ਪੰਜਾਬ ਜਿਥੇ ਤਿੰਨ ਦਹਾਕੇ ਪਹਿਲਾਂ ਸਿਖ ਨੌਜਵਾਨਾਂ ਵਲੋਂ ਹਕੂਮਤ ਖਿਲਾਫ ਸੰਘਰਸ਼ ਅਰੰਭਿਆ ਸੀ ਅਤੇ ਉਸਦੀ ਨਾ ਕਾਮਯਾਬੀ ਅਤੇ ਉਸ ਦੌਰਾਨ ਹੋਈਆਂ ਹਜ਼ਾਰਾਂ ਕੁਰਬਾਨੀਆਂ ਅੱਜ ਪੰਜਾਬ ਵਿਚ ਹੋ ਰਹੀਆਂ ਚੋਣਾਂ ਵਿੱਚ ਕੋਈ ਵਿਸ਼ਾ ਜਾਂ ਅਰਥ ਨਹੀਂ ਰਖਦੀਆਂ ਹਨ। ਜਿਹਨਾਂ ਕਾਰਨਾਂ ਕਰਕੇ ਪੰਜਾਬ ਵਿਚ ੩੦ ਸਾਲ ਪਹਿਲਾਂ ਦਰਬਾਰ ਸਾਹਿਬ ਵਿਚ ਭਾਰਤੀ ਫੌਜ਼ ਅਤੇ ਸੰਤ ਜਰਨੈਲ ਸਿੰਘ ਭਿਡਰਾਂਵਾਲਾ ਜੀ ਦੀ ਅਗਵਾਈ ਵਿੱਚ ਸਿੱਖ ਨੌਜਵਾਨਾਂ ਦੀ ਖੂਨੀ ਲੜਾਈ ਹੋਈ ਅਤੇ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ ਉਸਦੀ ਯਾਦ ਵਜੋਂ ੨੯ ਸਾਲ ਬਾਅਦ ਇਕ ਯਾਦਗਾਰ ਤਾਂ ਜਰੂਰ ਬਣ ਗਈ ਹੈ ਦਰਬਾਰ ਸਾਹਿਬ ਅਮ੍ਰਿਤਸਰ ਵਿੱਚ ਜਿਸਦੀ ਸੇਵਾ ਸਿੱਖ ਕੌਮ ਦੀ ਸਤਿਕਾਰਯੋਗ ਸੰਸਥਾ ਦਮਦਮੀ ਟਕਸਾਲ ਵਲੋਂ ਕੀਤੀ ਗਈ ਹੈ। ਪਰ ਜਿਹਨਾਂ ਕਾਰਨਾਂ ਕਰਕੇ ਸੰਘਰਸ਼ ਹੋਇਆ ਜਿਸਦੀ ਦਬੀ ਆਵਾਜ਼ ਅੱਜ ਵੀ ਸਿਸਕ ਰਹੀ ਹੈ ਉਹ ਕਿਸੇ ਵੀ ਤਰਾਂ ਦਾ ਇਸ ਚੋਣਾ ਵਿਚ ਵਿਸ਼ਾ ਨਹੀਂ ਹਨ। ਸਗੋਂ ਇਹ ਜਰੂਰ ਇਕ ਦੂਜੇ ਕੱਦਾਵਾਰ ਸਿਆਸੀ ਲੀਡਰਾਂ ਤੇ ਸੁਆਲ ਉਠ ਰਹੇ ਹਨ ਕਿ ਕਿਹੜੇ ਸਿਆਸੀ ਲੀਡਰ ਦਾ ਦਰਬਾਰ ਸਾਹਿਬ ਤੇ ਭਾਰਤੀ ਫੌਜ਼ ਵਲੋਂ ਹਮਲਾ ਕਰਵਾਉਣ ਵਿਚ ਜ਼ਿਆਦਾ ਹਿੱਸਾ ਸੀ।

