਭਾਈ ਚਰਨਜੀਤ ਸਿੰਘ ਨੇ ਪਰਦਾ ਚੁਕਿਆ ਹੈ। ਇੱਕ ਪੱਤਰਕਾਰ ਨਾਲ ਟੀਵੀ ਇੰਟਰਵਿਊ ਦੌਰਾਨ ਭਾਈ ਚਰਨਜੀਤ ਸਿੰਘ ਨੇ ਜਥੇਦਾਰ ਵੇਦਾਂਤੀ ਦੇ ਦਸਤਖਤਾਂ ਵਾਲੀ ਇੱਕ ਅਜਿਹੀ ਚਿੱਠੀ ਵਿਖਾਈ ਜੋ ਅੰਗਰੇਜ਼ੀ ਵਿੱਚ ਲਿਖੀ ਗਈ ਹੈ ਅਤੇ ਜਿਸ ਵਿੱਚ ਇੱਕ ਵਿਵਾਦਗ੍ਰਸਤ ਧਾਰਮਿਕ ਸ਼ਖਸ਼ੀਅਤ ਨੂੰ ਇਹ ਪ੍ਰਮਾਣ ਦਿੱਤਾ ਗਿਆ ਹੈ ਕਿ ਉਹ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਬਹੁਤ ਹੀ ‘ਸਤਿਕਾਰਯੋਗ’ ਸੱਜਣ ਹੈ ਅਤੇ ਇਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਉਹ ਸੱਜਣ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਸਮਾਜ ਦੇ ਮੁਕਾਬਲੇ ਤੇ ਵੇਲੇ ਦੀ ਸਰਕਾਰ ਨੇ ਖੜ੍ਹਾ ਕੀਤਾ ਸੀ ਅਤੇ ਸੰਤ ਸਮਾਜ ਵਿੱਚ ਪਾੜਾ ਪਾਉਣ ਲਈ ਸਜਾਇਆ ਗਿਆ ਸੀ।ਨਾਲ ਹੀ ਉਸ ਸ਼ਖਸ਼ੀਅਤ ਦੀ ਸੰਘ ਪਰਿਵਾਰ ਦੇ ਸਮਾਗਮ ਵਿੱਚ ਹਾਜਰੀ ਦੀ ਫੋਟੋ ਵੀ ਭਾਈ ਚਰਨਜੀਤ ਸਿੰਘ ਨੇ ਦਿਖਾਈ ਹੈ। ਚਿੱਠੀ ਅੰਗਰੇਜ਼ੀ ਵਿੱਚ ਲਿਖੀ ਹੋਈ ਹੈ। ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਜਥੇਦਾਰ ਵੇਦਾਂਤੀ ਅੰਗਰੇਜ਼ੀ ਨਹੀ ਜਾਣਦੇ।

ਇਸ ਤੋਂ ਅੱਗੇ ਇੱਕ ਅਜਿਹੇ ‘ਸੰਤ’ ਨੂੰ ਅਕਾਲ ਤਖਤ ਸਾਹਿਬ ਵੱਲ਼ੋਂ ਬਰੀ ਕਰਨ ਦੀ ਕਹਾਣੀ ਹੈ ਜਿਸ ਤੇ ਜਬਰ ਜਿਨਾਹ ਦੇ ਦੋਸ਼ ਲੱਗੇ। ਅਕਾਲ ਤਖਤ ਸਾਹਿਬ ਵੱਲ਼ੋਂ ਬਰੀ ਕੀਤੇ ਹੋਏ ਸੱਜਣ ਨੂੰ ਭਾਰਤੀ ਅਦਾਲਤਾਂ ਨੇ ਦਸ ਸਾਲ ਦੀ ਸਜ਼ਾ ਸੁਣਾਈ ਉਸੇ ਜੁਰਮ ਵਿੱਚ ਜਿਸ ਕਾਰਨ ਅਕਾਲ ਤਖਤ ਸਾਹਿਬ ਨੇ ਉਸਨੂੰ ਬਰੀ ਕੀਤਾ ਸੀ।

ਤੀਜੀ ਕਹਾਣੀ ਵੀ ਇੱਕ ਅਜਿਹੇ ਵਿਵਾਦਗ੍ਰਸਤ ‘ਸੰਤ’ ਦੀ ਹੈ ਜੋ ਅਮਰੀਕਾ ਦੇ ਇੱਕ ਹੋਟਲ ਵਿੱਚ ਇੱਕ ਔਰਤ ਨਾਲ ਲੋਕਾਂ ਦੇ ਸਾਹਮਣੇ ਫੜਿਆ ਗਿਆ। ਅਕਾਲ ਤਖਤ ਸਾਹਿਬ ਵੱਲ਼ੋਂ ਉਸਨੂੰ ਬਰੀ ਕਰ ਦਿੱਤਾ ਗਿਆ। ਕਿਸੇ ਹੋਰ ਕੇਸ ਵਿੱਚ ਉਹ ਅਮਰੀਕਾ ਵਿੱਚ ਹੀ ਜੇਲ਼੍ਹ ਦੀ ਹਵਾ ਖਾ ਰਿਹਾ ਹੈ। ਉਸ ਬਾਬੇ ਦੀ ਸਰਕਾਰੇ ਦਰਬਾਰੇ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਦੀ ਕਰਤੂਤ ਦੀ ਖਬਰ ਛਾਪਣ ਵਾਲੇ ਇੱਕ ਅਖਬਾਰ ਦੇ ਬਹੁਤ ਨੇੜਲੇ ਸਹਿਯੋਗੀ ਅਤੇ ਸਿੱਖ ਪੰਥ ਦੇ ਬਹੁਤ ਹੀ ਸਤਿਕਾਰਯੋਗ ਇਤਿਹਾਸਕਾਰ ਸ੍ਰ ਅਜਮੇਰ ਸਿੰਘ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਕਿਉਂਕਿ ਬਾਬੇ ਦੀ ਕਹਾਣੀ ਛਾਪਣ ਵਾਲੇ ਅਖਬਾਰ ਦੇ ਸੰਪਾਦਕ ਸ੍ਰ ਅਜਮੇਰ ਸਿੰਘ ਦੇ ਦੋਸਤ ਸਨ।

ਹੋ ਸਕਦਾ ਹੈ ਕਿ ਇਹ ਗੱਲਾਂ ਕਿਸੇ ਨੂੰ ਬਹੁਤ ਨਿਗੂਣੀਆਂ ਲੱਗਣ ਪਰ ਕੁਝ ਸਾਲ ਪਹਿਲਾਂ ਜਦੋਂ ਜਥੇਦਾਰ ਵੇਦਾਂਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤਾਂ ਉਨ੍ਹਾਂ ਦੇ ਦਸਤਖਤਾਂ ਥੱਲੇ ਇੱਕ ਬਿਆਨ ਛਪਿਆ ਜਿਸਦੀ ਕਾਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਉਸ ਵੇਲੇ ਪੰਜਾਬ ਵਿੱਚ ਪੰਥਕ ਧਿਰਾਂ ਸਿੱਖੀ ਨਾਲ ਸਬੰਧਿਤ ਕੋਈ ਸੰਘਰਸ਼ ਕਰ ਰਹੀਆਂ ਸਨ ਅਤੇ ਸਰਕਾਰ ਨੇ ਕੁਝ ਸਿੰਘ ਗ੍ਰਿਫਤਾਰ ਕਰ ਲਏ ਸਨ। ਜਥੇਦਾਰ ਵੇਦਾਂਤੀ ਦੇ ਦਸਤਖਤਾਂ ਥੱਲੇ ਬਿਆਨ ਛਪਿਆ ਜਿਸ ਵਿੱਚ ਸਰਕਾਰ ਨੂੰ ਦੱਸਿਆ ਗਿਆ ਸੀ ਕਿ ਸਿੱਖਾਂ ਨੇ ਦੇਸ਼ ਦੀ ਅਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ ਅਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾਉਣ ਲਈ ਪੰਜਾਬ ਵਿੱਚ ਅੱਤਵਾਦ (Insurguncy) ਦੇ ਖਿਲਾਫ ਜੰਗ ਲੜੀ ਹੈ। ਇਸ ਲਈ ਸਰਕਾਰ ਸਿੱਖਾਂ ਦੀ ਇਮਾਨਦਾਰੀ ਤੇ ਸ਼ੱਕ ਨਾ ਕਰੇ।

