ਹਿੰਦੂ ਫਾਸ਼ੀਵਾਦ ਦਾ ਫਨੀਅਰ ਇਸ ਵੇਲੇ ਆਪਣਾਂ ਫਣ ਤਾਣ ਕੇ ਖੜ੍ਹਾ ਹੈ। ਉਹ ਹਰ ਵਿਰੋਧ ਦੀ ਅਵਾਜ਼ ਨੂੰ ਖਤਮ ਕਰ ਦੇਣ ਦੇ ਇਰਾਦੇ ਨਾਲ ਫੁੰਕਾਰ ਰਿਹਾ ਹੈ। ਆਪਣੇ ਖੁੰਖਾਰੂ ਇਰਾਦਿਆਂ ਦੇ ਖਿਲਾਫ ਉਹ ਕੁਝ ਵੀ ਸੁਣਨਾ ਨਹੀ ਚਾਹੁੰਦਾ। ਉਸਦੇ ਇਰਾਦਿਆਂ ਵਿੱਚ ਬਸ ਤਬਾਹੀ ਹੀ ਤਬਾਹੀ ਪਈ ਹੈ। ਉਹ ਮਨੁੱਖੀ ਖੂਬਸੂਰਤੀ ਦੇ ਸਾਰੇ ਰੰਗਾਂ ਅਤੇ ਫੁੱਲਾਂ ਨੂੰ ਮਸਲ ਕੇ ਬਸ ਇੱਕੋ ਰੰਗ ਦਾ ਘਾਹ ਉਗਿਆ ਦੇਖਣਾਂ ਚਾਹੁੰਦਾ ਹੈ। ਕਦੇ ਉਹ ਸਿੱਖਾਂ ਤੇ ਹਮਲਾਵਰ ਹੁੰਦਾ ਹੈ, ਕਦੇ ਮੁਸਲਮਾਨਾ ਤੇ ਅਤੇ ਕਦੇ ਕੁਝ ਵੱਖਰਾ ਸੋਚਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ। ਪ੍ਰੋਫੈਸਰ ਨਿਵੀਦੇਤਾ ਮੈਨਨ ਤੋਂ ਬਾਅਦ ਹੁਣ ਇੱਕ ਸਿੱਖ ਪਰਿਵਾਰ ਦੀ ਬੱਚੀ ਇਸ ਸ਼ਾਵਨਵਾਦੀ ਫਨੀਅਰ ਦੇ ਨਿਸ਼ਾਨੇ ਤੇ ਹੈ। ਉਹ ਸਿੱਖ ਬੱਚੀ ਜਿਸਦੇ ਪਿਤਾ ਨੇ Ḕਆਪਣੇ ਦੇਸ਼ḙ ਲਈ ਲੜਦਿਆਂ ਆਪਣੀ ਜਾਨ ਵੀ ਵਾਰ ਦਿੱਤੀ ਉਸ ਦੀ ਵਿਰੋਧੀ ਅਵਾਜ਼ ਵੀ ਇਹ ਫਨੀਅਰ ਸੁਨਣ ਦਾ ਆਦੀ ਨਹੀ ਹੈ।
ਹਿੰਦੂ ਫਾਸ਼ੀਵਾਦ ਦਾ ਇਹ ਫਨੀਅਰ ਬਸ ਜ਼ਹਿਰ, ਧੌਂਸ, ਧਮਕੀ ਅਤੇ ਔਰਤਾਂ ਦੀ ਬੇਪਤੀ ਦੀ ਹੀ ਮਨਸ਼ਾ ਰੱਖਦਾ ਹੈ। ਜੋ ਵੀ ਇਸ ਫਾਸ਼ੀਵਾਦ ਦੇ ਖਿਲਾਫ ਅਵਾਜ਼ ਖੋਲ਼੍ਹਦਾ ਹੈ ਉਸਦੀ ਇਜ਼ਤ ਅਤੇ ਜਾਨ ਦਾ ਵੈਰੀ ਬਣ ਜਾਂਦਾ ਹੈ ਇਹ ਫਾਸ਼ੀਵਾਦੀ ਫਨੀਅਰ।
ਇਸ ਵੇਲੇ ਸਿੱਖ ਬੱਚੀ ਗੁਰਪਿਆਰ ਕੌਰ ਇਸਦੇ ਨਿਸਾਨੇ ਤੇ ਹੈ। ਉਸ ਸਿੱਖ ਬੱਚੀ ਨੇ ਹਿੰਦੂ ਫਾਸ਼ੀਵਾਦ ਦੇ ਫਨੀਅਰ ਖਿਲਾਫ ਆਪਣੀ ਜੁਬਾਨ ਖੋਲ਼੍ਹਣ ਦੀ ਗਲਤੀ ਕਰ ਲਈ ਹੈ। ਇਸਦੀ ਸਜ਼ਾ ਹੁਣ ਉਸਨੂੰ ਧਮਕੀਆਂ ਅਤੇ ਉਸਦੀ ਇੱਜ਼ਤ ਨਾਲ ਖਿਲਵਾੜ ਕਰਨ ਦੇ ਫਤਵੇ ਜਾਰੀ ਕਰਕੇ ਦਿੱਤੀ ਜਾ ਰਹੀ ਹੈ। ਸਿਤਮਜ਼ਰੀਫੀ ਇਹ ਹੈ ਕਿ ਭਾਰਤੀ ਟੀ.ਵੀ. ਚੈਨਲ ਜੋ ਸਿੱਖਾਂ ਅਤੇ ਮੁਸਲਮਾਨਾ ਦੀ ਕੋਈ ਇਕੱਲੀ ਕਹਿਰੀ ਘਟਨਾ ਨੂੰ ਲੈਕੇ ਕਈ ਕਈ ਦਿਨ ਇਨ੍ਹਾਂ ਕੌਮਾਂ ਨੂੰ ਜਲੀਲ ਕਰੀ ਰੱਖਦੇ ਹਨ ਉਹ ਹਿੰਦੂ ਫਾਸ਼ੀਵਾਦ ਦੀ ਇਸ ਦਰਿੰਦਗੀ ਖਿਲਾਫ ਮਹਿਜ਼ ਜ਼ੁਬਾਨੀ ਕਲਾਮੀ ਖਬਰਾਂ ਲਾ ਕੇ ਹੀ ਕੰਮ ਪੂਰਾ ਕਰ ਰਹੇ ਹਨ।
੧੯੮੪ ਤੋਂ ਭਾਰਤ ਨੂੰ ਫਾਸ਼ੀ ਸਟੇਟ ਬਣਾਉਣ ਦੇ ਜੋ ਯਤਨ ਅਰੰਭ ਹੋਏ ਸਨ ਇਸ ਵੇਲੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਉਹ ਅਗਲੇ ਪੜਾਅ ਵੱਲ ਵਧ ਗਏ ਹਨ। ਪਹਿਲਾਂ ਜੋ ਕੰਮ ਪੁਲਿਸ, ਫੌਜ ਅਤੇ ਇੰਟੈਲੀਜੈਂਸ ਤੇ ਅਦਾਲਤਾਂ ਤੋਂ ਕਰਵਾਇਆ ਜਾਂਦਾ ਸੀ ਉਹ ਹੁਣ ਫਾਸ਼ੀਵਾਦ ਦੇ ‘ਵਿਦਿਆਰਥੀ’ ਕਰ ਰਹੇ ਹਨ।
ਬੱਚੀ ਗੁਰਪਿਆਰ ਕੌਰ ਦਾ ਕਸੂਰ ਇਹ ਹੈ ਕਿ ਉਸਨੇ ਫਾਸ਼ੀਵਾਦੀਆਂ ਦੇ ਵਿਦਿਆਰਥੀ ਵਿੰਗ ਦੀ ਗੁੰਡਾ ਰਾਜਨੀਤੀ ਦੇ ਖਿਲਾਫ ਆਪਣੀ ਆਤਮਾ ਦੀ ਅਵਾਜ਼ ਉਠਾਉਣ ਦਾ ਯਤਨ ਕੀਤਾ ਹੈ। ਉਸਦੇ ਇਸ ਕਸੂਰ ਦੀ ਸਜ਼ਾ ਉਸਨੂੰ ਧਮਕਾਉਣ ਅਤੇ ਬੇਇੱਜ਼ਤ ਕਰਨ ਦੇ ਦਗਮਜ਼ੇ ਮਾਰ ਕੇ ਦਿੱਤੀ ਜਾ ਰਹੀ ਹੈ। ਸਿੱਖ ਵਿਦਿਆਰਥੀ ਜਥੇਬੰਦੀਆਂ ਦੇ ਖਿਲਾਫ ਹਮੇਸ਼ਾ ਡਟਵੀਂ ਅਵਾਜ਼ ਬੁਲੰਦ ਕਰਨ ਵਾਲਾ ਮੀਡੀਆ ਹੁਣ ਫਾਸ਼ੀਵਾਦੀਆਂ ਦੇ ਨਿੱਤ ਦਿਨ ਵਧਦੇ ਕਦਮਾਂ ਦਾ ਵਿਰੋਧ ਕਰਨ ਦੀ ਹਿੰਮਤ ਵੀ ਗਵਾ ਬੈਠਾ ਹੈ।
