ਹਿੰਸਾ ਅਤੇ ਜਮਹੂਰੀਅਤ ਦੋ ਬਿਲਕੁਲ ਹੀ ਵੱਖਰੀਆਂ ਵਿਚਾਰਧਾਰਾਵਾਂ ਹਨ। ਜਮਹੂਰੀਅਤ ਨੂੰ ਆਧੁਨਿਕ ਸਮਾਜ ਵਿੱਚ ਬਹੁਤ ਹੀ ਸੱਭਿਅਕ ਅਤੇ ਅਗਾਂਹਵਧੂ ਵਿਚਾਰਧਾਰਾ ਮੰਨਿਆ ਜਾਂਦਾ ਹੈ ਜੋ ਦੁਨੀਆਂ ਦੇ ਹਰ ਸ਼ਹਿਰੀ ਦੀ ਸ਼ਮੂਲੀਅਤ ਨਾਲ ਉਸਦੀਆਂ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਦੀ ਹੈ। ਜਮਹੂਰੀਅਤ ਨੂੰ ਹੀ ਇਸ ਵੇਲੇ ਹਰ ਸਮਾਜ ਵਿੱਚ ਕਿਸੇ ਵੀ ਰਾਜਸੀ ਤਬਦੀਲੀ ਦਾ ਇੱਕੋ ਇੱਕ ਵਸੀਲਾ ਮੰਨਿਆਂ ਜਾਂਦਾ ਹੈ। ਇਹ ਆਖਿਆ ਜਾਂਦਾ ਹੈ ਕਿ ਇਸ ਵੇਲੇ ਜਿਸ ਸੱਭਿਅਕ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਉਸ ਵਿੱਚ ਹਰ ਮਸਲਾ ਜਮਹੂਰੀ ਤਰੀਕੇ ਨਾਲ ਹੱਲ ਹੋ ਸਕਦਾ ਹੈ। ਕਿਸੇ ਨੂੰ ਵੀ ਆਪਣੀ ਗੱਲ ਮਨਵਾਉਣ ਲਈ ਹਿੰਸਾ ਕਰਨ ਦੀ ਲੋੜ ਨਹੀ ਹੈ। ਜਿਨ੍ਹਾਂ ਮੁਲਕਾਂ ਵਿੱਚ ਕੌਮਾਂ ਆਪਣੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰ ਰਹੀਆਂ ਹਨ ਉਨ੍ਹਾਂ ਨੂੰ ਆਮ ਤੌਰ ਤੇ ਜਮਹੂਰੀ ਢੰਗ ਨਾਲ ਸੰਘਰਸ਼ ਕਰਨ ਦੀ ਮੱਤ ਦਿੱਤੀ ਜਾਂਦੀ ਹੈ।

ਦੂਜੇ ਪਾਸੇ ਹਿੰਸਾ ਨੂੰ ਸਾਡੇ ਅਜੋਕੇ ਸਮਾਜ ਵਿੱਚ ਬਹੁਤ ਹੀ ਨਫਰਤ ਨਾਲ ਦੇਖਿਆ ਅਤੇ ਪਰਚਾਰਿਆ ਜਾਂਦਾ ਹੈ। ਹਿੰਸਕ ਢੰਗ ਤਰੀਕਿਆਂ ਦੀ ਹਰ ਸਰਕਾਰ ਵੱਲੋਂ ਵਿਰੋਧਤਾ ਕੀਤੀ ਜਾਂਦੀ ਹੈ। ਜਮਹੂਰੀਅਤ ਦੇ ਵਿਚਾਰਵਾਨਾ ਨੇ ਇਸ ਵੇਲੇ ਜੋ ਵਾਤਾਵਰਨ ਸਿਰਜ ਦਿੱਤਾ ਹੈ ਉਸ ਵਿੱਚ ਹਿੰਸਾ ਨੂੰ ਬਹੁਤ ਹੀ ਘ੍ਰਿਣਤ ਅਤੇ ਘਟੀਆ ਸਮਝਿਆ ਜਾਂਦਾ ਹੈ ਜੋ ੨੧ਵੀਂ ਸਦੀ ਦੇ ਪੋਸਟ-ਮਾਡਰਨ ਸਮਾਜ ਨੂੰ ਖਤਮ ਕਰਨ ਵਾਲੀ ਵਿਚਾਰਧਾਰਾ ਹੈ।

