ਸੰਸਥਾਵਾਂ ਅਜਿਹਾ ਸਥਾਨ ਹੁੰਦੀਆਂ ਹਨ ਜੋ ਸਮਾਜ ਵਿਚ ਪ੍ਰਸੰਗਿਕ ਤੌਰ ਤੇ ਗੌਰ ਅਤੇ ਵਿਚਾਰ ਦਾ ਕੇਂਦਰ ਬਣਦੀਆਂ ਹਨ।ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੀ ਸਦੀ ਦੇ ਸ਼ੁਰੂ ਵਿਚ ੧੫ ਨਵੰਬਰ ੧੯੨੦ ਨੂੰ ਹੌਂਦ ਵਿਚ ਆਈ ਸੀ, ਕਾਨੂੰਨੀ ਤੌਰ ਤੇ ੧੯੨੫ ਵਿਚ ਇਹ ਸੰਸਥਾ ਇੱਕ ਐਕਟ ਅਧੀਨ ਪੂਰੀ ਤਰਾਂ ਸਮਰੱਥ ਸੰਸਥਾ (ਸਿੱਖਾਂ ਦੀ) ਦਾ ਰੂਪ ਧਾਰਨ ਕਰ ਗਈ ਸੀ।ਇਸ ਦਾ ਪ੍ਰਬੰਧ ਜ਼ਮਹੂਰੀਅਤ ਦੀਆਂ ਲੀਹਾਂ ‘ਤੇ ਨਿਰਧਾਰਿਤ ਸੀ।ਇਸ ਨੂੰ ਬਣੇ ਹੁਣ ਸੌ ਸਾਲ ਮੁਕੰਮਲ ਹੋ ਗਏ ਹਨ। ਧਰਮ ਕਿਸੇ ਵੀ ਸਮਾਜ ਦੀਆਂ ਉਚਾਈਆਂ ਅਤੇ ਨਿਵਾਈਆਂ ਵਿਚ ਅਹਿਮ ਭੁਮਿਕਾ ਨਿਭਾਉਂਦਾ ਹੈ। ਵੱਖ-ਵੱਖ ਸਮਿਆਂ ਵਿਚ ਧਰਮ ਕਿਸੇ ਵੀ ਸਮਾਜ ਲਈ ਇਕ ਸੱਭਿਅਕ, ਸਮਾਜਿਕ ਅਤੇ ਰਾਜਨੀਤਿਕ ਸੂਝ-ਬੂਝ ਦਾ ਕਾਰਨ ਵੀ ਬਣਦਾ ਹੈ ਅਤੇ ਲੋਕ-ਇਕਾਈ ਦੀ ਸੋਚ ਅਤੇ ਸਮਝ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ ਹੈ।ਧਰਮ ਅੰਤਰਗਤ ਅਤੇ ਅਤਿਅੰਤ ਮਹੱਤਵ ਰੱਖਦਾ ਹੈ।ਸਿੱਖ ਧਰਮ ਦਾ ਨਿਰਮਾਣ ਵੀ ਗੁਰੁ ਸਾਹਿਬ ਵੱਲੋਂ ਉਸ ਵਕਤ ਹੋਇਆ ਸੀ ਜਦੋਂ ਸਮਾਜ ਆਪਣੀ ਚੇਤੰਨਤਾ ਅਤੇ ਸੂਝ-ਬੂਝ ‘ਤੇ ਸਵਾਲੀਆ ਚਿੰਨ੍ਹ ਲਵਾ ਬੈਠਾ ਸੀ।ਗੁਰੁ ਸਾਹਿਬਾਨ ਨੇ ਧਰਮ ਅਧਾਰਿਤ ਉਸ ਸਮੇਂ ਦੇ ਸਮਾਜ ਵਿਚ ਚੇਤੰਨਤਾ, ਜ਼ਮਹੂਤੀ ਪ੍ਰੰਪਰਾਵਾਂ ਅਤੇ ਕ੍ਰਾਂਤੀਕਾਰੀ ਸੋਚ ਨੂੰ ਉਤਪੰਨ ਕੀਤਾ ਸੀ ਜਿਸ ਵਿਚ ਸਮਾਜ ਨੇ ਜਾਤ-ਪਾਤ ਅਤੇ ਹੋਰ ਸ਼੍ਰੇਣੀਆਂ ‘ਚੋਂ ਉੱਠ ਕੇ ਗੁਰੁ ਸਾਹਿਬ ਦੀ ਅਗਵਾਈ ਵਿਚ ਆਪਣੇ ਆਪ ਨੂੰ ਅਰਪਣ ਕੀਤਾ ਸੀ।ਇਸ ਤਰਾਂ ਉਨ੍ਹਾਂ ਨੇ ਸਮਾਜ ਵਿਚ ਫੈਲੇ ਜਾਤ-ਪਾਤ ਅਤੇ ਨਾ-ਬਰਾਬਰੀ ਦੀ ਸੋਚ ਨੂੰ ਨਕਾਰਦਿਆਂ ਹੋਇਆਂ ਨਵੇਂ ਕ੍ਰਾਂਤੀਕਾਰੀ ਸਮਾਜ ਦੀ ਨੀਂਹ ਰੱਖੀ। ਇਸੇ ਲੀਹ ਅਨੁਸਾਰ ਗੁਰੁ ਸਾਹਿਬਾਨਾਂ ਨੇ ਅੱਡ-ਅੱਡ ਥਾਵਾਂ ‘ਤੇ ਗੁਰੁ ਘਰਾਂ ਦੀ ਨੀਂਹ ਰੱਖੀ ਜੋ ਉਸ ਸਮੇਂ ਦੇ ਧਾਰਮਿਕ, ਸੱਭਿਆਚਾਰਕ ਅਤੇ ਚੇਤੰਨਤਾ ਦੇ ਕੇਂਦਰ ਬਣੇ।

ਸਿੱਖ ਧਰਮ ਦੇ ਫੈਲਾਅ ਨਾਲ ਬਾਅਦ ਵਿਚ ਪਿੰਡ-ਪਿੰਡ ਵਿਚ ਗੁਰੁ-ਘਰ ਉਸਾਰੇ ਗਏ।ਇਸ ਤੋਂ ਪਿੱਛੋਂ ਸਿੱਖ ਸੰਘਰਸ਼ਾਂ ਤੇ ਹੋਰ ਇਤਿਹਾਸਕ ਵਾਕਿਆਂ ਨਾਲ ਸੰਬੰਧਿਤ ਗੁਰੁ ਘਰ ਵੀ ਉਸਾਰੇ ਗਏ। ਇਨਾਂ ਗੁਰੁ ਘਰਾਂ ਦਾ ਪ੍ਰਬੰਧ ਨਿਰਮਲਿਆਂ, ਉਦਾਸੀ ਸੰਤਾਂ ਤੇ ਕਈ ਹੋਰ ਸਾਧੂ ਸੰਤਾਂ ਦੇ ਸਪੁਰਦ ਕੀਤਾ ਗਿਆ।ਦਰਬਾਰ ਸਾਹਿਬ ਅਤੇ ਅਕਾਲ ਤਖਤ ਗੁਰੁ ਸਾਹਿਬਾਨ ਦੇ ਸਮੇਂ ਤੋਂ ਬਾਅਦ ਸਿੱਖ ਕੌਮ ਲਈ ਆਸਥਾ ਤੇ ਚੇਤੰਨਤਾ ਦਾ ਮੁੱਖ ਕੇਂਦਰ ਬਣੇ।ਜਦੋਂ ਵੀ ਸਿੱਖ ਕੌਮ ਤੇ ਕੋਈ ਸਵਾਲੀਆ ਚਿੰਨ੍ਹ ਖੜਾ ਹੋਇਆ ਜਾਂ ਜਦੋਂ ਵੀ ਅਗਵਾਈ ਲਈ ਇਸ ਨੇ ਪ੍ਰੇਰਨਾ ਸ੍ਰੋਤ ਦੀ ਲੋੜ ਮਹਿਸੂਸ ਕੀਤੀ ਤਾਂ ਦਰਬਾਰ ਸਾਹਿਬ ਸਮੂਹ ਵਿਚ ਹੀ ਇਕੱਤਰਤਾ ਸੱਦੀ ਗਈ। ਰਹਿਨੁਮਾਈ ਦਾ ਇਹ ਕੇਂਦਰ ਹਮੇਸ਼ਾ ਹੀ ਵੈਰੀਆਂ ਦੀ ਨਿਗ੍ਹਾ ਵਿਚ ਰੜਕਦਾ ਰਿਹਾ ਹੈ।ਇਸ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਹਮੇਸ਼ਾ ਹੀ ਕੀਤੀ ਜਾਂਦੀ ਰਹੀ ਹੈ।ਕਦੀ ਇਹ ਕੋਸ਼ਿਸ਼ ਅਬਦਾਲੀ ਹੋਰਾਂ ਨੇ ਕੀਤੀ ਅਤੇ ਪਿਛਲੀ ਸਦੀ ਦੇ ਅੰਤ ਵਿਚ ਇਹ ਕੋਸ਼ਿਸ਼ ਉਦੋਂ ਦੀ ਹੁਕਮਰਾਨ ਇੰਦਰਾ ਗਾਂਧੀ ਵਲੋਂ ਕੀਤੀ ਗਈ। ਸਿੱਖ ਕੌਮ ਹਮੇਸ਼ਾ ਹੀ ਸਮਾਜਿਕ, ਭਾਵਨਾਤਮਕ ਅਤੇ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਇਸ ਕੇਂਦਰ ਨਾਲ ਜੋੜ ਕੇ ਧਰਮ ਦੀ ਰਹਿਨੁਮਾਈ ਹੇਠ ਵਿਚਰਦੀ ਰਹੀ ਹੈ।

ਇਸੇ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਬਸਤੀਵਾਦੀ ਅੰਗਰੇਜ਼ ਹਕੂਮਤ ਨੇ ਸਿੱਖ ਰਾਜ ਨੂੰ ਖਤਮ ਕਰਨ ਤੋਂ ਬਾਅਦ ਸਿੱਖ ਕੌਮ ਦੇ ਅਜਿਹੇ ਸੋਮਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਿੱਥੋਂ ਸਿੱਖ ਕੌਮ ਦੁਬਾਰਾ ਪ੍ਰੇਰਣਾ ਲੈ ਕੇ ਫਿਰ ਤੋਂ ਸਿੱਖ ਰਾਜ ਲਈ ਵਿਉਂਤਬੰਦੀ ਕਰ ਸਕੇ।ਇਸ ਕਰਕੇ ਉਨ੍ਹਾਂ ਨੇ ਬੜੀ ਸਿਆਣਪ ਨਾਲ ਦਰਬਾਰ ਸਾਹਿਬ ਸਮੂਹ ਅਤੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਆਪਣੇ ਵਫ਼ਾਦਾਰ ਅਮੀਰ ਸਰਬਾਰਾਹਾਂ ਦੇ ਹੁਕਮਾਂ ਅਧੀਨ ਲੈ ਆਂਦਾ ਸੀ। ਜਿਸ ਕਰਕੇ ਸਮੇਂ ਨਾਲ ਦਰਬਾਰ ਸਾਹਿਬ ਸਮੂਹ ਅਤੇ ਹੋਰ ਗੁਰਦੁਆਰਾ ਸਾਹਿਬ ਵਿਚ ਸਿੱਖ ਕੌਮ ਦੀਆਂ ਪ੍ਰੰਪਰਾਵਾਂ ਅਤੇ ਆਦਰਸ਼ਾਂ ਤੋਂ ਹਟ ਕੇ ਕਰਮ-ਕਾਂਡ ਦੇ ਘੇਰੇ, ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਹੋਰ ਵਹਿਮਾਂ-ਟੂਣਿਆਂ ਦਾ ਪ੍ਰਸਾਰ ਹੋਣਾ ਸ਼ੁਰੂ ਹੋ ਗਿਆ।ਦਰਬਾਰ ਸਾਹਿਬ ਸਮੂਹ ਦੇ ਸਰਬਰਾਂ ਨੂੰ ਮੁੱਖ ਹੁਕਮਰਾਨ ਦੇ ਅਧੀਨ ਕਰ ਦਿੱਤਾ ਗਿਆ।ਕੁੱਲ ਮਿਲਾ ਕੇ ਦਰਬਾਰ ਸਾਹਿਬ ਸਮੂਹ, ਜੋ ਕਿ ਸਿੱਖ ਕੌਮ ਦਾ ਇਕ ਪ੍ਰਮੁੱਖ ਅਸਥਾਨ ਸੀ, ਨੂੰ ਅਜਿਹੇ ਕਰਮ-ਕਾਂਡਾਂ ਅਤੇ ਛੂਤ-ਛਾਤ ਦੇ ਪ੍ਰਛਾਵਿਆਂ ਵਿਚ ਲਿਆ ਕੇ ਉਸ ਦੀ ਮਰਿਆਦਾ ਨੂੰ ਹੀ ਪੂਰੀ ਤਰਾਂ ਤਬਦੀਲ ਕਰ ਦਿੱਤਾ।ਇਨ੍ਹਾਂ ਸਰਬਰਾਹਾਂ ਨੇ ਆਪਣੀ ਹਕੂਮਤ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਛੂਤ-ਛਾਤ ਦੇ ਪਰਛਾਵੇਂ ਹੇਠ ਇਸ ਵਰਗ ਨੂੰ ਦਰਬਾਰ ਸਾਹਿਬ ਸਮੂਹ ਵਿਚ ਉਨ੍ਹਾਂ ਦੀ ਸਿੱਖ ਕੌਮ ਪ੍ਰਤੀ ਆਸਥਾ ਨੂੰ ਪੂਰਣ ਹੋਣ ਤੋਂ ਰੋਕਿਆ।