ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਵੈਸਟਗੇਟ ਸ਼ਾਪਿੰਗ ਮਾਲ ਤੇ ਸੋਮਾਲੀਆ ਦੀ ਅਲ-ਕਾਇਦਾ ਨਾਲ ਸਬੰਧਿਤ ਜਥੇਬੰਦੀ ਅਲ-ਸ਼ਬਾਬ ਨੇ ਵੱਡਾ ਹਮਲਾ ਕਰਕੇ ਲਗਭਗ ੬੭ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ ਅਤੇ ਹੋਰ ਸੈਂਕੜੇ ਜ਼ਖਮੀ ਕਰ ਦਿੱਤੇ ਹਨ। ੪ ਦਿਨ ਚੱਲੇ ਕਤਲੇਆਮ ਦੇ ਇਸ ਘਟਨਾਕ੍ਰਮ ਤੋਂ ਬਾਅਦ ਹਾਲੇ ਵੀ ਲਗਭਗ ੬੦ ਸ਼ਹਿਰੀਆਂ ਦਾ ਕੋਈ ਪਤਾ ਨਹੀ ਲੱਗ ਰਿਹਾ ਉਹ ਲਾਪਤਾ ਹਨ। ਅਲ-ਸ਼ਬਾਬ ਨਾਲ ਸਬੰਧਿਤ ਹਥਿਆਰਬੰਦ ਲੜਾਕੇ ਦਿਨ ਦਿਹਾੜੇ ਵੈਸਟਗੇਟ ਸ਼ਾਪਿੰਗ ਮਾਲ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਕਾਫੀ ਸਾਰੇ ਲੋਕਾਂ ਨੂੰ ਸ਼ਰੇਆਮ ਕਤਲ ਕਰ ਦਿੱਤਾ ਬਾਕੀ ਜਣਿਆ ਨੂੰ ਬੰਦੀ ਬਣਾਕੇ ਉਹ ਕਈ ਦਿਨ ਆਪਣੀ ਖੂਨੀ ਖੇਡ ਖੇਡਦੇ ਰਹੇ। ਇਨ੍ਹਾਂ ਲੜਾਕਿਆਂ ਨੇ ਆਪਣੀ ਧਾਰਮਿਕ ਅੰਧਵਿਸ਼ਵਾਸ਼ੀ ਵਿੱਚ ਬੱਚਿਆਂ ਅਤੇ ਬੀਬੀਆਂ ਨੂੰ ਵੀ ਨਹੀ ਬਖਸ਼ਿਆ। ਦੱਸਿਆ ਜਾਂਦਾ ਹੈ ਕਿ ਇੱਕ ਵਿਦੇਸ਼ੀ ਨਾਗਰਿਕ ਨੇ ਆਪਣੀ ਜਾਨ ਦੇ ਕੇ ਲੜਾਕਿਆਂ ਦੇ ਘੇਰੇ ਵਿੱਚ ਆਏ ਕੁਝ ਬੱਚਿਆਂ ਦੀ ਜਾਨ ਬਚਾਈ। ਉਸਨੇ ਆਪਣੀ ਜਾਨ ਖਤਰੇ ਮੂੰਹ ਪਾਉਣ ਤੋਂ ਪਹਿਲਾਂ ਅਲ-ਸ਼ਬਾਬ ਦੇ ਲੜਕਿਆਂ ਨੂੰ ਬੇਨਤੀ ਕੀਤੀ ਕਿ ਘੱਟੋ-ਘੱਟ ਬੱਚਿਆਂ ਅਤੇ ਬੀਬੀਆਂ ਨੂੰ ਤਾਂ ਬਖਸ਼ ਦੇਵੋ ਤਾਂ ਇੱਕ ਹਥਿਆਰਬੰਦ ਲੜਾਕੇ ਨੇ ਆਖਿਆ ਕਿ ਜਦੋਂ ਉਹ ਸਾਡੇ ਬੱਚਿਆਂ ਅਤੇ ਬੀਬੀਆਂ ਦੀ ਪਰਵਾਹ ਨਹੀ ਕਰਦੇ ਤਾਂ ਅਸੀਂ ਉਨ੍ਹਾਂ ਦੇ ਬੱਚਿਆਂ ਤੇ ਬੀਬੀਆਂ ਦੀ ਪਰਵਾਹ ਕਿਉਂ ਕਰੀਏ। ਇਹ ਵੀ ਖਬਰਾਂ ਹਨ ਕਿ ਲੜਾਕਿਆਂ ਨੇ ਹਰ ਵਿਅਕਤੀ ਨੂੰ ਮਾਰਨ ਤੋਂ ਪਹਿਲਾਂ ਉਸਨੂੰ ਆਪਣੇ ਆਪ ਬਾਰੇ ਮੁਸਲਿਮ ਹੋਣ ਦਾ ਪ੍ਰਮਾਣ ਦੇਣ ਬਾਰੇ ਆਖਿਆ। ਇਸ ਲਈ ਉਨ੍ਹਾਂ ਨੇ ਹਰ ਵਿਅਕਤੀ ਨੂੰ ਮਾਰਨ ਤੋਂ ਪਹਿਲਾਂ ਮੁਹੰਮਦ ਸਾਹਿਬ ਦੀ ਮਾਂ ਦਾ ਨਾ ਦੱਸਣ ਬਾਰੇ ਆਖਿਆ। ਜਿਹੜੇ ਅਜਿਹਾ ਨਹੀ ਕਰ ਸਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।
ਵੈਸਟਗੇਟ ਸ਼ਾਪਿੰਗ ਸੈਂਟਰ ਬਹੁਤ ਲੰਬੇ ਸਮੇਂ ਤੋਂ ਇਸਲਾਮੀ ਲੜਾਕਿਆਂ ਦੇ ਨਿਸ਼ਾਨੇ ਤੇ ਸੀ ਕਿਉਂਕਿ ਇਹ ਇਜ਼ਰਾਈਲੀ ਨਾਗਰਿਕਾਂ ਵੱਲੋਂ ਤਿਆਰ ਕੀਤੀ ਅਤੇ ਚਲਾਈ ਜਾਂਦੀ ਇਮਾਰਤ ਸੀ। ਇਸਦੀ ਮਾਲਕੀ ਵੀ ਇਜ਼ਰਾਈਲੀ ਬਸ਼ਿੰਦਿਆਂ ਕੋਲ ਹੀ ਸੀ। ਕੁਝ ਹਫਤੇ ਪਹਿਲਾਂ ਕੌਮਂਤਰੀ ਇੰਟੈਲੀਜੈਸ ਨੇ ਇਸ ਸ਼ਾਪਿੰਗ ਮਾਲ ਨੂੰ ਕਿਸੇ ਸੰਭਾਵੀ ਹਮਲੇ ਦਾ ਨਿਸ਼ਾਨਾ ਦੱਸ ਕੇ ਕੀਨੀਆ ਦੀ ਸਰਕਾਰ ਨੂੰ ਅਗਾਹ ਕੀਤਾ ਸੀ ਪਰ ਕੀਨੀਆਈ ਇੰਟੈਲੀਜੈਂਸ ਨੇ ਉਸ ਚਿਤਾਵਨੀ ਨੂੰ ਸ਼ਾਇਦ ਗੰਭੀਰਤਾ ਨਾਲ ਨਹੀ ਲਿਆ। ਹੁਣ ਜਦੋਂ ਭਾਣਾਂ ਵਾਪਰ ਗਿਆ ਹੈ ਅਤੇ ਮੀਡੀਆ ਕੋਲ ਉਸ ਚਿਤਾਵਨੀ ਵਾਲੇ ਦਸਤਾਵੇਜ਼ ਵੀ ਆ ਗਏ ਹਨ ਤਾਂ ਕੀਨੀਆ ਦੇ ਗ੍ਰਹਿ ਮੰਤਰੀ ਇਹ ਆਖ ਕੇ ਪੱਲਾ ਝਾੜ ਰਹੇ ਹਨ ਕਿ ਇਹ ਕਲਾਸੀਫਾਈਡ ਜਾਣਕਾਰੀ ਹੈ ਅਸੀਂ ਇਸ ਬਾਰੇ ਜਨਤਕ ਤੌਰ ਤੇ ਕੁਝ ਨਹੀ ਆਖ ਸਕਦੇ।
ਕੀਨੀਆ ਕਾਫੀ ਲੰਬੇ ਸਮੇਂ ਤੋਂ ਅਲ-ਸ਼ਬਾਬ ਦੇ ਨਿਸ਼ਾਨੇ ਤੇ ਸੀ ਕਿਉਂਕਿ ਕੀਨੀਆ ਦੀਆਂ ਫੌਜਾਂ ਸੋਮਾਲੀਆ ਵਿੱਚ ਅਲ-ਸ਼ਬਾਬ ਦੇ ਲੜਾਕਿਆਂ ਦਾ ਸਫਾਇਆ ਕਰਨ ਲਈ ਸੋਮਾਲੀਆ ਦੀਆਂ ਫੌਜਾਂ ਦਾ ਸਾਥ ਦੇ ਰਹੀਆਂ ਹਨ। ਕੀਨੀਆ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਵੱਡੀ ਆਮਦ ਕਾਰਨ ਇਹ ਮੁਲਕ ਵੈਸੇ ਵੀ ਕਿਸੇ ਅਜਿਹੀ ਕਾਰਵਾਈ ਲਈ ਨਰਮ-ਨਿਸ਼ਾਨਾ (Soft Target) ਬਣ ਸਕਦਾ ਸੀ ਇਸੇ ਲਈ ਅਗਸਤ ਮਹੀਨੇ ਵਿੱਚ ਜਦੋਂ ਅਮਰੀਕੀ ਇੰਟੈਲੀਜੈਂਸ ਨੇ ਯਮਨ ਵਿੱਚ ਕਿਸੇ ਵੱਡੇ ਹਮਲ਼ੇ ਦੀ ਸੰਭਾਵਨਾ ਦੇ ਮੱਦੇਨਜ਼ਰ ਆਪਣੇ ਅਤੇ ਆਪਣੇ ਹਮਾਇਤੀ ਦੇਸ਼ਾਂ ਦੇ ਸਫਾਰਤਖਾਨੇ ਬੰਦ ਕਰਨ ਦਾ ਐਲਾਨ ਕੀਤਾ ਸੀ ਉਸ ਵੇਲੇ ਹੀ ਕੀਨੀਆ ਨੂੰ ਵੀ ਕਿਸੇ ਸੰਭਾਵੀ ਹਮਲੇ ਦਾ ਖਤਰਾ ਕਰਾਰ ਦੇਕੇ ਲਾਲ਼ ਚਿਤਾਵਨੀ (Red Alert) ਜਾਰੀ ਕੀਤਾ ਸੀ।
ਨਿਰਸੰਦੇਹ ਕੀਨੀਆ ਵਿੱਚ ਵਿਦੇਸ਼ੀ ਨਾਗਰਿਕਾਂ ਅਤੇ ਵਿਦੇਸ਼ੀ ਇਮਾਰਤ ਤੇ ਹੋਏ ਹਮਲੇ ਨੇ ਇੱਕ ਵਾਰ ਫਿਰ ਇਸਲਾਮ ਅਤੇ ਪੱਛਮ ਦੀ ਲੜਾਈ ਨੂੰ ਵਿਚਾਰਧਾਰਕ ਲੜਾਈ ਦੇ ਤੌਰ ਤੇ ਸਾਹਮਣੇ ਲੈ ਆਂਦਾ ਹੈ। ੧੯੯੩ ਵਿੱਚ ਪ੍ਰੋ. ਸੈਮੂਅਲ ਹਟਿੰਗਟਨ ਨੇ ਜਿਸ ਕਲੇਸ਼ (The Clash of Civilization) ਦੀ ਗੱਲ ਕੀਤੀ ਸੀ ਉਹ ਕਲੇਸ਼ ਜਾਂ ‘clash’ ੨੧ਵੀਂ ਸਦੀ ਵਿੱਚ ਸਾਡੇ ਸਾਹਮਣੇ ਪ੍ਰਤੱਖ ਹੁੰਦਾ ਨਜ਼ਰ ਆ ਰਿਹਾ ਹੈ। ਅਲ-ਸ਼ਬਾਬ ਦੇ ਲੜਾਕਿਆਂ ਵੱਲੋਂ ਹਰ ਨਾਗਰਿਕ ਨੂੰ ਆਪਣੀ ਮੁਸਲਿਮ ਪਹਿਚਾਣ ਦਾ ਪ੍ਰਮਾਣ ਦੇਣ ਦੀ ਕਾਰਵਾਈ ਇਹ ਗੱਲ ਸਿੱਧ ਕਰ ਰਹੀ ਹੈ ਕਿ ਜੰਗ ਹੁਣ ਹਥਿਆਰਾਂ ਦੀ ਨਹੀ ਰਹੀ ਬਲਕਿ ਵਿਚਾਰਾਂ ਦੀ ਬਣ ਗਈ ਹੈ। ਉਹ ਮਨੁੱਖ ਹੀ ਹਥਿਆਰਾਂ ਨੂੰ ਹੱਥ ਪਾ ਰਹੇ ਹਨ ਜਿਨ੍ਹਾਂ ਦੇ ਵਿਚਾਰ ਪਹਿਲਾਂ ਜੰਗ ਦੇ ਮੈਦਾਨ ਵਿੱਚ ਘੋੜੇ ਦੌੜਾ ਹਟੇ ਹੋਣ, ਭਾਵ ਕਿ ਹਥਿਆਰ ਚੁੱਕਣ ਤੋਂ ਪਹਿਲਾਂ ਵਿਅਕਤੀ ਦੇ ਵਿਚਾਰ ਬਦਲੇ ਜਾਂਦੇ ਹਨ। ਉਸ ਦੀ ਵਿਚਾਰਧਾਰਾ ਬਦਲੀ ਜਾਂਦੀ ਹੈ ਤਾਂ ਹੀ ਉਹ ਧਰਮ ਦੇ ਨਾ ਤੇ ਅਜਿਹੇ ਗੈਰ-ਮਨੁੱਖੀ ਕੰਮ ਕਰਨ ਦੇ ਰਾਹ ਪੈਂਦੇ ਹਨ।
ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਨਾਲ ਭਾਵੇਂ ਅਲ-ਕਾਇਦਾ ਦੀ ਕੇਂਦਰੀ ਕਮਾਂਡ ਕਮਜੋਰ ਹੋ ਗਈ ਹੈ ਪਰ ਇਸ ਦੀਆਂ ਲੋਕਲ ਜਥੇਬੰਦੀਆਂ ਇਸ ਸਮੇਂ ਦੌਰਾਨ ਮਜਬੂਤ ਹੋ ਰਹੀਆਂ ਹਨ। ਅਲ-ਕਾਇਦਾ ਦੀ ਵਿਚਾਰਧਾਰਾ ਹੀ ਹੈ ਜਿਸ ਲਈ ਅੱਜ ਵੀ ਹਜਾਰਾਂ ਲੋਕ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਤਿਆਰ ਹੋ ਰਹੇ ਹਨ ਉਹ ਵੀ ਅਲ-ਕਾਇਦਾ ਦੀ ਲੀਡਰਸ਼ਿੱਪ ਨਾਲ ਕੋਈ ਸੰਪਰਕ ਹੋਣ ਤੋਂ ਬਿਨਾ ਹੀ। ਭਾਵੇਂ ਉਹ ਜਾਨ ਰੀਡ ਹੋਵੇ, ਭਾਵੇਂ ਬੋਸਟਨ ਮੈਰਾਥਨ ਦੌਰਾਨ ਬੰਬ ਧਮਾਕੇ ਕਰਨ ਵਾਲੇ ਸਾਰਨੇਵ ਭਰਾ ਹੋਣ ਅਤੇ ਜਾਂ ਫਿਰ ਉਹ ੨੦੦ ਬ੍ਰਿਟਿਸ਼ ਨਾਗਰਿਕ ਹੋਣ ਜੋ ਸੀਰੀਆ ਵਿੱਚ ਜਹਾਦ ਲੜਨ ਲਈ ਗਏ ਹਨ। ਸਾਰਿਆਂ ਦੀ ਵਿਚਾਰਧਾਰਾ ਵਿੱਚ ਤਬਦੀਲੀ ਆਉਣ ਤੋਂ ਬਾਅਦ ਹੀ ਉਹ ਇਸ ਰਾਹ ਤੇ ਪਏ ਹਨ।
ਪੱਛਮੀ ਦੇਸ਼ਾਂ ਅਮਰੀਕਾ ਅਤੇ ਇਸਦੇ ਹਮਾਇਤਆ ਦੀ ਇਹ ਕਮਜ਼ੋਰੀ ਹੈ ਕਿ ਉਹ ਅਲ-ਕਾਇਦਾ ਵਿਰੋਧੀ ਜੰਗ ਨੂੰ ਸਿਰਫ ਹਥਿਆਰਾਂ ਦੇ ਖੇਤਰ ਵਿੱਚ ਹੀ ਲੜ ਰਹੇ ਹਨ। ਵਿਚਾਰਾਂ ਦੇ ਖੇਤਰ ਵਿੱਚ ਜਿੱਥੇ ਇਸ ਜੰਗ ਦੀ ਮਹੱਤਵ ਬਹੁਤ ਜਿਆਦਾ ਹੈ ਉਸ ਖੇਤਰ ਵਿੱਚ ਅਮਰੀਕਾ ਵਿਰੋਧੀ ਭਾਵਨਾਵਾਂ ਵਾਲੇ ਹੀ ਦਮਗਜ਼ੇ ਮਾਰ ਰਹੇ ਹਨ। ਇਸੇ ਕਾਰਨ ਹੀ ਅਮਰੀਕੀ ਸਹਾਇਤਾ ਨਾਲ ਅਜ਼ਾਦ ਹੋਏ ਲੀਬੀਆ ਦੇ ਸ਼ਹਿਰ ਬੈਂਗਾਜ਼ੀ ਵਿੱਚ ਇਸ ਵੇਲੇ ਅਮਰੀਕਾ ਵਿਰੋਧੀ ਭਾਵਨਾਵਾਂ ਸਿਖਰ ਤੇ ਹਨ।
ਕੀਨੀਆ ਦੇ ਕਤਲੇਆਮ ਕਰਨ ਵਾਲੇ ਲੜਾਕਿਆਂ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਗੱਲ ਹਥਿਆਰਾਂ ਦੀ ਨਹੀ ਰਹੀ ਬਲਕਿ ਵਿਚਾਰਾਂ ਦੀ ਬਣ ਗਈ ਹੈ ਇਸੇ ਲਈ ਉਨਹਾਂ ਨੇ ਹਰ ਕੋਲੋਂ ਮੁਹੰਮਦ ਸਾਹਿਬ ਦੀ ਮਾਂ ਦਾ ਨਾ ਪੁੱਛਿਆ। ਜਦੋਂ ਤੱਕ ਪੱਛਮੀ ਦੇਸ਼ ਵਿਚਾਰਾਂ ਦੇ ਮੈਦਾਨ ਵਿੱਚ ਆਪਣੀਆਂ ਫੌਜਾਂ ਨਹੀ ਭੇਜਦੇ ਅਲ-ਕਾਇਦਾ ਦੇ ਲੜਾਕੇ ਈਰਾਕ ਤੋਂ ਲੈਕੇ ਲੀਬੀਆ ਅਤੇ ਅਫਗਾਨਿਸਤਾਨ ਤੋਂ ਲੈਕੇ ਸੀਰੀਆ ਤੇ ਯਮਨ ਤੱਕ ਉਸ ਲਈ ਚੁਣੌਤੀ ਬਣਦੇ ਰਹਿਣਗੇ।