ਨਿਰਸੰਦੇਹ ਜਿਸ ਸੱਭਿਅਕ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਉਸ ਵਿੱਚ ਹਿੰਸਾ ਨੂੰ ਕੋਈ ਥਾਂ ਨਹੀ ਹੋਣੀ ਚਾਹੀਦੀ। ਜਮਹੂਰੀ ਸੰਸਥਾਵਾਂ ਹੀ ਏਨੀਆਂ ਮਜਬੂਤ ਹੋਣੀਆਂ ਚਾਹੀਦੀਆਂ ਹਨ ਕਿ ਉਹ ਕਿਸੇ ਵੀ ਕੌਮ ਦੀ ਸਿਆਸੀ ਰੀਝ ਨੂੰ ਆਪਣੇ ਸਿਸਟਮ ਨਾਲ ਹੀ ਹੱਲ ਕਰ ਦੇਣ ਤਾਂ ਕਿ ਕਿਸੇ ਨੂੰ ਹਿੰਸਕ ਹੋਣ ਦੀ ਲੋੜ ਹੀ ਨਾ ਪਵੇ। ਇਸ ਵੇਲੇ ਜਿਹੜੇ ਸਿਆਸੀ ਲੋਕ ਜਾਂ ਸਰਕਾਰਾਂ ਵਾਰ ਵਾਰ ਹਿੰਸਾ ਵਿਰੁੱਧ ਭਾਸ਼ਣ ਦੇ ਰਹੀਆਂ ਹਨ ਉਹ ਜਮਹੂਰੀਅਤ ਦੇ ਆਪਣੇ ਹੀ ਅਰਥ ਕੱਢਦੀਆਂ ਹਨ। ਉਨ੍ਹਾਂ ਦੀ ਜਮਹੂਰੀਅਤ ਵੀ ਹਿੰਸਾ ਤੋਂ ਵੱਖਰੀ ਨਹੀ ਹੈ। ਆਪਣੇ ਹੱਕਾਂ ਲਈ ਹਥਿਆਰਾਂ ਦੇ ਰਾਹ ਪਏ ਲੋਕ ਘੱਟੋ ਘੱਟ ਇਹ ਸਚਾਈ ਤਾਂ ਪਰਵਾਨ ਕਰਕੇ ਚੱਲਦੇ ਹਨ ਕਿ ਉਹ ਹਿੰਸਕ ਹਨ ਪਰ ਜਮਹੂਰੀਅਤ ਦੇ ਫਲ ਖਾ ਰਹੇ ਲੋਕ ਹਿੰਸਕ ਹੁੰਦੇ ਹੋਏ ਵੀ ਇਹ ਮੰਨਣ ਲਈ ਤਿਆਰ ਨਹੀ ਕਿ ਉਹ ਇੱਕ ਵੱਖਰੀ ਕਿਸਮ ਦੀ ਹਿੰਸਾ ਕਰ ਰਹੇ ਹਨ। ਉਹ ਹੈ ਵਿਚਾਰਾਂ ਦੀ ਹਿੰਸਾ। ਜਮਹੂਰੀਅਤ ਦਾ ਸਭ ਤੋਂ ਵੱਡਾ ਸੰਕਟ ਅਤੇ ਕਮਜ਼ੋਰੀ ਹੀ ਇਹ ਹੈ ਕਿ ਇਸ ਨੇ ਸਿਰਫ ਹਥਿਆਰਾਂ ਦੀ ਹਿੰਸਾ ਨੂੰ ਹੀ ਹਿੰਸਾ ਦੇ ਤੌਰ ਤੇ ਪੇਸ਼ ਕੀਤਾ ਹੈ ਪਰ ਵਿਚਾਰਾਂ ਦੀ ਹਿੰਸਾ ਜੋ ਕਿ ਜਮਹੂਰੀ ਲੋਕ ਹਰ ਪਲ ਕਰਦੇ ਹਨ ਨੂੰ ਹਿੰਸਕ ਹੀ ਨਹੀ ਮੰਨਿਆਂ ਜਾਂਦਾ।

ਖ਼ੈਰ ਆਪਣੀ ਅਸਲ ਗੱਲ ਵੱਲ ਆਈਏ। ਪਿਛਲੇ ਦਿਨੀ ਕਨੇਡਾ ਦੇ ਓਨਟਾਰੀਓ ਸੂਬੇ ਦੀ ਅਸੰਬਲੀ ਵਿੱਚ ਸਿੱਖ ਮੈਂਬਰ ਜਗਮੀਤ ਸਿੰਘ ਨੇ ੧੯੮੪ ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਦਰਸਾਉਣ ਲਈ ਮਤਾ ਪਾਇਆ ਜੋ ਕਿ ੪੦ ਦੇ ਮੁਕਾਬਲੇ ੨੨ ਵੋਟਾਂ ਨਾਲ ਹਰਾ ਦਿੱਤਾ ਗਿਆ। ਇਹ ਜਮਹੂਰੀਅਤ ਦੀ ਹਿੰਸਾ ਸੀ ਜੋ ਕਿ ਕਿਤੇ ਵੀ ਪਰਿਭਾਸ਼ਤ ਨਹੀ ਹੁੰਦੀ। ਕਨੇਡਾ ਦੇ ਸੰਵਿਧਾਨ ਵਿੱਚ, ਇਸਦੀਆਂ ਸਿਆਸੀ ਰਵਾਇਤਾਂ ਵਿੱਚ, ਇਸਦੀ ਵਿਚਾਰਧਾਰਾ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਗਏ ਹਨ ਕਿ ਇਹ ਮੁਲਕ ਦੁਨੀਆਂ ਭਰ ਵਿੱਚ ਆਪਣੀ ਅਜ਼ਾਦ ਹੋਂਦ ਅਤੇ ਹਸਤੀ ਲਈ ਸੰਘਰਸ਼ਸ਼ੀਲ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇਗਾ। ਇਹ ਮੁਲਕ ਅਜ਼ਾਦੀ ਦੇ ਆਪਣੇ ਜਨਮ-ਸਿੱਧ ਅਧਿਕਾਰ ਲਈ ਕੌਮਾਂ ਦੀ ਹਮਾਇਤ ਕਰੇਗਾ, ਇਹ ਜੁਲਮ ਵਿਰੁੱਧ ਘੱਟ-ਗਿਣਤੀਆਂ ਦੀ ਢਾਲ ਬਣਕੇ ਖੜੇਗਾ। ਆਪਣੇ ਇਨ੍ਹਾਂ ਵਿਚਾਰਾਂ ਅਤੇ ਵਿਚਾਰਧਾਰਾਵਾਂ ਤੇ ਅਕਸਰ ਹੀ ਕਨੇਡਾ ਦੇ ਸਿਆਸਤਦਾਨ ਵੱਡੇ ਵੱਡੇ ਭਾਸ਼ਣ ਕਰਕੇ ਮਾਣ ਕਰਦੇ ਹਨ। ਆਪਣੇ ਆਪ ਨੂੰ ਦੁਨੀਆਂ ਭਰ ਦੇ ਮਸੀਹੇ ਹੋਣ ਦਾ ਭਰਮ ਪਾਲਦੇ ਹਨ ਪਰ ਜਦੋਂ ਆਪਣੇ ਹੀ ਜਮਹੂਰੀ ਵਿਚਾਰਾਂ ਤੇ ਪਹਿਰਾ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਹੀ ਸਿਆਸਤਦਾਨ ਉਸ ਸਰਕਾਰ ਦੀ ਡਿਪਲੋਮੈਟਿਕ ਹਿੰਸਾ ਦੇ ਪਹਿਰੇਦਾਰ ਹੋ ਜਾਂਦੇ ਹਨ ਜਿਸਨੇ ਆਪਣੇ ਹੀ ਸ਼ਹਿਰੀਆਂ ਨੂੰ ਤੋਪਾਂ-ਟੈਂਕਾਂ ਨਾਲ ਕਤਲ ਕਰ ਦਿੱਤਾ।

