ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਹਰਪਰੀਤ ਸਿੰਘ ਜੀ ਨੇ ਪਿਛਲੇ ਦਿਨੀ ਦੋ ਮਹੱਤਵਪੂਰਨ ਬਿਆਨ ਜਾਰੀ ਕੀਤੇ ਹਨ ਜਿਨ੍ਹਾਂ ਦੀ ਕਾਫੀ ਚਰਚਾ ਹੋਈ ਹੈ। ਪਹਿਲੇ ਬਿਆਨ ਵਿੱਚ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿੱਚ ਉਪਜਣ ਵਾਲੇ ਕੌਮੀ ਖਤਰਿਆਂ ਦੇ ਮੱਦੇਨਜ਼ਰ ਖਾਲਸਾ ਪੰਥ ਨੂੰ ਆਪ ਸ਼ਸ਼ਤਰਧਾਰੀ ਹੋਣਾਂ ਪਵੇਗਾ। ਉਨ੍ਹਾਂ ਸਿੱਖਾਂ ਨੂੰ ਆਖਿਆ ਹੈ ਕਿ ਉਹ ਆਪਣੀ ਸਵੈ-ਰੱਖਿਆ ਲਈ ਭਾਰਤ ਸਰਕਾਰ ਤੋਂ ਲਾਇਸੰਸ ਲੈਕੇ ਵਧੀਆ ਹਥਿਆਰ ਆਪਣੇ ਕੋਲ ਰੱਖਣ।
ਭਾਈ ਹਰਪਰੀਤ ਸਿੰਘ ਦੇ ਇਸ ਬਿਆਨ ਨੂੰ ਭਾਰਤੀ ਮੀਡੀਆ ਨੇ ਬਹੁਤ ਮਸਾਲੇ ਲਗਾਕੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਪਣੀ ਸਿੱਖ ਵਿਰੋਧੀ ਨਫਰਤ ਦੇ ਚਲਦਿਆਂ ਇਸਨੂੰ ਖਤਰਨਾਕ ਅਪੀਲ ਕਰਾਰ ਦਿੱਤਾ ਹੈ। ਪਰ ਭਾਰਤੀ ਮੀਡੀਆ ਇਹ ਗੱਲ ਨਹੀ ਸਮਝ ਰਿਹਾ ਕਿ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਕਾਸ਼ ਦਿਹਾੜੇ ਤੇ ਉਸ ਤਖਤ ਦੀ ਸੇਵਾ ਨਿਭਾ ਰਹੇ ਸੱਜਣ ਹੋਰ ਕੀ ਅਪੀਲ ਕਰ ਸਕਦੇ ਹਨ? ਉਸ ਵੇਲੇ ਜਦੋਂ ਸਿੱਖ ਕੌਮੀ ਤੌਰ ਤੇ ਮਹਿਸੂਸ ਕਰ ਰਹੇ ਹਨ ਕਿ ਸਮੇਂ ਦੀਆਂ ਸਰਕਾਰਾਂ ਸਾਡੀ ਸੁਰੱਖਿਆ ਕਰਨ ਵਿੱਚ ਦਿਲਚਸਪੀ ਨਹੀ ਰੱਖਦੀਆਂ ਅਤੇ ਉਨ੍ਹਾਂ ਦਾ ਨਿਸ਼ਾਨਾ ਤਾਂ ਸਿੱਖਾਂ ਨੂੰ ਪੈਰ ਪੈਰ ਤੇ ਜਲੀਲ ਕਰਨ ਅਤੇ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ ਨੂੰ ਹਰ ਹੀਲੇ ਬਚਾਉਣ ਦਾ ਹੈ।
ਭਾਈ ਹਰਪਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹਨ। ਇਸੇ ਤਖਤ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਮ ਨੂੰ ਚੰਗੇ ਘੋੜੇ ਅਤੇ ਚੰਗੇ ਸ਼ਸ਼ਤਰ ਭੇਟਾ ਵੱਜੋਂ ਲਿਆਉਣ ਲਈ ਆਦੇਸ਼ ਜਾਰੀ ਕੀਤੇ ਸਨ। ਗੁਰੂ ਸਾਹਿਬ ਦੇ ਹੁਕਮਾਂ ਤੋਂ ਬਾਅਦ ਸਿੱਖ ਸੰਗਤਾਂ ਵਧੀਆ ਸ਼ਸ਼ਤਰ ਅਤੇ ਘੋੜੇ ਭੇਟਾ ਵਿੱਚ ਲਿਆਉਣ ਲੱਗ ਪਈਆਂ ਸਨ। ਉਨ੍ਹਾਂ ਸ਼ਸ਼ਤਰਾਂ ਨਾਲ ਫਿਰ ਭਵਿੱਖ ਵਿੱਚ ਨਾ ਕੇਵਲ ਸਿੱਖਾਂ ਦੀ ਬਲਕਿ ਪੂਰੇ ਉਸ ਖਿੱਤੇ ਵਿੱਚ ਵਸਦੇ ਹਰ ਇਨਸਾਨ ਦੀ ਰਾਖੀ ਲਈ ਸੰਘਰਸ਼ ਕੀਤਾ ਗਿਆ। ਇਹ ਆਖਿਆ ਜਾ ਰਿਹਾ ਹੈ ਕਿ ਨਾਗਰਿਕਾਂ ਦੀ ਰਾਖੀ ਕਰਨਾ ਸਰਕਾਰਾਂ ਦਾ ਕੰਮ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਸਰਕਾਰਾਂ ਆਪਣੀ ਇਸ ਜਿੰਮੇਵਾਰੀ ਤੋਂ ਨਾ ਕੇਵਲ ਭੱਜ ਰਹੀਆਂ ਹਨ ਬਲਕਿ ਸਿੱਖਾਂ ਨੂੰ ਹਾਲੇ ਵੀ ਅੱਤਵਾਦੀ ਗਰਦਾਨ ਕੇ ਜਲੀਲ ਕਰਨ ਦੇ ਰਾਹ ਪਈਆਂ ਹਨ। ਇਸਤੋਂ ਹਰ ਗੰਭੀਰ ਇਨਸਾਨ ਨੂੰ ਸੰਦੇਸ਼ ਮਿਲਦਾ ਹੈ ਕਿ 1984 ਵਰਗਾ ਕਾਰਾ ਸਿੱਖਾਂ ਨਾਲ ਫਿਰ ਵਰਤ ਸਕਦਾ ਹੈ। ਸੋ ਜਥੇਦਾਰ ਜੀ ਦੇ ਬਿਆਨ ਨੂੰ ਆਪਣੀ ਕੌਮ ਦੀ ਨਸਲਕੁਸ਼ੀ ਤੋਂ ਬਚਾਅ ਦੇ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ।
ਭਾਈ ਹਰਪਰੀਤ ਸਿੰਘ ਦਾ ਦੂਜਾ ਹੁਕਮ ਗੁਰਬਾਣੀ ਨੂੰ ਤੰਤੀ ਸਾਜਾਂ ਨਾਲ ਗਾਉਣ ਦਾ ਹੈ। ਇਸ ਹੁਕਮ ਦਾ ਸਵਾਗਤ ਕਰਨਾ ਬਣਦਾ ਹੈ। ਸਮੁੱਚੀ ਗੁਰਬਾਣੀ ਗਾਉਣ ਵਾਲੇ ਪਰਾਕਰਨ ਵਿੱਚ ਉਚਾਰੀ ਗਈ ਹੈ। ਵਿਦਵਾਨ ਦੱਸਦੇ ਹਨ ਕਿ ਗੁਰੂ ਬਾਬਾ ਜੀ ਜਦੋਂ ਸ਼ਬਦ ਉਚਾਰਦੇ ਸਨ ਤਾਂ ਗਾ ਕੇ ਉਚਾਰਦੇ ਸਨ। ਇਹ ਵਾਰਤਕ ਨਹੀ ਹੈ ਬਲਕਿ ਕਵਿਤਾ ਦੀ ਵਿਧੀ ਅਧੀਨ ਉਚਾਰੀ ਗਈ ਹੈ। ਗੁਰਬਾਣੀ ਬਹੁਤ ਹੀ ਠਹਿਰਾਅ, ਤਹੱਮਲ ਅਤੇ ਸਾਦਗੀ ਸੰਜੀਦਗੀ ਦੇ ਮਹੌਲ ਵਿੱਚ ਉਚਾਰੀ ਗਈ ਹੈ। ਇਸ ਨੂੰ ਗਾਇਆ ਵੀ ਬਹੁਤ ਹੀ ਠਹਿਰਾਅ ਅਤੇ ਸੰਜੀਦਗੀ ਵਾਲੇ ਸਾਜਾਂ ਨਾਲ ਹੀ ਜਾ ਸਕਦਾ ਹੈ। ਇਹ ਤਾਰ ਵਾਲੇ ਸਾਜਾਂ ਨਾਲ ਗਾਉਣ ਲਈ ਉਚਾਰੀ ਗਈ ਹੈ। ਕਿਉਂਕਿ ਤਾਰ ਵਾਲੇ ਸਾਜ ਗੁਰਬਾਣੀ ਵਿਚਲੇ ਠਹਿਰਾਅ ਅਤੇ ਅਲੌਕਿਕਤਾ ਨੂੰ ਅਸਲ ਅਰਥਾਂ ਵਿੱਚ ਪਰਗਟਾਅ ਸਕਦੇ ਹਨ।
