ਜੂਲੀਓ ਰਿਬੇਰੋ ਦਾ ਨਾਅ ਪੰਜਾਬ ਵਾਸੀਆਂ ਨੂੰ ਭੁਲਿਆ ਨਹੀ ਹੈ। ਜੂਲੀਓ ਰਿਬੇਰੋ ਉਸ ਵੇਲੇ ਪੰਜਾਬ ਪੁਲਿਸ ਦੇ ਮੁਖੀ ਬਣ ਕੇ ਆਏ ਸਨ ਜਿਸ ਵੇਲੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੇ ਸੰਜੀਦਾ ਯਤਨ ਕੀਤੇ ਜਾ ਰਹੇ ਸਨ। ਪੰਜਾਬ ਨੂੱੰ ਘੇਰਨ ਅਤੇ ਤਬਾਹ ਕਰਨ ਦੇ ਭਾਰਤੀ ਸਟੇਟ ਦੇ ਯਤਨਾਂ ਦਾ ਇੱਕ ਵੱਡਾ ਸਿਰਨਾਵਾਂ ਸੀ ਜੂਲੀਓ ਰਿਬੇਰੋ। ਉਨ੍ਹਾਂ ਦੀ ਆਮਦ ਤੋਂ ਪਹਿਲਾਂ ਪੰਜਾਬ ਵਿੱਚ ਬੇਸ਼ੱਕ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਹੋ ਰਹੀ ਸੀ ਪਰ ਏਨੀ ਬੇਕਿਰਕੀ ਨਾਲ ਨਹੀ ਸੀ ਹੋ ਰਹੀ। ਜੂਲੀਓ ਰਿਬੇਰੋ ਨੇ ਪੰਜਾਬ ਦੀ ਵਾਗਡੋਰ ਸੰਭਾਲਦਿਆਂ ਹੀ ਸੂਰਬੀਰਾਂ ਦੀ ਇਸ ਧਰਤੀ ਤੇ ਹਮਲਾ ਵਿੱਢ ਦਿੱਤਾ ਸੀ। ਹਰ ਗੁਰਸਿੱਖ ਅਤੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਉਨ੍ਹਾਂ ਦੀ ਅੱਖ ਵਿੱਚ ਰੜਕਣ ਲੱਗਾ ਸੀ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਮਿਸਟਰ ਰਿਬੇਰੋ ਦਿੱਲੀ ਦੇ ਹੁਕਮਾਂ ਤੇ ਕਾਰਵਾਈਆਂ ਕਰਦੇ ਸਨ। ਗੋਲੀ ਬਦਲੇ ਗੋਲੀ ਦੀ ਨੀਤੀ ਉਨ੍ਹਾਂ ਨੇ ਐਲਾਨ ਕਰਕੇ ਪੰਜਾਬ ਵਿੱਚ ਲਾਗੂ ਕੀਤੀ ਸੀ। ਉਨ੍ਹਾਂ ਦੀ ਅਗਵਾਈ ਹੇਠ ਕਿੰਨੇ ਸਿੱਖ ਨੌਜਵਾਨ ਕਤਲ ਕੀਤੇ ਗਏ, ਕਿੰਨੇ ਬਜ਼ੁਰਗਾਂ ਦੀ ਦਾਹੜੀ ਅਤੇ ਸਿੱਖ ਬੀਬੀਆਂ ਦੀ ਪੱਤ ਥਾਣਿਆਂ ਵਿੱਚ ਰੋਲੀ ਗਈ ਇਸਦਾ ਕੋਈ ਹਿਸਾਬ ਕਿਤਾਬ ਨਹੀ ਹੈ।

ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਇੱਕ ਘੱਟ-ਗਿਣਤੀ ਨੂੰ ਕੁਚਲਣ ਲਈ ਇੱਕ ਹੋਰ ਘੱਟ-ਗਿਣਤੀ ਦੇ ਮੈਂਬਰ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਸੀ। ਮਿਸਟਰ ਰਿਬੇਰੋ ਦੇ ਆਪਣੇ ਕਥਨ ਅਨੁਸਾਰ ਦੇਸ਼ ਨੂੰ ਉਨ੍ਹਾਂ ਵਰਗਾ ਕੋਈ ਹੋਰ ਅਫਸਰ ਨਹੀ ਸੀ ਲੱਭਾ ਜੋ ਪੰਜਾਬ ਦੀ ਬਗਾਵਤ ਨੂੰ ਨੱਥ ਪਾ ਸਕੇ ਅਤੇ ਹਿੰਦੂਆਂ ਵਿੱਚ ਭਰੋਸਾ ਪੈਦਾ ਕਰ ਸਕੇ।