ਕੁਝ ਮਹੀਨੇ ਪਹਿਲਾਂ ਇਸੇ ਓਨਟਾਰੀਓ ਅਸੰਬਲੀ ਵਿੱਚ ਜਦੋਂ ਜਗਮੀਤ ਸਿੰਘ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਹੱਕ ਵਿੱਚ ਅਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਹੱਕ ਵਿੱਚ ਮਤਾ ਪੜ੍ਹ ਰਿਹਾ ਸੀ ਤਾਂ ਸਾਰੇ ‘ਜਮਹੂਰੀ’ ਪਸੰਦ ਲੋਕ ਉਸਦੇ ਹੱਕ ਵਿੱਚ ਆਪਣੀ ਸੀਟ ਤੇ ਖੜ੍ਹੇ ਹੋਕੇ ਨਾਅਰੇ ਲਗਾ ਰਹੇ ਸਨ ਪਰ ਜਦੋਂ ਉਸੇ ਜਗਮੀਤ ਸਿੰਘ ਨੇ ਸਿੱਖ ਕੌਮ ਦੀ ਨਸਲਕੁਸ਼ੀ ਦਾ ਮਤਾ ਪੇਸ਼ ਕੀਤਾ ਤਾਂ ਉਹ ਹੀ ਲੋਕ ਜੋ ਆਪਣੇ ਆਪ ਨੂੰ ਜਮਹੂਰੀਅਤ ਦੇ ਸਭ ਤੋਂ ਵੱਡੇ ਪਹਿਰੇਦਾਰ ਅਖਵਾਉਂਦੇ ਹਨ ਅਤੇ ਜੋ ਪੂਰੀ ਦੁਨੀਆਂ ਦੇ ਸੰਘਰਸ਼ਸ਼ੀਲਾਂ ਨੂੰ ਮੱਤਾਂ ਦੇਂਦੇ ਨਹੀ ਥੱਕਦੇ ਆਪ ਹੀ ਸਿਆਸੀ ਅਤੇ ਆਰਥਕ ਰਿਸ਼ਵਤਖੋਰੀ ਦਾ ਸ਼ਿਕਾਰ ਹੋਕੇ ਸਿੱਖਾਂ ਦੇ ਵਿਰੋਧ ਵਿੱਚ ਖੜ੍ਹੇ ਨਜ਼ਰ ਆਏ। ਇਹ ਹੈ ਜਮਹੂਰੀਅਤ ਦੀ ਹਿੰਸਾ ਜੋ ਕਨੇਡਾ-ਅਮਰੀਕਾ ਤੋਂ ਲੈ ਕੇ ਭਾਰਤ-ਜਿੰਬਾਵੇ ਤੋਂ ਹੁੰਦੀ ਹੋਈ ਰੂਸ ਅਤੇ ਪਾਕਿਸਤਾਨ ਤੱਕ ਪਹੁੰਚਦੀ ਹੈ। ਕਨੇਡਾ ਦੇ ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਭਾਰਤੀ ਡਿਪਲੋਮੈਟਸ ਨੇ ਕਿੰਨੇ ਝੂਠ ਬੋਲਕੇ ਵਰਗਲਾਇਆ ਹੋਵੇਗਾ ਅਤੇ ਉਸ ਮਤੇ ਤੇ ਵੋਟਿੰਗ ਹੋਣ ਤੋਂ ਪਹਿਲਾਂ ਭਾਰਤੀ ਡਿਪਲੋਮੈਟਸ ਦੀ ਕਿੰਨੀ ਵੱਡੀ ਸਿਆਸੀ ਸਰਗਰਮੀ ਚੱਲੀ ਹੋਵੇਗੀ ਇਹ ਸ਼ਾਇਦ ਆਪਣੀ ਸਮਝ ਤੋਂ ਬਾਹਰ ਹੈ।