ਗਦਰੀ ਬਾਬਿਆਂ ਨੂੰ ਨਕਾਰਿਆ ਗਿਆ, ਇਥੋਂ ਤੱਕ ਕਿ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਵੀ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਹਨਾਂ ਪ੍ਰਸਥਿਤੀਆਂ ਵਿਚ ਸਿੱਖ ਕੌਮ ਵਿਚ ਵਿਆਪਕ ਰੋਹ ਉੱਠਿਆ ਅਤੇ ੧੨ ਅਕਤੂਬਰ ੧੯੨੦ ਨੂੰ ਸਿੱਖ ਕੌਮ ਨੇ ਹੱਲਾ-ਸ਼ੇਰੀ ਦਿਖਾਉਂਦਿਆਂ ਦਰਬਾਰ ਸਾਹਿਬ ਸਮੂਹ ‘ਤੇ ਆਪਣਾ ਦਬਦਬਾ ਕਾਇਮ ਕਰ ਲਿਆ ਅਤੇ ਜੱਥੇਦਾਰ ਤੇਜਾ ਸਿੰਘ ਭੁੱਚਰ ਨੂੰ ਅਕਾਲ ਤਖਤ ਦਾ ਜੱਥੇਦਾਰ ਸਥਾਪਿਤ ਕਰ ਦਿੱਤਾ। ਉਨ੍ਹਾਂ ਨੇ ਹੁਕਮਨਾਮਾ ਜਾਰੀ ਕਰਕੇ ੧੫ ਨਵੰਬਰ ੧੯੨੦ ਨੂੰ ਸਿੱਖ ਬੁੱਧੀਜੀਵੀਆਂ ਅਤੇ ਸਿੱਖ ਕੌਮ ਦੀ ਇਕੱਤਰਤਾ ਅਕਾਲ ਤਖਤ ਸਾਹਿਬ ਤੇ ਸੱਦ ਲਈ।ਇਸ ਪ੍ਰਤੀ ਅੰਗਰੇਜ਼ ਸਰਕਾਰ ਵੀ ਚਿੰਤਤ ਹੋ ਗਈ ਅਤੇ aੇਨ੍ਹਾਂ ਨੇ ਮਹਾਰਾਜਾ ਪਟਿਆਲਾ ਦੀ ਸਲਾਹ ਨਾਲ ਇਸ ਨੂੰ ਕਿਸੇ ਤਰਾਂ ਵੀ ਰੋਕਣਾ ਚਾਹਿਆ।ਪਰ ਸਿੱਖ ਕੌਮ ਦੇ ਰੋਹ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਚੱਲੀ ਅਤੇ ਗੁਰਮਤੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰ ਦਿੱਤੀ ਗਈ।

ਇਸ ਦਾ ਪਹਿਲਾ ਪ੍ਰਧਾਨ ਫਿਰ ਵੀ ਅੰਗਰੇਜ਼ ਵਫ਼ਾਦਾਰ ਸੁੰਦਰ ਸਿੰਘ ਮਜੀਠੀਆ ਹੀ ਬਣਿਆ। ਪਰ ਥੌੜਾ ਚਿਰ ਬਾਅਦ ਹੀ ਇਸ ਦੇ ਪ੍ਰਧਾਨ ਬਾਬਾ ਖੜਕ ਸਿੰਘ ਬਣੇ।ਬਾਬਾ ਖੜਕ ਸਿੰਘ ਕਾਫ਼ੀ ਹੱਦ ਤੱਕ ਉਸ ਸਮੇਂ ਦੀ ਭਾਰਤੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਦਾਅ-ਪੇਚ ‘ਤੇ ਚਲਦਿਆਂ ਹੋਇਆਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੋਚ ਅਤੇ ਸੰਘਰਸ਼ ਨੂੰ ਵੀ ਰਾਸ਼ਟਰਵਾਦੀ ਲੀਹਾਂ ਤੇ ਰੱਖਿਆ।੧੯੨੦ ਤੋਂ ਲੈ ਕੇ ੧੯੨੫ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਸਿੱਖ ਕੌਮ ਨੇ ਅਨੇਕਾਂ ਮੋਰਚੇ ਲਗਾ ਕੇ ਬਾਕੀ ਇਤਿਹਾਸਕ ਗੁਰਦੁਆਰਿਆਂ ਨੁੰ ਵੀ ਮੁਕਤ ਕਰ ਲਿਆ।੧੯੨੫ ਵਿਚ ਅੰਗਰੇਜ਼ ਸਰਕਾਰ ਨੇ ਕਾਨੂੰਨ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰਾਂ ਨਾਲ ਕਾਨੂੰਨੀ ਮਾਨਤਾ ਦੇ ਦਿੱਤੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਹੋਈਆਂ ਪ੍ਰਾਪਤੀਆਂ ਤੇ ਸੰਘਰਸ਼ ਨੂੰ ਭਾਰਤੀ ਰਾਸ਼ਟਰਵਾਦੀ ਅਜ਼ਾਦੀ ਦੀ ਲਹਿਰ ਨਾਲ ਹੀ ਜੋੜ ਕੇ ਦੇਖਿਆ ਅਤੇ ਰੱਖਿਆ ਗਿਆ।ਇੰਨਾ ਸੌ ਸਾਲਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਦਿਅਕ, ਸਮਾਜਿਕ ਅਤੇ ਸਿਹਤ ਖੇਤਰ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਸੰਸਥਾਵਾਂ ਸਥਾਪਿਤ ਕੀਤੀਆਂ।
ਸਮੇਂ ਨਾਲ ਖਾਸ ਕਰਕੇ ਮੌਜੂਦਾ ਦੌਰ ਵਿਚ ਇਸ ਵਿਚ ਕਾਫ਼ੀ ਊਣਤਈਆਂ ਆਈਆਂ ਹਨ।ਜਿਸ ਨਾਲ ਇਸ ਵਲੋਂ ਭਾਵੇਂ ਅਨੇਕਾਂ ਮੰਜ਼ਿਲਾਂ ਤਾਂ ਤੈਅ ਕੀਤੀਆਂ ਗਈਆਂ ਹਨ, ਪਰ ਅਜੇ ਵੀ ਇਸ ਦੀਆਂ ਵਾਟਾਂ ਅਧੂਰੀਆਂ ਹਨ।ਇਕ ਸ਼ਾਇਰ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਿਤੀ ਤੇ ਟਿੱਪਣੀ ਕਰਦਿਆਂ ਲਿਖਦਾ ਹੈ:

ਬਹੁਤ ਤਵੀਲ਼ ਸ਼ਬ-ਏ-ਗਮ ਹੈ ਕਯਾ ਕੀਆ ਜਾਏ
ਉਮੀਦ-ਏ-ਸੁਬਹ ਬਹੁਤ ਕਮ ਹੈ ਕਯਾ ਕੀਆ ਜਾਏ

