ਪੰਜਾਬ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਜਿੱਥੇ ਮਹਾਨ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਸੱਭਿਅਕ ਅਤੇ ਇਮਾਨਦਾਰ ਬਣਾਉਣ ਲਈ ਨਾ ਕੇਵਲ ਸਿਧਾਂਤ ਸਿਰਜੇ ਬਲਕਿ ਉਨ੍ਹਾਂ ਸਿਧਾਂਤਾਂ ਨੂੰ ਪਰਪੱਕ ਕਰਨ ਲਈ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਜਾਨ ਤੱਕ ਦੇ ਦਿੱਤੀ। ਦਸ ਗੁਰੂ ਸਾਹਿਬਾਨ ਵੱਲੋਂ ਪੰਜਾਬ ਦੀ ਇਸ ਧਰਤੀ ਤੇ ਜੋ ਇਨਕਲਾਬ ਦਾ ਫੁੱਲ ਖਿੜਾਇਆ ਗਿਆ ਉਸ ਨੂੰ ਮਸਲ ਦੇਣ ਲਈ ਸਮੇਂ ਸਮੇਂ ਤੇ ਬਹੁਤ ਹੀ ਜਾਬਰ ਅਤੇ ਖੁੰਖਾਰੂ ਹਕੂਮਤਾਂ ਨੇ ਯਤਨ ਕੀਤੇ। ਕਿਸੇ ਨੇ ਗੁਰੂ ਸਾਹਿਬਾਨ ਨੂੰ ਹੀ ਤੱਤੀ ਤਵੀ ਤੇ ਬਿਠਾ ਦਿੱਤਾ, ਕਿਸੇ ਨੇ ਮਾਸੂਮ ਬਾਲਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ, ਕਿਸੇ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਪਾ ਦਿੱਤੇ, ਕਿਸੇ ਨੇ ਪੁਲਿਸ ਮੁਕਾਬਲਿਆਂ ਰਾਹੀਂ ਸਿੱਖੀ ਦੇ ਬੂਟੇ ਨੂੰ ਖਤਮ ਕਰਨ ਦਾ ਯਤਨ ਕੀਤਾ ਅਤੇ ਕਿਸੇ ਨੇ ਸਿੱਖੀ ਦੇ ਭੇਸ ਵਿੱਚ ਪੰਜਾਬ ਤੇ ਸਿਆਸੀ ਅਤੇ ਧਾਰਮਕ ਤਾਨਾਸ਼ਾਹੀ ਕਾਇਮ ਕਰਕੇ ਆਪਣਾਂ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਯਤਨ ਕੀਤੇ। ਪਿਛਲੇ ੧੦ ਸਾਲਾਂ ਤੋਂ ਅਸੀਂ ਪੰਜਾਬ ਵਿੱਚ ਇੱਕ ਅਜਿਹੇ ਹਾਕਮ ਨੂੰ ਸਹਿ ਰਹੇ ਹਾਂ ਜਿਸ ਦੇ ਮਨ ਵਿੱਚ ਇਹ ਭਰਮ ਪੈਦਾ ਹੋ ਗਿਆ ਹੈ ਕਿ ਉਹ ਗੁਰੂ ਗਰੰਥ ਸਾਹਿਬ ਤੋਂ ਵੀ ਉਚਾ ਹੈ। ਉਹ ਗੁਰੂ ਸਾਹਿਬ ਦੀ ਹਾਜਰੀ ਵਿੱਚ ਕੁਰਸੀ ਡਾਹ ਕੇ ਬੈਠਣ ਵਾਲਾ ਪਹਿਲਾ ਹਾਕਮ ਹੈ। ਉਹ ਸਮਝਦਾ ਹੈ ਕਿ ਸਿੱਖਾਂ ਦਾ ਹਰ ਵਰਗ ਵਿਕਾਊ ਹੈ ਅਤੇ ਹਰ ਸਿੱਖ ਨੂੰ ਛੋਟਾ ਮੋਟਾ ਲਾਲਚ ਦੇ ਕੇ ਖਰੀਦਿਆ ਜਾ ਸਕਦਾ ਹੈ। ਜਿਹੜੇ ਖਰੀਦੇ ਨਹੀ ਜਾ ਸਕਦੇ ਉਨ੍ਹਾਂ ਨੂੰ ਆਪਣੀ ਫੌਜੀ ਤਾਕਤ ਦੇ ਜੋਰ ਨਾਲ ਸਿਰ ਪਰਨੇ ਕੀਤਾ ਜਾ ਸਕਦਾ ਹੈ।ਉਹ ਸ਼ਾਇਦ ਪੰਜਾਬ ਦੇ ਇਤਿਹਾਸ ਨੂੰ ਭੁੱਲ ਗਿਆ ਹੈ।