ਪੰਜਾਬ ਵਿੱਚ ਅੱਤਵਾਦ ਕੀ ਸੀ ਅਤੇ ਸਿੱਖਾਂ ਨਾਲ ਉਸ ਦੌਰ ਵਿੱਚ ਕੀ ਕੀ ਹੋਇਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣੀ ਕੌਮ ਦੀ ਅਵਾਜ਼ ਬਣਨ ਦੀ ਥਾਂ ਭਾਰਤ ਸਰਕਾਰ ਦੀ ਅਵਾਜ਼ ਵਿੱਚ ਗੱਲ ਕਰ ਰਿਹਾ ਸੀ, ਕਿ ਸਿੱਖਾਂ ਨੇ ਅੱਤਵਾਦ ਦੇ ਖਿਲਾਫ ਲੜਾਈ ਲੜੀ ਹੈ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਹਨ।

ਹੁਣ ਪੁੱਛਿਆ ਜਾ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਉਹ ਸੰਸਥਾ ਸਿੱਖ ਪੰਥ ਨਾਲ ਹੋਏ ਧੱਕੇ ਦੇ ਸਬੰਧ ਵਿੱਚ ਪੰਥ ਨਾਲ ਖੜ੍ਹੀ ਹੈ ਜਾਂ ਭਾਰਤ ਸਰਕਾਰ ਨਾਲ।

ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੁੰਦੇ ਫੈਸਲਿਆਂ ਵਿੱਚੋਂ ੯੯ ਫੀਸਦੀ ਵਿੱਚ ਸਰਕਾਰ ਦੀ ਅਤੇ ਸੰਘ ਪਰਿਵਾਰ ਦੀ ਦਖਲ ਅੰਦਾਜ਼ੀ ਹੈ। ਇਹ ਕੋਈ ਅਚੰਭੇ ਵਾਲੀ ਗੱਲ ਨਹੀ ਹੈ। ਜਿਹੜੀ ਸਰਕਾਰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਦੀ ਜਾਸੂਸੀ ਕਰਵਾ ਸਕਦੀ ਹੈ ਉਹ ਵੀ ਦੇਸ਼ ਦੇ ਅਜ਼ਾਦ ਹੋਣ ਦੇ ਇੱਕਦਮ ਬਾਅਦ ਅਤੇ ਜਿਸ ਸਰਕਾਰ ਦੀਆਂ ਬਰਤਾਨਵੀ ਸੁਹੀਆ ਏਜੰਸੀਆਂ ਨਾਲ ਅਕਤੂਬਰ ੧੯੪੭ ਵਿੱਚ ਹੀ ਏਨੀਆਂ ਗੂੜ੍ਹੀਆਂ ਯਾਰੀਆਂ ਪੈ ਗਈਆਂ ਸਨ ਤਾਂ ਸਮਝਿਆ ਜਾ ਸਕਦਾ ਹੈ ਕਿ ਹੁਣ ਉਹ ਸਟੇਟ ਕਿੰਨੀ ਮਜਬੂਤ ਹੋ ਗਈ ਹੋਵੇਗੀ।

ਸਿੱਖਾਂ ਨਾਲ ਸਬੰਧਿਤ ਹਰ ਰਾਜਸੀ, ਅਦਾਲਤੀ, ਮੀਡੀਆ ਦੇ ਅਤੇ ਧਾਰਮਿਕ (ਸ੍ਰੀ ਅਕਾਲ ਤਖਤ ਸਾਹਿਬ) ਤੋਂ ਹੁੰਦੇ ਫੈਸਲੇ ਕਿਸੇ ਹੋਰ ਥਾਂ ਤੋਂ ਬਣਕੇ ਆਉਂਦੇ ਹਨ। ਸ਼ਰਕਾਰਾਂ ਦੇ ਮੁਖੀ, ਅਦਾਲਤਾਂ ਦੇ ਜੱਜ, ਮੁੱਖ ਸੰਪਾਦਕ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਸਿਰਫ ਦਸਤਖਤ ਹੀ ਕਰਦੇ ਹਨ।