ਇਸ ਕਰਕੇ ਹੀ ਤਾਂ ਅੱਜ ਇਹ ਹਾਲਾਤ ਹਨ ਕਿ ਗੁਰਪੁਰਬ ਦੇ ਦਿਹਾੜਿਆਂ ਤੇ ਰੋਸ਼ਨੀ ਅਤੇ ਇਕੱਠ ਤਾਂ ਹੈ ਪਰ ਗੁਰੁ ਸਿਹਬਾਨ ਦੇ ਦੱਸੇ ਆਦਰਸ਼ਾਂ ਅਤੇ ਮਾਰਗ ਉੱਪਰ ਕਿੰਨਾ ਹਨੇਰਾ ਅਤੇ ਵੈਰਾਨਗੀ ਹੈ।ਬਹੁਤ ਚਿਰ ਪਹਿਲਾਂ ਇਸ ਦੇ ਕਾਰਨਾਂ ਅਤੇ ਪ੍ਰਮੁੱਖਤਾ ਨੂੰ ਤਲਾਸ਼ਦਿਆਂ ਹੋਇਆਂ ਮਾਸਟਰ ਤਾਰਾ ਸਿੰਘ ਨੇ ਆਪਣੀ “ਮੇਰੀ ਯਾਦ” ਵਿਚ ਲਿਖਿਆ ਸੀ, “ਮੈਨੂੰ ਆਪਣੇ ਪਬਲਿਕ ਜੀਵਨ ਵਿਚ ਇਹ ਗੱਲ ਚੰਗੀ ਤਰਾਂ ਸਮਝ ਪੈ ਗਈ ਹੈ ਕਿ ਕਈ ਵੇਰਾਂ ਜਿੱਤਾਂ ਹੀ ਪੱਕੀ ਹਾਰ ਦਾ ਕਾਰਨ ਬਣਦੀਆਂ ਹਨ ਅਤੇ ਕਈ ਵਾਰੀ ਹਾਰਾਂ ਵੀ ਪੱਕੀ ਜਿੱਤ ਕਰਵਾਉਂਦੀਆਂ ਹਨ, ਇਹ ਤਾਂ ਕੌਮ ਦੇ ਆਗੂਆਂ ਦੀ ਜਿਹਨੀ ਹਾਲਤ, ਅਕਲ ਅਤੇ ਚਾਲ-ਚਲਣ ਹੈ। ਜੋ ਜਿੱਤ ਨਹੀਂ ਪਚਾ ਸਕਦਾ ਉਹ ਜਰੂਰ ਹਾਰੇਗਾ ਅਤੇ ਜੋ ਹਾਰ ਨਹੀਂ ਝੱਲ ਸਕਦਾ ਉਹ ਜਰੂਰ ਮਰੇਗਾ।ਅਕਾਲੀ ਲਹਿਰ ਦਾ ਸਭ ਤੋਂ ਵੱਡਾ ਔਗੁਣ ਹੰਕਾਰ ਅਤੇ ਬੁਰਛੇਗਰਦੀ ਸੀ।ਜੇਕਰ ਸਾਡੀਆਂ ਸਪੀਚਾਂ ਵਿਚ ਏਨੀ ਆਕੜ ਨਾ ਹੁੰਦੀ ਤਾਂ ਇਹ ਆਕੜ ਸ਼ਾਇਦ ਕੌਮ ਵਿਚ ਨਾ ਖਿੱਲਰਦੀ ਅਤੇ ਸਾਡੀ ਕਾਮਯਾਬੀ ਵਧੇਰੇ ਅਤੇ ਜਿਆਦਾ ਚਿਰ ਰਹਿਣ ਵਾਲੀ ਹੁੰਦੀ।ਅਕਾਲੀ ਲਹਿਰ ਨੇ ਸਾਡਾ ਚਾਲ-ਚਲਣ ਉੱਚਾ ਕੀਤਾ ਸੀ ਅਤੇ ਸਾਡੇ ਵਿਚ ਏਕਤਾ ਪੈਦਾ ਕੀਤੀ ਸੀ।ਇਸ ਹੰਕਾਰ ਭਰੀ ਗੱਪਬਾਜ਼ੀ ਨੇ ਦੋਹੇਂ ਗੱਲਾਂ ਕੱਢ ਦਿੱਤੀਆਂ ਹਨ। ਆਕੜ ਭਰੇ ਲ਼ਫਜ਼ਾਂ ਦੀ ਆਦਤ ਨੇ ਸਾਨੂੰ ਆਪੋ ਵਿਚ ਲੜਾ ਕੇ ਕਮਜ਼ੋਰ ਕੀਤਾ।ਸਾਡੇ ਚਾਲ-ਚਲਣ ਉੱਤੇ ਵੀ ਬੜਾ ਮਾੜਾ ਅਸਰ ਪਿਆ ਹੈ ਅਤੇ ਸਾਡੇ ਵਿਚੋਂ ਬਾਣੀ ਦਾ ਪਾਠ ਅਤੇ ਸ਼ਰਧਾ-ਪ੍ਰੇਮ ਵੀ ਘੱਟ ਰਹੇ ਹਨ। ਨਿਰਮਾਣਤਾ ਅਤੇ ਚਾਲ-ਚਲਣ ਬਿਨਾਂ ਨਾ ਕੋਈ ਤਾਕਤ ਪੈਦਾ ਹੋ ਸਕਦੀ ਹੈ ਅਤੇ ਨਾ ਹੀ ਕਾਇਮ ਰਹਿ ਸਕਦੀ ਹੈ।ਏਕਤਾ ਬਿਨਾਂ ਤਾਕਤ ਦਾ ਕੀ ਅਰਥ? ਜਿੰਨਾ ਦਾ ਆਪੋ ਵਿਚ ਇਤਬਾਰ ਨਹੀਂ, ਉਨ੍ਹਾਂ ਦੀ ਏਕਤਾ ਕੀ?ਫੁੱਟ ਨੇ ਸਾਰਾ ਰਾਜ ਗੁਆਇਆ। ਉਸ ਵੇਲੇ ਸਾਡੇ ਕੋਲ ਸਭ ਕੁਝ ਸੀ। ਸਾਡੀ ਫੌਜ ਦੁਨੀਆਂ ਚੋਂ ਸਭ ਤੋਂ ਜਬਰਦਸਤ ਸੀ, ਪਰ ਸਾਡਾ ਚਾਲ-ਚਲਣ ਨੀਵਾਂ ਹੋ ਗਿਆ। ਸਾਡਾ ਆਪੋ ਵਿਚ ਇਤਬਾਰ ਖਤਮ ਹੋ ਗਿਆ ਅਤੇ ਸਾਡੀ ਹੁਣ ਵਾਲੀ ਦਸ਼ ਹੋ ਗਈ। ਸਿੰਘੋ, ਚਾਲ-ਚਲਣ ਉੱਚਾ ਕਰੋ, ਮਤ ਸੁਣੋ ਨਵੇਂ ਪੋਲੀਟੀਸ਼ਅਨਾਂ ਨੂੰ। ਪੋਲਿਟਿਕਸ ਨਾਮ ਹੀ ਝੂਠਾ ਹੈ। ਪੋਲਿਟਿਕਸ ਚੱਲ ਹੀ ਇਤਬਾਰ ਉੱਤੇ ਸਕਦੀ ਹੈ। ਝੂਠੇ, ਬੇਇਤਬਾਰਿਆਂ ਨੇ ਕੀ ਪੋਲਿਟਿਕਸ ਚਲਾਉਣੀ ਹੈ।ਉਹ ਤਾਂ ਦੋ ਹੱਥ ਮਾਰ ਕੇ ਹੀ ਕੁਝ ਰੁਪਏ ਠੱਗ ਕੇ ਹੀ ਸੁੱਟ ਜਾਣਗੇ।ਸਿੱਖਾਂ ਦੀ ਪੋਲਿਟਿਕਸ ਤਾਂ ਕੇਵਲ ਧਰਮ ਅਤੇ ਇਖ਼ਲਾਕ ਦੇ ਆਸਰੇ ਹੀ ਚੱਲ ਸਕਦੀ ਹੈ।ਇਸੇ ਤਰਾਂ ਹੀ ਕੌਮ ਉੱਚੀ ਹੋ ਸਕਦੀ ਹੈ।ਧੰਨਵਾਦ ਸਹਿਤ, ਮਾਸਟਰ ਤਾਰਾ ਸਿੰਘ”
ਇਸ ਪ੍ਰਸੰਗ ਵਿਚ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਸ਼ਾ ਤੇ ਇਹੀ ਕਿਹਾ ਜਾ ਸਕਦਾ ਹੈ ਕਿ ਕਦੇ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਲਈ ਹੁਕਮਨਾਮਾ ਜਾਰੀ ਕਰਦਾ ਸੀ।ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਇਸ ਨਾਲ ਬਣੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਹਿਤ ਹੀ ਹੁਕਮਨਾਮੇ ਰਾਜਨੀਤਿਕ ਉਦੇਸ਼ ਲਈ ਜਾਰੀ ਹੁੰਦੇ ਹਨ।ਸੌ ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਨਵੀਂ ਦਿਸ਼ਾ, ਵਿਚਾਰ ਅਤੇ ਮੰਜ਼ਿਲ ਤਲਾਸ਼ ਕਰਨ ਦੀ ਲੋੜ ਹੈ।