ਗੁਰੂ ਸਾਹਿਬ ਦੀ ਸਿਖਿਆ ਅਤੇ ਉਸ ਸਿਖਿਆ ਪਿੱਛੇ ਖੜ੍ਹਾ ਇਤਿਹਾਸ ਕਦੇ ਵੀ ਅਜਿਹੇ ਹਾਕਮਾਂ ਦੀਆਂ ਇਛਾਵਾਂ ਅੱਗੇ ਨਹੀ ਵਿਛਿਆ। ਗੁਰੂ ਸਾਹਿਬ ਨੇ ਰਾਜ ਕਰਨ ਦਾ ਜੋ ਸੰਕਲਪ ਦਿੱਤਾ ਸੀ ਉਸ ਵਿੱਚ ਅਜਿਹੀ ਬੇਕਿਰਕ ਬੁਰਛਾਗਰਦੀ ਲਈ ਕੋਈ ਥਾਂ ਨਹੀ ਸੀ। ਗੁਰਮਤ ਦੇ ਰੰਗ ਵਿੱਚ ਰੰਗਿਆ ਹੋਇਆ ਰਾਜਾ ਹਮੇਸ਼ਾ ਸੱਭਿਅਕ, ਸਾਦਗੀ ਭਰਪੂਰ ਅਤੇ ਨਿਮਾਣਾਂ ਹੋਣਾਂ ਚਾਹੀਦਾ ਹੈ। ਉਸ ਵਿੱਚ ਹੋਛੇਪਣ ਜਾਂ ਮੁੰਡੂਪੁਣੇ ਵਾਲੀਆਂ ਅਲਾਮਤਾਂ ਨਹੀ ਹੋਣੀਆਂ ਚਾਹੀਦੀਆਂ।

ਪਰ ਪਿਛਲੇ ਦਸ ਸਾਲਾਂ ਤੋਂ ਅਸੀਂ ਪੰਜਾਬ ਵਿੱਚ ਜੋ ਦੇਖ ਅਤੇ ਹੰਢਾ ਰਹੇ ਹਾਂ ਉਹ ਨਾ ਤਾਂ ਗੁਰਮਤ ਦੇ ਰੰਗ ਵਿੱਚ ਰੰਗੀ ਹੋਈ ਸਿਆਸਤ ਸੀ ਅਤੇ ਨਾ ਹੀ ਮਨੁੱਖਤਾ ਦੇ ਰੰਗ ਵਿੱਚ। ਇਸ ਸਿਆਸਤ ਨੇ ਜਿੱਥੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚਲਣ ਵਾਲੇ ਗੁਰਸਿੱਖਾਂ ਤੇ ਗੋਲੀਆਂ ਚਲਾਈਆਂ ਉਥੇ ਪੰਜਾਬ ਦੇ ਲੋਕਾਂ ਤੇ ਬੇਤਹਾਸ਼ਾ ਤਸ਼ੱਦਦ ਕਰਨ ਵਾਲੇ ਜਾਲਮ ਪੁਲਿਸ ਅਫਸਰਾਂ ਨੂੰ ਸੁਪਰੀਮ ਕੋਰਟ ਤੱਕ ਜਾ ਕੇ ਬਚਾਇਆ। ਬਜ਼ੁਰਗਾਂ ਦੀਆਂ ਦਸਤਾਰਾਂ ਅਤੇ ਭੈਣਾਂ-ਮਾਵਾਂ ਦੀਆਂ ਚੁੰਨੀਆਂ ਇਸ ਰਾਜ ਵਿੱਚ ਨਿੱਤ ਦਿਹਾੜੇ ਰੁਲਦੀਆਂ ਰਹੀਆਂ ਸਨ। ਰਾਜੇ ਦੇ ਜੀ ਹਜੂਰੀਏ ਪੰਜਾਬ ਦੇ ਅਣਖੀ ਲੋਕਾਂ ਨੂੰ ਕੀੜੀਆਂ-ਮਕੌੜੇ ਸਮਝਦੇ ਰਹੇ ਸਨ।

ਸਰਕਾਰ ਦੇ ਨਾਅ ਤੇ ਇਨ੍ਹਾਂ ਨੇ ਹਰ ਕਿਸਮ ਦਾ ਆਰਥਕ ਘਪਲਾ ਕਰਨ ਦੇ ਰਿਕਾਰਡ ਤੋੜ ਦਿੱਤੇ ਹਨ। ਕੋਈ ਵੀ ਸਰਕਾਰੀ ਸਕੀਮ ਇਹੋ ਜਿਹੀ ਨਹੀ ਹੈ ਜਿਸ ਦਾ ਪੈਸਾ ਹੋਰ ਸਕੀਮਾਂ ਅਤੇ ਆਪਣੀ ਐਸ਼ ਪ੍ਰਸਤੀ ਤੇ ਨਾ ਖਰਚਿਆ ਹੋਵੇ। ਇੱਥੋਂ ਤੱਕ ਕਿ ਬੱਚਿਆਂ ਦੇ ਵਜ਼ੀਫੇ ਅਤੇ ਬਜ਼ੁਰਗਾਂ ਦੀ ਪੈਨਸ਼ਨ ਵੀ ਇਹ ਸਰਕਾਰ ਆਪਣੀ ਐਸ਼-ਪ੍ਰਸਤੀ ਲਈ ਵਰਤ ਗਈ।

ਰਾਜ ਦੇ ਨਾਅ ਤੇ ਚਲਦੀ ਇਸ ਦੁਕਾਨਦਾਰੀ ਦੇ ਮੁਖੀ ਨੇ ਪੰਜਾਬ ਦੇ ਅਣਖ਼ੀ ਲੋਕਾਂ ਨੂੰ ਮੰਗਤੇ ਬਣਾਉਣ ਦੇ ਸਾਰੇ ਵਸੀਲੇ ਜੁਟਾ ਦਿੱਤੇ ਤਾਂ ਕਿ ਉਹ ਉਸ ਰਾਜੇ ਦੀ ਬਖਸ਼ਿਸ਼ ਤੇ ਨਿਰਭਰ ਹੋ ਜਾਣ। ਪੰਜਾਬ ਦੀ ਗੈਰਤ ਨੇ ਇਹ ਕਦੇ ਵੀ ਗਵਾਰਾ ਨਹੀ ਕੀਤਾ ਕਿ ਕੋਈ ਰਾਜਾ ਆਪਣੇ ਰਾਜ ਦੇ ਹੰਕਾਰ ਵਿੱਚ ਏਨਾ ਅੰਨ੍ਹਾਂ ਹੋ ਜਾਵੇ ਕਿ ਉਹ ਪਰਜਾ ਨੂੰ ਟਿੱਚ ਜਾਨਣ ਲੱਗ ਜਾਵੇ। ਗੁਰੂ ਸਾਹਿਬ ਨੇ ਸੰਗਤ ਨੂੰ ੨੧ ਵਿਸਵੇ ਦਾ ਸਤਿਕਾਰ ਦਿੱਤਾ ਸੀ ਪਰ ਇਸ ਗੁੰਡਾ ਰਾਜ ਵਿੱਚ ਸੰਗਤ ਅਤੇ ਸੰਗਤ ਦੇ ਨੁਮਾਇੰਦਿਆਂ ਨੂੰ ਦੇਸ਼ ਧਰੋਹੀ ਦੇ ਕੇਸਾਂ ਅਧੀਨ ਜੇਲ਼੍ਹਾਂ ਵਿੱਚ ਸੁਟਿਆ ਗਿਆ।

ਸਿੱਖਾਂ ਦੀ ਪ੍ਰਭੂਸੱਤਾ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਵੀ ਇਸ ਰਾਜ ਵਿੱਚ ਗੁਲਾਮ ਹੋ ਕੇ ਰਹਿ ਗਏ। ਸਿੱਖ ਪ੍ਰਭੂਸੱਤਾ ਅਤੇ ਸਿੱਖੀ ਦੇ ਕਿਰਦਾਰ ਦੀ ਬੁਲੰਦ ਅਵਾਜ਼ ਸ੍ਰੀ ਅਕਾਲ ਤਖਤ ਸਾਹਿਬ ਇੱਕ ਕੈਦੀ ਬਣ ਕੇ ਰਹਿ ਗਿਆ ਜਿਸ ਤੇ ਬੈਠੇ ਲੋਕ ਰਾਜੇ ਦੀ ਜੈ-ਜੈਕਾਰ ਕਰਨ ਵਿੱਚ ਹੀ ਆਪਣੀ ਭਲਾਈ ਸਮਝਣ ਲੱਗੇ।

ਇਹ ਸਭ ਕੁਝ ਸਾਡੇ ਇਤਿਹਾਸ ਅਤੇ ਸਾਡੇ ਗੁਰੂ ਸਾਹਿਬਾਨ ਦੀ ਸਿਖਿਆ ਦੀ ਸ਼ਰੇਆਮ ਉਲੰਘਣਾਂ ਹੈ। ਅਤੇ ਇਸ ਕਿਸਮ ਦੇ ਮਨਸੂਬੇ ਬਣਾ ਕੇ ਤੁਰਨ ਵਾਲੇ ਰਾਜੇ ਅਸਲ ਵਿੱਚ ਗੁੰਡਾਰਾਜ ਤੋਂ ਵਧਕੇ ਕੁਝ ਨਹੀ ਹਨ।

ਇਸ ਲਈ ਪੰਜਾਬ ਦੇ ਲੋਕਾਂ ਨੂੰ ਕਿਸੇ ਠੰਢੀ ਹਵਾ ਦਾ ਬੁੱਲਾ ਦਿਵਾਉਣ ਲਈ ਅਤੇ ਆਪਣੇ ਗੁਰਧਾਮਾਂ ਤੇ ਮਾਂ ਧਰਤੀ ਨੂੰ ਗੁੰਡਾਰਾਜ ਤੋਂ ਅਜ਼ਾਦ ਕਰਵਾਉਣ ਲਈ ਹੁਣ ਪੰਜਾਬ ਵਾਸੀਆਂ ਨੂੰ ਗੁੰਡਾ ਰਾਜ ਦੇ ਖਾਤਮੇ ਲਈ ਵੋਟ ਦੇਣੀ ਚਾਹੀਦੀ ਹੈ।