ਹਮੀਦ ਅਨਸਾਰੀ ਇੱਕ ਭਾਰਤੀ ਮੁਸਲਮਾਨ, ਰਾਜਸੀ ਨੇਤਾ ਹੈ। ਲੰਬੇ ਸਮੇਂ ਤੋਂ ਉਹ ਭਾਰਤੀ ਸਿਆਸਤ ਦੀ ਸਰਕਸ ਨਾਲ ਜੁੜਿਆ ਹੋਇਆ ਹੈ। ਭਾਰਤ ਸਰਕਾਰ ਦੀ ਬਹੁਪੱਖੀ ਸੇਵਾ ਕਰਨ ਦੇ ਬਦਲੇ ਪੰਜ ਸਾਲ ਪਹਿਲਾਂ ਉਸ ਨੂੰ ਭਾਰਤ ਦਾ ਉਪ-ਰਾਸ਼ਟਰਪਤੀ ਬਣਾਇਆ ਗਿਆ ਸੀ। ਪਿਛਲੇ ਦਿਨੀ ਆਪਣੇ ਅਹੁਦੇ ਦੇ ਪੰਜ ਸਾਲ ਪੂਰੇ ਕਰਨ ਤੋਂ ਬਾਅਦ ਹਮੀਦ ਅਨਸਾਰੀ ਸੇਵਾ-ਮੁਕਤ ਹੋ ਗਏ ਹਨ।
ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਫਾਰਗ ਹੁੰਦੇ ਸਾਰ ਹੀ ਉਨ੍ਹਾਂ ਨੇ ਦੇਸ਼ ਵਿੱਚ ਮੁਸਲਮਾਨਾਂ ਦੀ ਮੰਦੀ ਹਾਲਤ ਦਾ ਰਾਗ ਅਲਾਪਣਾਂ ਅਰੰਭ ਕਰ ਦਿੱਤਾ ਹੈ। ਹਮੀਦ ਅਨਸਾਰੀ ਦਾ ਕਹਿਣਾਂ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਦੀ ਸੁਰੱਖਿਆ ਨਹੀ ਕੀਤੀ ਜਾ ਰਹੀ ਅਤੇ ਉਨ੍ਹਾਂ ਦੇ ਖਿਲਾਫ ਨਫਰਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਹਮੀਦ ਅਨਸਾਰੀ ਨੇ ਭਾਰਤੀ ਮੁਸਲਮਾਨਾਂ ਦੇ ਹੱਕ ਵਿੱਚ ਹੋਰ ਵੀ ਹਾਅ ਦੇ ਨਾਅਰੇ ਮਾਰਨ ਦਾ ਯਤਨ ਕੀਤਾ ਹੈ।
ਇਸ ਗੱਲ ਵਿੱਚ ਕੋਈ ਸ਼ੱਕ ਨਹੀ ਹੈ ਕਿ ਭਾਰਤ ਵਿੱਚ ਹਿੰਦੂ ਬਹੁ-ਗਿਣਤੀ ਦਾ ਰਾਜ ਹੈ ਅਤੇ ਉਸ ਬਹੁ-ਗਿਣਤੀ ਦੀਆਂ ਜੋ ਰਾਜਸੀ ਗਿਣਤੀਆਂ-ਮਿਣਤੀਆਂ ਹਨ ਉਸ ਵਿੱਚ ਅਧੀਨ ਕੌਮਾਂ ਕਿਵੇ ਵੀ ਫਿੱਟ ਨਹੀ ਬਹਿੰਦੀਆਂ। ਰਾਜ ਕਰ ਰਹੀ ਬਹੁ-ਗਿਣਤੀ ਲਈ ਅਧੀਨ ਕੌਮਾਂ ਅਜਿਹੇ ਗੰਦੇ ਕੀੜੇ ਬਣ ਗਈਆਂ ਹਨ ਜਿਨ੍ਹਾਂ ਦਾ ਸਫਾਇਆ ਕਰੇ ਤੋਂ ਬਿਨਾ, ਭਾਰਤ-ਵਰਸ਼ ਨੂੰ ਪਵਿੱਤਰ ਨਹੀ ਕੀਤਾ ਜਾ ਸਕਦਾ। ਪਰ ਜੇ ਭਾਰਤੀ ਮੁਸਲਮਾਨਾਂ ਦੀ ਤਰਸਯੋਗ ਅਤੇ ਅਧੀਨਗੀ ਵਾਲੀ ਹਾਲਤ ਦਾ ਖੁਲਾਸਾ ਕੋਈ ਹੋਰ ਨਿਰਪੱਖ, ਮੁਸਲਮਾਨ ਆਗੂ ਕਰਦਾ ਤਾਂ ਗੱਲ ਸਮਝ ਆ ਸਕਦੀ ਸੀ। ਹੁਣ ਜਦ ਹਮੀਦ ਅਨਸਾਰੀ ਵਰਗਾ ਉਹ ਵਿਅਕਤੀ ਭਾਰਤੀ ਮੁਸਲਮਾਨਾਂ ਦੀ ਮਾੜੀ ਹਾਲਤ ਤੇ ਦੁਖ ਪ੍ਰਗਟਾ ਰਿਹਾ ਹੈ ਜਿਸ ਨੇ ਸਾਰੀ ਉਮਰ ਮੁਸਲਮਾਨ ਹੋਣ ਦੇ ਨਾਤੇ ਸਿਆਸਤ ਦੇ ਬੁੱਲੇ ਲ਼ੁੱਟੇ ਹਨ ਅਤੇ ਮਲਾਈਆਂ ਛਕੀਆਂ ਹਨ ਤਾਂ ਇਹ ਗੱਲ ਸਪਸ਼ਟ ਰੂਪ ਵਿੱਚ ਸਮਝੀ ਜਾ ਸਕਦੀ ਹੈ ਕਿ ਭਾਰਤ ਵਿੱਚ ਅਧੀਨ ਕੌਮਾਂ ਦੇ ਨੇਤਾ ਅਸਲ ਵਿੱਚ ਆਪਣੀ ਗੱਦੀ ਅਤੇ ਨਿੱਜੀ ਸਿਆਸੀ ਤਾਕਤ ਨੂੰ ਬਰਕਰਾਰ ਰੱਖਣ ਲਈ ਹੀ ਮੈਦਾਨ ਵਿੱਚ ਨਿੱਤਰਦੇ ਹਨ। ਜਦੋਂ ਉਹ ਮੁਖਧਾਰਾਈ ਸਿਆਸੀ ਪਿੜ ਵਿੱਚ ਹੁੰਦੇ ਹਨ ਉਸ ਵੇਲੇ ਉਹ ਬਹੁ-ਗਿਣਤੀ ਦੇ ਜੀਅ-ਹਜੂਰੀਏ ਹੁੰਦੇ ਹਨ ਪਰ ਜਦੋਂ ਸਾਰੀ ਉਮਰ ਸਿਆਸੀ ਮਲਾਈਆਂ ਛਕ ਲੈਣ ਤੋਂ ਬਾਅਦ ਉਨ੍ਹਾਂ ਕੋਲ਼ੋਂ ਸਿਆਸੀ ਸੱਤਾ ਖੁਸ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਕੌਮ ਅਤੇ ਆਪਣਾਂ ਧਰਮ ਯਾਦ ਆਉਣ ਲੱਗ ਜਾਂਦਾ ਹੈ।
ਦੱਸਿਆ ਜਾਂਦਾ ਹੈ ਕਿ ਹਮੀਦ ਅਨਸਾਰੀ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਤੱਕ ਇਸ ਲਈ ਪਹੁੰਚਾਇਆ ਗਿਆ ਕੁਉਂਕਿ ਕਿਸੇ ਵੇਲੇ ਉਨ੍ਹਾਂ ਨੇ ਸਿੱਖਾਂ ਦੇ ਖਿਲਾਫ ਸਖਤ ਸਟੈਂਡ ਲਿਆ ਸੀ। ਜਿਹੜਾ ਵਿਅਕਤੀ ਕਿਸੇ ਲੰਗੜੀ ਜਿਹੀ ਸਿਆਸੀ ਕੁਰਸੀ ਦੀ ਭੁੱਖ ਲਈ, ਮੁਸਲਮਾਨਾਂ ਵਾਂਗ ਬਹੁ-ਗਿਣਤੀ ਦੇ ਨਿਸ਼ਾਨੇ ਤੇ ਆਈ ਸਿੱਖ ਕੌਮ ਖਿਲਾਫ ਭੁਗਤ ਸਕਦਾ ਹੈ ਉਹ ਜੇ ਅੱਜ ਆਪਣੀ ਗੱਦੀ ਤੋਂ ਲਹਿ ਜਾਣ ਤੋਂ ਬਾਅਦ ਆਪਣੀ ਕੌਮ ਅਤੇ ਆਪਣੇ ਭਾਈਚਾਰੇ ਦੀ ਹਾਲਤ ਬਾਰੇ ਹੰਝੂ ਕੇਰਨ ਦੇ ਯਤਨ ਕਰ ਰਿਹਾ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਉਹ ਵਿਅਕਤੀ ਮੁਸਲਮਾਨਾਂ ਨੂੰ ਮੂਰਖ ਬਣਾ ਰਿਹਾ ਹੈ।
ਜਿਸ ਵੇਲੇ ਇਨ੍ਹਾਂ ਲੌਕਾਂ ਦੇ ਹੱਥ ਵਿੱਚ ਸੱਤਾ ਸੀ, ਸ਼ਕਤੀ ਸੀ ਉਸ ਵੇਲੇ ਇਹ ਲੌਕ ਬਹੁ-ਗਿਣਤੀ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹੇ ਹੁਣ ਜਦ ਇਨ੍ਹਾਂ ਦੇ ਹੱਥਾਂ ਵਿੱਚੋਂ ਸ਼ਕਤੀ ਤੇ ਸੱਤਾ ਖੁਸ ਗਈ ਹੈ ਤਾਂ ਇਹ ਆਪਣੀ ਕੌਮ ਨੂੰ ਖਤਰੇ ਦੀ ਹਾਲ ਦੁਹਾਈ ਪਾਉਣ ਲੱਗ ਪਏ ਹਨ।
ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਹੁਣ ਉਮਰ ਦੇ ਆਖਰੀ ਵਰ੍ਹੇ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੀ ਗੁਲਾਮੀ ਬਾਰੇ ਰਾਗ ਅਲਾਪਣਾਂ ਸ਼ੁਰੂ ਕਰ ਦੇਵੇ। ਜਾਂ ਜਿਵੇਂ ਬਲਵੰਤ ਸਿੰਘ ਰਾਮੂਵਾਲੀਆ ਤੇ ਤਰਲੌਚਨ ਸਿੰਘ ਐਮ.ਪੀ. ਸਿੱਖਾਂ ਦੀ ਮਾੜੀ ਹਾਲਤ ਬਾਰੇ ਬੋਲਣਾਂ ਅਰੰਭ ਕਰ ਦੇਣ। ਜਿਨ੍ਹਾਂ ਲੌਕਾਂ ਨੇ ਸਾਰੀ ਉਮਰ ਆਪਣੀ ਕੌਮ ਨਾਲ਼ੋਂ ਨਾਤਾ ਤੋੜਕੇ ਜਾਂ ਕਹਿ ਲਵੋ ਕਿ ਆਪਣੀ ਕੌਮ ਦੀ ਪਿੱਠ ਵਿੱਚ ਛੁਰਾ ਮਾਰਕੇ ਸਟੇਟ ਨਾਲ ਪਿਆਰ ਦੀਆਂ ਪੀਂਘਾਂ ਝੂਟੀਆਂ ਹੋਣ ਉਹ ਉਮਰ ਦੇ ਆਖਰੀ ਵਰ੍ਹੇ ਜੇ ਆਪਣੀ ਕੌਮ ਦਾ ਹੇਜ ਦਿਖਾਉਂਦੇ ਹਨ ਤਾਂ ਇਹ ਨਿਰੀ ਬੇਇਮਾਨੀ ਤੋਂ ਵੱਧ ਕੁਝ ਨਹੀ ਹੈ।