ਇਸ ਸਥਿਤੀ ਵਿੱਚ ਜਦੋਂ ਸਾਰੇ ਪਾਸੇ ਝੂਠ ਅਤੇ ਕੂੜ ਦਾ ਪਸਾਰਾ ਹੈ ਸਿੱਖਾਂ ਕੋਲ ਸ੍ਰੀ ਅਕਾਲ ਤਖਤ ਸਾਹਿਬ ਹੀ ਇੱਕ ਅਜਿਹੀ ਸੰਸਥਾ ਹੈ ਜਿਸ ਤੇ ਸਿੱਖਾਂ ਦਾ ਅਟੁੱਟ ਵਿਸ਼ਵਾਸ਼ ਹੈ। ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਵਿਸ਼ਵਾਸ਼ ਦੇ ਕੇਂਦਰ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਪੰਥ ਵੱਲ਼ੋਂ ਉਨ੍ਹਾਂ ਨੂੰ ਸੌਂਪੀ ਜਿੰਮੇਵਾਰੀ ਨੂੰ ਕੌਮ ਦੀਆਂ ਬੁਲੰਦ ਕਦਰਾਂ ਕੀਮਤਾਂ ਅਨੁਸਾਰ ਹੀ ਨਿਭਾਉਣ। ਕਿਉਂਕਿ ਇਹ ਸਿੱਖਾਂ ਦੇ ਕੌਮੀ ਤਖਤ ਹਨ ਜੋ ਸਿੱਖਾਂ ਦੀ ਰੂਹ ਵਿੱਚ ਉਤਰੇ ਹੋਏ ਹਨ। ਇਨ੍ਹਾਂ ਦੀ ਧਾਰਮਿਕ ਅਤੇ ਰੁਹਾਨੀ ਬੁਲੰਦੀ ਲਈ ਜਥੇਦਾਰ ਸਾਹਿਬ ਨੂੰ ਆਪਣੀ ਨਿੱਜੀ ਜਿੰਦਗੀ ਦੀਆਂ ਮਜਬੂਰੀਆਂ ਤਿਆਗ ਦੇਣੀਆਂ ਚਾਹੀਦੀਆਂ ਹਨ।

ਠੀਕ ਹੈ ਕਿ ਅੱਜ ਕੌਮ ਵਿੱਚ ਨਿਰਾਸ਼ਾ ਹੈ, ਕੌਮ ਉਦਾਸ ਹੈ। ਅੱਤ ਦੀ ਮਜਬੂਤ ਹੋ ਚੁੱਕੀ ਸਟੇਟ ਨੇ ਕੌਮ ਦੀਆਂ ਸੰਸਥਾਵਾਂ ਵਿੱਚ ਬਹੁਤ ਬੁਰੀ ਤਰ੍ਹਾਂ ਘੁਸਪੈਠ ਕਰ ਲਈ ਹੈ ਪਰ ਇਸਦੇ ਬਾਵਜੂਦ ਵੀ ਖਾਲਸੇ ਦਾ ਕਿਰਦਾਰ ਨਹੀ ਡੋਲਣਾਂ ਚਾਹੀਦਾ।

ਇੱਕ ਪੱਛਮੀ ਵਿਦਾਵਾਨ ਦਾ ਕਹਿਣਾਂ ਹੈ ਕਿ, ‘ਕੌਮਾਂ ਅਤੇ ਮੁਲਕਾਂ ਦੀ ਉਸਾਰੀ ਜਿੱਤਾਂ ਵਿੱਚੋਂ ਹੀ ਨਹੀ ਹੁੰਦੀ ਬਲਕਿ ਹਾਰਾਂ ਵਿੱਚੋਂ ਵੀ ਹ੍ਹੰਦੀ ਹੈ।’ ਸੋ ਹੋ ਸਕਦਾ ਹੈ ਕਿ ਕੌਮ ਦੀ ਵਰਤਮਾਨ ਹਾਰ ਵਿੱਚ ਭਵਿੱਖ ਦੀ ਸਦੈਵੀ ਜਿੱਤ ਦੇ ਅੰਸ਼ ਪਏ ਹੋਣ। ਜਥੇਦਾਰ ਸਾਹਿਬ ਨੂੰ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਨਾ ਕਿ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਦੀ ਨੌਕਰੀ।