ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਮੁੱਖ ਸਿਆਸਤਦਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨਰਿੰਦਰ ਮੋਦੀ ਨੂੰ ਹਿਟਲਰ ਆਖਿਆ ਅਤੇ ਕਿਹਾ ਕਿ ਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਮੁਲਕ ਵਿੱਚ ਉਹ ਹਿਟਲਰਸ਼ਾਹੀ ਦਾ ਵਿਸਥਾਰ ਕਰਨਗੇ। ਨਿਤਿਸ਼ ਕੁਮਾਰ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਦੀਆਂ ਉਨ੍ਹਾਂ ਗੱਲਾਂ ਵੱਲ ਧਿਆਨ ਨਾ ਦੇਣ ਜੋ ਅੱਜਕੱਲ੍ਹ ਉਹ ਆਖ ਰਹੇ ਹਨ ਬਲਕਿ ਮੋਦੀ ਦੇ ਉਨ੍ਹਾਂ ਵਿਚਾਰਾਂ ਨੂੰ ਸਮਝਣ ਜੋ ਉਹ ਨਹੀ ਆਖ ਰਹੇ। ਇਸਦੇ ਨਾਲ ਮਿਲਦੇ ਜੁਲਦੇ ਵਿਚਾਰ ਹੀ ਕਾਂਗਰਸ ਦੇ ਬੁਲਾਰੇ ਅਤੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਵੀ ਆਖਿਆ ਹੈ ਕਿ ਮੋਦੀ ਦੀ ਸਿਆਸੀ ਪਹੁੰਚ ਤੋਂ ਇਹ ਅੰਦਾਜ਼ਾ ਲਾਉਣਾਂ ਗਲਤ ਨਹੀ ਹੈ ਕਿ ਉਹ ਹਿਟਲਰ ਵਾਂਗ ਵਿਹਾਰ ਕਰ ਰਹੇ ਹਨ ਜਿਸ ਦੇ ਦੇਸ਼ ਲਈ ਬਹੁਤ ਖਤਰਨਾਕ ਸਿੱਟੇ ਨਿਕਲ ਸਕਦੇ ਹਨ।
ਬਿਹਾਰ ਦੇ ਮੁਖ ਮੰਤਰੀ ਨਿਤਿਸ਼ ਕੁਮਾਰ ਜਾਂ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਜੋ ਕੁਝ ਆਖਿਆ ਉਹ ਨਰਿੰਦਰ ਮੋਦੀ ਦੀ ੨੦੦੨ ਦੇ ਕਤਲੇਆਮ ਵਿੱਚ ਭੂਮਿਕਾ ਅਤੇ ਉਨ੍ਹਾਂ ਦੇ ਸਿਆਸੀ ਜੀਵਨ ਦੀਆਂ ਨੀਹਾਂ ਦੇ ਸੰਦਰਭ ਵਿੱਚ ਆਖਿਆ ਹੈ। ਉਹ ੨੦੦੨ ਵਾਲੇ ਨਰਿੰਦਰ ਮੋਦੀ ਨੂੰ ਭਾਰਤ ਦੇ ਸਿਆਸੀ ਦ੍ਰਿਸ਼ ਉਤੇ ਪਸਰਦਾ ਦੇਖ ਰਹੇ ਹਨ। ਜਮਹੂਰੀ ਭਾਰਤ ਲਈ ਇਹ ਗਵਾਰਾ ਨਹੀ ਹੋ ਸਕਦਾ ਕਿ ਅਜਿਹੀਆਂ ਰੁਚੀਆਂ ਵਾਲਾ ਕੋਈ ਸਿਆਸਤਦਾਨ ਭਾਰਤ ਦੀਆਂ ਜਮਹੂਰੀ ਸੰਸਥਾਵਾਂ ਦੀ ਵਰਤੋਂ ਆਪਣੇ ਸੌੜੇ ਅਤੇ ਮਨੁੱਖ ਵਿਰੋਧੀ ਸਿਆਸੀ ਫਾਇਦਿਆਂ ਲਈ ਕਰੇ।