ਉਸ ਸੰਘਰਸ਼ ਸਮੇਂ ਦੀ ਪੀੜ ਅੱਜ ਵੀ ਅਨੇਕਾਂ ਸਿੱਖ ਪਰਿਵਾਰਾਂ ਵਿੱਚ ਸਿਸਕ ਰਹੀ ਹੈ ਅਤੇ ਹੁਣੇ ਜਿਹੇ ਇਹ ਅਖਬਾਰ ਵਿਚ ਖਬਰ ਆਈ ਹੈ ਕਿ ਇਕ ਸਿੱਖ ਸਰਦਾਰ ਅਜੈਬ ਸਿੰਘ ਦੇ ਪਰਿਵਾਰ ਨੂੰ ੨੩ ਸਾਲਾਂ ਬਾਅਦ ਆਪਣੇ ਇਕਲੋਤੇ ਪੁਤਰ ਕਮਲਦੀਪ ਸਿੰਘ ਦੇ ਝੂਠੇ ਪੁਲੀਸ ਮੁਕਾਬਲੇ ਨਾਲ ਸਬੰਧਤ ਕੇਸ ਨੂੰ ਰੋਪੜ ਦੀ ਅਦਾਲਤ ਨੇ ਸੁਣਨਾ ਮੰਨਿਆ ਹੈ। ਸਰਦਾਰ ਅਜੈਬ ਸਿੰਘ ਜੋ ਕਿ ਸਤਿਕਾਰਯੋਗ ਪ੍ਰੋਫੈਸਰ ਸਨ ਪੰਜਾਬ ਯੂਨੀਵਰਸਿਟੀ ਵਿੱਚ ਅਤੇ ੧੯੯੧-੯੨ ਵਿਚ ਉਹਨਾਂ ਦਾ ਬੇਟਾ ਕਮਲਦੀਪ ਸਿੰਘ ੨੧ ਸਾਲ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੜਦਾ ਸੀ ਨੂੰ ਦਿਨ ਦਿਹਾੜੇ ਕਿਸੇ ਘਰ ਦੇ ਕੰਮ ਬਾਜ਼ਾਰ ਆਏ ਨੂੰ ਪੰਜਾਬ ਪੁਲੀਸ ਨੇ ਲੋਕਾਂ ਸਾਹਮਣੇ ਸ਼ਰੇਆਮ ਚੁੱਕ ਲਿਆ ਸੀ ਅਤੇ ਸਾਲਾਂ ਤੱਕ ਪ੍ਰੋ. ਅਜੈਬ ਸਿੰਘ ਨੂੰ ਦਰ ਦਰ ਭਟਕੇ ਵੀ ਉਸਦੀ ਕੋਈ ਸਾਰ ਨਾ ਮਿਲ ਸਕੀ। ਅੰਤ ੧੯੯੨-੯੩ ਵਿੱਚ ਪਟਿਆਲੇ ਦੇ ਉਸ ਸਮੇਂ ਦੇ ਪੁਲੀਸ ਮੁਖੀ ਮਿਸ਼ਟਰ ਸ਼ਰਮਾ ਨੇ ਅਖਬਾਰਾਂ ਵਿਚ ਇਹ ਖਬਰ ਦਿਤੀ ਕਿ ਇਕ ਕਮਲਦੀਪ ਆਪਣੇ ਹੋਰ ਸਾਥੀਆਂ ਸਮੇਤ ਪੁਲੀਸ ਨਾਲ ਹੋਏ ਮੁਕਾਬਲੇ ਚਿ ਮਾਰਿਆ ਗਿਆ ਹੈ। ਪਰ ਉਸਦੇ ਮਾਤਾ ਪਿਤਾ ਦੀਆਂ ਬੇਅੰਤ ਕੋਸ਼ਿਸ ਤੋਂ ਬਾਅਦ ਵੀ ਉਸਦੀ ਮ੍ਰਿਤਕ ਸਰੀਰ ਨਹੀਂ ਦਿਖਾਇਆ ਗਿਆ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਕਿ ਉਸਦਾ ਸਸਕਾਰ ਹੋਇਆ ਹੈ ਤਾਂ ਕਿੱਥੇ ਹੋਇਆ ਹੈ।

ਇਹ ਕਹਾਣੀ ਉਸ ਸਮੇਂ ਪੰਜਾਬ ਵਿਚ ਹਜ਼ਾਰਾਂ ਸਿੱਖ ਨੌਜਵਾਨਾਂ ਨਾਲ ਵਾਪਰੀ ਹੈ ਅਤੇ ਅੱਜ ਵੀ ਉਹਨਾਂ ਦੇ ਮਾਤਾ ਪਿਤਾ ਕਾਨੂੰਨ ਰਾਂਹੀ ਇਨਸਾਫ ਦੀ ਰਾਹ ਤੱਕ ਰਹੇ ਹਨ ਪਰ ਜਿਹਨਾਂ ਸਿੱਖ ਰਾਜਨੀਤਿਕ ਪਾਰਟੀਆਂ ਨੇ ਸਿੱਖ ਸੰਘਰਸ਼ ਕੌਮੀ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਆਰੰਭਿਆ ਸੀ ਉਹ ਇਹਨਾਂ ਕੁਰਬਾਨੀਆਂ ਅਤੇ ਅਤਿਆਚਾਰਾਂ ਦਾ ਨਿੱਘ ਮਾਣ ਸਾਲਾਂ ਤੋਂ ਰਾਜ ਸਤਾ ਦਾ ਮਾਣ ਤਾ ਲੈ ਰਹੇ ਹਨ ਪਰ ਪ੍ਰੋ ਅਜੈਬ ਸਿੰਘ ਵਰਗੇ ਪਰਿਵਾਰ ਅੱਜ ਵੀ ੨੩ ਸਾਲਾਂ ਬਾਅਦ ਇਨਸਾਫ ਲੈਣ ਦਾ ਯਤਨ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਕਰ ਰਹੇ ਹਨ। ਇਸ ਯਤਨਾਂ ਵਿੱਚ ਪ੍ਰੋ ਅਜੈਬ ਸਿੰਘ ਜੀ ਆਪਣੀ ਨਿੱਜੀ ਜ਼ਮੀਨ ਵੀ ਇਨਸ਼ਾਫ ਲੈਣ ਦੀ ਭੇਂਟ ਚੜ ਚੁੱਕੀ ਹੈ, ਅਤੇ ਨਿੱਜੀ ਘਰ ਵੀ ਇਸਦੀ ਭੇਂਟ ਚੜ ਗਿਆ ਹੈ ਅਤੇ ਹੁਣ ਬਜੁਰਗ ਅਵਸਥਾ ਵਿੱਚ ਗੁਰੂ ਦੇ ਭਾਣੇ ਵਿੱਚ ਆਪਣੇ ਸਬੰਧੀਆਂ ਕੋਲ ਉਹਨਾਂ ਦੀ ਛੱਤ ਹੇਠ ਜੀਵਨ ਬਤੀਤ ਕਰ ਰਹੇ ਹਨ। ਪਰ ਉਹ ਇਸ ਗੱਲ ਲਈ ਜਰੂਰ ਮਨ ਬਣਾਈ ਬੈਠੇ ਹਨ ਕਿ ਇਕ ਵਾਰ ਇਨਸਾਫ ਭਾਰਤ ਦੀਆਂ ਅਦਾਲਤਾਂ ਵਿਚ ਹੁੰਦਿਆ ਵੇਖ ਲਈਏ। ਕਿਉਂਕਿ ਦੂਜੇ ਪਾਸੇ ਮੁੱਖ ਦੋਸ਼ੀ ਜੋ ਉਸ ਸਮੇਂ ਪੁਲੀਸ ਮੁਖੀ ਸੀ ਅੱਜ ਪੰਜਾਬ ਸਰਕਾਰ ਵਲੋਂ ਉਸ ਨੂੰ ਉਸਦੀਆਂ ਸਰਕਾਰ ਪ੍ਰਤੀ ਵਫਾਦਾਰੀਆਂ ਸਦਕਾ ਅਕਾਲੀ ਦਲ ਦੀ ਸਰਕਾਰ ਵਲੋਂ ਪੰਜਾਬ ਪੁਲੀਸ਼ ਵਿਚ ਡੀ.