ਫਰਾਂਸ ਦੇ ਸ਼ਹਿਰ ਨੀਸ ਵਿੱਚ ਪਿਛਲੇ ਦਿਨੀ ਇੱਕ ਸਿਰਫਿਰੇ ਨੇ ਜਿੰਦਗੀ ਦੇ ਜਸ਼ਨ ਮਨਾ ਰਹੇ ਲੋਕਾਂ ਨੂੰ ਟਰੱਕ ਥੱਲੇ ਦਰੜ ਕੇ ਮਾਰ ਦਿੱਤਾ। ਮਾਸੂਮ ਲੋਕ ਅਤੇ ਖਾਸ ਕਰ ਬੱਚੇ ਜੋ ਆਪਣੇ ਮਾਪਿਆਂ ਨਾਲ ਖੁਸ਼ੀਆਂ ਮਨਾਉਣ ਆਏ ਸਨ ਬੇਕਿਰਕ ਹਿੰਸਾ ਦਾ ਸ਼ਿਕਾਰ ਹੋ ਗਏ। ਪਲਾਂ ਵਿੱਚ ਹੀ ਖੁਸ਼ੀਆਂ ਦਾ ਮਹੌਲ ਮੌਤ ਦੀ ਗਮਗੀਨੀ ਵਿੱਚ ਬਦਲ ਗਿਆ। ਜੋ ਘਰੋ ਚਾਈਂ ਚਾਈਂ ਖੁਸ਼ੀਆਂ ਮਨਾਉਣ ਗਏ ਸਨ ਉਹ ਮੌਤ ਦੀ ਗੋਦ ਵਿੱਚ ਸੌਂ ਗਏ। ਟਰੱਕ ਨੂੰ ਚਲਾ ਰਹੇ ਇੱਕ ਦਰਿੰਦੇ ਨੇ ਲਗਭਗ ੮੪ ਜਾਨਾਂ ਲੈ ਲਈਆਂ, ੮੪ ਜਿਉਂਦੇ ਜਾਗਦੇ ਇਨਸਾਨ ਪਲਾਂ ਵਿੱਚ ਹੀ ਮੌਤ ਦੇ ਮੂੰਹ ਜਾ ਪਏ।
ਇਸ ਕਿਸਮ ਦਾ ਜੁਲਮ ਅੱਜ ੨੧ਵੀਂ ਵੀ ਸਦੀ ਵਿੱਚ ਹੋ ਰਿਹਾ ਹੈ। ਉਹ ਸਦੀ ਜਿਸਨੂੰ ਅਸੀਂ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਅਗਾਂਹਵਧੂ ਅਤੇ ਪੋਸਟ ਮਾਡਰਨ ਸਮਝ ਰਹੇ ਹਾਂ। ਸਾਨੂੰ ਦੱਸਿਆ ਗਿਆ ਸੀ ਕਿ ੨੧ਵੀਂ ਸਦੀ ਤੱਕ ਪਹੁੰਚਦਿਆਂ ਦੁਨੀਆਂ ਭਰ ਦਾ ਮਨੁੱਖ ਏਨਾ ਸੱਭਿਅਕ ਹੋ ਜਾਵੇਗਾ ਕਿ ਉਸਨੂੰ ਹਿੰਸਾ ਕਰਨ ਦੀ ਲੋੜ ਨਹੀ ਪਵੇਗੀ।
ਪਰ ਅਸੀਂ ਦੇਖ ਰਹੇ ਹਾਂ ਕਿ ਸਭ ਕੁਝ ਇਸ ਤੋਂ ਉਲਟ ਹੋ ਰਿਹਾ ਹੈ। ਦੁਨੀਆਂ ਵਿੱਚ ਵਸਦੇ Ḕਅਗਾਂਹਵਧੂḙ ਲੋਕਾਂ ਨੇ ਸਿਰਫ ਭੌਤਿਕ ਤਰੱਕੀ (materialistic development) ਤਾਂ ਬਹੁਤ ਕਰ ਲਈ ਹੈ ਪਰ ਉਹ ਸੱਭਿਅਕ ਨਹੀ ਹੋ ਸਕੇ। ੨੧ਵੀਂ ਸਦੀ ਦਾ ਮਨੁੱਖ ਹਿੰਸਾ ਤੋਂ ਛੁਟਕਾਰਾ ਨਹੀ ਪਾ ਸਕਿਆ। ਭੌਤਿਕ ਤਰੱਕੀ ਮਨੁੱਖੀ ਮਨ ਨੂੰ ਸੱਭਿਅਕ ਨਹੀ ਕਰ ਸਕੀ। ਹਰ ਮੋੜ ਹਰ ਗਲੀ ਵਿੱਚ ਹਿੰਸਾ ਦਾ ਨਾਚ ਹੋ ਰਿਹਾ ਹੈ। ਅਸਲ ਵਿੱਚ ਜੇ ਇਹ ਆਖ ਲਿਆ ਜਾਵੇ ਕਿ ਸਾਇੰਸ ਦੀ ਤਰੱਕੀ ਨੇ ਮਨੁੱਖ ਨੂੰ ਕਤਲ ਕਰਨ ਵਾਲੇ ਹਥਿਆਰਾਂ ਦਾ ਵਿਕਾਸ ਕਰ ਦਿੱਤਾ ਹੈ ਤਾਂ ਇਹ ਅਤਿਕਥਨੀ ਨਹੀ ਹੋਵੇਗੀ। ਤਰੱਕੀ ਸਿਰਫ ਹਥਿਆਰਾਂ ਦੇ ਖੇਤਰ ਵਿੱਚ ਹੋਈ ਹੈ। ਹੁਣ ਹਥਿਆਰ ਏਨੇ ਭਿਆਨਕ ਅਤੇ ਮਾਰੂ ਬਣ ਗਏ ਹਨ ਕਿ ਮਨੁੱਖਤਾ ਨੂੰ ਪਲਾਂ ਵਿੱਚ ਹੀ ਕਤਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਹਿੰਸਾ ਨੇ ਆਪਣੇ ਪੈਰ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਪਸਾਰ ਲਏ ਹਨ। ੧੮ਵੀਂ ਸਦੀ ਵਿੱਚ ਹਿੰਸਾ ਸਿਰਫ ਫੌਜਾਂ ਤੱਕ ਸੀਮਤ ਸੀ ਪਰ ਹੁਣ ਹਿੰਸਾ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ। ਰਾਜਨੀਤੀ ਹਿੰਸਕ ਹੋ ਗਈ ਹੈ, ਧਰਮ ਦਾ ਮਾਡਲ ਹਿੰਸਕ ਹੋ ਰਿਹਾ ਹੈ, ਸਮਾਜੀ ਜੀਵਨ ਵਿੱਚ ਹਰ ਰੋਜ਼ ਇੱਕ ਜਾਂ ਦੂਜੀ ਕਿਸਮ ਦੀ ਹਿੰਸਾ ਹੋ ਰਹੀ ਹੈ। ਪੱਤਰਕਾਰ, ਵਿਦਵਾਨ ਜਾਂ ਰਾਜਸੀ ਲੀਡਰ ਸਵੇਰੇ ਹੀ ਸ਼ਬਦਾਂ ਨਾਲ ਆਪਣੇ ਵਿਰੋਧੀਆਂ ਨੂੰ ਕਤਲ ਕਰਨਾਂ ਅਰੰਭ ਕਰ ਦਿੰਦੇ ਹਨ।
ਇਹੋ ਨਹੀ ਹਥਿਆਰਾਂ ਦੀ ਹਿੰਸਾ ਵੀ ਬੇਕਿਰਕ ਹੋ ਗਈ ਹੈ। ਇਸ ਵਿੱਚ ਸਰਕਾਰਾਂ ਅਤੇ ਸਰਕਾਰਾਂ ਦੇ ਬਾਗੀ ਦੋਵੇਂ ਸ਼ਾਮਲ ਹਨ। ਸਰਕਾਰੀ ਫੌਜਾਂ ਵਿਆਹ ਦੀ ਖੁਸ਼ੀ ਮਨਾ ਰਹੇ ਲੋਕਾਂ ਤੇ ਭਿਆਨਕ ਬੰਬਾਰੀ ਕਰਕੇ ਸਭ ਕੁਝ ਖਤਮ ਕਰ ਦੇਂਦੀਆਂ ਹਨ। ਅੱਤਵਾਦ ਦੇ ਨਾਅ ਤੇ ਹਸਪਤਾਲਾਂ ਤੇ ਬੰਬ ਸੁੱਟ ਦਿੱਤੇ ਜਾਂਦੇ ਹਨ। ਕਾਰਪੈਟ ਬੰਬਾਰੀ ਨੇ ਤਾਂ ਹਿੰਸਾ ਦੇ ਸਾਰੇ ਰਿਕਾਰਡ ਹੀ ਮਾਤ ਪਾ ਦਿੱਤੇ ਹਨ। ਇਹ ਕਿਸੇ ਸੱਭਿਅਤਾ ਨੂੰ ਖਤਮ ਕਰਨ ਦਾ ਸਮਾਨ ਹੈ। ਇਰਾਕ, ਅਫਗਾਨਿਸਤਾਨ, ਸੀਰੀਆ, ਲੀਬੀਆ ਇਸ ਵੇਲੇ ਸਰਕਾਰੀ ਹਿੰਸਾ ਦਾ ਸ਼ਿਕਾਰ ਹਨ। ਹਰ ਪਲ ਉ%ਥੇ ਇਨਸਾਨੀ ਜਿੰਦਗੀਆਂ ਖਤਮ ਕੀਤੀਆਂ ਜਾ ਰਹੀਆਂ ਹਨ।