ਸਿਵਲ ਸੁਸਾਇਟੀ ਜੋ ਅਕਸਰ ਲੋਕਾਂ ਨੂੰ ਬਹੁਤ ਸੱਭਿਅਕ ਮੱਤਾਂ ਦੇਂਦੀ ਰਹਿੰਦੀ ਹੈ ਉਹ ਵੀ ਚੁੱਪ ਹੈ ਅਤੇ ਫਾਸ਼ੀਵਾਦੀਆਂ ਨੂੰ ਖੁੱਲ਼੍ਹੀ ਛੁੱਟੀ ਦੇ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦਾ ਕਨੂੰਨ ਵੀ ਇਨ੍ਹਾਂ ਕਦਮਾਂ ਦੀ ਲੁਕਵੀਂ ਹਮਾਇਤ ਕਰ ਰਿਹਾ ਜਾਪਦਾ ਹੈ ਕਿਉਂਕਿ ਹਾਲੇ ਤੱਕ ਇਸਨੇ ਕਿਸੇ ਵੀ ਫਾਸ਼ੀਵਾਦੀ ਨੂੰ ਗ੍ਰਿਫਤਾਰ ਨਹੀ ਕੀਤਾ ਹੈ।
ਉਹ ਦੇਸ਼ ਜੋ ਆਪਣੇ ਆਪ ਨੂੰ ਮਹਾਨ ਜਮਹੂਰੀਅਤ ਆਖਕੇ ਆਪਣੀ ਪਿੱਠ ਥਾਪੜਦਾ ਨਹੀ ਥੱਕਦੇ ਉਸੇ ਮੁਲਕ ਦੀ ਰਾਜਧਾਨੀ ਵਿੱਚ ਇੱਕ ਮਾਸੂਮ ਬੱਚੀ ਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤਆਿਂ ਜਾ ਰਹੀਆਂ ਹਨ ਅਤੇ ਸਾਰੇ ਪਾਸੇ ਚੁੱਪ ਪਸਰੀ ਹੋਈ ਹੈ। ਆਪਣੀ ਆਤਮਾ ਦੀ ਅਵਾਜ਼, ਆਪਣੀ ਜ਼ਮੀਰ ਜਾਂ ਸਟੇਟ ਨਾਲ਼ੋਂ ਵੱਖਰੇ ਵਿਚਾਰ ਰੱਖਣ ਦੀ ਗੱਲ ਹੁਣ ਇਸ ਫਾਸ਼ੀਵਾਦੀ ਪ੍ਰਬੰਧ ਵਿੱਚ ਪ੍ਰਵਾਨ ਨਹੀ ਹੈ।
ਹੈਰਾਨੀ ਇਹ ਵੀ ਹੈ ਕਿ ਇਸ ਵਿਵਾਦ ਵਿੱਚ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਮਾਸੂਮ ਸਿੱਖ ਬੱਚੀ ਦੀ ਤੁਲਨਾ ਦਾਊਦ ਇਬਰਾਹਿਮ ਨਾਲ ਕਰ ਦਿੱਤੀ ਹੈ।
ਕੌਣ ਹੈ ਜੋ ਇਸ ਫਾਸ਼ੀ ਬਿਰਤੀ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਅਤੇ ਮੁਲਕ ਨੂੰ ਆਪਣੇ ਹੀ Ḕਦੋਸਤਾਂḙ ਤੋਂ ਖਤਮ ਕਰਵਾ ਰਿਹਾ ਹੈ। ਇਸ ਬਾਰੇ ਵਿਚਾਰ ਹੋਣੀ ਚਾਹੀਦੀ ਹੈ।