ਮਿਸਟਰ ਰਿਬੇਰੋ ਦੇ ਕਾਰਜਕਾਲ ਦੌਰਾਨ ਰੋਜਾਨਾਂ ਦੀਆਂ ਅਖਬਾਰਾਂ ਵਿੱਚ ਸਿੱਖ ਨੌਜਵਾਨਾਂ ਦੇ ਕਤਲਾਂ ਦਾ ਹਿਸਾਬ ਲਗਾਇਆ ਜਾ ਸਕਦਾ ਹੈ। ਦੇਸ਼ ਦੇ ਕਨੂੰਨ ਤੋਂ ਬਾਹਰੇ ਜਾ ਕੇ ਇਹ ਕਤਲ ਕਿਉਂ ਕੀਤੇ ਗਏ? ਹਿੰਦੂਆਂ ਦੇ ਮਨ ਵਿੱਚ ਭਰੋਸਾ ਪੈਦਾ ਕਰਨ ਲਈ।

ਦੇਸ਼ ਦਾ ਸਭ ਤੋਂ ਸੰਜੀਦਾ ਈਸਾਈ ਅਫਸਰ ਹਿੰਦੂਆਂ ਵਿੱਚ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਦਾ ਇੰਚਾਰਜ ਲਗਾਇਆ ਗਿਆ।

ਅੱਜ ਉਹ ਬਹਾਦਰ ਸੂਰਮਾ ਉਨ੍ਹਾਂ ਲੋਕਾਂ ਤੇ ਹੀ ਉਂਗਲ ਚੁੱਕ ਰਿਹਾ ਹੈ ਜਿਨ੍ਹਾਂ ਦੀ ਰਾਖੀ ਕਰਨ ਲਈ ਉਹ ਪੰਜਾਬ ਆਇਆ ਸੀ। ਲੁਧਿਆਣੇ ਵਿੱਚ ਮਾਰੇ ਗਏ ਸੰਘ ਪਰਿਵਾਰ ਦੇ ੨੫ ਮੈਂਬਰਾਂ ਦੇ ਘਰੋ ਘਰੀ ਜਾ ਕੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਵਾਲਾ ਸੱਜਣ ਅੱਜ ਆਪ ਹੀ ਸੰਘ ਪਰਿਵਾਰ ਤੋਂ ਡਰ ਵੀ ਰਿਹਾ ਹੈ ਅਤੇ ਸੰਘ ਪਰਿਵਾਰ ਬਾਰੇ ਉਹ ਜਿਹੇ ਵਿਚਾਰ ਪੇਸ਼ ਕਰ ਰਿਹਾ ਹੈ ਜਿਹੋ ਜਿਹੇ ਵਿਚਾਰ ੩੦ ਸਾਲਾਂ ਤੋਂ ਸਿੱਖ ਪੇਸ਼ ਕਰਦੇ ਆ ਰਹੇ ਹਨ।

ਭਾਰਤੀ ਸਟੇਟ ਦਾ ਬਹਾਦਰ ਸੂਰਮਾ ਅੱਜ ੩੦ ਸਾਲਾਂ ਬਾਅਦ ਇਹ ਕਹਿਣ ਲਈ ਮਜਬੂਰ ਹੋ ਗਿਆ ਹੈ ਕਿ ਉਹ ਆਪਣੇ ਹੀ ਦੇਸ਼ ਵਿੱਚ ਬੇਗਾਨਾ ਹੋ ਗਿਆ ਹੈ, ਕਿ ਉਸਦੀ ਇਸ ਮੁਲਕ ਵਿੱਚ ਕੋਈ ਥਾਂ ਨਹੀ ਰਹੀ। ਉਹ ਮਹਿਸੂਸ ਕਰ ਰਿਹਾ ਹੈ ਕਿ ੨ ਫੀਸਦੀ ਈਸਾਈ ਕੌਮ ਨੂੰ ਕੁਝ ਫਾਸ਼ੀਵਾਦੀ ਤਾਕਤਾਂ ਖਤਮ ਕਰਨ ਦੇ ਮਨਸੂਬੇ ਬੁਣ ਰਹੀਆਂ ਹਨ। ਪਿਛਲੇ ੩੦ ਸਾਲਾਂ ਤੋਂ ਸਿੱਖ ਵੀ ਇਹੋ ਆਖਦੇ ਆ ਰਹੇ ਹਨ ਕਿ ਉਨ੍ਹਾਂ ਦੇ ਧਰਮ, ਕਲਚਰ ਅਤੇ ਜੀਵਨ ਜਾਂਚ ਨੂੰ ਭਾਰਤੀ ਸਟੇਟ ਅਤੇ ਉਸਦੀ ਅਗਵਾਈ ਹੇਠਲੀਆਂ ਸੰਘ ਪਰਿਵਾਰ ਵਰਗੀਆਂ ਤਾਕਤਾਂ ਖਤਮ ਕਰਨ ਦੇ ਯਤਨ ਕਰ ਰਹੀਆਂ ਹਨ। ਸਿੱਖਾਂ ਦੀਆਂ ਸੰਜੀਦਾ ਅਤੇ ਸੁਹਿਰਦ ਭਾਵਨਾਵਾਂ ਨੂੰ ਸਟੇਟ ਦੇ ਹਥਿਆਰਾਂ ਨਾਲ ਕੁਚਲ ਦੇਣ ਲਈ ਦਿੱਲੀ ਤੋਂ ਚੜ੍ਹਕੇ ਆਏ ਮਿਸਟਰ ਰਿਬੇਰੋ ਵੀ ਅੱਜ ਉਹੋ ਹੀ ਖੂਨ ਦੇ ਹੰਝੂ ਰੋ ਰਹੇ ਹਨ ਜਿਹੋ ਜਿਹੇ ਹੰਝੂ ਸਿੱਖ ਪਿਛਲੇ ੩੦ ਸਾਲਾਂ ਤੋਂ ਰੋਂਦੇ ਆ ਰਹੇ ਹਨ।