ਹਰਮੋਨੀਅਮ ਪਰੈਸ਼ਰ ਵਾਲਾ ਸਾਜ ਹੈ। ਜੋ ਗੁਰਬਾਣੀ ਗਾਇਨ ਕਰਨ ਦੀ ਸਮਰਥਾ ਨਹੀ ਰੱਖਦਾ। ਇਹ ਗੁਰਬਾਣੀ ਦੇ ਅਲੌਕਿਕ ਸੰਸਾਰ ਨੂੰ ਪਰਗਟ ਨਹੀ ਕਰ ਸਕਦਾ। ਦੂਜਾ ਹਰਮੋਨੀਅਮ ਇੱਕ ਬੇਗਾਨੇ ਸੱਭਿਆਚਾਰ ਅਤੇ ਬੇਗਾਨੀ ਤਰਜ਼ੇ-ਜਿੰਦਗੀ ਵਿੱਚ ਪੈਦਾ ਹੋਇਆ ਸਾਜ ਹੈ। ਹਰ ਕਾਵਿਕ ਲਿਖਤ ਨੂੰ ਗਾਉਣ ਲਈ ਉਸਦੀ ਧਰਤੀ ਨਾਲ ਜੁੜੇ ਹੋਏ ਸਾਜ਼ ਹੀ ਅਸਲ ਅਰਥਾਂ ਵਿੱਚ ਸਹਾਈ ਹੋ ਸਕਦੇ ਹਨ। ਜਿਵੇਂ ਸ਼ਾਸ਼ਤਰੀ ਸੰਗੀਤ ਨੂੰ ਔਕੇਰਡੀਅਨ ਨਾਲ ਨਹੀ ਗਾਇਆ ਜਾ ਸਕਦਾ। ਅੰਗਰੇਜ਼ੀ ਗਾਣਿਆਂ ਨੂੰ ਬੰਸਰੀ ਨਾਲ ਨਹੀ ਗਾਇਆ ਜਾ ਸਕਦਾ। ਇਸੇ ਤਰ੍ਹਾਂ ਪਰੈਸ਼ਰ ਵਾਲੇ ਸਾਜਾਂ ਨਾਲ ਗੁਰਬਾਣੀ ਨੂੰ ਨਹੀ ਗਾਇਆ ਜਾ ਸਕਦਾ।
ਪਰੈਸ਼ਰ ਵਾਲੇ ਸਾਜ ਧੁਨੀ ਪਰਧਾਨ ਹਨ। ਜੋ ਸੁਆਦਲੀਆਂ ਤਰਜ਼ਾਂ ਤਾਂ ਕੱਢ ਸਕਦੇ ਹਨ ਪਰ ਗੁਰਬਾਣੀ ਦੇ ਰੁਹਾਨੀ ਸੰਸਾਰ ਨੂੰ ਪਰਗਟ ਨਹੀ ਕਰ ਸਕਦੇ। ਗੁਰਮਤ ਸੰਗੀਤ ਧੁਨੀ ਪਰਧਾਨ ਨਹੀ ਹੈ ਬਲਕਿ ਸ਼ਬਦ ਪਰਧਾਨ ਹੈ। ਇੱਥੇ ਸ਼ਬਦ ਦੇ ਸੰਦੇਸ਼ ਤੇ ਜੋਰ ਦਿੱਤਾ ਜਾਂਦਾ ਹੈ, ਸਾਜ਼ ਤੇ ਜਾਂ ਸੰਗੀਤ ਤੇ ਨਹੀ।
ਸ਼ਬਦ ਕੀਰਤਨ ਲਈ ਹਰਮੋਨੀਅਮ ਦੀ ਅੰਨੇ੍ਹਵਾਹ ਵਰਤੋਂ ਨੇ ਮਹਾਨ ਗੁਰਬਾਣੀ ਕੀਰਤਨ ਨੂੰ ਫਿਲਮੀ ਤਰਜ਼ਾਂ ਤੱਕ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਸਾਡੇ 95ਫੀਸਦੀ ਰਾਗੀ ਫਿਲਮੀ ਤਰਜ਼ਾਂ ਤੇ ਕੀਰਤਨ ਕਰਦੇ ਹਨ। ਜੇ ਇਸ ਪਰੰਪਰਾ ਤੇ ਰੋਕ ਨਾ ਲਗਾਈ ਗਈ ਤਾਂ ਉਹ ਦਿਨ ਦੂਰ ਨ੍ਹਹੀ ਜਦੋਂ ਕੀਰਤਨ ਦਰਬਾਰ ਜਗਰਾਤਿਆਂ ਦਾ ਰੂਪ ਧਾਰ ਲੈਣਗੇ ਅਤੇ ਗੁਰੂ ਘਰਾਂ ਵਿੱਚ ਨਾਚ ਹੋਇਆ ਕਰਨਗੇ।
ਸੋ ਗੁਰਬਾਣੀ ਸੰਗੀਤ ਦੀ ਅਸਲ ਪਰੰਪਰਾ ਨੂੰ ਅਪਣਾਂਕੇ ਹੀ ਅਸੀਂ 50 ਸਾਲਾਂ ਨੂੰ ਹੋਣ ਵਾਲੇ ਅਨਰਥ ਤੋਂ ਬਚ ਸਕਦੇ ਹਾਂ ਖਾਸ ਕਰ ਉਸ ਵੇਲੇ ਜਦੋਂ ਸਿੱਖ ਵਿਰੋਧੀ ਤਾਕਤਾਂ ਪੈਰ ਪੈਰ ਤੇ ਸਾਨੂੰ ਘੇਰਨ ਦੇ ਯਤਨ ਕਰ ਰਹੀਆਂ ਹਨ।