ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਵਿੱਚ ਪਿਛਲੇ ਦਿਨੀ ਭਿਆਨਕ ਕਹਿਰ ਵਾਪਰਿਆ ਜਿਸ ਵਿੱਚ ਕਿਸੇ ਸਿਰਫਿਰੇ ਨੇ ਆਪਣੇ ਆਪ ਨਾਲ ਬਾਰੂਦ ਬੰਨ੍ਹ ਕੇ, ਖੁਸ਼ੀਆਂ ਮਨਾਉਣ ਆਈਆਂ ਬੱਚੀਆਂ ਅਤੇ ਹੋਰ ਇਨਸਾਨਾਂ ਦਾ ਦਰਦਨਾਕ ਕਤਲ ਕਰ ਦਿੱਤਾ। ਜੋ ਘਰੋਂ ਆਪਣੇ ਜੀਵਨ ਦੀਆਂ ਖੁਸ਼ੀਆਂ ਮਨਾਉਣ ਤੁਰੇ ਸੀ ਉਹ ਲਾਸ਼ਾਂ ਬਣਕੇ ਘਰ ਪਹੁੰਚੇ। ਉਸ ਕਤਲੇਆਮ ਵਿੱਚ ੨੨ ਮਾਸੂਮ ਜਿੰਦਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇਂ ਪਏ। ਇਸ ਭਿਆਨਕ ਹਮਲੇ ਵਿੱਚ ਲਗਭਗ ੬੦ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ।
ਮਨੁੱਖਤਾ ਦੇ ਅਜਿਹੇ ਭਿਆਨਕ ਕਤਲੇਆਮ ਕਿਸੇ ਵੀ ਧਿਰ ਦਾ ਕੁਝ ਨਹੀ ਸੰਵਾਰ ਸਕਦੇ। ਇਹ ਭਿਆਨਕ ਤੌਰ ਤੇ ਬੀਮਾਰ ਹੋ ਚੁੱਕੀ ਮਾਨਸਿਕਤਾ ਦੀ ਨਿਸ਼ਾਨੀ ਹੈ। ਜਿਹੜੇ ਲੋਕ ਇਹ ਐਲਾਨ ਕਰ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਵਿਚਾਰਧਾਰਾ ਦੀ ਗੁਲਾਮੀ ਤੋਂ ਮੁਕਤੀ ਹਾਸਲ ਕਰਨੀ ਹੈ ਤਾਂ ਕਿ ਉਹ ਆਪਣੇ ਆਸ਼ੇ ਅਨੁਸਾਰ ਜੀਵਨ ਜੀਅ ਸਕਣ ਅਤੇ ਕੋਈ ਵੱਖਰੀ ਵਿਚਾਰਧਾਰਾ ਉਨ੍ਹਾਂ ਦੇ ਆਸ਼ੇ ਅਤੇ ਜੀਵਨ ਵਿੱਚ ਕੋਈ ਅੜਿੱਕਾ ਨਾ ਬਣੇ, ਜੇ ਉਹ ਲੋਕ ਹੀ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਮਾਸੂਮ ਜਿੰਦਾਂ ਦਾ ਕਤਲੇਆਮ ਕਰ ਰਹੇ ਹਨ ਤਾਂ ਸਮਝਿਆ ਜਾ ਸਕਦਾ ਹੈ ਕਿ ਉਹ ਆਪਣੇ ਨਿਸ਼ਾਨੇ ਤੋਂ ਭਟਕੇ ਹੋਏ ਹਨ। ਉਹ ਮਨੁੱਖਤਾ ਦੇ ਵੈਰੀ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਕਿਸੇ ਦੀ ਜਿੰਦਗੀ ਲਈ ਕੋਈ ਪਿਆਰ ਅਤੇ ਸਤਿਕਾਰ ਨਹੀ ਹੈ।
