ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਨੇ ਪਿਛਲੇ ਦਿਨੀ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਇਸ ਸਾਲ ਮਈ ਵਿੱਚ ਹੋਣ ਵਾਲੀਆਂ ਦੇਸ਼ ਦੀਆਂ ਆਮ ਚੋਣਾਂ ਤੋਂ ਬਾਅਦ ਸਿਆਸਤ ਤੋਂ ਸਨਿਆਸ ਲੈ ਲੈਣਗੇ ਅਤੇ ਹੁਣ ਉਹ ਕਾਂਗਰਸ ਪਾਰਟੀ ਵੱਲੋਂ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵੱਜੋਂ ਉਮੀਦਵਾਰ ਨਹੀ ਹੋਣਗੇ। ਡਾਕਟਰ ਮਨਮੋਹਣ ਸਿੰਘ ਨੇ ੩ ਜਨਵਰੀ ਨੂੰ ਕੀਤੀ ਇਸ ਪ੍ਰੈਸ ਕਾਨਫਰੰਸ ਵਿੱਚ ਆਪਣੇ ੧੦ ਸਾਲਾਂ ਦੇ ਕਾਰਜਕਾਲ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਉਨ੍ਹਾਂ ੨੦੦੪ ਵਿੱਚ ਦੇਸ਼ ਦੀ ਵਾਗਡੋਰ ਸੰਭਾਲੀ ਸੀ ਉਸ ਵੇਲੇ ਦੇਸ਼ ਦੀ ਆਰਥਿਕ ਵਿਕਾਸ ਦਰ ੫ ਫੀਸਦੀ ਤੋਂ ਵੀ ਥੱਲੇ ਚਲੀ ਗਈ ਸੀ ਜਿਸਨੂੰ ਉਨ੍ਹਾਂ ਨੇ ੯ ਫੀਸਦੀ ਤੱਕ ਲੈ ਜਾਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਮਾਣ ਨਾਲ ਆਖਿਆ ਕਿ ਜਿਸ ਵੇਲੇ ਯੂਰਪ ਅਤੇ ਅਮਰੀਕਾ ਵੱਡੀ ਆਰਥਿਕ ਮੰਦਹਾਲੀ ਵਿੱਚੋਂ ਲੰਘ ਰਿਹਾ ਸੀ ਉਸ ਵੇਲੇ ਭਾਰਤ ੯ ਫੀਸਦੀ ਦੀ ਦਰ ਨਾਲ ਤਰੱਕੀ ਕਰ ਰਿਹਾ ਸੀ।

ਡਾਕਟਰ ਮਨਮੋਹਣ ਸਿੰਘ ਨੇ ਆਪਣੀ ਰਿਟਾਇਮੈਂਟ ਦਾ ਐਲਾਨ ਕਰਨ ਵੇਲੇ ਦੇਸ਼ ਵਾਸੀਆਂ ਨੂੰ ਚੌਕਸ ਕੀਤਾ ਕਿ ਉਹ ਭਾਜਪਾ ਆਗੂ ਨਰਿੰਦਰ ਮੋਦੀ ਉਤੇ ਵਿਸ਼ਵਾਸ਼ ਨਾ ਕਰਨ ਕਿਉਂਕਿ ਅਜਿਹੇ ਵਿਅਕਤੀ ਦਾ ਪ੍ਰਧਾਨ ਮੰਤਰੀ ਬਣਨਾ ਦੇਸ਼ ਦੇ ਹਿੱਤ ਵਿੱਚ ਨਹੀ ਹੋਵੇਗਾ।

ਡਾਕਟਰ ਮਨਮੋਹਣ ਸਿੰਘ ਦੀ ਪ੍ਰੈਸ ਕਾਨਫਰੰਸ ਖਤਮ ਹੁੰਦਿਆਂ ਹੀ ਮੌਕੇ ਦੀ ਤਾੜ ਵਿੱਚ ਬੈਠੀ ਭਾਰਤੀ ਜਨਤਾ ਪਾਰਟੀ ਨੇ ਇੱਕਦਮ ਉਨ੍ਹਾਂ ਉਤੇ ਸਿਆਸੀ ਹੱਲਾ ਬੋਲ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੇ ਉਸੇ ਮੌਕੇ ਤੇ ਆਪਣੀ ਪ੍ਰੈਸ ਕਾਨਫਰੰਸ਼ ਕਰਕੇ ਡਾਕਟਰ ਮਨਮੋਹਣ ਸਿੰਘ ਦੇ ੧੦ ਸਾਲਾਂ ਦੇ ਕਾਰਜਕਾਲ ਬਾਰੇ ਵਿਰੋਧੀ ਟਿੱਪਣੀਆਂ ਕੀਤੀਆਂ। ਅਰੁਣ ਜੇਤਲੀ ਨੇ ਆਪਣਾਂ ਸਾਰਾ ਜੋਰ ਨਰਿੰਦਰ ਮੋਦੀ ਦੇ ਅਕਸ ਨੂੰ ਠੀਕ ਕਰਨ ਅਤੇ ਉਸ ਨੂੰ ਬਚਾਉਣ ਤੇ ਹੀ ਲਗਾ ਦਿੱਤਾ।

ਇਸੇ ਦੌਰਾਨ ਹੀ ਭਾਰਤੀ ਮੀਡੀਆ ਦੇ ਸਾਰੇ ਅੰਗ ਸਰਗਰਮ ਹੋ ਗਏ ਅਤੇ ਭਾਰਤੀ ਟੈਲੀਵਿਜ਼ਨ ਚੈਨਲਾਂ ਤੇ ਡਾਕਟਰ ਮਨਮੋਹਣ ਸਿੰਘ ਦੇ ਸਨਿਆਸ, ਦੇਸ਼ ਦੀ ਮੌਜੂਦਾ ਆਰਥਿਕ ਦਿਸ਼ਾ, ਗਰੀਬੀ, ਭਰਿਸ਼ਟਾਚਾਰ ਅਤੇ ਨਰਿੰਦਰ ਮੋਦੀ ਬਾਰੇ ਡੀਬੇਟ ਕਰਨੀ ਅਰੰਭ ਕਰ ਦਿੱਤੀ। ਭਾਰਤੀ ਮੀਡੀਆ ਦੀ ਇਹ ਸਿਆਸੀ ਕਸਰਤ ਉਨੀ ਹੀ ਨਕਲੀ ਅਤੇ ਫੋਕੀ ਪ੍ਰਤੀਤ ਹੋਈ ਜਿੰਨੀ ਨਕਲੀ ਅਤੇ ਫੋਕੀ ਭਾਰਤ ਦੇ ਸਿਆਸੀ ਨੇਤਾਵਾਂ ਦੀ ਸਿਆਸੀ ਸਰਗਰਮੀ ਹੁੰਦੀ ਹੈ। ਭਾਰਤੀ ਟੀ.