ਦਿੱਲੀ ਦੇ ਤਾਜਦਾਰਾਂ ਵੱਲੋਂ ਪੰਜਾਬ ਨੂੰ ਸਮੁੱਚੇ ਤੌਰ ਤੇ ਹੜੱਪਣ ਲਈ ਪਹਿਲਾਂ ਪੰਜਾਬ ਦੀ ਖੇਤੀ ਨੂੰ ਅਤੇ ਖੇਤੀ ਨਾਲ ਜੁੜੀ ਹੋੲੁੀ ਅਣਖ਼ ਤੇ ਅਜ਼ਾਦ ਬਿਰਤੀ ਨੂੰ ਭੰਨਣ ਦੇ ਮਨਸ਼ੇ ਨਾਲ ਕੁਝ ਨਵੇਂ ਕਨੂੂੰਨ ਬਣਾਏ ਗਏ ਹਨ।ਪੰਜਾਬ ਦੇ ਕਿਸਾਨ ਵੱਖ ਵੱਖ ਮੋਰਚਿਆਂ ਉੱਤੇ ਇਨ੍ਹਾਂ ਕਾਲੇ ਕਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਨੂੰ ਮੁੱਖ ਤੌਰ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚਲਾ ਰਹੀਆਂ ਹਨ ਜਿਨ੍ਹ੍ਹਾਂ ਦੀ ਗਿਣਤੀ 31 ਦੱਸੀ ਜਾਂਦੀ ਹੈ। ਛੋਟੇ ਜਿਹੇ ਪੰਜਾਬ ਸੂਬੇ ਵਿੱਚ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਗਿਣਤੀ 31 ਹੋਣਾਂ ਆਪਣੇ ਆਪ ਵਿੱਚ ਹੀ ਇਹ ਦਰਸਾਉਂਦਾ ਹੈ ਕਿ ਇਹ ਜਥੇਬੰਦੀਆਂ ਕਿਸਾਨਾਂ ਦੇ ਹਿੱਤਾਂ ਲਈ ਨਹੀ ਬਲਕਿ ਆਪਣੀ ਹੳਮੈਂ ਨੂੰ ਪੱਠੇ ਪਾਉਣ ਲਈ ਬਣਾਈਆਂ ਗਈਆਂ ਹਨ। ਸੁਖਬੀਰ ਸਿੰਘ ਬਾਦਲ ਦੀ ਇੱਕ ਪੁਰਾਣੀ ਵੀਡੀਓ ਇਨ੍ਹੀ ਦਿਨੀ ਕਾਫੀ ਚਰਚਿਤ ਹੈ ਜਿਸ ਵਿੱਚ ਉਹ ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦੇਂਦਿਆਂ ਆਖ ਰਹੇ ਹਨ ਕਿ ਕਿਸਾਨਾਂ ਦੇ ਨਾਅ ਤੇ ਰਾਜਨੀਤੀ ਕਰਨ ਵਾਲੇ ਕਿਸਾਨ ਨਹੀ ਬਲਕਿ ਖੱਬੇਪੱਖੀ ਹਨ।
ਅਸੀਂ ਭਾਵੇਂ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨਾਲ ਸਹਿਮਤ ਨਾ ਹੋਈਏ ਪਰ ਇਹ ਗੱਲ ਕਹਿਣ ਵਿੱਚ ਸਾਨੂੰ ਕੋਈ ਉਜਰ ਨਹੀ ਹੈ ਕਿ ਸੁਖਬੀਰ ਸਿੰਘ ਬਾਦਲ ਸੱਚ ਬੋਲ ਰਹੇ ਹਨ। ਕਿਸਾਨ ਯੂਨੀਅਨਾਂ ਦੇ ਨਾਅ ਤੇ ਜਿੰਨੀਆਂ ਵੀ ਜਥੇਬੰਦੀਆਂ ਬਣਾਈਆਂ ਗਈਆਂ ਹਨ ਇਨ੍ਹਾਂ ਨੂੰ ਚਲਾਉਣ ਵਾਲੇ ਉਹ ਅਸਫਲ ਹੋਏ ਕਾਮਰੇਡ ਹਨ ਜਿਨ੍ਹਾਂ ਨੇ ਗੁਰੂਆਂ ਦੀ ਧਰਤੀ ਤੇ ਕਿਸੇ ਬੇਗਾਨੇ ਫਲਸਫੇ ਦੀਆਂ ਜੜ੍ਹਾਂ ਲਾਉਣ ਦਾ ਯਤਨ ਕੀਤਾ ਅਤੇ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੀ ਪਾਤਰ ਇਸ ਧਰਤੀ ਨੇ ਉਨ੍ਹਾਂ ਦੇ ਸੁਪਨੇ ਪੂਰੇ ਨਹੀ ਹੋਣ ਦਿੱਤੇ। ਆਪਣੇ ਅਸਫਲ ਇਨਕਲਾਬ ਤੋਂ ਵਿਹਲੇ ਹੋਏ ਇਨ੍ਹਾਂ ਲੋਕਾਂ ਨੇ ਇਤਿਹਾਸ ਤੋਂ ਕੋਈ ਸਬਕ ਸਿੱਖਣ ਦੀ ਬਜਾਏ ਆਪਣੀ ਜਿੱਦੀ ਬਿਰਤੀ ਵਸ ਕਿਸਾਨਾਂ ਦੇ ਨਾਅ ਤੇ ਰਾਜਨੀਤੀ ਕਰਨੀ ਅਰੰਭ ਕਰ ਦਿੱਤੀ ਅਤੇ ਗੁਰੂ ਨਾਨਕ ਨਾਮ ਲੇਵਾ ਕਿਸਾਨਾਂ ਨੂੰ ਮਾਰਕਸਵਾਦ ਪੜ੍ਹਾਉਣ ਦੇ ਯਤਨ ਕਰ ਰਹੇ ਹਨ ਜੋ ਕਿ ਕਾਮਯਾਬ ਨਹੀ ਹੋ ਰਹੇ। ਪੰਜਾਬ ਵਿੱਚ ਜੇ ਸਹੀ ਕਾਮਰੇਡਾਂ ਦੀ ਗਿਣਤੀ ਕਰਨੀ ਹੋਵੇ ਤਾਂ ਉਹ 150 ਤੋਂ ਵੱਧ ਨਹੀ ਹੈੈ। ਇਨ੍ਹਾਂ ਵਿੱਚੋਂ 31 ਕਿਸਾਨੀ ਜਥੇਬੰਦੀਆਂ ਬਣਾ ਕੇ ਬੈਠੇ ਹਨ। ਸਹੀ ਕਾਮਰੇਡ ਉਹ ਹੁੰਦਾ ਹੈ ਜੋ ਕਿਸੇ ਧਰਮ ਨੂੰ ਨਾ ਮੰਨੇ ਪਰ ਸਾਰਿਆਂ ਦੇ ਵਿਆਹ ਸ਼ਾਦੀ ਵੇਲੇ ਅਤੇ ਅੰਤਮ ਸਸਕਾਰਾਂ ਵੇਲੇ ਗੁਰੂ ਸਾਹਿਬ ਦਾ ਜਸ ਗਾਇਆ ਜਾਂਦਾ ਹੈੈ।
ਹੁਣ ਵਰਤਮਾਨ ਕਿਸਾਨੀ ਸੰਘਰਸ਼ ਵਿੱਚ ਵੀ ਪੰਜਾਬ ਦੇ ਇਹ ਕਾਮਰੇਡ ਆਪਣੀ ਗੰਦੀ ਸਿਆਸਤ ਕਰ ਰਹੇ ਹਨ। ਜਿਹੜੇ ਸਿੱਖੀ ਦੇ ਜਜਬੇ ਵਾਲੇ ਨੌਜਵਾਨ ਕਿਸਾਨੀ ਸੰਕਟ ਦੇ ਕਾਰਨਾਂ ਦੀ ਤਹਿ ਵਿੱਚ ਜਾਕੇ ਪੰਜਾਬ ਵਿੱਚ ਸੰਘੀ ਢਾਂਚੇ ਦੀ ਮਜਬੂਤੀ ਲਈ ਸੰਘਰਸ਼ ਕਰਨ ਦੀ ਗੱਲ ਕਰਦੇ ਹਨ ਕਾਮਰੇਡ ਕਿਸਾਨੀ ਆਗੂ ਉਨ੍ਹਾਂ ਦੀ ਵਿਰੋਧਤਾ ਕਰ ਰਹੇ ਹਨ। ਆਪਣੀ ਆਦਤ ਅਨੁਸਾਰ ਕਿਸਾਨ ਆਗੂ ਆਪਣੇ ਲਈ ਕੁਝ ਰਿਆਇਤਾਂ ਲੈਕੇ ਆਪਣੀ ਨਿੱਜੀ ਰਾਜਨੀਤੀ ਦੀ ਦੁਕਾਨ ਕਾਇਮ ਰੱਖਣੀ ਚਾਹੁੰਦੇ ਹਨ। ਉਹ ਪੰਜਾਬ ਦੇ ਕਿਸਾਨ ਦੀ ਸਰਬਪੱਖੀ ਮੁਕਤੀ ਜੋ ਕਿ ਸੰਘੀ ਢਾਂਚੇ ਨੂੰ ਮਜਬੂਤ ਕਰਨ ਅਤੇ ਕੇਂਦਰ ਦੀ ਤਾਨਾਸ਼ਾਹੀ ਨੂੰ ਸਿੱਧੇ ਮੂੰਹ ਟਕਰਨ ਦਾ ਸਹੀ ਰਸਤਾ ਹੈ ਉਸ ਰਾਹ ਤੇ ਨਹੀ ਪੈਣਾਂ ਚਾਹੁੰਦੇ। ਇਨ੍ਹਾਂ ਨੇ ਪਹਿਲਾਂ ਵੀ ਸਰਕਾਰਾਂ ਤੋਂ ਸੁਰੱਖਿਆ ਲੈ ਕੇ ਪੰਜਾਬ ਨਾਲ ਧਰੋਹ ਕਮਾਇਆ ਹੈ ਹੁਣ ਵੀ ਗੁਰੂ ਨਾਨਕ ਨਾਮ ਲੇਵਾ ਮਾਸੂਮ ਕਿਸਾਨਾਂ ਨੂੰ ਮਗਰ ਲਾਕੇ ਆਪਣੀ ਸੌੜੀ ਰਾਜਨੀਤਕ ਖੇਡ ਨੂੰ ਅੱਗੇ ਵਧਾ ਰਹੇ ਹਨ। ਉਹ ਭਾਰਤ ਸਰਕਾਰ ਦੇ ਵਿਰੁੱਧ ਨਹੀ ਹਨ ਬਲਕਿ ਉਸ ਨਾਲ ਦੋਸਤਾਨਾ ਮੈਚ ਖੇੇਡ ਰਹੇ ਹਨ।
ਪੰਜਾਬ ਲਈ ਚੰਗਾ ਸੋਚਣ ਵਾਲੀਆਂ ਸੁਹਿਰਦ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਕਿਸਾਨ ਆਗੂਆਂ ਦੀ ਇਸ ਪੰਜਾਬ ਵਿਰੋਧੀ ਅਤੇ ਖੁਦਗਰਜ਼ ਰਾਜਨੀਤੀ ਨੂੰ ਪਹਿਚਾਨਣ। ਪੰਜਾਬ ਵਿੱਚ ਵਿਚਰ ਰਹੀਆਂ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵਿੱਚੋਂ ਕਿਸੇ ਤੋਂ ਵੀ ਕਿਸਾਨਾਂ ਦੇ ਅਤੇ ਪੰਜਾਬ ਦੇ ਭਲੇ ਦੀ ਉਮੀਦ ਨਹੀ ਕੀਤੀ ਜਾ ਸਕਦੀ। ਸਾਰੇ ਲੱਖੋਵਾਲ ਵਾਲੀ ਰਾਜਨੀਤੀ ਕਰ ਰਹੇ ਹਨ ਅਤੇ ਸਾਰਿਆਂ ਦੀ ਅੱਖ ਮੰਡੀ ਬੋਰਡ ਸਮੇਤ ਵੱਡੇ ਅਹੁਦਿਆਂ ਉੱਤੇ ਹੈੈ। ਇਨ੍ਹਾਂ ਦੇ ਮਗਰ ਲੱਗਕੇ ਪੰਜਾਬ ਦੇ ਕਿਸਾਨਾਂ ਨੂੰ ਆਪਣਾਂ ਸਮਾਂ ਬਰਬਾਦ ਨਹੀ ਕਰਨਾ ਚਾਹੀਦਾ।
ਕਿਸਾਨੀ ਦੇ ਮਸਲਿਆਂ ਦਾ ਹੱਲ ਕੇਂਦਰ ਦੀ ਤਾਨਾਸ਼ਾਹੀ ਨੀਤੀ ਦੇ ਖਿਲਾਫ ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਸੰਘਰਸ਼ ਵਿੱਚ ਹੀ ਪਿਆ ਹੈੈ। ਜਿਣਸਾਂ ਦੀਆਂ ਕੀਮਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਪੰਜਾਬ ਦੀ ਹੋਂਦ ਦੀ ਲੜਾਈ ਵੱਧ ਮਹੱਤਵਪੂਰਨ ਹੈੈ। ਇਸੇ ਵਿੱਚ ਹੀ ਕਿਸਾਨੀ ਦੀ ਖੁਸ਼ਹਾਲੀ ਦਾ ਰਾਜ ਛੁਪਿਆ ਹੋਇਆ ਹੈੈ। ਹਾਰੇ ਹੋਏ ਕਾਮਰੇਡ ਆਗੂਆਂ ਤੋਂ ਪੰਜਾਬ ਅਤੇ ਕਿਸਾਨਾਂ ਦੇ ਭਲੇ ਦੀ ਉਮੀਦ ਲਾਉਣਾਂ ਮੂਰਖਤਾ ਹੋਵੇਗੀ। ਇਨ੍ਹਾਂ ਦੀ ਖੁਦਗਰਜ਼ੀ ਨੂੰ ਪਹਿਚਾਨਣ ਦੀ ਲੋੜ ਹੈ।