ਕਹਿੰਦੇ ਹਨ ਕਿ ਕੁਝ ਕਰਨ ਦਾ ਇਰਾਦਾ ਹੋਵੇ ਤਾਂ ਬੰਦਾ ਪਹਾੜਾਂ ਨਾਲ ਵੀ ਮੱਥਾ ਲਾ ਲੈਂਦਾ ਹੈ। ਜਦੋਂ ਕੋਈ ਇਹ ਮਨ ਵਿੱਚ ਧਾਰ ਲਵੇ ਕਿ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਅਤੇ ਸੰਸਾਰ ਨੂੰ ਕਿਸੇ ਇਤਿਹਾਸਕ ਕਲੇਸ਼ ਵਿੱਚ ਪੈਣ ਤੋਂ ਰੋਕਣਾਂ ਹੈ ਤਾਂ ਵੱਡੇ ਅੜਿਕਿਆਂ ਦੇ ਬਾਵਜੂਦ ਕਿਸੇ ਹੱਦ ਤੱਕ ਕੋਈ ਪ੍ਰਾਪਤੀ ਕੀਤੀ ਜਾ ਸਕਦੀ ਹੈ। ਅਮਰੀਕਾ ਦੇ ਪ੍ਰਧਾਨ ਬਾਰਕ ਓਬਾਮਾ ਨੇ ‘ਤਬਦੀਲੀ’ ਦਾ ਨਾਅਰਾ ਦੇ ਕੇ ਚੋਣ ਲੜੀ ਸੀ। ਆਪਣੀ ਪਹਿਲੀ ਚੋਣ ਵੇਲੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਪ੍ਰਧਾਨ ਬਣਦੇ ਹਨ ਤਾਂ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਵੱਡੀਆਂ ਤਬਦੀਲੀਆਂ ਲਿਆਉਣਗੇ। ਬੇਸ਼ੱਕ ਪਹਿਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਅਮਰੀਕੀ ਪ੍ਰਸ਼ਾਸ਼ਨ ਵਿੱਚ ਵਿਚਰਦੇ ਕੱਟੜਪੰਥੀਆਂ ਨੇ ਇੱਕ ਪਲ ਲਈ ਵੀ ਸਾਹ ਲੈਣ ਨਹੀ ਦਿੱਤਾ ਪਰ ਆਪਣੀ ਦੂਜੀ ਪਾਰੀ ਦੌਰਾਨ ਬਾਰਕ ਓਬਾਮਾ ਨੇ ਸੱਚਮੁੱਚ ਉਹ ਕਰ ਦਿਖਾਇਆ ਹੈ ਜੋ ਅਸੰਭਵ ਲਗਦਾ ਸੀ। ਜਾਰਜ ਬੁਸ਼ ਨੇ ਆਪਣੇ ੮ ਸਾਲਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਨੂੰ ਜੰਗ ਲੜਨ ਵਾਲੀ ਮਸ਼ੀਨ ਬਣਾਕੇ ਰੱਖ ਦਿੱਤਾ। ਅਮਰੀਕੀ ਵਿਦੇਸ਼ ਨੀਤੀ ਦਾ ਮਤਲਬ ਸਿਰਫ ਅਤੇ ਸਿਰਫ ਜੰਗਾਂ ਲਾਉਣ ਤੱਕ ਸੀਮਤ ਕਰਕੇ ਰੱਖ ਦਿੱਤਾ ਗਿਆ ਸੀ। ਅਜਿਹੇ ਮਹੌਲ ਅਤੇ ਅਜਿਹੀ ਵਿਚਾਰਧਾਰਾ ਵਿੱਚ ੮ ਸਾਲਾਂ ਤੱਕ ਵਿਚਰਦੇ ਰਹੇ ਅਮਰੀਕੀ ਪ੍ਰਸ਼ਾਸ਼ਨ ਨੂੰ ਸਿਰ ਪਰਨੇ ਕਰਨ ਦਾ ਕਾਰਜ ਕੋਈ ਸੌਖਾ ਨਹੀ ਸੀ। ਪ੍ਰਧਾਨ ਓਬਾਮਾ ਨੇ ਆਪਣੇ ਰਾਹ ਵਿੱਚ ਪੈਣ ਵਾਲੇ ਵੱਡੇ ਅੜਿੱਕਿਆਂ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਸਿਦਕ ਨਹੀ ਹਾਰਿਆ ਅਤੇ ਆਪਣੀ ਵਿਚਾਰਧਾਰਾ ਦਾ ਝੰਡਾ ਬੁਲੰਦ ਕਰੀ ਰੱਖਿਆ। ਅਫਗਾਨਿਸਤਾਨ ਵਿੱਚੋ ਅਗਲੇ ਸਾਲ ੨੦੧੪ ਵਿੱਚ ਅਮਰੀਕੀ ਫੌਜਾਂ ਕੱਢ ਲੈਣ ਦੇ ਵਿਚਾਰ ਤੇ ਓਬਾਮਾ ਹਾਲੇ ਵੀ ਅਡਿੱਗ ਹਨ ਹਾਲਾਂਕਿ ਅਮਰੀਕੀ ਕੱਟੜਪੰਥੀ ਉਨ੍ਹਾਂ ਦੀ ਇਸ ਲਈ ਵੱਡੀ ਆਲੋਚਨਾ ਕਰ ਰਹੇ ਹਨ। ਅਫਗਾਨਿਸਤਾਨ ਵਿੱਚੋਂ ਖਤਰੇ ਹਾਲੇ ਖਤਮ ਨਹੀ ਹੋਏ ਪਰ ਕਿਸੇ ਮੌਕੇ ਤਾਂ ਉਥੋਂ ਬਾਹਰ ਨਿਕਲਣ ਦਾ ਫੈਸਲਾ ਲੈਣਾਂ ਹੀ ਪੈਣਾਂ ਸੀ। ਓਬਾਮਾ ਨੇ ਬੜੀ ਦ੍ਰਿੜਤਾ ਨਾਲ ਉਹ ਫੈਸਲਾ ਲਿਆ।
ਸੀਰੀਆ ਦੀ ਜੰਗ ਪ੍ਰਧਾਨ ਓਬਾਮਾ ਦੀ ਵਿਦੇਸ਼ ਨੀਤੀ ਲਈ ਅਜਿਹੀ ਵੱਡੀ ਚੁਣੌਤੀ ਲੈ ਕੇ ਆਈ ਸੀ ਜਿਸਨੇ ਓਬਾਮਾ ਦਾ ਰਾਜਸੀ ਸਬਰ ਵੱਡੀ ਪੱਧਰ ਤੇ ਪਰਖਿਆ। ਵਿਰੋਧੀ ਧਿਰ ਰਿਪਬਲੀਕਨਜ਼ ਤੋਂ ਲੈਕੇ ਸੀ.ਆਈ.ਏ. ਅਤੇ ਰੂਸ ਤੋਂ ਲੈਕੇ ਚੀਨ ਤੱਕ ਓਬਾਮਾ ਦੇ ਰਾਹ ਵਿੱਚ ਚੁਣੌਤੀਆਂ ਲੈ ਕੇ ਖੜ੍ਹੇ ਸਨ ਪਰ ਉਹ ਆਪਣੀ ਸੂਝ ਬੂਝ ਨਾਲ ਮਸਤ ਰਹੇ ਕਿਸੇ ਦੀ ਨਹੀ ਸੁਣੀ। ਆਪਣੀ ਵਿਚਾਰਧਾਰਾ ਦਾ ਪੱਲਾ ਉਨ੍ਹਾਂ ਨੇ ਨਹੀ ਛੱਡਿਆ। ਸੀ.ਆਈ.ਏ. ਦੀਆਂ ਸੈਂਕੜੇ ਸਲਾਹਾਂ ਉਨ੍ਹਾਂ ਨੇ ਸੁਣੀਆਂ ਪਰ ਆਪਣੇ ਵਿਚਾਰ ਨਹੀ ਛੱਡੇ।
ਲੀਡਰ ਉਹ ਹੀ ਹੁੰਦਾ ਹੈ ਜੋ ਇੰਟੈਲੀਜੈਂਸ ਦੇ ਦਬਾਅ ਥੱਲੇ ਨਾ ਆਵੇ ਬਲਕਿ ਇੰਟੈਲੀਜੈਂਸ ਨੂੰ ਆਪਣੀ ਰਾਜਸੀ ਸੂਝ ਅਤੇ ਦੂਰ ਦ੍ਰਿਸ਼ਟੀ ਨਾਲ ਪੈਰਾਂ ਤੇ ਸੁਟ ਲਵੇ। ਬਾਰਕ ਓਬਾਮਾਂ ਨੇ ਸੀਰੀਆ ਦੇ ਮਾਮਲੇ ਵਿੱਚ ਅਜਿਹਾ ਹੀ ਕੀਤਾ। ਰੂਸ ਦੀਆਂ ਵੱਡੀਆਂ ਭੜਕਾਯੂ ਕਾਰਵਾਈਆਂ ਦੇ ਬਾਵਜੂਦ ਓਬਾਮਾ ਨੇ ਸੀਰੀਆ ਦੇ ਕਲੇਸ਼ ਵਿੱਚ ਫਸਣ ਤੋਂ ਸਿਆਣਪ ਨਾਲ ਪਾਸਾ ਵੱਟੀ ਰੱਖਿਆ।
