2019 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਅੰਦਰ ਚੋਣ ਵਿਸ਼ਲੇਸ਼ਣ ਦਾ ਰੁਝਾਨ ਇੱਕ ਪਾਸੇ ਵੱਲ ਰਿਹਾ ਹੈ ਅਤੇ ਪੰਜਾਬ ਵਿੱਚ ਕੁਝ ਖੇਤਰਾਂ ਨੂੰ ਛੱਡ ਕੇ ਮੋਦੀ ਲਹਿਰ ਦਾ ਅਸਰ ਸ਼ਹਿਰੀ ਖੇਤਰਾਂ ਵਿੱਚ ਹਿੰਦੂ ਵੋਟ ਬੈਂਕ ਤੱਕ ਹੀ ਸੀਮਿਤ ਰਿਹਾ ਹੈ। ਇਸਦੇ ਚੱਲਦਿਆਂ ਸਾਰੀਆਂ ਰਾਜਸੀ ਪਾਰਟੀਆਂ ਆਪਣਾ ਆਪਣਾ ਚੋਣ ਮੰਥਨ ਕਰ ਰਹੀਆਂ ਹਨ। ਪੰਜਾਬ ਅੰਦਰ ਭਾਜਪਾ ਨੇ ਆਪਣੀਆਂ ਤਿੰਨ ਸੀਟਾਂ ਵਿਚੋਂ ਦੋ ਜਿੱਤ ਲਈਆਂ ਹਨ ਅਤੇ ਇਸਦਾ ਵੋਟ ਬੈਂਕ 2014 ਦੇ ਮੁਕਾਬਲੇ ਕਾਫੀ ਵਧਿਆ ਹੈ। ਭਾਜਪਾ ਨੇ ਬਾਰਾਂ ਵਿਧਾਨ ਸਭਾ ਹਲਕਿਆਂ ਵਿੱਚ 2014 ਦੇ ਮੁਕਾਬਲੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਦਾ ਪ੍ਰਦਰਸ਼ਨ ਇੰਨਾਂ ਲੋਕ ਸਭਾ ਚੋਣਾਂ ਵਿੱਚ ਕਾਫੀ ਵਧੀਆ ਰਿਹਾ ਹੈ। ਉਸਨੇ ਮੋਦੀ ਲਹਿਰ ਦੇ ਅਸਰ ਨੂੰ ਪੰਜਾਬ ਅੰਦਰ ਇੱਕ ਤਰਾਂ ਨਾਲ ਬੇਸਿੱਟਾ ਕਰ ਦਿੱਤਾ ਹੈ। 2014 ਵਿੱਚ ਕਾਂਗਰਸ ਨੇ ਪੰਜਾਬ ਵਿੱਚ ਚਾਰ ਸੀਟਾਂ ਜਿੱਤੀਆਂ ਸਨ। ਇਸਦੇ ਮੁਕਾਬਲੇ 2019 ਵਿੱਚ ਇਸਨੇ ਅੱਠ ਸੀਟਾਂ ਜਿਤੀਆਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 77 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਉਸਦੇ ਮੁਕਾਬਲੇ 2019 ਵਿੱਚ ਕਾਂਗਰਸ 69 ਸੀਟਾਂ ਤੇ ਹੀ ਜਿੱਤ ਪ੍ਰਾਪਤ ਕਰ ਸਕੀ ਹੈ। ਪਰ ਇਸਦਾ ਵੋਟ ਪ੍ਰਤੀਸ਼ਤ ਤਕਰੀਬਨ 2017 ਵਾਲਾ ਹੀ ਰਿਹਾ ਹੈ। ਸਿੱਖ ਪੰਥ ਲਈ ਅੱਜ ਸੋਚਣ ਵਾਲੀ ਘੜੀ ਹੈ ਕਿ ਉਸਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਭਾਵੇਂ 23 ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਹੀ ਹੈ ਪਰ ਉਸਦੇ ਪਛੜ ਜਾਣ ਨਾਲ ਸਿੱਖ ਅੱਜ ਸੋਚਣ ਤੇ ਮਜਬੂਰ ਹਨ ਕਿ ਉਹਨਾਂ ਦਾ ਰਹਿਨੰੁਮਾ ਕੌਣ ਹੋਵੇਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪੰਥਕ ਧਿਰਾਂ ਸਮੇਂ ਨਾਲ ਕਾਫੀ ਕਮਜ਼ੋਰ ਪੈ ਚੁੱਕੀਆਂ ਹਨ ਤੇ ਆਪਣੀ ਰਾਜਸੀ ਮਹੱਤਤਾ ਤੋਂ ਵੀ ਪਛੜ ਚੁੱਕੀਆਂ ਹਨ। ਪੰਥਕ ਧਿਰਾਂ ਦੇ ਸਭ ਦੇ ਵੱਡੇ ਆਗੂ ਸ੍ਰ: ਸਿਮਰਨਜੀਤ ਸਿੰਘ ਮਾਨ ਆਪਣੀ ਜਮਾਨਤ ਤੱਕ ਨਹੀਂ ਬਚਾਅ ਸਕੇ ਹਨ। ਇਸੇ ਤਰਾਂ ਆਮ ਆਦਮੀ ਪਾਰਟੀ ਜਿਸਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚਾਰ ਲੋਕ ਸਭਾ ਸੀਟਾਂ ਜਿੱਤੀਆਂ ਸਨ ਉਹ ਅੰਦਰੂੰਨੀ ਫੁੱਟ ਕਾਰਨ ਇੱਕ ਲੋਕ ਸਭਾ ਸੀਟ ਹੀ ਜਿੱਤ ਸਕੀ ਹੈ ਅਤੇ ਸਿਰਫ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਆਪਣੇ ਪੇਂਡੂ ਅਤੇ ਸਿੱਖ ਵੋਟ ਬੈਂਕ ਤੋਂ ਪਛੜ ਚੁੱਕਿਆ ਹੈ। ਉਹ ਆਪਣੀਆਂ ਦੋ ਸੀਟਾਂ ਨਾਲ ਆਪਣੀ ਜਿੱਤ ਸਮਝ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਅੰਦਰ ਇਕੋ ਇੱਕ ਸੂਬਾ ਪਾਰਟੀ ਹੈ ਜਿਸਨੂੰ ਖੇਤਰੀ ਪਾਰਟੀ ਸਮਝਿਆ ਜਾ ਸਕਦਾ ਹੈ। ਇਸਨੂੰ ਹਮੇਸ਼ਾਂ ਪੇਂਡੂ ਹਲਕਿਆਂ ਵਿੱਚ ਅਤੇ ਸਿੱਖਾਂ ਵੱਲੋਂ ਪੂਰਨ ਹਮਾਇਤ ਰਹੀ ਹੈ। ਪਰ ਸਮੇਂ ਨਾਲ ਬਰਗਾੜੀ ਬੇਅਦਬੀ ਦੇ ਮੁੱਖ ਕਾਰਨ ਕਰਕੇ ਸਿੱਖ ਵੋਟ ਬੈਂਕ ਇਸਤੋਂ ਨਿੱਖੜ ਚੁੱਕਿਆਂ ਹੈ। ਇਸਨੇ ਚੋਣਾਂ ਤੋਂ ਬਾਅਦ ਆਪਣੇ ਚੋਣ ਮੰਥਨ ਵਿੱਚ ਇਹੀ ਦਾਅਵਾ ਕੀਤਾ ਹੈ ਕਿ ਉਸਦਾ ਚੋਣ ਪ੍ਰਤੀਸ਼ਤ ਦੋ ਸੀਟਾਂ ਜਿੱਤਣ ਨਾਲ ਵੀ 2017 ਦੇ ਵਿਧਾਨ ਸਭਾ ਨਤੀਜਿਆਂ ਨਾਲੋਂ ਚੰਗਾ ਰਿਹਾ ਹੈ। ਉਸਨੇ ਦਾਅਵਾ ਕੀਤਾ ਹੈ ਕਿ ਉਹ 23 ਵਿਧਾਨ ਸਭਾ ਹਲਕਿਆਂ ਤੋਂ ਜੇਤੂ ਰਿਹਾ ਹੈ। ਪਰ ਇਸ ਗੱਲ ਤੇ ਵਿਚਾਰ ਨਹੀਂ ਕੀਤੀ ਕਿ ਇੰਨਾਂ ਲੋਕ ਸਭਾ ਚੋਣਾਂ ਵਿੱਚ ਉਸਨੇ ਸਿੱਖ ਵੋਟ ਬੈਂਕ ਤੇ ਪੇਂਡੂ ਖੇਤਰ ਦੀ ਬੈਂਕ ਨੂੰ ਸਾਂਭਣ ਤੋਂ ਅਸਮਰਥ ਰਹਿਣ ਕਰਕੇ ਅੱਠ ਸੀਟਾਂ ਤੋਂ ਹਾਰ ਖਾਧੀ ਹੈ। ਸ਼੍ਰੋਮਣੀ ਅਕਾਲੀ ਦਲ ਲੰਮੇ ਅਰਸੇ ਤੋਂ ਸਿੱਖ ਪੰਥ ਦਾ ਨੁਮਾਇੰਦਾ ਹੈ ਇਸ ਲਈ ਉਸ ਨੂੰ ਆਪਣੀ ਦਿੱਖ ਤੇ ਪੇਂਡੂ ਤੇ ਸਿੱਖ ਵੋਟਰਾਂ ਵਿੱਚ ਦੁਬਾਰ ਤੋਂ ਅਧਾਰ ਲਣਾਉਣਾ ਮੁੱਖ ਮਕਸਦ ਬਣਾਉਣਾ ਚਾਹੀਦਾ ਹੈ।