ਹਿੰਸਕ ਜਮਹੂਰੀਅਤ ਦੇ ਪੈਰੋਕਾਰ ਸਿਰਫ ਦੂਜਿਆਂ ਨੂੰ ਮੱਤਾਂ ਦੇਣ ਜੋਗੇ ਹੀ ਹਨ ਜਦੋਂ ਆਪ ਜਮਹੂਰੀਅਤ ਦੀ ਅਸਲ ਭਾਵਨਾ ਤੇ ਪਹਿਰਾ ਦੇਣ ਦੀ ਗੱਲ ਆੁਉਂਦੀ ਹੈ ਤਾਂ ਸੋਹਣੇ ਸੂਟਾਂ ਵਿੱਚ ਲਿਸ਼ਕਦੇ ਚਿਹਰੇ ਕਿੰਨੇ ਜਾਲਮ ਅਤੇ ਹਿੰਸਕ ਬਣ ਜਾਂਦੇ ਹਨ ਇਸਦਾ ਅੰਦਾਜ਼ਾ ਓਨਟਾਰੀਓ ਅਸੰਬਲੀ ਦੇ ਮਤੇ ਦੀ ਹੋਈ ਹਾਰ ਤੋਂ ਲੱਗ ਜਾਂਦਾ ਹੈ।

ਇੱਥੇ ਹੀ ਬਸ ਨਹੀ ਕਨੇਡਾ ਦੇ ਗਵਾਂਢ ਵਿੱਚ ਵਸਦੇ ਜਮਹੂਰੀਅਤ ਦੇ ਮੱਕੇ ਦੀ ਪਾਰਲੀਮੈਂਟ ਨੂੰ ਕੁਝ ਦਿਨ ਪਹਿਲਾਂ ਉਹ ਬੰਦਾ ਸੰਬੋਧਨ ਕਰ ਰਿਹਾ ਸੀ ਜਿਸ ਤੇ ਲਗਭਗ ੧੦੦੦ ਲੋਕਾਂ ਦੇ ਕਤਲ ਦਾ ਇਲਜ਼ਾਮ ਹੈ ਅਤੇ ਜੋ ਅਮਰੀਕਾ ਦੀ ਵੀਜ਼ਾ ਲਿਸਟ ਦਾ ਵੀ ਡਿਫਾਲਟਰ ਰਿਹਾ ਹੈ।
ਜਮਹੂਰੀ ਹਿੰਸਾ ਦਾ ਅਸਲ ਚਿਹਰਾ ਉਸ ਵੇਲੇ ਹੋਰ ਵੀ ਭਿਆਨਕ ਰੂਪ ਵਿੱਚ ਸਾਹਮਣੇ ਆਇਆ ਜਦੋਂ ਐਮੀ ਬੇਰਾ ਸਮੇਤ ਅਮਰੀਕੀ ਸਿਆਸਤਦਾਨ ਭਾਰਤ ਨੂੰ ਆਪਣਾਂ ਰਣਨੀਤਿਕ ਭਾਈਵਾਲ (Strategic Partner) ਦੱਸ ਰਹੇ ਸਨ। ਜਿਸ ਵੇਲੇ ਇਸ ਰਣਨੀਤਿਕ ਭਾਈਵਾਲੀ ਦੇ ਜਸ਼ਨ ਮਨਾਏ ਜਾ ਰਹੇ ਸਨ ਉਸ ਵੇਲੇ ਕਨੇਡਾ ਦੀ ਪਾਰਲੀਮੈਂਟ ਵਿੱਚ ਵਿਚਾਰੀ ਰੂਬੀ ਸਹੋਤਾ ਦੀ ਸਿੱਖੀ ਦੇ ਦਰਦ ਨਾਲ ਭਿੱਜੀ ਹੋਈ ਅਵਾਜ਼ ਜਮਹੂਰੀਅਤ ਦੇ ਹਿੰਸਕ ਜੰਗਲ ਵਿੱਚ ਗੁਆਚ ਰਹੀ ਸੀ।