ਘਰਾਂ ਨੂੰ ਪਰਤਣਾਂ ਮੁਸ਼ਕਿਲ ਬੜਾ ਹੈ…
ਸੁਰਜੀਤ ਪਾਤਰ ਦੀ ਇੱਕ ਨਜ਼ਮ ਹੈ-
ਹੁਣ ਘਰਾਂ ਨੂੰ ਪਰਤਣਾਂ ਮੁਸ਼ਕਿਲ ਬੜਾ ਹੈ
ਕੌਣ ਪਹਿਚਾਣੇਗਾ ਸਾਨੂੰ
ਮੱਥੇ ਤੇ ਮੌਤ ਦਸਤਖਤ ਕਰ ਗਈ ਹੈ
ਚਿਹਰੇ ਤੇ ਯਾਰ ਪੈੜਾਂ ਛੱਡ ਗਏ ਹਨ
ਅੱਖਾਂ ‘ਚੋ ਕੋਈ ਹੋਰ ਝਾਕਦਾ ਹੈ
ਘਰ, ਸੱਭਿਅਕ ਸਮਾਜ ਦੀ ਤਰਜਮਾਨੀ ਕਰਦੇ ਹਨ। ਉਹ ਸਮਾਜ ਜਿੱਥੇ ਸਾਡੇ ਪੁਰਖੇ ਵਸਦੇ ਹਨ, ਜਿੱਥੇ ਸਾਡੀਆਂ ਰਵਾਇਤਾਂ ਜਵਾਨ ਹੁੰਦੀਆਂ ਹਨ। ਸਮਾਜ, ਜਿੱਥੇ ਸਾਡਾ ਇਤਿਹਾਸ ਪਲਦਾ ਹੈ। ਸਮਾਜ, ਜਿੱਥੇ ਸਾਡੇ ਆਪਣੇ ਹੁੰਦੇ ਹਨ, ਜੋ ਸਾਡੀ ਕਦਰ ਕਰਦੇ ਹਨ, ਜੋ ਦੁਖ ਸੁਖ ਵਿੱਚ ਸਹਾਈ ਹੁੰਦੇ ਹਨ। ਸੱਭਿਅਤਾ ਹੀ ਮਨੁੱਖੀ ਵਿਕਾਸ ਦਾ ਪੰਘੂੜਾ ਹੁੰਦੀ ਹੈ, ਜੋ ਸਾਨੂੰ ਲੋਰੀਆਂ ਦੇ ਕੇ ਤਿਲ਼੍ਹ ਤਿਲ਼੍ਹ ਉਸਾਰਦੀ ਹੈ। ਸੱਭਿਅਕ ਸਮਾਜ ਤੋਂ ਟੁੱਟ ਜਾਣ ਦਾ ਦਰਦ ਬਹੁਤ ਅਸਹਿ ਹੁੰਦਾ ਹੈ। ਜੇ ਸਮਾਜ ਹੀ ਅਸੱਭਿਅਕ ਹੋ ਜਾਵੇ ਜਾਂ ਸਮਾਜ ਦੀ ਸੱਭਿਅਤਾ ਦੇ ਅਰਥ ਬਦਲ ਜਾਣ ਤਾਂ ਵੀ ਇਹ ਅਬਾਦੀ ਦੇ ਵੱਡੇ ਹਿੱਸੇ ਲਈ ਦਰਦਨਾਕ ਹੋ ਜਾਂਦਾ ਹੈ।

ਇਸੇ ਲਈ ਹਸਦਾ ਵਸਦਾ ਘਰ ਸੱਭਿਅਕ ਸਮਾਜ ਦੀ ਤਰਜਮਾਨੀ ਕਰਦਾ ਹੈ। ਜਿਸ ਧਰਾਤਲ ਤੇ ਖੜ੍ਹਕੇ ਸੁਰਜੀਤ ਪਾਤਰ ਨੇ ਇਹ ਨਜ਼ਮ ਲਿਖੀ ਹੈ ਸ਼ਾਇਦ ਸਾਨੂੰ ਬਹੁਤ ਜਣਿਆਂ ਨੂੰ ਇਸਦੀ ਸਮਝ ਨਹੀ ਪੈਂਦੀ। ਬਹੁਤ ਲੰਮੇਂ ਸਮੇਂ ਤੋਂ ਮੈਨੂੰ ਇਹ ਨਜ਼ਮ ਯਾਦ ਸੀ ਪਰ ਇਸਦੇ ਗਹਿਰ ਗੰਭੀਰ ਅਰਥਾਂ ਦੀ ਸਮਝ ਮੈਨੂੰ ਵੀ ਕਾਫੀ ਪਛੜ ਕੇ ਪਈ। ਜਦੋਂ ਮੈਨੂੰ ‘ਘਰ ਨਾ ਪਰਤ ਸਕਣ’ ਦੀ ਮਜਬੂਰੀ ਦੀ ਸਮਝ ਪਈ ਤਾਂ ਮੇਰਾ ਵਜੂਦ ਵੀ ਥਰਥਰਾ ਗਿਆ।

ਕੁਝ ਸਮਾਂ ਪਹਿਲਾਂ ਅਲ ਜਜ਼ੀਰਾ ਟੀ.ਵੀ. ਚੈਨਲ ਨੇ ਰੂਸ ਦੇ ਉਨ੍ਹਾਂ ਫੌਜੀਆਂ ਬਾਰੇ ਇੱਕ ਡਾਕੂਮੈਂਟਰੀ ਦਿਖਾਈ ਜੋ ਅਫਗਾਨਿਸਤਾਨ ਵਿੱਚ ਲੜਨ ਲਈ ਜੰਗ ਦੇ ਮੋਰਚੇ ਤੇ ਗਏ ਸਨ। ਇਹ ਮੁਲਾਕਾਤਾਂ ਤੇ ਪੁਰਾਣੀਆਂ ਯਾਦਾਂ ਤੇ ਅਧਾਰਿਤ ਲੰਬੀ ਡਾਕੂਮੈਂਟਰੀ ਸੀ। ਅਫਗਾਨਿਸਤਾਨ ਦੇ ਮੋਰਚਿਆਂ ਤੇ ਲੜੇ ਫੌਜੀ ਆਪਣੀ ਬਹਾਦਰੀ ਦੇ ਕਿੱਸੇ ਇਕੱਲੀ ਇਕੱਲੀ ਘਟਨਾ ਨੂੰ ਯਾਦ ਕਰਕੇ ਸੁਣਾ ਰਹੇ ਸਨ। ਆਪਣੇ ਸ਼ਹੀਦ ਹੋ ਗਏ ਸਾਥੀਆਂ ਦੀ ਕੁਰਬਾਨੀ, ਆਪਣੇ ਸਹਿਕਰਮੀਆਂ ਦੀ ਦਲੇਰੀ ਅਤੇ ਪਹਾੜਾਂ ਨਾਲ ਮੱਥਾ ਲਾ ਦੇਣ ਦੀ ਪ੍ਰਤੀਬੱਧਤਾ। ਗੱਲ ਕੀ ਫਿਲਮ ਦੇ ਪ੍ਰਡਿਊਸਰ ਨੇ ਜਿਵੇਂ ਆਪਣੀ ਰੀਝ ਲਾ ਦਿੱਤੀ ਹੋਵੇ ਉਸ ਡਾਕੂਮੈਂਟਰੀ ਲਈ। ਤੇ ਫੌਜੀ ਵੀ ਇਸ ਤਰ੍ਹਾਂ ਆਪਣੇ ਕਾਰਨਾਮੇਂ ਸੁਣਾਂ ਰਹੇ ਸਨ ਜਿਵੇਂ ਸਦੀਆਂ ਬਾਅਦ ਕਿਸੇ ਨੇ ਉਨ੍ਹਾਂ ਦੀ ਦੁਖਦੀ ਰਗ ਛੇੜੀ ਹੋਵੇ। ਅਸਲ ਵਿੱਚ ਉਸ ਫਿਲਮ ਨੇ ਰੂਸੀ ਫੌਜੀਆਂ ਦੀ ਦੁਖਦੀ ਰਗ ਹੀ ਛੇੜੀ ਸੀ। ਫਿਲਮ ਬਣਾਈ ਹੀ ਫੌਜੀਆਂ ਦੀ ਵਰਤਮਾਨ ਦਰਦਨਾਕ ਜਿੰਦਗੀ ਨੂੰ ਪੇਸ਼ ਕਰਨ ਦੇ ਮਨਸ਼ੇ ਨਾਲ ਗਈ ਸੀ। ਰੂਸੀ ਫੌਜੀਆਂ ਦੇ ਦਿਲ ਦੀਆਂ ਗਹਿਰਾਈਆਂ ਵਿੱਚ ਵਸੇ ਉਸ ਇਤਿਹਾਸਕ ਝੋਰੇ ਨੂੰ ਹੀ ਪ੍ਰਡਿਊਸਰ ਨੇ ਚਿਤਰਿਆ ਸੀ ਜੋ ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ। ਅਫਗਾਨਿਸਤਾਨ ਦੇ ਮੋਰਚੇ ਤੇ ਲੜੇ ਰੂਸ ਦੇ ਇਹ ਫੌਜੀ ਕੋਈ ਸਧਾਰਨ ਜਿੰਦਗੀ ਨਹੀ ਜੀਅ ਰਹੇ। ਗਰੀਬੀ, ਬੇਕਾਰੀ ਅਤੇ ਨਸ਼ਿਆਂ ਦੀ ਲੱਤ ਨੇ ਉਨ੍ਹਾਂ ਨੂੰ ਮਨੁੱਖ ਨਹੀ ਰਹਿਣ ਦਿੱਤਾ। ਉਹ ਸੱਭਿਅਕ ਜੀਵਨ ਦੇ ਹਾਣੀ ਨਹੀ ਰਹਿ ਗਏ। ਕਾਰਨ?

ਸਭ ਦੀ ਇੱਕੋ ਕਹਾਣੀ ਹੈ। ਸਾਨੂੰ ਕਿਸੇ ਨੇ ਪੁਛਿਆ ਤੱਕ ਨਹੀ। ਹਰ ਬਹਾਦਰ ਸੂਰਮੇ ਦਾ ਇਹ ਹੀ ਗਿਲਾ ਸੀ ਕਿ ਜੰਗ ਤੋਂ ਪਰਤਣ ਤੋਂ ਬਾਅਦ ਸਾਡੀ ਤਾਂ ਦੁਨੀਆਂ ਹੀ ਬਦਲ ਗਈ ਹੈ। ਉਹ ਆਖਦੇ ਹਨ ਕਿ ਜਦੋਂ ਅਸੀਂ ਮੋਰਚੇ ਤੇ ਗਏ ਸੀ ਸਾਨੂੰ ਪੂਰੇ ਸ਼ਗਨਾ ਨਾਲ ਵਿਦਾ ਕੀਤਾ ਗਿਆ ਸੀ ਪਰ ਜਦੋਂ ਅਸੀਂ ਵਾਪਸ ਪਰਤੇ ਤਾਂ ਜਿਵੇਂ ਸੰਸਾਰ ਹੀ ਪਲਟ ਗਿਆ ਹੋਵੇ। ਰੂਸ ਉਹ ਰੂਸ ਨਾ ਰਿਹਾ ਜੋ ਸਾਡੇ ਜਾਣ ਸਮੇਂ ਸੀ। ਨਵੀਂ ਪੀੜ੍ਹੀ ਦੇ ਸੁਆਦ ਹੀ ਬਦਲ ਗਏ। ਉਨ੍ਹਾਂ ਦੇ ਨਾਇਕ ਹੋਰ ਹੋ ਗਏ। ਉਨ੍ਹਾਂ ਦੀ ਪਸੰਦ ਹੋਰ ਬਣ ਗਈ। ਉਨ੍ਹਾਂ ਦੇ ਤਰਜ਼ੇ ਜਿੰਦਗੀ ਕਿਸੇ ਓਪਰੇ ਸੋਹਜ ਦੀ ਮਾਰ ਹੇਠ ਆ ਗਈ । ਕਿਸੇ ਨੂੰ ਯਾਦ ਵੀ ਨਹੀ ਕਿ ਜਿਸ ਅਜ਼ਾਦੀ ਨਾਲ ਉਹ ਗੱਡੀਆਂ ਘੁਕਾਈ ਫਿਰਦੇ ਹਨ ਉਸ ਅਜ਼ਾਦੀ ਲਈ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਹੈ ਅਤੇ ਹੋਰ ਬਹੁਤ ਸਾਰਿਆਂ ਨੇ ਆਪਣੀ ਜਾਨ ਤੋਂ ਬਿਨਾ ਆਪਣਾਂ ਆਪਾ ਵਾਰ ਦਿੱਤਾ ਹੈ। ਕਿਸੇ ਨੂੰ ਕੋਈ ਚਿੱਤ ਚੇਤਾ ਵੀ ਨਹੀ ਕਿ ਸਾਡੇ ਮੁਲਕ ਦੇ ਇਹ ਦਲੇਰ ਸੂਰਮੇਂ ਸਾਡਾ ਮਾਣ ਹਨ। ਇਹ ਕਿਸੇ ਸਤਿਕਾਰ ਦਾ ਹੱਕ ਰੱਖਦੇ ਹਨ। ਇਨ੍ਹਾਂ ਦਾ ਕੋਈ ਸਵੈਮਾਣ ਹੈ ਜਿਸਦਾ ਸਤਿਕਾਰ ਕਰਨਾ ਸਭ ਦਾ ਫਰਜ਼ ਹੈ। ਨਵੀਂ ਪੀੜ੍ਹੀ, ਨਵੇਂ ਰਾਜਨੀਤੀਵਾਨ, ਨਵੇਂ ਮਾਡਲ, ਨਵੇ ਸੁਹਜ ਸੁਆਦ। ਕਿਸੇ ਨੂੰ ਕੁਝ ਵੀ ਯਾਦ ਨਹੀ ਇਤਿਹਾਸ ਦਾ। ਨਾ ਹੀ ਉਨ੍ਹਾਂ ਲੋਕਾਂ ਦਾ ਜੋ ਇਤਿਹਾਸ ਬਣਕੇ ਨਿੱਤਰੇ ਅਤੇ ਉਭਰੇ। ਕੋਈ ਨਾਅ ਲੈਣ ਨੂੰ ਵੀ ਤਿਆਰ ਨਹੀ।

ਸਮਾਜ ਦੀ ਇਸ ਨਿਰਮੋਹੀ ਦੂਰੀ ਨੇ ਰੂਸੀ ਫੌਜੀਆਂ ਦੇ ਦਿਮਾਗੀ ਤਵਾਜ਼ਨ ਖੋ ਦਿੱਤੇ ਹਨ। ਉਹ ਸਾਰਾ ਦਿਨ ਸ਼ਰਾਬ ਦੀਆਂ ਗਲਾਸੀਆਂ ਲਈ, ਫਟੇ ਜਿਹੇ ਕੱਪੜਿਆਂ ਵਿੱਚ ਆਪਣੇ ਦਿਲ ਦੇ ਦਰਦ ਆਪਣੇ ਨਾਲ ਸਾਂਝੇ ਕਰਦੇ ਕਰਦੇ, ਫਿਰ ਆਪਣੇ ਆਪ ਵਿੱਚ ਹੀ ਸਿਮਟ ਜਾਂਦੇ ਹਨ। ਕੋਈ ਨਹੀ ਹੈ ਜੋ ਇਨ੍ਹਾਂ ਨੂੰ ‘ਘਰ ਪਰਤਣ’ ਦੀ ਨਿੱਘੀ ਅਵਾਜ਼ ਮਾਰੇ। ਕੋਈ ਨਹੀ ਹੈ ਜੋ ਇਨ੍ਹਾਂ ਨੂੰ ਸੱਭਿਅਕ ਸਮਾਜ ਵਿੱਚ ਵਾਪਸ ਮੋੜ ਲਿਆਵੇ। ਕੋਈ ਨਹੀ ਹੈ ਜੋ ਇਨ੍ਹਾਂ ਦੇ ਗੌਰਵ ਨੂੰ ਸਤਿਕਾਰ ਦੇ ਸਕੇ। ਕੋਈ ਨਹੀ ਹੈ ਜੋ ਸਮਾਜ ਨੂੰ ਗਲ ਤੋਂ ਫੜਕੇ ਸੱਭਿਅਤਾ ਦੇ ਗੁਰ ਸਿਖਾਵੇ। ਸਚਮੁੱਚ ਘਰਾਂ ਨੂੰ ਪਰਤਣਾਂ ਬਹੁਤ ਮੁਸ਼ਕਿਲ ਹੈ।