ਯੂਰਪ ਵਿੱਚ ਪਿਛਲੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ ਜਿਸ ਵਿੱਚ ਕੁਝ ਬੀਮਾਰ ਲੋਕ ਹਰ ਚੀਜ ਨੂੰ ਮਨੁੱਖਤਾ ਦੇ ਕਤਲ ਲਈ ਵਰਤਣ ਲੱਗ ਪਏ ਹਨ। ਹੁਣ ਉਨ੍ਹਾਂ ਨੂੰ ਮਾਸੂਮ ਜਿੰਦਾਂ ਦੇ ਕਤਲ ਲਈ ਬੰਬਾਂ ਬੰਦੂਕਾਂ ਦੀ ਲੋੜ ਨਹੀ ਪੈਂਦੀ ਬਲਕਿ ਉਹ ਟਰੱਕਾਂ-ਲਾਰੀਆਂ ਨੂੰ ਵੀ ਹਥਿਆਰਾਂ ਦੇ ਤੌਰ ਤੇ ਵਰਤਦੇ ਹਨ।
ਸਲਮਾਨ ਅਬੇਦੀ ਨਾਅ ਦੇ ਸ਼ਖਸ਼ ਜਿਸ ਨੇ ਮਾਨਚੈਸਟਰ ਵਿੱਚ ਮਾਸੂਮ ਲੋਕਾਂ ਦਾ ਕਤਲ ਕੀਤਾ ਬਾਰੇ ਦੱਸਿਆ ਜਾਂਦਾ ਹੈ ਕਿ ਉਸਦਾ ਪਰਿਵਾਰ ਲੀਬੀਆ ਦੇ ਤਾਨਾਸ਼ਾਹ ਕਰਨਲ ਗਦਾਫੀ ਦੇ ਤਸ਼ੱਦਦ ਤੋਂ ਬਚਣ ਲਈ ਇੰਗਲ਼ੈਂਡ ਵਿੱਚ ਆਇਆ ਸੀ। ਇੰਗਲ਼ੈਂਡ ਨੇ ਨਾ ਕੇਵਲ ਉਸ ਪਰਿਵਾਰ ਨੂੰ ਰਹਿਣ ਦੀ ਇਜਾਜਤ ਦਿੱਤੀ ਬਲਕਿ ਚੰਗਾ ਜੀਵਨ ਅਤੇ ਸੁਰੱਖਿਆ ਵੀ ਦਿੱਤੀ। ਪਰ ਇਸ ਪਰਿਵਾਰ ਵਿੱਚ ਪੈਦਾ ਹੋਏ ਸਲਮਾਨ ਅਬੇਦੀ ਨੇ ਉਸ ਦੇਸ਼ ਦੇ ਲੋਕਾਂ ਨੂੰ ਹੀ ਮਾਰਨ ਦਾ ਕਦਮ ਚੁੱਕ ਲਿਆ ਜਿਸ ਦੇਸ਼ ਨੇ ਉਸਦੇ ਪਰਿਵਾਰ ਨੂੰ ਮਰਨ ਤੋਂ ਬਚਾਇਆ ਸੀ।
ਸਲਮਾਨ ਦੀ ਕਾਤਲੀ ਸੋਚ ਬਾਰੇ ਅਸਲ ਵਿੱਚ ਉਸਦੇ ਦੋਸਤਾਂ ਅਤੇ ਨੇੜਲੇ ਸਮਾਜ ਦੇ ਲੋਕਾਂ ਨੂੰ ਬਹੁਤ ਦੇਰ ਪਹਿਲਾਂ ਪਤਾ ਲੱਗ ਗਿਆ ਸੀ। ਉਸਦੇ ਜੀਵਨ ਵਿੱਚ ਆਈ ਤਬਦੀਲੀ ਨੂੰ ਉਸਦੇ ਦੋਸਤਾਂ ਨੇ ਬਹੁਤ ਦੇਰ ਪਹਿਲਾਂ ਭਾਂਪ ਲਿਆ ਸੀ। ਉਹ ਅਕਸਰ ਆਖਦਾ ਹੁੰਦਾ ਸੀ ਕਿ, ਮਨੁੱਖੀ ਬੰਬ ਬਣਨ ਵਿੱਚ ਉਸਨੂੰ ਕੋਈ ਉਜਰ ਨਹੀ ਹੈ। ਇਸ ਸਬੰਧੀ ਪੁਲਿਸ ਨੂੰ ਇਤਲਾਹ ਵੀ ਦੇ ਦਿੱਤੀ ਗਈ ਸੀ।