ਦੋਵੇਂ ਧਿਰਾਂ ਬੇਕਿਰਕ ਹਿੰਸਾ ਕਰ ਰਹੀਆਂ ਹਨ। ਜਦੋਂ ਰਾਕਾ ਜਾਂ ਅਲੈਪੋ ਤੇ ਬੰਬ ਡਿਗਦੇ ਹਨ ਤਾਂ ਆਪਣੇ ਮਾਪਿਆਂ ਦੀ ਗੋਦ ਵਿੱਚ ਪਏ ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਦੂਰ ਤੱਕ ਉਡਦੇ ਹਨ। ਕੋਈ ਟੀਵੀ ਚੈਨਲ ਜਾਂ ਅਖਬਾਰ ਉਹ ਫੋਟੋਆਂ ਪ੍ਰਕਾਸ਼ਿਤ ਨਹੀ ਕਰਦਾ। ਇਹ ਵੀ ਇੱਕ ਤਰ੍ਹਾਂ ਦੀ ਹਿੰਸਾ ਹੈ। ਕਿਸੇ ਦੂਜੇ ਤੇ ਕੀਤੀ ਹਿੰਸਾ ਨੂੰ ਆਪਣੀ ਕਵਰੇਜ ਦਾ ਹਿੱਸਾ ਨਾ ਬਣਾਉਣਾਂ ਵੀ ਹਿੰਸਾ ਦਾ ਭਿਆਨਕ ਰੂਪ ਹੈ। ਅਫਗਾਨਿਸਤਾਨ ਵਿੱਚ ਇੱਕ ਪਿਓ ਆਪਣੇ ੮ ਸਾਲ ਦੇ ਬੱਚੇ ਦੀ ਲਾਸ਼ ਦੇ ਕੁਝ ਟੁਕੜੇ ਆਪਣੀ ਝੋਲੀ ਵਿੱਚ ਪਾ ਕੇ ਰੋ ਰਿਹਾ ਹੈ। ਇਰਾਕ ਵਿੱਚ ਇੱਕ ੫ ਸਾਲ ਦਾ ਬੱਚਾ ਆਪਣੇ ਮਾਂ ਬਾਪ ਦੀਆਂ ਲਾਸ਼ਾਂ ਤੇ ਬੈਠਾ ਵੈਣ ਪਾ ਰਿਹਾ ਹੈ।
ਜੰਗ ਦੇ ਮੋਰਚੇ ਤੋਂ ਵਾਪਸ ਪਰਤਿਆ ਕੋਈ ਅਮਰੀਕੀ ਫੌਜੀ ਪਾਗਲ ਹੋਣ ਵਾਲਾ ਹੈ।ਕਿਉਂਕਿ ਜੰਗ ਦੀ ਭਿਆਨਕਤਾ ਨੇ ਉਸਦੀ ਸੰਵੇਦਨਸ਼ੀਲਤਾ ਨੂੰ ਖਤਮ ਕਰ ਦਿੱਤਾ ਹੈ। ਪੋਸਟ ਟਰਾਓਮੈਟਿਕ ਸਟਰੈਸ ਡਜ਼ੀਜ਼ ਦਾ ਇਸ ਵੇਲੇ ਅਮਰੀਕੀ ਫੌਜੀ ਸ਼ਿਕਾਰ ਹਨ। ਉਨ੍ਹਾਂ ਨੂੰ ਜੰਗ ਦੇ ਮੋਰਚੇ ਤੇ ਭੇਜਣ ਵਾਲੀ ਸਰਕਾਰ ਕੋਈ ਬਾਤ ਨਹੀ ਪੁੱਛ ਰਹੀ।
ਦੂਜੇ ਪਾਸੇ ਲੰਡਨ ਦੀਆਂ ਗਲੀਆਂ ਵਿੱਚ ਖੇਡੇ ਕੁੱਦੇ ਕਈ ਜਿਹਾਦੀ ਜੌਹਨ ਬੇਕਿਰਕੀ ਨਾਲ ਲੋਕਾਂ ਦੇ ਗਲੇ ਕੱਟ ਰਹੇ ਹਨ। ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਆਪਣੀ ਗੰਦੀ ਖੇਡ ਦਾ ਹਿੱਸਾ ਬਣਾ ਰਹੇ ਹਨ। ਟਰੱਕ ਥੱਲੇ ਦਰੜ ਕੇ ਕਤਲ ਕਰ ਰਹੇ ਹਨ।
ਚਾਰੇ ਪਾਸੇ ਫੈਲੀ ਏਨੀ ਭਿਆਨਕ ਹਿੰਸਾ ਦੇ ਇਸ ਮਹੌਲ ਵਿੱਚ ਸੰਵੇਦਨਸ਼ੀਲ ਵਿਅਕਤੀ ਕਿਵੇਂ ਰਹਿ ਸਕਣਗੇ। ਕੀ ਉਨ੍ਹਾਂ ਦੇ ਰਹਿਣ ਲਈ ਇਸ ਦੁਨੀਆਂ ਵਿੱਚ ਕੋਈ ਥਾਂ ਹੈ?
ਸਵਾਲ ਕਾਫੀ ਵੱਡਾ ਹੈ, ਸ਼ਾਇਦ ਜਵਾਬ ਕੋਈ ਨਹੀ।