ਮੇਰਾ ਅੱਜ ਦਾ ਪੰਜਾਬ ਜੋ ਕਿ ਸਪਤ-ਸਿੰਧੂ ਦੇ ਨਾਮ ਤੋਂ ਸ਼ੁਰੂ ਹੋ ਕੇ ਪ੍ਰਸਿੱਧ ਨਾਮਵਰ ਕਵੀ ਅਮੀਰ ਖੁਸਰੋ ਵਲੋਂ ਪੰਜ-ਆਬ ਦੇ ਨਾਮ ਵਿੱਚ ਬਦਲਿਆ ਗਿਆ ਤੇ ਅੱਜ ਨਾਮ ਤਾਂ ਪੰਜਾਬ ਹੀ ਹੈ ਪਰ ਜਿਹੜੇ ਪੰਜ ਆਬ ਸਨ ਉਹ ਸਿਮਟ ਕੇ ਤਿੰਨ ਹੀ ਰਹਿ ਗਏ ਹਨ।
ਪੰਜਾਬ ਨੂੰ ਪਹਿਲੀ ਵਾਰ ਰਾਜ ਵਜੋਂ ਜਾਨਣ ਲਾਇਆ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ। ਅੱਠਵੀਂ ਅਤੇ ਨੌਵੀਂ ਸਦੀ ਦੇ ਵਿੱਚ ਪੰਜਾਬ ਦੁਨੀਆ ਸਾਹਮਣੇ ਇੱਕ ਖਿੱਤੇ ਵਜੋਂ ਸਾਹਮਣੇ ਆਇਆ ਸੀ ਅਤੇ ਇਸ ਦੀ ਮੁੱਖ ਬੋਲੀ ਪੰਜਾਬੀ ਜੋ ਕਿ ਸੰਸਕ੍ਰਿਤ ਅਤੇ ਲੈਤਿਨ ਭਾਸ਼ਾ ਦੇ ਸਮੇਲ ਵਿਚੋਂ ਉਪਜੀ ਸੀ। ਪੰਜਾਬੀ ਸੱਭਿਅਤਾ ਦੁਨੀਆਂ ਦੀਆਂ ਪੁਰਾਣੀਆਂ ਸੱਭਿਆਤਾਵਾਂ ਵਿੱਚ ਸਾਮੂਲੀਅਤ ਰੱਖਦੀ ਹੈ ਅਤੇ ਇਸ ਧਰਤੀ ਤੇ ਸਮੇਂ ਸਮੇਂ ਸਿਰ ਬਾਬਾ ਫਰੀਦ ਤੋਂ ਅਤੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਅਨੇਕਾਂ ਪੀਰ ਪੈਗੰਬਰਾਂ ਦਰਵੇਸ਼ਾਂ ਅਤੇ ਗੁਰੂਆਂ ਨੇ ਛੋਹਿਆ ਹੈ ਅਤੇ ਆਪਣੇ ਰੰਗ ਵਿੱਗ ਵਿੱਚ ਰੰਗਣ ਦੀ ਕੋਸ਼ਿਸ ਕੀਤੀ ਹੈ। ਇਸੇ ਧਰਤੀ ਤੇ ਮੁਗਲ ਸਾਮਰਾਜ ਦੇ ਤੀਜੇ ਮਹਾਰਜੇ ਅਕਬਰ ਨੇ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਆਪਣੇ ਰਾਜ-ਭਾਗ ਦਾ ਆਰੰਭ ਕੀਤਾ ਸੀ ਅਤੇ ਇਸੇ ਅਕਬਰ ਮਹਾਰਾਜੇ ਨੇ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਸਿੱਖ ਮਰਿਯਾਦਾ ਦਾ ਇੱਕ ਅੱਟੁਟ ਅੰਗ ਲੰਗਰ ਦਾ ਸੰਗਤ ਵਿੱਚ ਬੈਠ ਸਧਾਰਨ ਵਿਅਕਤੀ ਵਜੋਂ ਅਨੰਦ ਮਾਣਿਆ ਸੀ। ਇਹ ਚੀਜ਼ ਦਰਸਾਉਂਦੀ ਸੀ ਕਿ ਪੀਰ ਪੈਰੀਬਰਾਂ ਤੇ ਗੁਰੂ ਸਾਹਿਬਾਨ ਦੀ ਧਰਤੀ ਤੇ ਕਿੰਨੀ ਮਿਹਰ ਸੀ। ਭਾਵੇਂ ਕੇ ਬਾਅਦ ਵਿੱਚ ਇਸੇ ਮਲਗ ਸਾਮਰਾਜ ਨੇ ਹਮੇਸ਼ਾ ਸਿੱਖ ਪੰਥ ਦਾ ਖੁਰਾ ਖੋਜ ਮਿਟਾਉਣ ਦੀ ਨਿਰੰਤਰ ਕੋਸ਼ਿਸ਼ ਆਪਣੇ ਸਾਮਰਾਜ ਦੌਰਾਨ ਰੱਖੀ ਅਤੇ ਆਖਰਕਾਰ ਇੱੱਕ ਅਰਥਾਂ ਨਾਲ ਭਰਪੂਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਜਫਰਨਾਮੇ ਨੇ ਮੁਗਲ ਸਾਮਰਾਜ ਦੀ ਜੜ੍ਹ ਹਿਲਾ ਦਿੱਤੀ ਸੀ।
