ਪੰਜਾਬ ਵਿਚ ਪਿਛਲੇ ਤਿੰਨ ਹਫਤਿਆਂ ਤੋਂ ਉਪਰ ਹੋ ਗਏ ਹਨ ਜਦੋਂ ਤੋਂ ਸਿੱਖ ਕੌਮ ਦੇ ਗੁਰੁ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਇਆ ਨੂੰ। ਇਹ ਬਹੁਤ ਹੀ ਦੁਖ ਦਾਇਕ ਘਟਨਾ ਅਤੇ ਹੋਰ ਵੀ ਦੁਖ ਦਾਈ ਪਹਿਲੂ ਇਹ ਹੈ ਜਿਸ ਤਰਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ {ਪਤਰੇ} ਬਗਰਾੜੀ ਪਿੰਡ ਦੀਆਂ ਰੂੜੀਆਂ ਤੇ ਖਿਲਾਰੇ ਗਏ ਅਤੇ ਅੱਜ ਵੀ ਗੁਰੁ ਸਾਹਿਬ ਜੀ ਦਾ ਸਰੂਪ ਪੰਜਾਬ ਸਰਕਾਰ ਪੰਥਕ ਅਖਵਾਉਣ ਦੇ ਬਾਵਯੂਦ ਲੱਭਣ ਵਿਚ ਕਾਮਯਾਬ ਨਹੀਂ ਹੋ ਸਕੀ। ਇਸ ਘਟਨਾਕ੍ਰਮ ਕਰਕੇ ਹੋਰ ਵੀ ਦੁਖਦਾਈ ਇਹ ਹੈ ਕਿ ਇਸਦੇ ਸੰਬਧ ਵਿੱਚ ਦੋ ਸਿਖ ਨੌਜਵਾਨ ਭਰਾਵਾਂ ਨੂੰ ਸ਼ੱਕ ਦੇ ਆਧਾਰ ਤੇ ਪੰਜਾਬ ਪੁਲੀਸ ਵਲੋਂ ੧੬ ਅਕਤੂਬਰ ਤੋਂ ਫੜਿਆ ਹੋਇਆ ਹੈ। ਇਸ ਗ੍ਰਿਫਤਾਰੀ ਕਰਕੇ ਸਿਖਾਂ ਦੇ ਮਨ ਅੰਦਰ ਖਾਸ ਕਰਕੇ ਪੰਥਕ ਅਖਵਾਉਣ ਵਾਲੀਆਂ ਧਿਰਾਂ ਵਿੱਚ ਕਾਫੀ ਸ਼ੱਕ ਅਤੇ ਰੋਹ ਹੈ ਅਤੇ ਉਹ ਇਹਨਾਂ ਸਿਖ ਨੌਜਵਾਨ ਭਰਾਵਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਉਪਰ ਲਗਾਤਾਰ ਵੱਖ-ਵੱਖ ਤਰੀਕਿਆਂ ਰਾਂਹੀ ਦਬਾਅ ਪਾ ਰਹੀਆਂ ਹਨ। ਇਹਨਾਂ ਦੋਨਾਂ ਨੌਜਵਾਨ ਭਰਾਵਾਂ ਦੀ ਆਪਸੀ ਗੱਲਬਾਤ ਦੀਆਂ ਦੋ ਟੈਲੀਫੋਨ ਗੱਲਬਾਤ ਦੀਆਂ ਟੇਪਾਂ ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਜਿਨਾਂ ਨੂੰ ਅਧਾਰ ਬਣਾ ਕੇ ਪੰਜਾਬ ਪੁਲੀਸ ਨੇ ਇਹਨਾਂ ਦੀ ਗ੍ਰਿਫਤਾਰੀ ਨੂੰ ਸਹੀ ਦੱਸਿਆ। ਇਸੇ ਅਧਾਰ ਤੇ ਪੰਜਾਬ ਦੇ ਮੁਖ ਮੰਤਰੀ ਤੇ ਡਿਪਟੀ ਮੁਖ ਮੰਤਰੀ ਨੇ ਵੀ ਇਸ ਨੂੰ ਘਰ-ਮਾਰੂ ਜੰਗ ਦਾ ਪੱਖ ਦਿਖਾਉਦਿਆਂ ਹੋਇਆਂ ਭਰਾ ਮਾਰੂ ਜੰਗ ਦੀ ਨੀਤੀ ਅਪਣਾਉਦਿਆਂ ਇਸ ਨੂੰ ਸਹੀ ਦਸਿਆ ਤੇ ਇਨਾਂ ਅਧੂਰੇ ਤੇ ਵਿਵਾਦਗ੍ਰਸਤ ਫੋਨਕਾਲ ਟੇਪਾਂ ਨੇ ਇਸ ਸੰਕਟਮਈ ਪੰਥਕ ਸਥਿਤੀ ਨੂੰ ਹੋਰ ਵੀ ਹਾਸੋਹੀਣੀ ਬਣਾ ਦਿੱਤਾ। ਇਸ ਨਾਲ ਪੰਜਾਬ ਦੇ ਲੋਕਾਂ ਵਿੱਚ ਖਾਸ ਕਰਕੇ ਸਿੱਖ ਹਲਕਿਆਂ ਵਿੱਚ ਇਸ ਗ੍ਰਿਫਤਾਰੀ ਪ੍ਰਤੀ ਕਿਸੇ ਤਰਾਂ ਦਾ ਵੀ ਵਿਸ਼ਵਾਸ ਉਤਪੰਨ ਨਹੀਂ ਹੋ ਸਕਿਆ। ਇਹਨਾਂ ਭਰਾਵਾਂ ਨੂੰ ਪੰਜਾਬ ਪੁਲੀਸ ਨੇ ਛੇ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਕੋਰਟ ਦੇ ਆਦੇਸ਼ਾਂ ਤੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜਦਕਿ ਪੁਲੀਸ ਹਿਰਾਸਤ ਦੌਰਾਨ ਦੋ ਫੋਨਟੇਪ ਕਾਲਾਂ ਹੋਰ ਲੋਕਾਂ ਸਾਹਮਣੇ ਲਿਆਂਦੀਆਂ ਗਈਆਂ ਜਿਸ ਵਿੱਚ ਇਹ ਦੋਵੇਂ ਭਰਾ ਵਾਰਤਾਲਾਪ ਦੌਰਾਨ ਸਿਰਫ ਗੁਰੂ ਸਾਹਿਬ ਦੇ ਅੰਗ ਜੋ ਕਿ ਇਹਨਾਂ ਕੋਲੇ ਸੀ, ਦੀ ਸੰਭਾਲ ਲਈ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲਿਜਾਣ ਬਾਰੇ ਚਰਚਾ ਸਾਹਮਣੇ ਆਈ ਹੈ। ਪਰ ਇਹ ਤਫਤੀਸ਼ ਤੇ ਚਰਚਾ ਕਿਸੇ ਤਰਾਂ ਵੀ ਇਹ ਸਿੱਧ ਨਹੀਂ ਕਰਦੀ ਤੇ ਨਾ ਹੀ ਗੁੰਮ ਹੋਈ ਗੁਰੁ ਸਾਹਿਬ ਦੇ ਸਰੂਪ ਨੂੰ ਲੱਭਣ ਵਿੱਚ ਸਹਾਈ ਹੋ ਸਕੀ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਵੀ ਸਾਹਮਣੇ ਆਈ ਹੈ ਕਿ ਜਿਹੜਾ ਗੁਰੂ ਸਾਹਿਬ ਦਾ ਸਰੂਪ ਪਿੰਡ ਬੁਰਜ-ਜਵਾਰਕੇ ਤੋਂ ਚੁੱਕਿਆ ਗਿਆ ਸੀ ਉਹ ਕਾਫੀ ਪੁਰਾਣਾ ਸੀ। ਪਰ ਜਿਹੜੇ ਅੰਗ ਗੁਰੂ ਸਾਹਿਬਾਨ ਦੇ ਬਰਗਾੜੀ ਪਿੰਡ ਤੋਂ ਖਿੱਲਰੇ ਹੋਏ ਪ੍ਰਾਪਤ ਹੋਏ ਹਨ ਉਹ ਕਿਸੇ ਹੋਰ ਸਰੂਪ ਦੇ ਹਨ ਜੋ ਕਿ ਹਾਲਾਤ ਮੁਤਾਬਕ ਗੁਰੂ ਸਾਹਿਬਾਨ ਦਾ ਨਵੇਂ ਸਰੂਪ ਦੇ ਅੰਗ ਹਨ। ਇਹ ਵਾਕਿਆ ਹੁਣ ਇਹ ਸਿੱਧ ਕਰ ਰਿਹਾ ਹੈ ਕਿ ਪੰਜਾਬ ਵਿੱਚ ਇਸ ਸਮੇਂ ਇੱਕ ਨਹੀਂ ਦੋ ਗੁਰੁ ਸਾਹਿਬਾਨ ਦੇ ਸਰੂਪ ਗੁੰਮ ਹੋਏ ਹਨ। ਇੱਕ ਉਹ ਜੋ ਪਿੰਡ ਬੁਰਜ ਜਵਾਰਕੇ ਤੋਂ ਚੁੱਕਿਆ ਗਿਆ ਤੇ ਦੂਸਰਾ ਉਹ ਸਰੂਪ ਜਿਸਦੇ ਅੰਗ ਪਿੰਡ ਬਰਗਾੜੀ ਵਿੱਚ ਖਿਲਾਰੇ ਗਏ ਹਨ। ਸਿਆਸੀ ਨੇਤਾਵਾਂ ਪੰਥਕ ਧਿਰਾਂ ਤੇ ਪ੍ਰਸਾਸ਼ਕੀ ਅਹਿਲਕਾਰਾਂ ਵਿੱਚ ਦੂਰ ਦ੍ਰਿਸ਼ਟੀ ਦੀ ਘਾਟ ਅਤੇ ਲੁੱਟ ਖਸੁੱਟ ਦੀ ਵਧ ਰਹੀ ਬਿਰਤੀ ਕਾਰਨ ਅੱਜ ਪੰਜਾਬ ਜਿਸ ਵਿੱਚ ਲੰਮੇ ਸਮੇਂ ਤੋਂ ਪੰਥਕ ਅਖਵਾਉਣ ਵਾਲੀ ਸਰਕਾਰ ਰਾਜ ਕਰ ਰਹੀ ਹੈ ਉਹ ਆਪਣੀ ਹੀ ਬੁਣੀ ਹੋਈ ਘੁੰਮਣਘੇਰੀ ਤੇ ਆਪੋ-ਧਾਪ ਦੇ ਘੇਰਿਆਂ ਅੰਦਰ ਉਲਝ ਕੇ ਰਹਿ ਗਈ ਹੈ। ਅੱਜ ਪੰਜਾਬ ਖਾਸ ਕਰਕੇ ਸਿੱਖ ਕੌਮ ਇਥੋਂ ਤੱਕ ਅਸਮਰੱਥ ਹੋ ਗਈ ਹੈ ਅਤੇ ਇੱਕ ਤਰਾਂ ਨਾਲ ਬੇਵੱਸ ਤੇ ਲਾਚਾਰ ਜਾਪਦੀ ਹੈ ਜਿਸ ਸਦਕਾ ਅਸੀਂ ਸਿੱਖ ਆਪਣੇ ਪ੍ਰਤੱਖ ਰੂਪ ਗੁਰੁ ਨੂੰ ਵੀ ਹਿਫਾਜਤ ਨਾਲ ਸਤਿਕਾਰ ਵਜੋਂ ਸਾਂਭ ਨਹੀਂ ਸਕੇ ਹਾਂ। ਇਸ ਸਾਰੇ ਘਟਨਾਕ੍ਰਮ ਪਿੱਛੇ ਪੰਜਾਬ ਪੁਲੀਸ ਦਾ ਰੋਲ ਅਤੇ ਜੁੰਮੇਵਾਰੀ ਬੁਰੀ ਤਰਾਂ ਪ੍ਰਭਾਵਤ ਹੋਈ ਹੈ ਅਤੇ ਇਸ ਕਰਕੇ ਹੀ ਪੰਜਾਬ ਸਰਕਾਰ ਨੂੰ ਪੰਜਾਬ ਪੁਲੀਸ ਦੇ ਮੁਖੀ ਨੂੰ ਅਚਨਚੇਤ ਉਸਦੀ ਜੁੰਮੇਵਾਰੀ ਤੋਂ ਪਰੇ ਕਰਨਾ ਪਿਆ ਹੈ। ਇਹ ਕਦਮ ਜੋ ਕਿ ਸਿੱਖ ਕੌਮ ਵਿੱਚ ਬੜੀ ਦੇਰ ਤੋਂ ਚਰਚਾ ਦਾ ਵਿਸ਼ਾ ਸੀ ਕਿਉਂਕਿ ਬਦਲੇ ਗਏ ਪੁਲੀਸ ਮੁਖੀ ਬਾਰੇ ਸਿੱਖ ਸੰਘਰਸ਼ ਦੇ ਸਮੇਂ ਤੋਂ ਸਿੱਖ ਨੌਜਵਾਨਾਂ ਦੇ ਜਿਸਮਾਨੀ ਘਾਣ ਦੀ ਗਾਥਾ ਜੁੜੀ ਹੋਈ ਸੀ ਅਤੇ ਪੰਥ ਦੀ ਸਿਰਮੌਰ ਹਸਤੀ ਪ੍ਰੋ: ਰਾਜਿਦਰਪਾਲ ਸਿੰਘ ਬੁਲਾਰਾ ਵਰਗੇ ਪੰਥਕ ਇਨਸਾਨਾਂ ਦੇ ਖੂਨ ਨਾਲ ਇਹ ਸ਼ਖਸ਼ੀਅਤ ਲਿਬੜੀ ਹੋਈ ਸੀ। ਅੱਜ ੩੧ ਸਾਲ ਗੁਜਰ ਚੁੱਕੇ ਹਨ ਜਦੋਂ ਸਿੱਖਾਂ ਦੀ ਅਣਖ, ਸ਼ਾਨ, ਮਾਣ-ਮਰਿਯਾਦਾ ਭਾਰਤ ਦੀ ਰਾਜਧਾਨੀ ਤੋਂ ਲੈ ਕੇ ਹੋਰ ਅਣਗਿਣਤ ਸ਼ਹਿਰਾਂ ਵਿੱਚ ਹਿੰਦੂ ਭੀੜ ਵੱਲੋਂ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ਥਾਂ-ਥਾਂ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਰੋਲੀ ਗਈ ਸੀ ਜਿਸਦੀ ਪੀੜ, ਰਾਹਤ ਅਤੇ ਇਨਸਾਫ ਅੱਜ ਵੀ ਸਿੱਖ ਕੌਮ ਨੂੰ ਅੱਖਾਂ ਚਿੜਾ ਰਿਹਾ ਹੈ ਪਰ ਅੱਜ ਇੰਨੇ ਸਾਲਾਂ ਬਾਅਦ ਸਿੱਖ ਕੌਮ ਨੇ ਕੀ ਖਟਿਆ ਤੇ ਕੀ ਗਵਾਇਆ ? ਦੀ ਮੂੰਹ ਬੋਲਦੀ ਤਸਵੀਰ ਅੱਜ ਦੇ ਪੰਜਾਬ ਦੀ ਹੁਣ ਦੀ ਸਥਿਤੀ ਹੈ, ਜਿਸ ਅਧੀਨ ਅੱਜ ਸਾਡੇ ਸਿੱਖ ਕੌਮ ਦੇ ਪਵਿੱਤਰ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਅਸੀਂ ਹਿਫਾਜਤ ਕਰਨ ਵਿੱਚ ਨਾ-ਕਾਮਯਾਮ ਹੋ ਗਏ ਹਾਂ। ਇੱਕ ਹੋਰ ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ ਕਿ ੩੧ ਸਾਲਾਂ ਬਾਅਦ ਵੀ ਲਗਾਤਾਰ ਘੜੀ-ਦਰ-ਘੜੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸਦੀ ਕਾਰਜ਼ਗਾਰੀ ਤੇ ਇਸ ਤੋਂ ਵੀ ਵੱਡਾ ਸਿੱਖ ਕੌਮ ਦੀਆਂ ਸਿਰਮੌਰ ਹਸਤੀਆਂ ਪੰਜ ਸਿੰਘ ਸਾਹਿਬਾਨ ਅਤੇ ਇਹਨਾਂ ਦੀ ਜਿੰਮੇਵਾਰੀ ਅਧੀਨ ਸਿੱਖ ਕੌਮ ਦੇ ਪੰਜਾਂ ਤਖਤਾਂ ਕਿਸੇ ਤਰਾਂ ਨਾਲ ਵੀ ਸਿੱਖ ਕੌਮ ਨੂੰ ਸੇਧ ਦੇਣ ਅਤੇ ਦਿਸ਼ਾ ਨਿਰਦੇਸ਼ ਦੇਣ ਵਿੱਚ ਪੂਰੀ ਤਰਾਂ ਨਾ-ਕਾਮਯਾਬ ਰਹੇ ਹਨ।