ਇਹ ਹਾਲ ਸਿਰਫ ਰੂਸੀ ਫੌਜੀਆਂ ਦਾ ਨਹੀ ਹੈ ਬਲਕਿ ਅਫਗਾਨਿਸਤਾਨ ਅਤੇ ਈਰਾਕ ਦੇ ਮੋਰਚੇ ਤੋਂ ਪਰਤੇ ਇੰਗਲੈਂਡ ਅਤੇ ਅਮਰੀਕਾ ਦੇ ਫੌਜੀ ਵੀ ਘਰਾਂ ਅਤੇ ਮੋਰਚਿਆਂ ਦਰਮਿਆਨ ਬਣ ਗਈ ਖਾਈ ਨੂੰ ਟੱਪਣ ਦੀ ਬਹਾਦਰੀ ਕਰਨ ਲਈ ਯਤਨਸ਼ੀਲ ਹਨ। ਈਰਾਕ ਦੀ ਜੰਗ ਦੇ ਦਸ ਵਰ੍ਹੇ ਪੂਰੇ ਹੋਣ ਤੇ ਇੰਗਲੈਂਡ ਤੋਂ ਛਪਣ ਵਾਲੇ ਗਾਰਡੀਅਨ ਅਖਬਾਰ ਨੇ ਉਨ੍ਹਾਂ ਫੌਜੀਆਂ ਬਾਰੇ ਤਿੰਨ ਦਿਨ ਲਗਾਤਾਰ ਲੰਬੀ ਰਿਪੋਰਟ ਛਾਪੀ ਜੋ ਜੰਗ ਦੀ ਭਿਆਨਕਤਾ ਕਾਰਨ ਗੰਭੀਰ ਮਾਨਸਿਕ ਰੋਗ Post Traumatic Stress Disorder ਦਾ ਸ਼ਿਕਾਰ ਹੋਕੇ ਪਰਤ ਰਹੇ ਹਨ। ਜੰਗ ਦੀ ਭਿਆਨਕਤਾ, ਮਨੁੱਖੀ ਹੱਕਾਂ ਦੀ ਉਲੰਘਣਾਂ ਅਤੇ ਹੋਰ ਬਹੁਤ ਸਾਰੇ ਕਾਰਨਾ ਕਰਕੇ ਬਰਤਾਨੀਆ ਦੇ ਲਗਭਗ ੨੦੦੦ ਫੌਜੀ ਇਸ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਗਏ ਹਨ ਜਿਸ ਕਾਰਨ ਫੌਜੀ ਜੰਗ ਦੇ ਵੱਡੇ ਜੁਝਾਰੂਆਂ ਦੀ ਨੌਕਰੀ, ਵਿਆਹੁਤਾ ਜੀਵਨ, ਪਰਿਵਾਰ ਅਤੇ ਕਿਸੇ ਹੱਦ ਤੱਕ ਮਾਨਸਿਕ ਤਵਾਜ਼ਨ ਵੀ ਖਤਮ ਹੋ ਗਿਆ ਹੈ। ਸਿਤਮਜਰੀਫੀ ਇਹ ਹੈ ਕਿ ਉਨ੍ਹਾਂ ਦੇ ਜੀਵਨ ਸਾਥੀ ਵੀ ਉਨ੍ਹਾਂ ਦਾ ਸਾਥ ਛੱਡ ਗਏ ਹਨ। ਇਕੱਲਤਾ ਅਤੇ ਸਮਾਜ ਤੋਂ ਟੁੱਟ ਜਾਣ ਦਾ ਦਰਦ ਉਨ੍ਹਾਂ ਦੀ ਮਾਨਸਿਕਤਾ ਤੇ ਨਹੁੰਦਰਾਂ ਮਾਰ ਰਿਹਾ ਹੈ। ਅਫਗਾਨਿਸਤਾਨ ਦੇ ਮੋਰਚੇ ਤੋਂ ਪਰਤੇ ਅਮਰੀਕੀ ਫੌਜੀਆਂ ਵਿੱਚ PTSD ੭੦% ਦੀ ਦਰ ਨਾਲ ਵਧ ਰਹੀ ਹੈ। ਇੰਗਲੈਂਡ ਦਾ ਸਿਹਤ ਵਿਭਾਗ ਇਨ੍ਹਾਂ ਗੰਭੀਰ ਬੀਮਾਰੀਆਂ ਨਾਲ ਨਿਪਟਣ ਦੇ ਕਾਬਲ ਨਹੀ ਹੈ ਅਤੇ ਜਿਹੜੀਆਂ ਸਵੈ ਸੇਵੀ ਸੰਸਥਾਵਾਂ ਅਜਿਹੇ ਬੀਮਾਰਾਂ ਦੀ ਦੇਖਭਾਲ ਕਰ ਰਹੀਆਂ ਹਨ ਉਨ੍ਹਾਂ ਕੋਲ ਕੰਮ ਦਾ ਭਾਰ ਹੀ ਏਨਾ ਹੈ ਕਿ ਉਹ ਹੋਰ ਕਿਸੇ ਨਵੇਂ ਮਰੀਜ਼ ਨੂੰ ਨਹੀ ਲੈ ਸਕਦੀਆਂ।

ਘਰਾਂ ਤੇ ਮੋਰਚਿਆਂ ਦਰਮਿਆਨ ਪਏ ਇਸ ਫਰਕ ਨੇ ਸੱਭਿਅਕ ਸਮਾਜ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ। ਸ਼ਾਇਦ ਇਸੇ ਲਈ ਘਰਾਂ ਨੂੰ ਪਰਤਣਾਂ ਮੁਸ਼ਕਿਲ ਹੋ ਰਿਹਾ ਹੈ।

ਅਲਜਜ਼ੀਰਾ ਦੀ ਫਿਲਮ ਦੇਖਕੇ ਮੈਨੂੰ ਪੰਜਾਬ ਦੀ ਇੱਕ ਘਟਨਾ ਯਾਦ ਆ ਗਈ ਅਤੇ ਘਰਾਂ ਨੂੰ ਨਾ ਪਰਤ ਸਕਣ ਦੀ ਮਜਬੂਰੀ ਮੇਰੀਆਂ ਅੱਖਾਂ ਸਾਹਮਣੇ ਇੱਕ ਵਾਰ ਫਿਰ ਛਟਪਟਾਉਣ ਲੱਗੀ। ਇਹ ੧੯੯੮ ਦੀ ਗੱਲ ਹੈ। ਮੈਂ ਦਸੂਹੇ ਕਿਸੇ ਸਾਹਿਤਿਕ ਸਮਾਗਮ ਵਿੱਚ ਹਿੱਸਾ ਲੈਣ ਗਿਆ ਸੀ। ਵਾਪਸੀ ਤੇ ਉੱਥੋਂ ਮੇਰਾ ਕੋਈ ਦੋਸਤ ਮੈਨੂੰ ਬਸ ਚੜ੍ਹਾਉਣ ਲਈ ਆਇਆ। ਬਸ ਅੱਡੇ ਤੇ ਇੱਕ ਨਸ਼ਈ ਜਿਹੇ ਘੋਨਮੋਨ ਬੰਦੇ ਨੂੰ ਦੇਖਕੇ ਉਸ ਆਖਿਆ, ‘ਬਾਬਾ ਜੀ ਕੀ ਹਾਲ ਬਣਾ ਰੱਖਿਆ ਏ?’