ਮਿਸਟਰ ਰਿਬੇਰੋ ਨੂੰ ਜਿਹੜੀ ਗੱਲ ਏਨੀ ਦੇਰ ਬਾਅਦ ਸਮਝ ਆਈ ਹੈ ਸਿੱਖ ਉਸਨੂੰ ਪਿਛਲੇ ੬੫ ਸਾਲਾਂ ਤੋਂ ਹੰਢਾ ਰਹੇ ਹਨ।

ਬਹੁਤ ਦੇਰ ਬਾਅਦ ਅਸੀਂ ਸਟੇਟ ਅਤੇ ਕੌਮਵਾਦ ਦਾ ਇਸ ਤਰ੍ਹਾਂ ਦਾ ਫਲਸਫਈ ਭੇੜ ਹੁੰਦਾ ਦੇਖਿਆ ਹੈ। ਮਿਸਟਰ ਰਿਬੇਰੋ ਦਾ ਲੇਖ ਨੇ ਸਟੇਟ ਅਤੇ ਕੌਮਵਾਦ ਦਰਮਿਆਨ ਸਪਸ਼ਟ ਲਕੀਰ ਖਿੱਚਕੇ ਰੱਖ ਦਿੱਤੀ ਹੈ। ਸਟੇਟ ਦਾ ਬਹੁਤ ਹੀ ਅਹਿਮ ਪੁਰਜਾ ਜਦੋਂ ਆਪਣੀ ਕੌਮ ਤੇ ਹੋ ਰਹੇ ਜੁਲਮਾਂ ਦੇ ਖਿਲਾਫ ਮੂੰਹ ਖੋਲ਼੍ਹਦਾ ਹੈ ਤਾਂ ਉਹ ਸਟੇਟ ਦੀ ਦੇਸ਼ ਭਗਤੀ ਨੂੰ ਛੱਡਕੇ ਆਪਣੀ ਕੌਮ ਦੀ ਕੌਮ ਭਗਤੀ ਵੱਲ ਜਾ ਖੜ੍ਹਦਾ ਹੈ। ਮਿਸਟਰ ਰਿਬੇਰੋ ਸਾਹਮਣੇ ਜਦੋਂ ਸਟੇਟ ਅਤੇ ਕੌਮ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਮੌਕਾ ਆਇਆ ਤਾਂ ਉਨ੍ਹਾਂ ਸਟੇਟ ਨੂੰ ਤਿਲਾਂਜਲੀ ਦੇਕੇ ਆਪਣੀ ਕੌਮ ਨਾਲ ਖੜ੍ਹਨ ਨੂੰ ਤਰਜੀਹ ਦਿੱਤੀ।

ਜਦੋਂ ਵੀ ਜਿੰਦਾ ਦਿਲ ਲੋਕਾਂ ਸਾਹਮਣੇ ਇਹੋ ਜਿਹੇ ਮੌਕੇ ਆਉਂਦੇ ਹਨ ਉਹ ਹਮੇਸ਼ਾ ਹੀ ਸਟੇਟ ਨਾਲ਼ੋਂ ਕੌਮ ਨੂੰ ਤਰਜੀਹ ਦੇਂਦੇ ਹਨ। ਸ਼੍ਰ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਖੁਸ਼ਵੰਤ ਸਿੰਘ, ਭਗਤ ਪੂਰਨ ਸਿੰਘ, ਡਾਕਟਰ ਸਾਧੂ ਸਿੰਘ ਹਮਦਰਦ ਸਾਹਮਣੇ ਵੀ ੧੯੮੪ ਵਿੱਚ ਜਦੋਂ ਸਟੇਟ ਅਤੇ ਕੌਮ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਮੌਕਾ ਆਇਆ ਤਾਂ ਉਨ੍ਹਾਂ ਆਪਣੀ ਕੌਮ ਦਾ ਪੱਖ ਪੂਰਿਆ।

ਅਸੀਂ ਸਮਝਦੇ ਹਾਂ ਕਿ ਸਮੇਂ ਨੇ ਆਪਣਾਂ ਚੱਕਰ ਪੂਰਾ ਕਰ ਲਿਆ ਹੈ। ਮਿਸਟਰ ਰਿਬੇਰੋ ਵਰਗਾ ਵਿਅਕਤੀ ਜੇ ਭਾਰਤੀ ਸਟੇਟ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤਾਂ ਸਿੱਖਾਂ ਦੀ ਬੇਗਾਨਗੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।