ਹੁਣ ਇਰਾਨ ਨਾਲ ਸਬੰਧ ਸੁਧਾਰਨ ਦੇ ਮਾਮਲੇ ਵਿੱਚ ਉਨ੍ਹਾਂ ਅਮਰੀਕਨ ਵਿਦੇਸ਼ ਨੀਤੀ ਦੇ ਇੱਕ ਦਹਾਕਾ ਪੁਰਾਣੇ ਇਤਿਹਾਸ ਨੂੰ ਪਲਟ ਦਿੱਤਾ। ਉਹ ਵੀ ਉਸ ਸਥਿਤੀ ਵਿੱਚ ਜਦੋਂ ਅਮਰੀਕਾ ਦਾ ਸਭ ਤੋਂ ਨੇੜਲਾ ਸਹਿਯੋਗੀ ਇਜ਼ਰਾਈਲ ਇਰਾਨ ਨਾਲ ਕੋਈ ਵੀ ਸਮਝੌਤਾ ਕਰਨ ਦੇ ਬਿਲਕੁਲ ਵੀ ਹੱਕ ਵਿੱਚ ਨਹੀ ਹੈ। ਇਰਾਨ ਨਾਲ ਹੱਥ ਮਿਲਾਉਣ ਦੀ ਕਸਰਤ ਦੌਰਾਨ ਓਬਾਮਾ ਨੇ ਇਜ਼ਰਾਈਲ ਦੀ ਬਾਂਹ ਮਰੋੜਨ ਵਾਲੀ ਰਾਜਨੀਤੀ ਨੂੰ ਵੀ ਨੇੜੇ ਨਹੀ ਫਟਕਣ ਦਿੱਤਾ। ਇਰਾਨ ਬਾਰੇ ਅਮਰੀਕੀ ਪ੍ਰਸ਼ਾਸ਼ਨ ਅਤੇ ਉਸਦੇ ਸਹਿਯੋਗੀਆਂ ਦੀਆਂ ਅਜਿਹੀਆਂ ਧਾਰਨਾਵਾਂ ਬਣ ਅਤੇ ਪੱਕ ਚੁੱਕੀਆਂ ਸਨ ਜਿਨ੍ਹਾਂ ਨੂੰ ਬਦਲਣ ਬਾਰੇ ਸੋਚਣਾਂ ਵੀ ਗੁਨਾਹ ਸਮਝਿਆ ਜਾਂਦਾ ਸੀ ਪਰ ਓਬਾਮਾ ਨੇ ਇੱਕ ਦਲੇਰ ਆਗੂ ਵਾਲੇ ਫੈਸਲੇ ਲੈਂਦਿਆਂ ਸਾਰੀਆਂ ਰਾਜਸੀ ਰਵਾਇਤਾਂ ਨੂੰ ਤੋੜ ਦਿੱਤਾ। ੨੦੦੩ ਵਿੱਚ ਇਰਾਕ ਉਤੇ ਹਮਲਾ ਹੋਣ ਤੋਂ ਦੋ ਮਹੀਨੇ ਬਾਅਦ ਹੀ ਦਾ ਸੰਡੇ ਟਾਈਮਜ਼ ਦਾ ਪ੍ਰਮੁੱਖ ਲੇਖ ਸੀ Next Stop Iran ਭਾਵ ਅਮਰੀਕਾ ਦਾ ਅਗਲਾ ਨਿਸ਼ਾਨਾ ਹੁਣ ਇਰਾਨ ਹੋਵੇਗਾ। ੨੦੦੩ ਵਿੱਚ ਇਰਾਨ ਨੇ ਅਮਰੀਕੀ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਨ ਲਈ ਬੇਨਤੀ ਕੀਤੀ ਕੀਤੀ ਸੀ। ਇਸ ਬੇਨਤੀ ਵਿੱਚ ਉਸਨੇ ਆਪਣੇ ਪ੍ਰਮਾਣੂੰ ਪ੍ਰੋਗਰਾਮ ਬਾਰੇ ਵੀ ਗੱਲ ਕਰਨ ਦੀ ਪੇਸ਼ਕਸ਼ ਕੀਤੀ ਸੀ। ਪਰ ਉਸ ਵੇਲੇ ਸੱਤਾ ਅਤੇ ਜਿੱਤ ਦੇ ਘੋੜੇ ਤੇ ਸਵਾਰ ਜਾਰਜ ਬੁਸ਼ ਪ੍ਰਸ਼ਾਸ਼ਨ ਨੇ ਇਸ ਪੇਸ਼ਕਸ਼ ਨੂੰ ਇਰਾਨ ਦੀ ਕਮਜ਼ੋਰੀ ਸਮਝ ਲਿਆ ਅਤੇ ਗੱਲਬਾਤ ਕਰਨ ਤੋਂ ਨਾਹ ਕਰ ਦਿੱਤੀ। ਬੁਸ਼ ਪ੍ਰਸ਼ਾਸ਼ਨ ਨੂੰ ਇਹ ਭਰਮ ਪੈ ਗਿਆ ਸੀ ਕਿ ਇਰਾਨ ਹੁਣ ਬਹੁਤ ਕਮਜ਼ੋਰ ਹੋ ਰਿਹਾ ਹੈ ਅਤੇ ਇਸ ਵਿਰੁੱਧ ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਨੇ ਇਸਦਾ ਲੱਕ ਤੋੜ ਦਿੱਤਾ ਹੈ, ਹੁਣ ਇਹ ਬਹੁਤੀ ਦੇਰ ਇੱਕ ਦੇਸ਼ ਵੱਜੋਂ ਨਹੀ ਵਿਚਰ ਸਕੇਗਾ, ਜੇ ਅਮਰੀਕਾ ਸਖਤ ਰੁਖ ਅਪਨਾਈ ਰੱਖੇ ਤਾਂ ਇਰਾਨ ਜਲਦ ਹੀ ਮੂੰਧੇ ਮੂੰਹ ਡਿਗ ਪਵੇਗਾ। ਅਮਰੀਕੀ ਪ੍ਰਸ਼ਾਸ਼ਨ ਇਹ ਭੁੱਲ ਗਿਆ ਸੀ ਕਿ ੮ ਸਾਲਾਂ ਤੱਕ ਇਰਾਕ ਨਾਲ ਜੰਗ ਲੜਨ ਦੇ ਬਾਵਜੂਦ ਵੀ ਇਰਾਨ ਹਾਰਿਆ ਜਾਂ ਡਿਗਿਆ ਨਹੀ ਸੀ। ੨੦੦੩ ਦੀ ਗਲਤੀ ਅਮਰੀਕਾ ਲਈ ਕਿੰਨੀ ਭਾਰੀ ਪਈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ੨੦੦੩ ਵਿੱਚ ਇਰਾਨ ਕੋਲ ਪ੍ਰਮਾਣੂੰ ਬੰਬ ਦੇ ੧੬੦ ਸੈਂਟਰੀਫਿਊਗ ਸਨ ਪਰ ਅੱਜ ਉਸ ਕੋਲ ੧੯,੦੦੦ ਸੈਂਟਰੀਫਿਊਗ ਹੋ ਗਏ ਹਨ।
ਬਾਰਕ ਓਬਾਮਾ ਨੇ ਇਰਾਨ ਨਾਲ ਆਰਜ਼ੀ ਤੌਰ ਤੇ ਹੱਥ ਮਿਲਾਕੇ ਸੰਸਾਰ ਰਾਜਨੀਤੀ ਵਿੱਚੋਂ ਦੁਸ਼ਮਣੀ ਦੇ ਭਾਵ ਕੱਢਣ ਦਾ ਯਤਨ ਕੀਤਾ ਹੈ। ਬੇਸ਼ੱਕ ਇਜ਼ਰਾਈਲ ਅਤੇ ਸਾਊਦੀ ਅਰਬ ਜਨੇਵਾ ਵਿੱਚ ਹੋਏ ਸਮਝੌਤੇ ਦਾ ਇਸ ਕਰਕੇ ਵਿਰੋਧ ਕਰ ਰਹੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਬਾਰੇ ਕੋਈ ਗੱਲ ਨਹੀ ਹੋਈ ਪਰ ਜੇ ਇਰਾਨ ਨਾਲ ਸਮਝੌਤਾ ਨਾ ਹੁੰਦਾ ਤਾਂ ਫਿਰ ਉਨ੍ਹਾਂ ਦੀ ਸੁਰੱਖਿਆ ਦਾ ਕੀ ਬਣਦਾ।
ਇਹ ਇੱਕ ਨਵੀਂ ਸ਼ੁਰੂਆਤ ਹੈ ਜਿਸਦਾ ਸਵਾਗਤ ਕਰਨਾ ਬਣਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਓਬਾਮਾ ਆਪਣੀ ਇਸ ਨਵੀਂ ਨੀਤੀ ਦਾ ਵਿਸਥਾਰ ਕਰਦੇ ਰਹਿਣਗੇ ਅਤੇ ਬੁਸ਼ ਪ੍ਰਸ਼ਾਸ਼ਨ ਵੱਲੋਂ ਲਾਈ ਜੰਗ ਦੀ ਅੱਗ ਨੂੰ ਬੁਝਾਉਣ ਦੇ ਯਤਨ ਕਰਦੇ ਰਹਿਣਗੇ।