ਜਿਸ ਰਾਜ ਦੀ ਸਥਾਪਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਰੱਖੀ ਸੀ ਉਸੇ ਪੰਜਾਬ ਰਾਜ ਅੰਦਰ ਸਮੇਂ-ਸਮੇਂ ਸਿਰ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੰਗਰੇਜ਼ਾਂ ਦੇ ਸਾਮਰਾਜ ਤੱਕ ਸਿਰਲੱਥ ਯੋਧੇ ਸੂਰਬੀਰ ਅਤੇ ਮਹਾਨ ਜਰਨੈਲ ਪੈਦਾ ਕੀਤੇ। ਜਿਨਾਂ ਵਿਚੋਂ ਕਈ ਅੱਜ ਵੀ ਦੁਨੀਆਂ ਦੇ ਇਤਹਾਸ ਵਿੱਚ ਨਾਮੀਂ ਫੌਜੀ ਜਰਨੈਲਾਂ ਵਿੱਚ ਸ਼ਾਮੂਲੀਅਤ ਰੱਖਦੇ ਹਨ। ਇਸੇ ਪੰਜਾਬ ਦੀ ਧਰਤੀ ਤੋਂ ਅੰਗਰੇਜ਼ਾਂ ਨੂੰ ਭਾਰਤ ਤੇ ਮੁਕੰਬਲ ਰਾਜ ਪ੍ਰਾਪਤ ਕਰਨ ਲਈ ਲਹੂ ਭਿੱਜੀਆਂ ਤਿੰਨ ਮਹਾਨ ਐਂਗਲੋ ਸਿੱਖ ਲੜਾਈਆਂ ਲੜਨੀਆਂ ਪਈਆਂ ਸਨ ਤਾਂ ਜੋ ਉਹ ਪੂਰੇ ਭਾਰਤ ਮਹਾਂਦੀਪ ਤੇ ਆਪਣਾ ਰਾਜ ਪੱਕਿਆਂ ਕਰ ਸਕਣ। ਪੰਜਾਬ ਰਾਜ ਦੇ ਇਤਿਹਾਸ ਵਿੱਚ ਇਹ ਵੀ ਸੁਨਹਿਰੀ ਵਰਕਾ ਹੈ ਜਿਸਦਾ ਆਖਰੀ ਮਹਾਰਾਜਾ ਨੌ ਸਾਲ ਦੀ ਉਮਰ ਵਿੱਚ ਅੰਗਰੇਜ ਸਾਮਰਾਜ ਨੂੰ ਆਪਣੀ ਹਿਫਾਜ਼ਤ ਵਿੱਚ ਲੈਣਾ ਪਿਆ ਸੀ ਤਾਂ ਜੋ ਅੰਗਰੇਜ ਸਾਮਰਾਜ ਮੁਕੰਮਲਤਾ ਹਾਸਲ ਕਰ ਸਕੇ।
ਜੇ ਭਾਰਤ ਦੇ ਅਜ਼ਾਦੀ ਸ਼ੰਘਰਸ਼ ਦੀ ਗੱਲ ਕਰੀਏ ਤਾਂ ਵੀ ਪੰਜਾਬ ਰਾਜ ਅਤੇ ਇਸਦੇ ਵਸਨੀਕ ਪੰਜਾਬੀਆਂ ਦੇ ਹਿੱਸੇ ਸਭ ਤੋਂ ਵੱਧ ਕੁਰਬਾਨੀਆਂ ਤੇ ਸੂਰਬੀਰਤਾ ਹੀ ਆਉਂਦੀ ਹੈ। ਪੰਜਾਬ ਭਾਰਤ ਦੀ ਅਜ਼ਾਦੀ ਵੇਲੇ ਵੀ ਖੂਨ ਦੇ ਦਰਿਆਵਾਂ ਵਿੱਚ ਅਤੇ ਮਾਨਵਤਾ ਦੇ ਘਾਣ ਵਿੱਚ ਪੂਰੀ ਤਰਾਂ ਰੰਗਿਆ ਰਿਹਾ ਹੈ। ਹੁਣ ਦੇ ਪੰਜਾਬ ਦਾ ਦੁਬਾਰਾ ਜਨਮ ੧੯੪੭ ਵੇਲੇ ਆਪਸੀ ਵੰਡ ਨਾਲ ਹੀ ਸ਼ੁਰੂ ਹੋਇਆ ਸੀ ਅਤੇ ਇਸਦਾ ਇੱਕ ਟੁਕੜਾ ਜਿਸ ਵਿੱਚ ਸਿੱਖ ਰਾਜ ਦੀ ਵਿਰਾਸਤ ਉਸਦੀ ਰਾਜਧਾਨੀ ਲਹੌਰ ਅਤੇ ਸਿੱਖ ਧਰਮ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਪੰਜਾਬ ਵਿੱਚ ਸਦਾ ਲਈ ਸਾਡੇ ਤੋਂ ਵਿਛੋੜ ਦਿੱਤਾ ਗਿਆ ਸੀ। ਅੱਜ ਦਾ ਪੰਜਾਬ ਸਿਮਟ ਕੇ ਪੰਜ ਦਰਿਆਵਾਂ ਤੋਂ ਤਿੰਨ ਦਰਿਆਵਾਂ ਦੀ ਧਰਤੀ ਬਣ ਚੁੱਕਿਆ ਸੀ। ਇਸ ਨਵੇਂ ਜਨਮੇ ਭਾਰਤੀ ਪੰਜਾਬ ਵਿੱਚ ਲਹੌਰ ਦੀ ਘਾਟ ਨੂੰ ਪੂਰੇ ਕਰਨ ਲਈ ਭਾਰਤ ਸਰਕਾਰ ਵੱਲੋਂ ਨਵੀਂ ਰਾਜਧਾਨੀ ਚੰਡੀਗੜ ਉਸਾਰ ਦਿੱਤੀ ਗਈ। ਬਿਜਲੀ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਭਾਖੜਾ ਡੈਮ ਖੜਾ ਕਰ ਕੇ ਦਿੱਤਾ। ਚੰਗੀਆਂ ਸਿਹਤ ਸੇਵਾਵਾਂ ਲਈ ਵੱਡਾ ਹਸਪਤਾਲ ਪੀ.ਜੀ.ਆਈ ਉਸਾਰਿਆ ਗਿਆ ਅਤੇ ਲਹੌਰ ਯੂਨੀਵਰਸਿਟੀ ਦੇ ਖੁੱਸ ਜਾਣ ਬਦਲੇ ਚੰਡੀਗੜ੍ਹ ਯੂਨੀਵਰਸਿਟੀ ਸਥਾਪਤ ਕਰ ਕੇ ਦਿੱਤੀ ਅਤੇ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਟਾਹਲੀਆਂ, ਕਿੱਕਰਾਂ, ਨਿੰਮਾਂ ਤੇ ਬਰੋਟਿਆਂ ਦੇ ਨਾਲ ਇਸਨੂੰ ਵਾਤਾਵਰਣ ਅਨੁਕੂਲ ਰੱਖਣ ਦਾ ਉਪਰਾਲਾ ਕੀਤਾ। ਖੇਤਾਂ ਨੂੰ ਸਿੰਜਾਈ ਪੱਖੋਂ ਪੂਰਾ ਕਰਨ ਲਈ ਨਵੀਆਂ ਨਹਿਰਾਂ ਦਾ ਭਾਖੜੇ ਵਿਚੋਂ ਤੇ ਹਰੀਕੇ ਪੱਤਣ ਵਿਚੋਂ ਨਿਰਮਾਣ ਕੀਤਾ ਗਿਆ। ਭਾਵੇਂ ਭਾਰਤ ਦੀ ਵੰਡ ਵੇਲੇ ਸਿੱਖਾਂ ਦੀ ਭਾਰਤ ਦੇ ਮੁਕਾਬਲੇ ਇੱਕ ਪ੍ਰਤੀਸ਼ਤ ਹੀ ਵਸੋਂ ਸੀ ਪਰ ਇਹ ਆਪਣੀਆਂ ਕੁਰਬਾਨੀਆਂ ਤੇ ਹੌਸਲਾ ਮਈ ਇਤਿਹਾਸ ਸਦਕਾ ਐਨਾ ਕੁ ਭਾਰਤੀ ਰਾਜਨੀਤੀ, ਸੱਭਿਆਚਾਰ ਤੇ ਪ੍ਰਭਾਵ ਰੱਖਦੇ ਸੀ ਕਿ ਕੋਈ ਵੀ ਕੌਮੀ ਫੈਸਲਾ ਲੈਣ ਤੋਂ ਪਹਿਲਾਂ ਇਹਨਾਂ ਦਾ ਪ੍ਰਭਾਵ ਜਰੂਰ ਵਿਚਾਰਿਆ ਜਾਵੇ। ਅੰਗਰੇਜ ਸਾਮਰਾਜ ਨੇ ਵੀ ਇਹਨਾਂ ਕਦਰਾਂ ਕੀਮਤਾਂ ਕਰਕੇ ਸਿੱਖ ਵਸੋਂ ਘੱਟ ਹੋਣ ਦੇ ਬਾਵਜੂਦ ਵੀ ਇਤਿਹਾਸ ਮੁਤਾਬਕ ਸਿੱਖ ਲੀਡਰਸ਼ਿਪ ਨੂੰ ਸਮਝਾਉਣਾ ਚਾਹਿਆ ਸੀ ਕਿ ਜੇ ਸਿੱਖ ਚਾਹੁਣ ਤਾਂ ਅਸੀਂ ਉਨਾਂ ਲਈ ਵੱਖਰਾ ਅਸਥਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਛੱਡ ਸਕਦੇ ਹਾਂ ਜਿਥੇ ਉਹ ਆਪਣੀ ਮਾਂ ਬੋਲੀ ਪੰਜਾਬੀ ਧਰਮ ਤੇ ਰਾਜਨੀਤੀ ਦਾ ਨਿੱਘ ਮਾਣ ਸਕਣ। ਅਜਾਦੀ ਤੋਂ ਬਾਅਦ ਪੰਜਾਬ ਵਿੱਚ ਸਿੱਖ ਬਹੁਗਿਣਤੀ ਨਹੀਂ ਸਨ ਅਤੇ ਪਹਿਲੀ ਵਾਰ ਮਜਬੂਤ ਸਿੱਖ ਮੁੱਖ ਮੰਤਰੀ ਦੇ ਰੂਪ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਰਾਜ ਭਾਗ ਸੰਭਾਲਿਆ ਸੀ। ਉਹਨਾਂ ੧੯੩੭ ਵਿੱਚ ਅਮਰੀਕਾ ਦੀਆਂ ਨਾਮੀਂ ਯੂਨੀਵਰਸਿਟੀਆਂ ਵਿਚੋਂ ਅਰਥ-ਸਾਸਤਰ ਦੀ ਵਿਦਿਆ ਗ੍ਰਹਿਣ ਕੀਤੀ ਹੋਈ ਸੀ ਅਤੇ ਉਹ ਪਹਿਲੀ ਵਾਰ ਜਦੋਂ ਅੰਗਰੇਜ਼ਾ ਦੇ ਰਾਜ ਵੇਲੇ ਐਮ.ਐਲ.ਏ ਬਣੇ ਤਾਂ ਅਕਾਲੀ ਦਲ ਵੱਲੋਂ ਬਣੇ ਸਨ ਪਰ ਅਜਾਦੀ ਤੋਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਹਨਾਂ ਨੇ ਮੌਜੂਦਾ ਪੰਜਾਬ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਣਿਆ ਹੈ।
ਸਮੇਂ ਨਾਲ ਇਹ ਪੰਜਾਬ ੧੯੬੬ ਨਵੰਬਰ ਵਿੱਚ ਦੁਬਾਰਾ ਵੰਡਿਆ ਗਿਆ ਅਤੇ ਇਸਦੇ ਤਿੰਨ ਹਿੱਸੇ ਹੋ ਗਏ। ਪਹਿਲੀ ਵਾਰ ਇਸ ਪੰਜਾਬ ਵਿੱਚ ਸਿੱਖ ਕੌਮ ਬਹੁ-ਗਿਣਤੀ ਕੌਮ ਬਣੀ। ਸਮੇਂ ਦੇ ਚੱਲਦਿਆਂ ਪੰਜਾਬ ਤਾਂ ਵੰਡਿਆ ਹੀ ਗਿਆ ਪਰ ਇਸ ਨਵੇਂ ਪੰਜਾਬ ਨੇ ਆਪਣੀ ਰਾਜਧਾਨੀ ਭਾਰਤ ਸਰਕਾਰ ਕੋਲ ਗਹਿਣੇ ਰੱਖ ਦਿਤੀ ਜੋ ਅੱਜ ਵੀ ਗਹਿਣੇ ਹੈ। ਇਸੇ ਤਰਾਂ ਆਪਣੇ ਬਿਜਲੀ ਅਤੇ ਪਾਣੀਆਂ ਦਾ ਸਰਮਾਇਆ ਭਾਖੜਾ ਡੈਮ ਵੀ ਭਾਰਤ ਸਰਕਾਰ ਦੇ ਕੋਲ ਗਹਿਣੇ ਕਰ ਦਿੱਤਾ ਅਤੇ ਆਪਣੇ ਕਨੂੰਨ ਦਾ ਚਿੰਨ ਅਤੇ ਸੰਵਿਧਾਨ ਦਾ ਅੰਗ ਉੱਚ-ਅਦਾਲਤ ਆਪਣੇ ਨਾਲ ਦੇ ਰਾਜ ਹਰਿਆਣੇ ਨਾਲ ਸਾਂਝੇ ਤੌਰ ਤੇ ਰੱਖ ਦਿੱਤਾ। ਇਹ ਅੱਜ ਚਾਲੀ ਸਾਲਾਂ ਬਾਅਦ ਵੀ ਉਸੇ ਤਰਾਂ ਹੈ ਅਤੇ ਅੱਜ ਦਾ ਪੰਜਾਬ ਤੇ ਇਸਦੀ ਲੀਡਰਸ਼ਿਪ ਇੰਨੀ ਸਮਰੱਥਾ ਹੀ ਨਹੀਂ ਜਿਤਾ ਸਕੀ ਕਿ ਇਹ ਪੰਜਾਬ ਦੇ ਸਿਰਮੌਰ ਚਿੰਨ ਜੋ ਕਿ ਕਿਸੇ ਵੀ ਰਾਜ ਦੇ ਮੁੱਖ ਪ੍ਰਸ਼ਾਸਨਿਕ ਕੇਂਦਰ ਹੁੰਦੇ ਹਨ, ਨੂੰ ਪ੍ਰਾਪਤ ਕੀਤਾ ਜਾ ਸਕੇ। ਸਗੋਂ ਪਿਛਲੇ ਚਾਲੀ ਸਾਲਾਂ ਤੋਂ ਪੰਜਾਬ ਵਿੱਚ ਸਮੇਂ ਨਾਲ ਪੰਜਾਬੀ ਮਾਂ ਬੋਲੀ ਵੀ ਇੰਨੀ ਖਿੱਲਰ ਗਈ ਹੈ ਕਿ ਉਸ ਬਾਰੇ ਅੰਤਰਰਾਸ਼ਟਰੀ ਸੰਸਥਾਵਾਂ ਇਹ ਅਨੁਮਾਨ ਲਾਉਣ ਲੱਗ ਪਈਆਂ ਹਨ ਕਿ ੨੦੫੦ ਤੱਕ ਪੰਜਾਬੀ ਭਾਸ਼ਾ ਆਪਣੀ ਹੋਂਦ ਗਵਾ ਦੇਣ ਦੇ ਕੰਢੇ ਹੋਵੇਗੀ ਜੋ ਕਿ ਦੁਨੀਆਂ ਦੀਆਂ ਪੁਰਾਣੀਆਂ ਭਾਸ਼ਾਵਾਂ ਵਿਚੋਂ ਇੱਕ ਹੈ। ਇਸੇ ਤਰਾਂ ਪੰਜਾਬ ਦੀ ਸ਼ਾਨ ਅਤੇ ਇਸਦੀ ਹੋਂਦ ਦੇ ਪ੍ਰਤੀਕ ਤਿੰਨ ਦਰਿਆ ਅੱਜ ਆਪਣੇ ਵਿੱਚ ਅਜਿਹਾ ਪਾਣੀ ਲਈ ਫਿਰਦੇ ਹਨ ਕਿ ਜੋ ਪੀਣ ਯੋਗ ਵੀ ਨਹੀਂ ਹੈ। ਕਈ ਥਾਵਾਂ ਤੇ ਤਾਂ ਇਸਨੂੰ ਸਿੰਜਾਈ ਲਈ ਵੀ ਵਰਤਣ ਤੋਂ ਸੰਕੋਚ ਕਰਨਾ ਹੈ। ਇਸਦੀ ਘਾਟ ਨੂੰ ਪੂਰਿਆਂ ਕਰਨ ਲਈ ਪੰਜਾਬ ਦੀ ਪੀਰਾਂ-ਪੈਗੰਬਰਾਂ ਵਾਲੀ ਧਰਤੀ ਦੇ ਚੱਪੇ ਚੱਪੇ ਤੇ ਡੂੰਘੇ ਬੋਰ ਕਰਕੇ ਪਾੜਿਆ ਜਾ ਰਿਹਾ ਹੈ ਤੇ ਧਰਤੀ ਹੇਠਲਾਂ ਪਾਣੀ ਲਗਾਤਾਰ ਇਨਸਾਨ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸੇ ਨਵੇਂ ਪੰਜਾਬ ਦੇ ਨਿਰਮਾਣ ਅਧੀਨ ਰਾਜ ਸਰਕਾਰ ਵੱਲੋਂ ਟਾਹਲੀ, ਕਿੱਕਰਾਂ ਦਾ ਕਹਿਣਾ ਹੀ ਕੀ ਹੈ ਸਗੋਂ ਹੋਰ ਦਰੱਖਤ ਰਲਾ ਕੇ ਪਿਛਲੇ ਕੁਝ ਕੁ ਵਰਿਆਂ ਵਿੱਚ ਸੱਤ ਕਰੋੜ ਦੇ ਕਰੀਬ ਧਰਤੀ ਤੋਂ ਪੁੱਟ ਦਿੱਤੇ ਗਏ ਹਨ। ਜਿਸ ਲਹੌਰ ਯੂਨੀਵਰਸਿਟੀ ਦੀ ਘਾਟ ਪੂਰੀ ਕਰਨ ਲਈ ਪੰਜਾਬ ਯੂਨੀਵਰਸਿਟੀ ਤੇ ਹੋਰ ਵਿਦਿਅਕ ਅਦਾਰੇ ਖੜੇ ਕੀਤੇ ਸਨ ਕਿ ਵਿਦਿਆ ਦੇ ਪਸਾਰ ਨੂੰ ਵਧਾਇਆ ਜਾਵੇ ਉਸਦਾ ਹਾਲ ਇਹ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਅਤੇ ਲੈਕਚਰਾਰਾਂ ਦੀਆਂ ਨੌਕਰੀਆਂ ਖਾਲੀ ਪਈਆਂ ਹਨ। ਵਿਦਿਆ ਦਾ ਮੁੱਖ ਅੰਗ ਲਾਇਬਰੇਰੀਆਂ ਦੀ ਸਕੂਲਾਂ ਕਾਲਜਾਂ ਵਿੱਚ ਹੋਂਦ ਹੀ ਖਤਰੇ ਵਿੱਚ ਚਲੀ ਗਈ ਹੈ। ਅੱਜ ਵੀ ਪੰਜਾਬ ਦੀਆਂ ਕੁੜੀਆਂ ਆਪਣੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਵੱਖਰੇ ਪਖਾਨਿਆਂ ਨੂੰ ਲੱਭ ਰਹੀਆਂ ਹਨ। ਭਾਵੇ ਗੈਰ ਸਰਕਾਰੀ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਚੱਪੇ-ਚੱਪੇ ਤੇ ਉਸਾਰੀਆਂ ਜਾ ਚੁੱਕੀਆਂ ਹਨ ਤਾਂ ਜੋ ਪਿੰਡਾਂ ਦੀ ਵਾਹੀ ਯੋਗ ਜ਼ਮੀਨ ਇੱਟਾਂ-ਸੀਮਿੰਟਾਂ ਦੀਆਂ ਇਮਾਰਤਾਂ ਵਿੱਚ ਬਦਲ ਦਿੱਤੀ ਜਾਵੇ ਅਤੇ ਇਸ ਵਿੱਚੋਂ ਪੈਦਾ ਹੋ ਰਿਹਾ ਹੁਨਰ ਲੱਖਾਂ ਦੀ ਤਾਦਾਦ ਵਿੱਚ ਆਪਣੀ ਲੋੜ ਮੁਤਾਬਕ ਨੌਕਰੀਆਂ ਲੱਭ ਰਿਹਾ ਹੈ ਅਤੇ ਬਹੁਤੀ ਵਾਰ ਨੌਕਰੀ ਨਾ ਮਿਲਣ ਦਾ ਕਾਰਨ ਯੋਗਤਾ ਦੀ ਘਾਟ ਦੱਸਿਆ ਜਾ ਰਿਹਾ ਹੈ। ਇਸੇ ਤਰਾਂ ਆਪਾਂ ਵਾਹੀ ਯੋਗ ਜ਼ਮੀਨ ਦੀ ਗੱਲ ਕਰੀਏ ਤਾਂ ਉਹ ਸ਼ਹਿਰੀ ਕਰਨ ਦੀ ਭੇਂਟ ਇੰਝ ਚੜ ਰਹੀ ਹੈ ਕਿ ਦਸ ਹਜ਼ਾਰ ਹੈਕਟੇਅਰ ਦੇ ਕਰੀਬ ਹਰ ਸਾਲ ਵਾਹੀ ਯੋਗ ਉਪਜਾਊ ਜ਼ਮੀਨ ਸੀਮਿੰਟ ਦੀਆਂ ਇਮਾਰਤਾਂ ਵਿੱਚ ਤਬਦੀਲ ਹੋ ਰਹੀ ਹੈ ਅਤੇ ਇਸ ਵਿੱਚੋਂ ਪੈਦਾ ਹੋ ਰਹੀ ਭੜਾਸ ਤੇ ਗੰਦਗੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਪੰਜਾਬ ਦੀਆਂ ਸਿੰਜਾਈ ਡਰੇਨਾਂ ਜਿਥੇ ਕਦੇ ਪਾਣੀ ਵਾਲੇ ਜੀਵ ਖੁਸ਼ੀ-ਖੁਸ਼ੀ ਤੈਰਦੇ ਹੁੰਦੇ ਸੀ ਉਥੇ ਹੁਣ ਸੜੇ ਹੋਏ ਧਾਤਾਂ ਅਤੇ ਹੋਰ ਗੰਧਲੇ ਜ਼ਹਿਰੀਲੇ ਪਦਾਰਥਾਂ ਦੀ ਭੜਾਸ ਮਿਲਦੀ ਹੈ ਜੋ ਪੰਜਾਬ ਦੀ ਧਰਤੀ ਦੇ ਵਸਨੀਕਾਂ ਨੂੰ ਮਾਰੂ ਬਿਮਾਰੀਆਂ ਦੀ ਭੇਂਟ ਚੜਾ ਰਹੀ ਹੈ। ਇਸਤੋਂ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਦੇ ਹੱਲ ਲਈ ਉਸਾਰੇ ਸਿਹਤ ਕੇਂਦਰ ਅੱਜ ਅਜਿਹੀ ਦਿਸ਼ਾ ਵਿੱਚ ਹਨ ਕਿ ਦੋ ਹਜ਼ਾਰ ਤੋਂ ਉਪਰ ਅਜਿਹੇ ਸਿਹਤ ਕੇਂਦਰ ਹਨ ਜਿਥੇ ਨਾ ਬਿਜਲੀ ਦਾ ਪ੍ਰਬੰਧ ਹੈ ਤੇ ਨਾ ਹੀ ਪਾਣੀ ਦਾ। ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵਾਲੇ ਇਲਾਕੇ ਵਿੱਚ ਵੀ ੯੦ ਦੇ ਕਰੀਬ ਅਜਿਹੇ ਸਿਹਤ ਕੇਂਦਰ ਹਨ ਜਿਥੇ ਪਾਣੀ ਤੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ। ਪੰਜਾਬ ਦੇ ਸਿੰਜਾਈ ਦੇ ਮੁੱਖ ਵਸੀਲੇ ਜੋ ਨਹਿਰੀ ਕਰਨ ਨੂੰ ਪ੍ਰਫੱਲਤ ਕਰਦੇ ਸਨ ਜਿਨਾਂ ਨੂੰ ਆਪਾਂ ਚਾਅ ਨਾਲ ਸੂਏ ਤੇ ਨਾਲੇ ਆਖਦੇ ਸੀ ਉਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਹੈ। ਇਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਵਾਲੀ ਵੇਈਂ ਨਦੀ ਦੀ ਅੱਜ ਅਜਿਹੀ ਸਥਿਤੀ ਹੈ ਕਿ ਉਸਦਾ ਨਾਮ ਹੀ ਕਾਲੀ ਵੇਈਂ ਪੈ ਗਿਆ ਹੈ ਅਤੇ ਉਸ ਕੋਲ ਖੜਿਆ ਵੀ ਨਹੀਂ ਜਾ ਸਕਦਾ। ਉਹ ਆਲੇ-ਦੁਆਲੇ ਦੇ ਵਾਤਾਵਰਣ ਲਈ ਵੀ ਜ਼ਹਿਰੀਲੀ ਸਾਬਤ ਹੋ ਰਹੀ ਹੈ।
ਪੰਜਾਬ ਦੀ ਧਰਤੀ ਜਿਹੜੀ ਕਦੇਂ ਲੋਕ-ਗੀਤਾਂ ਦੀ ਕਲਾ ਨਾਲ ਸਿੰਜੀ ਹੁੰਦੀ ਸੀ ਉਸਨੂੰ ਅੱਜ ਦੇ ਪੰਜਾਬੀ ਪੌਪ ਨੇ ਅਜਿਹਾ ਬਣਾ ਦਿੱਤਾ ਹੈ ਜਿਸਦੇ ਸ਼ੋਰ-ਸ਼ਰਾਬੇ ਵਿੱਚ ਔਰਤ ਜਾਤੀ ਦਾ ਘੋਰ ਅਪਮਾਨ ਹੋ ਰਿਹਾ ਹੈ। ਇਸੇ ਤਰਾਂ ਪੰਜਾਬੀ ਫਿਲਮ ਇੰਡਸਟਰੀ ਪ੍ਰਫੁੱਲਤ ਤਾਂ ਬਹੁਤ ਹੋਈ ਹੈ ਪਰ ਉਸਦਾ ਰੰਗ ਨਾਨਕ ਨਾਮ ਜਹਾਜ, ਮੜੀ ਦਾ ਦੀਵਾ ਆਦਿ ਤੋਂ ਬਦਲ ਕੇ ਜੱਟ ਜ਼ੇਮਜ਼ ਬੌਡ, ਮੁੰਡੇ ਯੂ.ਕੇ ਦੇ, ਆਦਿ ਵਿੱਚ ਤਬਦੀਲ ਹੋ ਚੁੱਕਿਆ ਹੈ ਜੋ ਕਿ ਕਲਪਨਾਤਮਕ ਕਲਾ ਵਿੱਚ ਤਬਦੀਲ ਹੋ ਚੁੱਕਿਆ ਹੈ। ਅੱਜ ਪੰਜਾਬ ਦੇ ਨਾਮਵਾਰ ਰਚਨਾਵਾਂ ਦੇ ਲਿਖਾਰੀ ਗੁਰਦਿਆਲ ਸਿੰਘ, ਅਜਮੇਰ ਸਿੰਘ ਔਲਖ, ਜਸਵੰਤ ਸਿੰਘ ਕੰਵਲ, ਸੁਰਜੀਤ ਪਾਤਰ ਬਿਰਦ ਹੋ ਗਏ ਹਨ ਜਿਨਾਂ ਦੀ ਜਗ੍ਹਾ ਲੈਣ ਲਈ ਵਿੱਥ ਬਹੁਤ ਜ਼ਿਆਦਾ ਹੈ। ਪੰਜਾਬ ਵਿੱਚ ਅੱਜ ਵੀ ਸਾਢੇ ਤਿੰਨ ਕਰੋੜ ਤੋਂ ਵਧੇਰੇ ਦੀ ਅਬਾਦੀ ਹੈ ਇਸ ਵਿੱਚ ਬਹੁ ਗਿਣਤੀ ਨੌਜਵਾਨ ਕੁੜੀਆਂ ਮੁੰਡਿਆਂ ਦੀ ਹੈ। ਪਰ ਇਹ ਕਹਿਣਾ ਪੈਂਦਾ ਹੈ ਕਿ ਅੱਜ ਦਾ ਨੌਜਵਾਨ ਸੱਠ ਪ੍ਰਤੀਸ਼ਤ ਤੋਂ ਉਪਰ ਝੂਠੇ ਸਹਾਰਿਆਂ (ਨਸ਼ਿਆਂ) ਦੀ ਭੇਂਟ ਚੜ੍ਹ ਰਿਹਾ ਹੈ ਅਤੇ ਆਪਣੇ ਅੱਜ ਅਤੇ ਕੱਲ ਨਾਲ ਨਵੀਂ ਪੰਜਾਬੀ ਕਲਾ ਪੌਪ ਗੀਤਾਂ ਦੇ ਹੁਲਾਰਿਆਂ ਵਿੱਚ ਝੂਮ ਕੇ ਡਿੱਗ ਰਿਹਾ ਹੈ। ਤਾਂ ਹੀ ਤਾਂ ਪੰਜਾਬ ਦੀ ਰਾਜਨੀਤੀ ਤੇ ਨਸ਼ਿਆਂ ਅਤੇ ਹੋਰ ਗੈਰ ਸੰਵਿਧਾਨਕ ਤਰੀਕਿਆਂ ਦੀ ਵਰਤੋਂ ਨਾਲ ਰਾਜ ਸੱਤਾ ਦੀਆਂ ਜਿੱਤਾਂ ਹਾਸਲ ਕਰਨ ਦਾ ਦੋਸ਼ ਲੱਗ ਰਿਹਾ ਹੈ। ਪੰਜਾਬ ਦੀ ਜਵਾਨੀ ਆਪਣੀਆਂ ਵੱਡਮੁੱਲੀਆਂ ਵਸਤੂਆਂ ਜ਼ਮੀਨਾਂ ਜਾਇਦਾਦਾਂ ਘਰ ਬਾਰ ਗਹਿਣੇ ਰੱਖ ਕੇ ਵੇਚ ਵੱਟ ਕੇ ਪੰਜਾਬੀ ਫਿਲਮ ‘ਨਾਬਰ’ ਦੇ ਨਾਇਕ ਵਾਂਗ ਝੂਠੇ ਏਜੰਟਾਂ ਦੇ ਧੱਕੇ ਚੜ੍ਹ ਪੱਛਮੀ ਦੇਸ਼ਾਂ ਨੂੰ ਵੱਡੀ ਗਿਣਤੀ ਵਿੱਚ ਭੱਜ ਰਹੇ ਹਨ ਤਾਂ ਹੀ ਤਾਂ ਅੰਗਰੇਜੀ ਯੋਗਤਾ ਸਿੱਖਾਉਣ ਵਾਲੇ ਕੇਂਦਰਾਂ ਅੱਗੇ ਅਕਸਰ ਹੀ ਲੰਮੀਆਂ ਕਤਾਰਾਂ ਦੇਖੀਆ ਜਾ ਸਕਦੀਆਂ ਹਨ।
ਮੁੱਕਦੀ ਗੱਲ ਇਹ ਹੈ ਕਿ ਸਪਤ-ਸਿੰਧ ਤੋਂ ਪੰਜ-ਆਬ ਬਣਿਆਂ ਪੀਰਾਂ ਪੈਗੰਬਰਾਂ ਗੁਰੂਆਂ ਦੀ ਇਹ ਧਰਤੀ ਅੱਜ ਫੇਰ ਅੰਮ੍ਰਿਤਾ ਪ੍ਰੀਤਮ ਦੇ ਕਹਿਣ ਵਾਂਗ ਕਿਸੇ ਦਿਸ਼ਾ ਅਤੇ ਸ਼ਖਸ਼ੀਅਤ ਨੂੰ ਲੱਭ ਰਹੀ ਹੈ ਜੋ ਇਸ ਤੀਲਾ-ਤੀਲਾ ਹੁੰਦੇ ਜਾ ਰਹੇ ਵਰਤਾਰੇ ਨੂੰ ਸੰਭਾਲ ਸਕੇ ਅਤੇ ਆਪਣੀ ਗਹਿਣੇ ਪਈ ਸੂਝ-ਬੂਝ ਨੂੰ ਮੁੜ ਪ੍ਰਾਪਤ ਕਰ ਮੇਰੇ ਪੰਜਾਬ ਦੀ ਆਨ-ਸ਼ਾਨ ਨੂੰ ਬਹਾਲ ਕਰ ਸਕੇ। ਅੱਜ ਦੇ ਪੰਜਾਬ ਦੀ ਦਿਸ਼ਾ ਨੂੰ ਸਮਝਣ ਵਾਲੇ ਕਿਸੇ ਕਵੀ ਦੇ ਸ਼ਬਦਾ ਵਿੱਚ ਇੰਝ ਬਿਆਨ ਕੀਤਾ ਜਾ ਸਕਦਾ ਹੈ ਕਿ —
ਨਾ ਜ਼ਿੰਦਗੀ ਦੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ।
ਚਿਰਾਗ ਬੁਝਨੇ ਲਗਾ ਤੋਂ ਰੌਸ਼ਨੀ ਦੇਖੀ॥