ਵੀ. ਚੈਨਲਾਂ ਤੇ ਇਸ ਵਿਸ਼ੇ ਬਾਰੇ ਚੱਲੀ ਡੀਬੇਟ ਦੇਖਕੇ ਇਸ ਤਰ੍ਹਾਂ ਲੱਗਾ ਕਿ ਜਾਂ ਤਾਂ ਦੇਸ਼ ਦੇ ਕਸਟੋਡੀਅਨ ਹੋਣ ਦਾ ਦਾਅਵਾ ਕਰਨ ਵਾਲੇ ਇਹ ਪੱਤਰਕਾਰ ਅਤੇ ‘ਰਾਜਸੀ ਵਿਸ਼ਲੇਸ਼ਕ’ ਸਿਆਸੀ ਅਤੇ ਬੌਧਿਕ ਤੌਰ ਤੇ ਕੰਗਾਲ ਹਨ ਜਾਂ ਫਿਰ ਉਹ ਭਾਰਤੀ ਜਮਹੂਰੀਅਤ ਸਾਹਮਣੇ ਦਰਪੇਸ਼ ਵੱਡੇ ਸਿਧਾਂਤਿਕ ਸੁਆਲਾਂ ਨੂੰ ਜਾਣਬੁੱਝ ਕੇ ਟਾਲ ਰਹੇ ਹਨ।

ਭਾਰਤੀ ਟੀ.ਵੀ. ਚੈਨਲਾਂ ਤੇ ਚੱਲੀ ਸਿਆਸੀ ਡੀਬੇਟ ਵਿੱਚ ਜਿੰਨੇ ਵੀ ‘ਵਿਸ਼ਲੇਸ਼ਕ’ ਅਤੇ ‘ਬੁੱਧੀਜੀਵੀ’ ਆਏ ਉਨ੍ਹਾਂ ਨੇ ਡਾਕਟਰ ਮਨਮੋਹਣ ਸਿੰਘ ਦੇ ਸਨਿਆਸ ਬਾਰੇ ਚੱਲੀ ਚੁੰਝ ਚਰਚਾ ਵਿੱਚ ਬਹੁਤ ਹਲਕੀਆਂ ਟਿੱਪਣੀਆਂ ਕਰਕੇ ਹੀ ਆਪਣਾਂ ਟਾਈਮ ਪਾਸ ਕਰ ਦਿੱਤਾ। ਭਰਿਸ਼ਟਾਚਾਰ, ਆਰਥਿਕ ਮੰਦਹਾਲੀ ਅਤੇ ਖਾਸ ਕਰਕੇ ਅੱਤਵਾਦ ਦਾ ਖਤਰਾ ਤੇ ਨਰਿੰਦਰ ਮੋਦੀ ਮੁਕਾਬਲੇ ਰਾਹੁਲ ਗਾਂਧੀ ਦੀ ਸਮਰਥਾ। ਇਨ੍ਹਾਂ ਮੁੱਦਿਆਂ ਦੁਆਲੇ ਹੀ ਘੁੰਮਦੀ ਰਹੀ ਭਾਰਤੀ ਟੀ.ਵੀਂ ਚੈਨਲਾਂ ਦੀ ਬਹਿਸ।

ਅਸਲ ਮੁੱਦੇ ਨੂੰ ਕਿਸੇ ਨੇ ਛੁਹਣ ਦੀ ਕੋਸ਼ਿਸ ਨਹੀ ਕੀਤੀ। ਇਸ ਵੇਲੇ ਭਾਰਤੀ ਜਮਹੂਰੀਅਤ ਸਾਹਮਣੇ ਸਭ ਤੋਂ ਵੱਡਾ ਸੁਆਲ ਆਪਣੀ ਹੋਂਦ ਨੂੰ ਬਚਾਉਣ ਦਾ ਹੈ। ਭਾਰਤੀ ਜਮਹੂਰੀਅਤ ਦਾ ਅਜੋਕਾ ਮਾਡਲ ਜਿਸਨੂੰ ਅਸੀਂ ਸਾਰੇ ੧੯੪੭ ਤੋਂ ਲੈਕੇ ਹੁਣ ਤੱਕ ਇੱਥੇ ਤੱਕ ਘੜੀਸ ਕੇ ਲੈ ਆਏ ਹਾਂ, ਇਹ ਆਪਣੀ ਉਮਰ ਪੁਗਾ ਚੁੱਕਾ ਹੈ। ਕਿਸੇ ਵੀ ਥਾਂ ਤੇ ਜਮਹੂਰੀਅਤ ਦਾ ਇੱਕੋ ਮਾਡਲ ਸਦੀਆਂ ਤੱਕ ਨਹੀ ਘੜੀਸਿਆ ਜਾ ਸਕਦਾ ਕਿਉਂਕਿ ਵਕਤ ਬੀਤਣ ਦੇ ਨਾਲ ਨਾਲ ਲੋਕਾਂ ਦੇ ਰਹਿਣ ਸਹਿਣ,ਉਨ੍ਹਾਂ ਦੀਆਂ ਸਿਆਸੀ ਸਮਾਜਿਕ ਲੋੜਾਂ, ਉਨ੍ਹਾਂ ਦੀਆਂ ਅਕਾਂਖਿਆਵਾਂ ਅਤੇ ਰੀਝਾਂ ਵਿੱਚ ਤਬਦੀਲੀ ਆਉਂਦੀ ਹੀ ਆਉਂਦੀ ਹੈ। ਭਾਰਤੀ ਜਮਹੂਰੀਅਤ ਦਾ ਅਜੋਕਾ ਮਾਡਲ ਉਨ੍ਹਾਂ ਸਮਿਆਂ ਸਦੀ ਦੇਣ ਹੈ ਜਦੋਂ ਭਾਰਤ ਦਾ ੯੫ ਫੀਸਦੀ ਹਿੱਸਾ ਬਲਦ-ਗੱਡੀਆਂ ਦੇ ਸਹਾਰੇ ਆਪਣਾਂ ਜੀਵਨ ਜਿਉਂਦਾ ਸੀ। ਅੱਜ ੬੫ ਸਾਲਾਂ ਬਾਅਦ ਦੇਸ਼ ਦੇ ਸਮਾਜਿਕ ਅਤੇ ਸਿਆਸੀ ਹਾਲਾਤ ਬਦਲ ਗਏ ਹਨ। ਅੱਜ ਦਾ ਭਾਰਤ ਹਵਾਈ ਜਹਾਜਾਂ ਤੇ ਉਡਦਾ ਫਿਰ ਰਿਹਾ ਹੈ, ਸ਼ੋਸ਼ਲ ਮੀਡੀਆ ਨੇ ਇਸ ਦੇਸ਼ ਦੀ ਦਸ਼ਾ ਅਤੇ ਦਿਸ਼ਾ ਬਹੁਤ ਬਦਲ ਦਿੱਤੀ ਹੈ। ਅੰਦਰੂਨੀ ਸੈਂਸਰਸ਼ਿੱਪ ਵਰਗੀ ਸਥਿਤੀ ਹੁਣ ਮੀਡੀਆ ਦੀ ਸੁਚੇਤ ਕੋਸ਼ਿਸ਼ ਦੇ ਬਾਵਜੂਦ ਵੀ ਨਹੀ ਰਹਿ ਰਹੀ। ਆਰਥਿਕਤਾ ਦੇ ਮਾਡਲ ਬਦਲ ਗਏ ਹਨ, ਸੰਸਾਰੀਕਰਨ ਨੇ ਦੇਸ਼ ਦੀ ਅਬਾਦੀ ਦੇ ਇੱਕ ਹਿੱਸੇ ਨੂੰ ਵਿਦੇਸ਼ੀ ਜਮਹੂਰੀਅਤਾਂ ਦੇ ਮਾਡਲ ਦੀ ਸਮਝ ਦਿਵਾ ਦਿੱਤੀ ਹੈ। ਅੱਤਵਾਦ ਵੀ ਹੁਣ ਕੱਟੜ ਧਾਰਿਮਕ ਜਥੇਬੰਦੀਆਂ ਦਾ ਟਰੇਡ ਮਾਰਕ ਨਹੀ ਰਿਹਾ ਬਲਕਿ ਵੱਡੇ ਮੁਲਕ ਇਸ ਵਿੱਚ ਆਪ ਸ਼ਾਮਲ ਹੋ ਗਏ ਹਨ।

੨੧ਵੀਂ ਸਦੀ ਦੇ ਭਾਰਤ ਦੀਆਂ ਸਿਆਸੀ ਅਤੇ ਸਮਾਜਿਕ, ਆਰਥਿਕ ਲੋੜਾਂ ਬਿਲਕੁਲ ਬਦਲ ਗਈਆਂ ਹਨ। ਇਹ ੧੯੪੭ ਵਾਲਾ ਭਾਰਤ ਨਹੀ ਰਿਹਾ। ਇਸ ਲਈ ਭਾਰਤ ਦੀ ਜਮਹੂਰੀਅਤ ਦਾ ਮਾਡਲ ਵੀ ੧੯੪੭ ਵਾਲਾ ਨਹੀ ਹੋਣਾਂ ਚਾਹੀਦਾ।

ਇਸ ਵੇਲੇ ਸੁਆਲਾਂ ਦਾ ਸਵਾਲ ਇਹ ਹੈ ਕਿ ਦੇਸ਼ ਸਾਹਮਣੇ ਦਰਪੇਸ਼ ਵੱਡੀਆਂ ਚੁਣੌਤੀਆਂ ਦੇ ਸਨਮੁੱਖ ਇਸਦੇ ਜਮਹੂਰੀ ਮਾਡਲ ਵਿੱਚ ਕੀ ਤਬਦੀਲੀਆਂ ਕੀਤੀਆਂ ਜਾਣ? ੨੧ਵੀਂ ਸਦੀ ਦਾ ਜਮਹੂਰੀ ਮਾਡਲ ਕਿਹੋ ਜਿਹਾ ਹੋਵੇ।

ਸਾਡਾ ਮੰਨਣਾਂ ਹੈ ਕਿ ਹੁਣ ਵਕਤ ਆ ਗਿਆ ਹੈ ਕਿ ਭਾਰਤ ਦੇ ਸਾਰੇ ਸਿਆਸੀ ਨੇਤਾ, ਬੁਧੀਜੀਵੀ ਅਤੇ ਮੀਡੀਆ ਰਾਹੀਂ ਦੇਸ਼ ਨੂੰ ਅਗਵਾਈ ਦੇਣ ਦਾ ਦਾਅਵਾ ਕਰਨ ਵਾਲੇ ਸੱਜਣ ਇਸ ਸੱਚ ਨੂੰ ਪਹਿਚਾਣ ਲੈਣ ਕਿ ਭਾਰਤੀ ਜਮਹੂਰੀਅਤ ਦਾ ਅਜੋਕਾ ਮਾਡਲ ਆਪਣੀ ਉਮਰ ਪੁਗਾ ਕੇ ਬੁੱਢਾ ਹੋ ਗਿਆ ਹੈ ਅਤੇ ਜਮਹੂਰੀਅਤ ਦੀ ਨਿਰੰਤਰਤਾ (Dynamism of democracy) ਇਹ ਮੰਗ ਕਰਦੀ ਹੈ ਕਿ ਬੁਰੀ ਤਰ੍ਹਾਂ ਕੇਂਦਰੀਕ੍ਰਿਤ (blindly centralized) ਇਸ ਜਮਹੂਰੀ ਮਾਡਲ ਨੂੰ ਤਿਆਗ ਕੇ ਦੇਸ਼ ਹੁਣ ਵਿਕੇਂਦਰੀਕ੍ਰਿਤ (de-centralised) ਜਮਹੂਰੀ ਮਾਡਲ ਨੂੰ ਅਪਨਾਉਣ ਲਈ ਕਦਮ ਅੱਗੇ ਵਧਾਏ। ਇਸ ਵਿਸ਼ੇ ਬਾਰੇ ਸਰਬਸਾਂਝੀ ਡੀਬੇਟ ਹੋਵੇ ਜਿਸ ਵਿੱਚ ਘੱਟ-ਗਿਣਤੀਆਂ ਦੇ ਵਿਚਾਰ ਧਿਆਨ ਨਾਲ ਸੁਣੇ ਜਾਣ। ਇਸ ਗੱਲ ਨੂੰ ਮੰਨਣ ਵਿੱਚ ਹੁਣ ਕੋਈ ਸੰਗ-ਸ਼ਰਮ ਨਹੀ ਹੋਣੀ ਚਾਹੀਦੀ ਕਿ ਭਾਰਤ ਬਹੁਤ ਸਾਰੀਆਂ ਵਿਭਿੰਨਤਾਵਾਂ ਵਾਲਾ, ਕੌਮੀਅਤਾਂ ਦਾ ਸਮੂਹ (Union of Nations) ਹੈ ਅਤੇ ਇਸਦੇ ਅਗਲੇ ਪੜਾਅ ਦਾ ਵਿਕਾਸ ਕੌਮੀਅਤਾਂ ਦੇ ਸਮੂਹ ਦੇ ਤੌਰ ਤੇ ਹੀ ਕੀਤਾ ਜਾਣਾਂ ਚਾਹੀਦਾ ਹੈ।

ਅਸਦੀਂ ਸਮਝਦੇ ਹਾਂ ਕਿ ਮੀਡੀਆ ਵੱਲੋਂ ਮਹਿਜ਼ ਇਸ਼ਿਤਿਹਾਰ ਇਕੱਠੇ ਕਰਨ ਲਈ ਕਰਵਾਈਆਂ ਜਾਂਦੀਆਂ ਫਜੂਲ ਦੀਆਂ ਬਹਿਸਾਂ ਦਾ ਸਮਾਂ ਹੁਣ ਬੀਤ ਗਿਆ ਹੈ। ੨੧ਵੀਂ ਸਦੀ ਹੁਣ ਨਰਿੰਦਰ ਮੋਦੀਆਂ, ਰਾਹੁਲ ਗਾਂਧੀਆਂ ਜਾਂ ਕੇਜਰੀਵਾਲਾਂ ਬਾਰੇ ਬਹਿਸ ਕਰਨ ਦੀ ਨਹੀ ਹੈ ਬਲਕਿ ਭਾਰਤੀ ਜਮਹੂਰੀਅਤ ਦੇ ਅਗਲੇ ਪੜਾਅ ਬਾਰੇ ਵਿਚਾਰ ਕਰਕੇ ਦੇਸ਼ ਨੂੰ ਅੱਗੇ ਵਧਾਉਣ ਦੀ ਹੈ।

ਵਿਕੇਂਦਰੀਕਰਨ ਹੀ ਭਾਰਤੀ ਜਮਹੂਰੀ ਮਾਡਲ ਦਾ ਅਗਲਾ ਪੜਾਅ ਹੈ ਅਤੇ ਜਿੰਨੀ ਜਲਦੀ ਭਾਰਤ ਦੇ ਸਿਆਸੀ ਪਿਤਾਮਾ ਆਪਣੇ ਸਾਰੇ ਡਰ ਅਤੇ ਝੋਰੇ ਤਿਆਗ ਕੇ ਦੇਸ਼ ਨੂੰ ਅੱਗੇ ਵਧਾਉਣ ਲਈ ਕਦਮ ਪੁੱਟ ਲੈਣਗੇ ਉਨੀ ਜਲਦ ਹੀ ਉਹ ਦੇਸ਼ ਦਾ ਅਸਲ ਭਲਾ ਕਰ ਰਹੇ ਹੋਣਗੇ, ਵਰਨਾ ਇਸੇ ਜਮਹੂਰੀ ਮਾਡਲ ਤਹਿਤ ਚਲਾਇਆ ਜਾਣ ਵਾਲਾ ਭਾਰਤ ਜ਼ਿੰਬਾਵਵੇ ਤਾਂ ਬਣ ਸਕਦਾ, ਹੈ ਕੈਲੇਫੋਰਨੀਆ ਨਹੀ।