ਇਹ ਤਾਂ ਸੀ ਭਾਰਤ ਦੀ ਗੱਲ। ਭਾਰਤ ਤੋਂ ਬਾਹਰ ਵੀ ਪਿਛਲੇ ਦਿਨੀ ਫਾਸ਼ੀਵਾਦ ਦੇ ਵਰਤਾਰੇ ਬਾਰੇ ਕਾਫੀ ਗੰਭੀਰ ਵਿਚਾਰ ਚਰਚਾ ਹੋਈ। ਆਪਣੇ ਪਿਛਲੇ ਲੇਖ ਵਿੱਚ ਅਸੀਂ ਅਮਰੀਕਾ ਵੱਲੋਂ ਜਰਮਨੀ ਦੇ ਚਾਂਸਲਰ ਐਂਗਲਾ ਮਰਕਲ ਸਮੇਤ ਬਹੁਤ ਸਾਰੇ ਯੂਰਪੀ ਨੇਤਾਵਾਂ ਦੇ ਟੈਲੀਫੋਨ ਟੇਪ ਕਰਨ ਦਾ ਮਾਮਲਾ ਸਾਹਮਣੇ ਲਿਆਂਦਾ ਸੀ। ਫਰਾਂਸ ਦੇ ਰਾਸ਼ਟਰਪਤੀ ਫਰਾਂਸਿਸ ਹੋਲੈਂਡ ਅਤੇ ਜਰਮਨ ਚਾਂਸਲਰ ਐਂਗਲਾ ਮਰਕਲ ਨੇ ਅਮਰੀਕਾ ਦੀਆਂ ਇਨਾਂ ਕਾਰਵਾਈਆਂ ਦਾ ਕਾਫੀ ਬੁਰਾ ਮਨਾਇਆ। ਮਰਕਲ ਨੇ ਤਾਂ ਉਨ੍ਹਾਂ ਦੇ ਟੈਲੀਫੋਨ ਟੈਪ ਹੋਣ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਾਈਟ ਹਾਉਸ ਨੂੰ ਫੋਨ ਕਰਕੇ ਇਸ ਬਾਰੇ ਸਪਸ਼ਟੀਕਰਨ ਮੰਗਿਆ। ਪਹਿਲਾਂ ਤਾਂ ਵਾਈਟ ਹਾਉਸ ਦੇ ਬੁਲਾਾਰੇ ਸਿਆਸੀ ਪਹੰਚ ਵਾਲੇ ਬਿਆਨ ਦੇ ਕੇ ਮਸਲੇ ਨੂੰ ਟਾਲਣ ਦਾ ਯਤਨ ਕਰਦੇ ਰਹੇ ਪਰ ਜਦੋਂ ਯੂਰਪ ਦੇ ਸਾਥੀਆਂ ਵੱਲੋਂ ਦਬਾਅ ਬਹੁਤ ਵਧ ਗਿਆ ਤਾਂ ਅਮਰੀਕੀ ਸਰਕਾਰ ਨੂੰ ਆਪਣੇ ਅਸਲ ਪੱਤੇ ਖੋਲਹਣੇ ਹੀ ਪਏ।
ਐਂਗਲਾ ਮਰਕਲ ਦਾ ਫੋਨ ਟੈਪ ਕਰਨ ਸਬੰਧੀ ਵਾਈਟ ਹਾਊਸ ਦਾ ਜੋ ਅਸਲ ਨੀਤੀ ਬਿਆਨ ਆਇਆ ਉਹ ਕਾਫੀ ਗੰਭੀਰ ਅਤੇ ਮਹੱਤਵਪੂਰਨ ਹੈ। ਵਾਈਟ ਹਾਉਸ ਦੇ ਬੁਲਾਰੇ ਨੇ ਆਪਣੇ ਨੀਤੀ ਬਿਆਨ ਵਿੱਚ ਆਖਿਆ ਕਿ ਅਸੀਂ ਯੂਰਪ ਬਾਰੇ ਦੁਬਾਰਾ ਧੋਖਾ ਨਹੀ ਖਾਣਾਂ ਚਾਹੁੰਦੇ। ਯੂਰਪ ਤੇ ਨਿਗਾਹ ਨਾ ਰੱਖ਼ ਸਕਣ ਕਾਰਨ ਹੀ ਸਾਨੂੰ ਇਸ ਧਰਤੀ ਤੇ ਫਾਸ਼ੀਵਾਦ ਦੇ ਭਿਅੰਕਰ ਵਰਤਾਰੇ ਦਾ ਸਾਹਮਣਾਂ ਕਰਨਾ ਪਿਆ ਜਿਸ ਵਿੱਚ ੭੦ ਲੱਖ ਯਹੂਦੀਆਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ। ਅਸੀਂ ਨਹੀ ਚਾਹੁੰਦੇ ਕਿ ਯੂਰਪ ਨੂੰ ਆਪਣੇ ਰਾਡਾਰ ਤੋ ਪਾਸੇ ਹਟਾਕੇ ਅਸੀਂ ਇਸ ਧਰਤੀ ਨੂੰ ਮੁੜ ਫਾਸ਼ੀਵਾਦ ਵੱਲ ਧੱਕ ਦੇਈਏ ਅਤੇ ਇੱਕ ਵਾਰ ਫਿਰ ਇਸ ਧਰਤੀ ਤੇ ਮਨੁੱਖਤਾ ਦਾ ਕਤਲੇਆਮ ਹੁੰਦਾ ਦੇਖੀਏ। ਫਾਸ਼ੀਵਾਦ ਦੇ ਨਾਲ ਹੀ ਅਮਰੀਕਾ ਨੇ ਯੂਰਪ ਵਿੱਚ ਫੈਲੇ ਕਮਿਊਨਿਜ਼ਮ ਦਾ ਵੀ ਜ਼ਿਕਰ ਕੀਤਾ ਹੈ।
ਅਸੀਂ ਸਮਝਦੇ ਹਾਂ ਕਿ ਅਮਰੀਕਾ ਦਾ ਯੂਰਪ ਸਬੰਧੀ ਇਹ ਨੀਤੀ ਬਿਆਨ ਬਹੁਤ ਹੀ ਸਮੇਂ ਸਿਰ ਆਇਆ ਹੈ ਅਤੇ ਬਹੁਤ ਡੂੰਘੀ ਸੋਚ ਵਿਚਾਰ ਦਾ ਨਤੀਜਾ ਹੈ। ਯੂਰਪ ਦਾ ਫਾਸ਼ੀਵਾਦ ਮਨੁੱਖੀ ਸੱਭਿਅਤਾ ਦੇ ਮੱਥੇ ਤੇ ਕਲੰਕ ਵਾਂਗ ਲੱਗਿਆ ਹੋਇਆ ਹੈ। ਸਟੇਟ ਦੀ ਮਸ਼ੀਨਰੀ ਏਨੀ ਭਿਆਨਕ ਹੱਦ ਤੱਕ ਵੀ ਡਿਗ ਸਕਦੀ ਹੈ ਆਪਾਂ ਸਾਰਿਆਂ ਨੇ ਇਹ ਵੀਹਵੀਂ ਸਦੀ ਵਿੱਚ ਵਾਪਰਦਾ ਦੇਖਿਆ ਹੈ। ਛੋਟੇ ਛੋਟੇ ਬੱਚੇ ਅਤੇ ਬੇਸਹਾਰਾ ਬੀਬੀਆਂ ਨੂੰ ਕਿਵੇਂ ਗੈਸ ਚੈਂਬਰਾਂ ਨਾਲ ਮਾਰਿਆ ਗਿਆ ਇਹ ਕਿਸੇ ਸਟੇਟ ਦਾ ਬਹੁਤ ਹੀ ਵਹਿਸ਼ੀ ਚਿਹਰਾ ਸੀ।
ਅਸੀਂ ਇਹ ਵੀ ਸਮਝਦੇ ਹਾਂ ਕਿ ਅਮਰੀਕਾ ਨੇ ਯੂਰਪ ਦੇ ਭਵਿੱਖ ਬਾਰੇ ਇੱਕ ਜਿੰਮੇਵਾਰ ਆਗੂ ਵਾਲੀ ਭੂਮਿਕਾ ਨਿਭਾਉਣ ਦਾ ਯਤਨ ਕੀਤਾ ਹੈ। ਯੂਰਪ ਮੁੜ ਤੋਂ ਫਾਸ਼ੀਵਾਦ ਦਾ ਪੰਘੂੜਾ ਬਣ ਸਕਦਾ ਹੈ ਜੇ ਇਸ ਤੇ ਨਿਗਾਹ ਨਾ ਰੱਖੀ ਗਈ। ਯੂਰਪ ਵਿੱਚ ਘੱਟ-ਗਿਣਤੀਆਂ ਅਤੇ ਹੋਰ ਨਸਲਾਂ ਪ੍ਰਤੀ ਜਿਹੋ ਜਿਹੀ ਅਸਹਿਣਸ਼ੀਲਤਾ ਦੇ ਬੀਜ ਪੁੰਗਰ ਰਹੇ ਹਨ ਉਹ ਮੁੜ ਤੋਂ ਫਾਸ਼ੀਵਾਦ ਵਿੱਚ ਪਲਟ ਸਕਦੇ ਹਨ। ਸਿੱਖਾਂ ਦੀ ਦਸਤਾਰ ਤੇ ਪਾਬੰਦੀ, ਹਿਜਬ ਤੇ ਪਾਬੰਦੀ ਅਤੇ ਯਹੂਦੀਆਂ ਦੇ ਕੁੱਪੇ ਤੇ ਪਾਬੰਦੀ ਇਹ ਕੋਈ ਧਰਮ ਨਿਰਪੱਖ ਜਾਂ ਆਧੁਨਿਕ ਸੈਕੂਲਰਿਜ਼ਮ ਦਾ ਪ੍ਰਗਟਾਵਾ ਨਹੀ ਹੈ ਬਲਕਿ ਦੂਜੀਆਂ ਕੌਮਾਂ ਅਤੇ ਨਸਲਾਂ ਦੇ ਨਿਆਰੇਪਣ ਪ੍ਰਤੀ ਨਫਰਤ ਅਤੇ ਤ੍ਰਿਸਕਾਰ ਦੀ ਭਾਵਨਾ ਪੈਦਾ ਕਰਨ ਦੇ ਪਹਿਲੇ ਯਤਨ ਹਨ। ਫਾਸ਼ੀਵਾਦ ਦਾ ਪਹਿਲਾ ਕਦਮ ਹੀ ਦੂਜੇ ਦੇ ਨਿਆਰੇਪਣ (otherness of the others) ਦਾ ਸਤਿਕਾਰ ਨਾ ਕਰਨਾ ਹੁੰਦਾ ਹੈ। ਯੂਰਪ ਵਿੱਚ ਇਹ ਬਿਰਤੀ ਹੌਲੀ ਹੌਲੀ ਮਜਬੂਤ ਹੋ ਰਹੀ ਹੈ।
ਅਮਰੀਕਾ ਵੱਲੋਂ ਐਂਗਲਾ ਮਰਕਲ ਦੇ ਫੋਨ ਟੈਪ ਕਰਨ ਦੀ ਗੱਲ ਇਸ ਸੰਦਰਭ ਵਿੱਚ ਸਮਝ ਆਉਂਦੀ ਹੈ ਕਿਉਂਕਿ ਹਿਟਲਰ ਵੀ ਜਰਮਨੀ ਦਾ ਚੁਣਿਆ ਹੋਇਆ ਚਾਂਸਲਰ ਹੀ ਸੀ।
ਹੁਣ ਜਦੋਂ ਅਸੀਂ ਇਸ ਸੰਦਰਭ ਵਿੱਚ ਨਰਿੰਦਰ ਮੋਦੀ ਦੀ ਵਿਚਾਰਧਾਰਾ ਨੂੰ ਦੇਖਦੇ ਹਾਂ ਤਾਂ ਸਮਝ ਆਉਂਦਾ ਹੈ ਕਿ ਉਹ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਵੀ ਭਾਰਤ ਵਿੱਚ ਦੂਜੀਆਂ ਕੌਮਾਂ ਅਤੇ ਭਾਈਚਾਰਿਆਂ ਦੇ ਨਿਆਰੇਪਣ ਨੂੰ ਸਤਿਕਾਰ ਦੇਣ ਲਈ ਤਿਆਰ ਨਹੀ ਹਨ ਬਲਕਿ ਉਨ੍ਹਾਂ ਨੂੰ ਬਹੁਗਿਣਤੀ ਦੇ ਸਮੁੰਦਰ ਵਿੱਚ ਡੁਬੋ ਦੇਣ ਲਈ ਯਤਨਸ਼ੀਲ ਹਨ।
ਨਿਤਿਸ਼ ਕੁਮਾਰ ਅਤੇ ਮਨੀਸ਼ ਤਿਵਾੜੀ ਦੇ ਬਿਆਨਾਂ ਨੂੰ ਇਸ ਸੰਦਰਭ ਵਿੱਚ ਰੱਖ ਕੇ ਦੇਖਿਆਂ ਨਰਿੰਦਰ ਮੋਦੀ ਜਮਹੂਰੀ ਭਾਰਤ ਦੇ ਸੰਕਲਪ ਲਈ ਠੀਕ ਨਹੀ ਹੈ।