ਹੁਣ ਦੇ ਸਮੇਂ ਵਿੱਚ ਭਾਵੇਂ ਕਾਫੀ ਹੱਦ ਤੱਕ ਅਸ਼ਾਂਤੀ ਦਾ ਘੇਰਾ ਹੈ ਅਤੇ ਚਾਨਣ ਵਿੱਚ ਵੀ ਕਾਫੀ ਸੰਘਣੇ ਹਨੇਰੇ ਦਾ ਪਰਛਾਵਾਂ ਬਣਿਆ ਹੋਇਆ ਹੈ। ਇਸ ਸੰਦਰਭ ਵਿੱਚ ਸਿੱਖ ਕੌਮ ਵੀ ਇਕ ਅਜਿਹੇ ਚਾਨਣ ਵਿੱਚ ਘਿਰੀ ਹੋਈ ਹੈ ਅਤੇ ਦੁਨੀਆਂ ਦੇ ਵੱਖ ਵੱਖ ਦੇਸ਼ਾ ਵਿਚ ਅਤੇ ਭਾਰਤ ਵਿੱਚ ਵੀ ਆਪਣੀ ਕੌਮੀਅਤ ਦਿੱਖ ‘ਚ ਆਲੇ ਦੁਆਲੇ ਬਣੇ ਹਨੇਰੇ ਨੂੰ ਚਾਨਣ ਵਿਚ ਤਬਦੀਲ ਕਰਨਾ ਲੌਚਦੀ ਹੈ। ਪਰ ਸਿੱਖ ਕੌਮ ਵਿੱਚ ਅਜਿਹਾ ਵਖਰੇਵਾਂ ਹੈ ਜੋ ਦਿਨੋ ਦਿਨ ਇਕ ਮਜ਼ਬੂਤ ਬਣ ਸਕਣ ਵਾਲੇ ਕੌਮੀ ਜਥੇਬੰਦਕ ਢਾਂਚੇ ਨੂੰ ਖੜਾ ਨਹੀਂ ਹੋਣ ਦੇ ਰਿਹਾ ਜਿਸ ਰਾਹੀਂ ਕੌਮ ਨੇ ਭਾਵੇਂ ਸਮੇਂ ਸਮੇਂ ਸਿਰ ਅਰਥ ਭਰਪੂਰ ਸੰਘਰਸ਼ ਕੀਤੇ ਅਤੇ ਰਾਜ ਸਤਾ ਨੂੰ ਵੰਗਾਰ ਵੀ ਪਾਈ ਪਰ ਇਹ ਵੰਗਾਰ ਕਾਮਯਾਬੀ ਤੋਂ ਪਹਿਲਾਂ ਹੀ ਖਿੱਲਰ ਗਈ। ਇਸਦਾ ਮੁਢਲਾ ਕਾਰਣ ਸੀ ਕਿ ਸਿੱਖ ਕੌਮ ਨੇ ਆਪਣਾ ਆਲਾ ਦੁਆਲਾ ਹੀ ਪੂਰੀ ਤਰਾਂ ਯੋਜਨਾ ਬੱਧ ਕੀਤੇ ਬਿਨਾਂ ਅਤੇ ਖੋਖਲਾ ਰੌਲਾ ਰੱਪੇ ਵਾਲਾ ਆਪਾਰ ਦੇ ਆਸਰੇ ਹੀ ਰਾਜ ਸਤਾ ਨੂੰ ਵੰਗਾਰ ਮਾਰ ਲਈ।

ਅੱਜ ਸਿੱਖ ਕੌਮ ਆਪਣੀ ਸਿੱਖ ਹੋਣ ਦੀ ਪਛਾਣ ਲਈ ਅੱਡ ਅੱਡ ਮੁਲਕਾਂ ਵਿੱਚ ਚਰਚਾ ਦਾ ਵਿਸ਼ਾ ਹੈ ਭਾਵੇਂ ਉਹ, ਫਰਾਂਸ ਵਿੱਚ ਪਗੜੀ ਦਾ ਸੁਆਲ ਹੈ ਜਾਂ ਆਉਣ ਵਾਲੇ ਸਤੰਬਰ ਮਹੀਨੇ ਵਿਚ ਸਾਰੇ ਯੂਰਪੀਅਨ ਦੇਸ਼ਾਂ ਅੰਦਰ ਪੱਗ ਤੇ ਲੱਗਣ ਜਾ ਰਹੀ ਪਾਬੰਦੀ ਅਤੇ ਬਾਰ ਬਾਰ ਛੋਟੀ ਪੱਧਰ ਦੀ ਕੁਛ ਸਿਖਾਂ ਵਲੋਂ ਕੀਤੀ ਬੇਲੋੜੀ ਅਤੇ ਗੈਰ ਜਰੂਰੀ ਹਿੰਸਾ ਕਰਕੇ ਅਤਿਵਾਦ ਦਾ ਚਿੰਨ ਸਿੱਖ ਕੌਮ ਨਾਲ ਜੁੜ ਜਾਣਾ। ਪਿਛਲੇ ਸਾਲ ਵਿਚ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਇਆ ਨਸਲਵਾਦੀ ਦੁਖਾਂਤ ਭਾਵੇਂ ਉਸ ਤੋਂ ਬਾਅਦ ਜਿਸ ਤਰਾਂ ਸਿੱਖ ਕੌਮ ਵਲੋਂ ਇਸ ਦੁਖਾਂਤ ਨੂੰ ਜਰਿਆ ਉਸ ਨਾਲ ਸਿੱਖ ਕੌਮ ਦਾ ਅਮਰੀਕਨ ਲੌਕਾਂ ਵਿਚ ਅਸਰਦਾਇਕ ਪ੍ਰਭਾਵ ਪਿਆ ਹੈ ਅਤੇ ਅਮਰੀਕਾ ਸਰਕਾਰ ਵਲੋਂ ਵੀ ਸਿੱਖ ਕੌਮ ਨੂੰ ਬਣਦਾ ਸਾਥ ਦਿਤਾ ਗਿਆ ਹੈ। ਭਾਵੇਂ ਉਸ ਦੁਖਾਂਤ ਸਮੇ ਵੀ ਹੱਕ ਮੰਗਣ ਵਾਲੀ ਸਿੱਖ ਜਥੇਬੰਦੀ ਵਲੋਂ ਆਪਣੇ ਹੀ ਇਕ ਸਿੱਖ ਕੌਮ ਦੇ ਤਾਕਤਵਰ ਨੁਮਾਂਇਦੇ ਨੂੰ ਮਾਨੁਖੀ ਹੱਕਾਂ ਦੇ ਘੇਰੇ ਅੰਦਰ ਅਮਰੀਕਨ ਕਾਨੂੰਨ ਅਧੀਨ ਖਿੱਚਣ ਦੀ ਕੋਸ਼ਿਸ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀ। ਇਥੇ ਇਹ ਵਿਸ਼ਾ ਨਹੀਂ ਕਿ ਇਹ ਕਦਮ ਵਾਜਬ ਸੀ ਜਾਂ ਨਹੀਂ ਪਰ ਉਸ ਵਕਤ ਕੀ ਇਹ ਮੰਗ ਵਾਜਬ ਜਾਂ ਅਰਥ ਰੱਖਦੀ ਸੀ ਇਹ ਸੋਚਣ ਵਾਲੀ ਗੱਲ ਹੈ। ਕਿਉਂਕਿ ਇਸ ਰਾਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਕ ਤਾਂ ਉਸ ਵਕਤ ਗੁਰਦੁਆਰਾ ਸਾਹਿਬ ਦਾ ਦੁਖਾਂਤ ਹੋਇਆ ਸੀ ਜਿਸ ਵਿਚ ਸਾਮਿਲ ਹੋਣ ਲਈ ਨਾਮਵਾਰ ਸਿੱਖ ਲੀਡਰ ਪੰਜਾਬ ਤੋਂ ਆਏ ਤਾਂ ਜੋ ਦੁਨੀਆਂ ‘ਚ ਇਹ ਪ੍ਰਭਾਵ ਦਿਤਾ ਜਾਵੇ ਕਿ ਦੁਖ ਵਿਚ ਸਿੱਖ ਕੌਮ ਇੱਕ ਹੈ ਅਤੇ ਇਕ ਪਾਸੇ ਸਿੱਖ ਕੌਮ ਦੇ ਆਪ ਬਣੇ ਨੁਮਾਂਇਦੇ ਇਹ ਦੱਸਣਾ ਚਾਹੁੰਦੇ ਹੋਣ ਕਿ ਸਿੱਖ ਕੌਮ ਦੇ ਦੁਖਾਂਤ ਲਈ ਸਿੱਖ ਹੀ ਵੱਡੇ ਰੂਪ ਵਿਚ ਜਿੰਮੇਵਾਰ ਹਨ। ਇਹ ਭਾਵੇਂ ਠੀਕ ਵੀ ਹੋਵੇ ਪਰ ਵਕਤ ਜਾਂ ਸਮਾਂ ਜਰੂਰ ਵਿਚਾਰ ਵਿੱਚ ਰਖਣਾ ਬਣਦਾ ਹੈ, ਕਿ ਇਹ ਕਦਮ ਇਸ ਵੇਲੇ ਢੁਕਦਾ ਹੈ ਜਾਂ ਨਹੀਂ।

ਇਸੇ ਤਰਾਂ ਪਿਛਲੇ ਸਾਲ ਲੰਡਨ ਵਿਚ ਇਕ ਭਾਰਤੀ ਸਿਖ ਜੋ ਕਿ ਸੇਵਾ ਮੁਕਤ ਫੌਜੀ ਜਰਨੈਲ ਸੀ ਤੇ ਕੀਤਾ ਗਿਆ ਜਾਨ ਲੇਵਾ ਚਾਕੂ ਛੂਰੀ ਨਾਲ ਹਮਲਾ। ਭਾਵੇਂ ਕਿ ਫੌਜੀ ਜਰਨੈਲ ਦਾ ਸਿੱਖ ਕੌਮ ਦੇ ੧੯੮੪ ਦੇ ਦੁਖਾਂਤ ਨਾਲ ਮਾੜਾ ਰਿਸ਼ਤਾ ਹੈ। ਪਰ ਇਸ ਗੈਰ ਯੋਜਨਾ ਬੰਦ ਹਮਲਾ ਉਹ ਵੀ ਇਕ ਇਕੱਲੇ, ੭੦ ਸਾਲ ਤੋਂ ਉਪਰ ਉਮਰ ਦੇ ਬੰਦੇ ਤੇ ਅਤੇ ਤਿੰਨ ਸਿੱਖ ਨੌਜੁਆਨਾਂ ਵਲੋਂ ਚਾਕੂ ਛੂਰੀ ਨਾਲ ਹਮਲਾ ਉਹ ਵੀ ਨਾਂ ਮਾਤਿਰ ਨੁਕਸਾਨ ਵਾਲਾ, ਕੀ ਸਿੱਖ ਕੌਮ ਦੀਆਂ ਮੁਢਲੀਆਂ ਕਦਰਾਂ ਤੇ ਪੂਰਾ ਉਤਰਦਾ ਹੈ ਜਾਂ ਸਿੱਖ ਕੌਮ ਦੀ ਅੰਦਰੂਨੀ ਕੰਮਜ਼ੋਰੀ ਨੂੰ ਦਰਸਾਉਦਾ ਹੈ ਇਹ ਕਿਸੇ ਵੀ ਸੂਝਵਾਨ ਸਿੱਖ ਸੱਜਣ ਲਈ ਸੋਚਣ ਵਾਲਾ ਵਿਸ਼ਾ ਹੈ। ਇਸ ਨਾਲ ਅਤਿਵਾਦ ਦਾ ਨਾਂਅ ਸਿੱਖਾਂ ਨਾਲ ਜੁੜ ਜਾਣਾ ਆਪ ਹੀ ਸਿੱਖ ਕੌਮ ਦੇ ਕੌਮੀ ਪਛਾਣ ਨਾਲ ਜੁੜੇ ਵਿਸ਼ਿਆ ਨੂੰ ਕੋਹਾਂ ਮੀਲ ਪਿੱਛੇ ਖਿੱਚ ਕੇ ਲੈ ਆਉਣ ਵਿਚ ਤਾਂ ਜਰੂਰ ਸਹਾਈ ਹੋਇਆ ਹੈ।