ਜ਼ੀ.ਪੀ. ਬਣਾਇਆ ਗਿਆ ਹੈ। ਇਹ ਮੁਕੱਦਮਾ ਰੋਪੜ ਦੀ ਜਿਲਾ ਅਦਾਲਤ ਵਿਚ ਮਈ ੬ ਨੂੰ ਸੁਣਵਾਈ ਲਈ ਲਗਣਾ ਹੈ ਅਤੇ ੨੩ ਸਾਲਾਂ ਬਾਅਦ ਅਜੇ ਅਦਾਲਤ ਨੇ ਇਹ ਤਹਿ ਕਰਨਾ ਹੈ ਕਿ, ਪੁਲੀਸ ਵਾਲਿਆਂ ਤੇ ਲੱਗੇ ਦੋਸ਼ ਮੁਕੱਦਮਾ ਚਲਾਉਣ ਦੇ ਯੋਗ ਵੀ ਹਨ ਜਾਂ ਨਹੀਂ।

ਅੱਜ ਪੰਜਾਬ ਇਸ ਸਿੱਖ ਸੰਘਰਸ਼ ਦੀ ਪੀੜ ਵਿਚੋਂ ਦੀ ਤੁਰਦਾ ਹੋਇਆ ਇਕ ਨਵੇਂ ਸੰਘਰਸ਼ ਦੀ ਪੰਜਾਬ ਦਾ ਨੌਜਵਾਨ ਭੇਂਟ ਚੜ ਰਿਹਾ ਹੈ ਜਿਸਨੂੰ ਨਸ਼ਿਆ ਦਾ ਵਧ ਰਿਹਾ ਪ੍ਰਭਾਵ ਅਤੇ ਤਾਜ਼ੇ ਅੰਕੜਿਆਂ ਮੁਤਾਬਿਕ ਤਕਰੀਬਿਨ ੨੦ ਤੋਂ ਉਪਰ ਨੌਜਵਾਨ ਤਾਂ ਇੱਕਲੇ ਲੁਧਿਆਣਾ ਜ਼ਿਲੇ ਦੇ ਇਕ ਕਸਬੇ ਦਾਖਾ ਵਿਚ ਹਰ ਸਾਲ ਬਲੀ ਚੜ ਰਹੇ ਹਨ ਅਤੇ ਇਸ ਨਸ਼ਾ ਕੋਈ ਅਫੀਮ ਡੋਡੇ ਨਹੀਂ ਸਗੋਂ ਚਿੱਟਾ ਪਾਉਡਰ (heroin) ਸਮੈਕ ਅਤੇ ਨਸ਼ੇ ਵਾਲੀਆਂ ਦਵਾਈਆਂ ਹਨ। ਇਸ ਵਧ ਰਹੇ ਰੁਝਾਨ ਦਾ ਚੋਣਾਂ ਵੇਲੇ ਪ੍ਰਭਾਵ ਰਾਜ਼ਸੀ ਪਾਰਟੀਆਂ ਵਲੋਂ ਹੋਰ ਵਧਿਆ ਜਾਂਦਾ ਹੈ ਅਤੇ ਮਰਨ ਵਾਲੇ ਨੌਜ਼ਵਾਨਾਂ ਦੀ ਗਿਣਤੀ ਹਰ ਰੋਜ਼ ਵਿਚ ਬਦਲ ਜਾਂਦੀ ਹੈ। ਪੰਜਾਬ ਦੀ ਇਹ ਬੀਮਾਰੀ ਸਿਖ ਸੰਘਰਸ਼ ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਈ ਅਤੇ ਅੱਜ ਇਸਦੀ ਮਾਰ ਹੇਠ ਅੰਕੜਿਆਂ ਮੁਤਾਬਿਕ ੭੦ ਪ੍ਰਤੀਸ਼ਤ ਨੌਜ਼ਵਾਨ ