ਪਿਛਲੇ ਦਿਨੀਂ ੨੨ ਫਰਵਰੀ ਨੂੰ ਪਿਛਲੇ ਸਾਲ ਵਾਂਗ ਦਿੱਲੀ ਯੂਨੀਵਰਸਿਟੀ ਦੇ ਇੱਕ ਰਾਮਜਸ ਕਾਲਜ ਵਿੱਚ ਇੱਕ ਵਿਚਾਰ ਗੋਸ਼ਟੀ ਦਾ ਵਿਦਿਆਰਥੀਆਂ ਵੱਲੋਂ ਆਯੋਜਨ ਕੀਤਾ ਗਿਆ। ਜਿਸ ਵਿੱਚ ਅਹਿਮ ਸਪੀਕਰ ਉਮਰ ਖਾਲਿਦ ਸੀ ਜੋ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਦਾ ਵਿਦਿਆਰਥੀ ਹੈ ਤੇ ਉਹ ਮੁਸਲਮ ਭਾਈਚਾਰੇ ਨਾਲ ਸਬੰਧਿਤ ਹੈ। ਇਸ ਉਪਰ ਪਿਛਲੇ ਸਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਵਿਚਾਰ ਗੋਸ਼ਟੀ ਕਰਕੇ ਹੋਈ ਚਰਚਾ ਕਾਰਨ ਕਈ ਪਰਚੇ ਦਰਜ ਹੋਏ ਹਨ। ਹੁਣ ਉਹ ਜ਼ਮਾਨਤ ਉਤੇ ਹੈ। ਇਸ ਦੇ ਵਿਰੋਧ ਵਿੱਚ ਰਾਮਜਸ ਕਾਲਜ ਵਿੱਚ ਵੀ ਆਰ.ਐਸ.ਐਸ. ਅਤੇ ਬੀ.ਜੇ.ਪੀ ਦੇ ਵਿਦਿਆਰਥੀ ਵਿੰਗ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਹੁੱਲੜਬਾਜੀ ਕਰਦੇ ਹੋਏ ਹਿੰਸਾ ਤੇ ਉਤਾਰੂ ਹੋ ਕੇ ਇਸ ਵਿਚਾਰ ਗੋਸ਼ਟੀ ਨੂੰ ਰੋਕਣ ਲਈ ਮਾਰ-ਕੁਟਾਈ ਤੇ ਉੱਤਰ ਆਏ ਜਿਸ ਕਰਕੇ ਕਈ ਵਿਦਿਆਰਥੀਆਂ ਤੇ ਪ੍ਰੋਫਸਰਾਂ ਦੇ ਇਸ ਹਿੰਸਕ ਝੜਪ ਵਿੱਚ ਸੱਟਾਂ ਵੱਜੀਆਂ।
ਇਸ ਝੜਪ ਦੇ ਮਗਰੋਂ ਸ਼ੋਸਲ ਮੀਡੀਆਂ ਤੇ ਜਦੋਂ ਵਿਦਿਆਰਥੀ ਵਰਗ ਜਦੋਂ ਆਪਣੇ ਵਿਚਾਰਾਂ ਦਾ ਇਜ਼ਹਾਰ ਕਰ ਰਿਹਾ ਸੀ ਤਾਂ ਇੱਕ ਲੜਕੀ ਜੋ ਕਿ ਸਿੱਖ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਸਦਾ ਨਾਮ ਗੁਰਮੇਹਰ ਕੌਰ, ਉਹ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਿਤ ਹੈ। ਉਸਦਾ ਪਿਤਾ ਕਾਰਗਿਲ ਦੀ ਜੰਗ ਵਿੱਚ ਬਤੌਰ ਕੈਪਟਨ ੧੯੯੯ ਵਿੱਚ ਸ਼ਹੀਦ ਹੋ ਚੁੱਕਿਆ ਹੈ। ਗੁਰਮੇਹਰ ਕੌਰ ਜੋ ਇਸ ਵਕਤ ਹੁਣ ਦਿੱਲੀ ਯੂਨੀਵਰਸਿਟੀ ਦੇ ਇੱਕ ਵਧੀਆ ਕਾਲਜ ਲੇਡੀ ਸ੍ਰੀ ਰਾਮ ਦੀ ਵਿਦਿਆਰਥਣ ਹੈ, ਨੇ ਆਪਣੇ ਵੱਲੋਂ ਵੀ ਇਸ ਵਿਵਾਦ ਵਿੱਚ ਸ਼ਾਮਲ ਹੁੰਦਿਆ ਇੱਕ ਤਸਵੀਰ ਪੋਸਟ ਕਰ ਦਿੱਤੀ ਕਿ ਮੈਂ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੋਂ ਨਹੀਂ ਡਰਦੀ। ਮੈਂ ਇੱਕ ਕਾਰਗਿਲ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਹਾਂ। ਇਹ ਤਸਵੀਰ ਆਉਣ ਦੀ ਦੇਰ ਸੀ ਕਿ ਉਸ ਨੂੰ ਸ਼ੋਸਲ ਮੀਡੀਆ ਤੇ ਮੰਦੀ ਬਿਰਤੀ ਵਾਲਿਆਂ ਦੀਆਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਬੇਨਾਮੀਆਂ ਧਮਕੀਆਂ ਆਉਣ ਲੱਗ ਪਈਆਂ। ਜਿੰਨਾਂ ਵਿੱਚ ਮੁੱਖ ਤੌਰ ਤੇ ਉਸਨੂੰ ਬਲਾਤਕਾਰ ਤੇ ਮਾਰਨ ਦੀਆਂ ਧਮਕੀਆਂ ਸਨ। ਇਸ ਟ੍ਰੌਲਿੰਗ ਮੁੰਹਿਮ ਵਿੱਚ ਬੀ.ਜੇ.ਪੀ. ਸਰਕਾਰ ਦੇ ਮੰਤਰੀ, ਉੱਘੇ ਕ੍ਰਿਕਟ ਦੇ ਸਪੋਰਟਸਮੈਨ, ਐਕਟਰ ਤੇ ਇੱਕ ਦੋ ਨਵੀਆਂ ਮਸ਼ਹੂਰ ਹੋਈਆਂ ਇਸਤਰੀ ਰੈਸਲਰਾਂ ਨੇ ਉਸਦੇ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆਂ। ਆਖਰਕਾਰ ਗੁਰਮੇਹਰ ਕੌਰ ਨੇ ਇਹ ਕਹਿ ਕੇ ਆਪਣੀ ਮੁੰਹਿਮ ਸਮਾਪਤ ਕਰਕੇ ਜਲੰਧਰ ਚਲੀ ਗਈ ਕਿ ਮੈਂ ਡਰਦੀ ਨਹੀਂ, ਪਰ ਮੈਂ ਇਸ ਵਿਵਾਦ ਵਿੱਚ ਹੋਰ ਉਲਝਣਾਂ ਨਹੀਂ ਚਾਹੁੰਦੀ। ਅੱਜ ਭਾਰਤ ਦੀ ਆਹ ਤਸਵੀਰ ਹੈ ਕਿ ਜੇ ਗੁਰਮੇਹਰ ਕੌਰ ਵਾਂਗੂੰ ਤੁਸੀਂ ਤਖਤੀ ਲੈ ਕੇ ਅਹਿੰਸਾ ਦੀ ਬਜਾਇ ਗਾਂਧੀ ਦੇ ਮੁਲਕ ਸਾਂਤੀ ਦੀ ਗੱਲ ਦਾ ਪ੍ਰਚਾਰ ਕਰੋ ਤਾਂ ਤੁਸੀਂ ਦੇਸ਼ ਧ੍ਰੋਹੀ ਅਤੇ ਗੁਮਰਾਹ ਮੰਨੇ ਜਾਂਦੇ ਹੈ। ਇਸੇ ਤਰਾਂ ਜੇ ਪਾਕਿਸਤਾਨ ਨਾਲ ਕੋਈ ਸਾਂਤੀ ਵਾਰਤਾ ਜਿਸਦਾ ਪ੍ਰਗਟਾਵਾ ਗੁਰਮੇਹਰ ਨੇ ਵੀ ਆਪਣੀ ਤਖਤੀ ਵਿੱਚ ਕੀਤਾ ਤਾਂ ਤੁਸੀਂ misguided ਤੇ misdirected ਮੰਨੇ ਜਾਂਦੇ ਹੋ।
ਇਹ ਅੱਜ ਦਾ ਭਾਰਤ ਹੈ। ਇਸ ਤਰਾਂ ਦਾ ਪ੍ਰਗਟਾਵਾ ਪਿਛਲੇ ਢਾਈ ਸਾਲਾਂ ਤੋਂ ਵੱਧ ਗਿਆ ਹੈ। ਜਦੋਂ ਦੀ ਮੋਦੀ ਸਰਕਾਰ ਕੇਂਦਰ ਤੇ ਬਿਰਾਜਮਾਨ ਹੋਈ ਹੈ। ਸੰਘ ਪਰਿਵਾਰ ਜਿਸ ਵਿੱਚ ਵੱਖ ਵੱਖ ਹਿੰਦੂ ਜੱਥੇਬੰਦੀਆਂ ਆਉਂਦੀਆਂ ਹਨ ਆਪਣੇ ਬਹੁ-ਗਿਣਤੀ ਬਲ ਤੇ ਨਵੀਂ ਰਾਸਟਰੀ ਹਿੰਦੂਵਾਦੀ ਸੋਚ ਨੂੰ ਹਰ ਇੱਕ ਭਾਰਤੀ ਉੱਪਰ ਠੋਸਣਾ ਚਾਹੁੰਦਾ ਹੈ। ਪਰ ਉਸਨੂੰ ਪਤਾ ਨਹੀਂ ਕਿ ਇਥੇ ਇੱਕ ਅਜਿਹੀ ਜਮਾਤ ਵੀ ਹੈ ਜੋ ਹੁੱਲੜਬਾਜੀ ਦੀ ਬਜਾਇ, ਹੁੱਬਲਵਤਨੀ ਦੇ ਨਾਂ ਤੇ ਹੁੰਦੀ ਹੁਲੜਬਾਜੀ ਦੇ ਸੱਚ ਨੂੰ ਜਾਣਦੀ ਤੇ ਸਮਝਦੀ ਹੈ। ਉਹ ਸਮਝਦੀ ਹੈ ਕਿ ਇੱਥੇ ਲੜਾਈ ਹਿੰਦ-ਪਾਕਿ ਦੀ ਨਹੀਂ ਸਗੋਂ ਦੋਨੋਂ ਪਾਸੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਇ ਲੀਡਰਾਂ ਦੀ ਆਪਣੀਆਂ ਭਾਵਨਾਵਾਂ ਨੂੰ ਚਮਕਾਉਣ ਦੀ ਹੈ। ਨਹੀਂ ਤਾਂ ਗੁਰਮੇਹਰ ਦੇ ਕਹਿਣ ਮੁਤਾਬਕ ਕਿਸੇ ਨੂੰ ਆਪਣੀ ਦੋ ਸਾਲ ਦੀ ਉਮਰ ਵਿੱਚ ਜੰਗ ਵਿੱਚ ਆਪਣੇ ਪਿਤਾ ਨੂੰ ਗੁਆਉਣ ਦੀ ਲੋੜ ਨਾ ਪਵੇ। ਇਹ ਮਸਲੇ ਦੁਨੀਆਂ ਦੇ ਹੋਰ ਮਸਲਿਆਂ ਵਾਂਗ ਗੱਲਬਾਤ ਰਾਹੀਂ ਸਮਝਾਏ ਜਾਣੇ ਚਾਹੀਦੇ ਹਨ। ਗੁਰਮੇਹਰ ਕੌਰ ਦੇ ਇਸ ਵਿਸ਼ੇ ਦੇ ਸਮਰਥਨ ਵਿਚ ਦਿਲੀ, ਚੰਡੀਗੜ੍ਹ, ਮੰਬਈ ਆਦਿ ਥਾਵਾਂ ਤੇ ਵੀ ਵਿਦਿਆਰਥੀਆਂ ਤੇ ਹੋਰ ਜਨਤਕ ਸੋਚ ਵਾਲੇ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ ਤੇ ਏ.ਬੀ.ਵੀ. ਦੇ ਖਿਲਾਫ ਉਸਦੀ ਸੋਚ ਤੋਂ ਅਜਾਦੀ ਦੀ ਮੰਗ ਉਠਾਈ ਹੈ।