ਇਸ ਤਰ੍ਹਾਂ ਦੀ ਸੋਚ ਅਤੇ ਭਾਵਨਾਵਾਂ ਪਿੱਛੇ ਕੀ ਅਰਥ ਹਨ ਅਤੇ ਇਹ ਕਿਥੋਂ ਉਜਾਗਰ ਹੋਈ ਹੈ ਇਸ ਤੇ ਵਿਚਾਰ ਦੀ ਲੋੜ ਹੈ ਤਾਂ ਜੋ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਜਿਵੇਂ ਕਨੇਡਾ ਵਿੱਚ ਦੋ ਹਵਾਈ ਜਹਾਜ਼ਾ ਦਾ ਹਾਦਸਾ, ਪੰਜਾਬ ਵਿਚ ਇਕ ਫਿਰਕੇ ਦੇ ਲੋਕਾਂ ਨੂੰ ਬੱਸਾਂ, ਰੇਲ ਗੱਡੀਆਂ ਵਿਚ ਨਿਸ਼ਾਨਾ ਬਨਉਣਾ ਜਾਂ ਅਮਰੀਕਾ ਵਿਚ ਹਿੰਸਾ ਵਾਲੀਆਂ ਵਾਰਦਾਤਾਂ ਕਰਨ ਦੀ ਯੋਜਨਾ ਬਨਾਉਣਾ। ਇਹ ਅਜਿਹੇ ਸੁਆਲ ਸਨ ਅਤੇ ਹੈ, ਜਿਹਨਾਂ ਪਿੱਛੇ ਕਿਹੜੀ ਸੋਚ ਸੀ ਉਹ ਪਛਾਨਣ ਦੀ ਲੋੜ ਹੈ। ਕਿਉਂਕਿ ਇਸ ਕਰਕੇ ਇਕ ਮਜ਼ਬੂਤ ਸਿੱਖ ਸੰਘਰਸ਼ ਆਪਣਾ ਆਧਾਰ ਗੁਆ ਬੈਠਾ ਅਤੇ ਵੱਡੀਆਂ ਕੁਰਬਾਨੀਆਂ ਦੇ ਬਾਵਜੂਦ ਅੱਜ ਥਾਂ-ਥਾਂ ਆਪਣੇ ਆਪ ਦੀ ਕੌਮੀ ਪਛਾਣ ਲਈ ਤਰਲੋ ਮੱਛੀ ਹੋਣਾ ਪਿਆ ਹੈ ਅਤੇ ਉਸ ਧਿਰ ਨੂੰ ਰਾਜ ਸਕਤੀ ਮਿਲ ਗਈ ਹੈ ਜੋ ਅੱਜ ਸਿੱਖ ਕੌਮ ਦੇ ਧਰਮ, ਸਮਾਜ ਅਤੇ ਰਾਜਨੀਤੀ ਤੇ ਕਾਬਜ਼ ਹੈ ਜਿਸ ਦਾ ਕੁਰਬਾਨੀ ਨਾਲ ਨੇੜੇ ਦਾ ਸੰਬੰਧ ਵੀ ਨਹੀਂ ਹੈ। ਸਗੋਂ ਉਹ ਇਨੀ ਕਾਮਯਾਬ ਹੋ ਗਈ ਹੈ ਕਿ ਸਿੱਖ ਕੌਮ ਦੇ ਤਖਤ ਸਾਹਿਬਾਨ ਦੇ ਜਥੇਦਾਰ ਵੀ ਉਹਨਾਂ ਵਲੋਂ ਲਿਫਾਫਿਆਂ ਚ ਬੰਦ ਪਰਚੀਆਂ ਰਾਹੀਂ ਥਾਪੇ ਜਾਂਦੇ ਹਨ। ਜਿਹਨਾਂ ਦੀ ਪੰਥ ਪ੍ਰਤੀ ਕੀ ਇਤਿਹਾਸ ਜਾਂ ਸਮੂਲੀਅਤ ਰਹੀ ਹੈ, ਉਸਦਾ ਵੀ ਕੋਈ ਪਤਾ ਜਾਂ ਗਿਆਨ ਨਹੀਂ ਤਾਂ ਹੀ ਤਾਂ ਅੱਜ ਸ਼ਾਹ ਮੁਹਮੰਦ ਦੇ ਕਹਿਣ ਮੁਤਾਬਿਕ …… “ਸਿਖ ਕੌਮ ਜਿੱਤ ਕੇ ਵੀ ਹਾਰ ਗਈ ਹੈ“।