ਮੈਂ ਉਸਦੇ ਸੰਬੋਧਨ ਨੂੰ ਸ਼ੱਕ ਜਿਹੀ ਨਾਲ ਦੇਖਿਆ। ਉਸ ਦੱਸਿਆ ਕਿ ਨਸ਼ੇ ਦੀਆਂ ਗੋਲੀਆਂ ਖਾਕੇ ਲੋਟ ਪੋਟ ਹੋ ਰਿਹਾ ਇਹ ਸ਼ਖਸ਼ ਕਦੇ ਪੰਜਾਬ ਦੀ ਜੁਝਾਰੂ ਲਹਿਰ ਵਿੱਚ ਮੋਹਰੀਆਂ ਸਫਾਂ ਵਿੱਚ ਹੁੰਦਾ ਸੀ ਅਤੇ ਕਾਫੀ ਸਾਲ ਜੇਲ਼੍ਹ ਵਿੱਚ ਵੀ ਰਿਹਾ। ਉਹ ਪੂਰਾ ਸਾਬਤ ਸੁਰਤ ਸੀ। ਉਸ ਮਿੱਤਰ ਦੀ ਅਵਾਜ਼ ਸੁਣਕੇ ਨਸ਼ੇ ਵਿੱਚ ਧੁੱਤ ਉਸ ਸ਼ਖਸ਼ ਦੀਆਂ ਅੱਖਾਂ ਇੱਕ ਵਾਰ ਜੋਤ ਵਾਂਗ ਚਮਕੀਆਂ ਅਤੇ ਉਹ ਫਿਰ ਬੋਲਿਆ, ‘ਬਾਬਾ ਜੀ ਕੋਈ ਬਾਂਹ ਫੜਨ ਵਾਲਾ ਹੀ ਨਹੀ ਰਿਹਾ’।

ਉਸ ਸ਼ਖਸ਼ ਦੀ ਹਾਲਤ ਦੇਖਕੇ ਮੈਨੂੰ ਦਰਦ ਤਾਂ ਬਹੁਤ ਵਾਰ ਹੋਇਆ ਪਰ ਪਹਿਚਾਣ ਦੇ ਸੰਕਟ ਨਾਲ ਜੂਝ ਰਹੇ ਮਾਸਕੋ, ਲੰਡਨ, ਲੁਸੀਆਨਾ ਅਤੇ ਦਸੂਹੇ ਦੇ ਫੌਜੀਆਂ ਦਰਮਿਆਨ ਕੋਈ ਇਕਸਾਰਤਾ ਮੈਨੂੰ ਅਲਜਜ਼ੀਰਾ ਦੀ ਫਿਲਮ ਦੇਖਕੇ ਮਹਿਸੂਸ ਹੋਈ।

ਸੱਚਮੁੱਚ ‘ਘਰਾਂ’ ਤੋਂ ਉਖੜੇ ਸੱਜਣਾਂ ਲਈ ਮੁੜ ਕੇ ‘ਘਰ’ ਪਰਤਣਾਂ ਬਹੁਤ ਮੁਸ਼ਕਿਲ ਹੈ। ਜਦੋਂ ਮੱਥੇ ਤੇ ਮੌਤ ਦਸਤਖਤ ਕਰ ਗਈ ਹੋਵੇ ਉਸ ਵੇਲੇ ਤਾਂ ‘ਘਰ’ ਪਰਤਣਾਂ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।