ਮਾਨਚੈਸਟਰ ਦੀ ਜਿਸ ਮਸਜਿਦ ਵਿੱਚ ਸਲਮਾਨ ਅਬੇਦੀ ਜਾਂਦਾ ਸੀ ਉਸਦੇ ਇਮਾਮ ਨੇ ਵੀ ਉਸਦੀਆਂ ਖਤਰਨਾਕ ਹਰਕਤਾਂ ਕਾਰਨ ਉਸਦਾ ਮਸਜਿਦ ਵਿੱਚ ਦਾਖਲਾ ਬੰਦ ਕਰ ਦਿੱਤਾ ਸੀ ਅਤੇ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ। ਪਰ ਇਸਦੇ ਬਾਵਜੂਦ ਵੀ ਉਹ ਸੁਰੱਖਿਆ ਏਜੰਸੀਆਂ ਦੀ ਨਜ਼ਰ ਤੋਂ ਕਿਵੇਂ ਬਚਿਆ ਰਿਹਾ ਅਤੇ ਕਿਉਂ ਉਸਦੀਆਂ ਸਰਗਰਮੀਆਂ ਤੇ ਨਜ਼ਰ ਨਹੀ ਰੱਖੀ ਗਈ, ਇਹ ਕਾਫੀ ਚਿੰਤਾ ਦਾ ਵਿਸ਼ਾ ਹੈ।
ਅਸੀਂ ਸਮਝਦੇ ਹਾਂ ਕਿ ਵਿਦੇਸ਼ਾਂ ਵਿੱਚ ਜੰਮੇ-ਪਲੇ ਨੌਜਵਾਨਾਂ ਦੇ ਇੱਕ ਵਰਗ ਨੂੰ ਕੁਝ ਕੱਟੜ ਕਿਸਮ ਦੇ ਧਾਰਮਕ ਵਿਅਕਤੀਆਂ ਵੱਲੋਂ ਧਰਮ ਦੀ ਗਲਤ ਵਿਆਖਿਆ ਕਰਕੇ ਵਰਗਲਾ ਲਿਆ ਜਾਂਦਾ ਹੈ ਜਿਸ ਕਾਰਨ ਉਹ ਮਾਰੂ-ਸਿਆਸਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੇ ਹੀ ਮੁਲਕ ਦੇ ਲੋਕਾਂ ਨੂੰ ਕਤਲ ਕਰਨ ਵੱਲ ਰੁਚਿਤ ਹੋ ਜਾਂਦੇ ਹਨ। ਜਿਸਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖਤਾ ਨੂੰ ਬਹੁਤ ਵੱਡੀ ਕੀਮਤ ਉਤਾਰਨੀ ਪੈਂਦੀ ਹੈ।
ਅਸੀਂ ਸਮਝਦੇ ਹਾਂ ਕਿ ਮਾਸੂਮ ਲੋਕਾਂ ਦਾ ਕਤਲੇਆਮ ਕਿਸੇ ਵੀ ਲਹਿਰ ਅਤੇ ਕਿਸੇ ਵੀ ਸਰਕਾਰ ਦਾ ਕੁਝ ਨਹੀ ਸੰਵਾਰ ਸਕਦਾ। ਮਾਸੂਮ ਲੋਕਾਂ ਦਾ ਕਤਲ ਕਿਤੇ ਵੀ ਹੋਵੇ, ਭਾਵੇਂ ਉਹ ਮਾਨਚੈਸਟਰ ਹੋਵੇ, ਪੈਰਿਸ ਹੋਵੇ, ਸੀਰੀਆ ਹੋਵੇ ਜਾਂ ਭਾਰਤ ਹੋਵੇ, ਇਹ ਮਨੁੱਖਤਾ ਵਿਰੁੱਧ ਇੱਕ ਗੁਨਾਹ ਹੈ। ਇਸਦੀ ਹਰ ਕਿਸੇ ਵੱਲੋਂ ਨਿਖੇਧੀ ਹੋਣੀ ਚਾਹੀਦੀ ਹੈ।
ਅਸੀਂ ਮਾਨਚੈਸਟਰ ਵਿੱਚ ਆਪਣੀਆਂ ਮਾਸੂਮ ਜਾਨਾਂ ਗਵਾ ਗਏ ਲੋਕਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਾਂ।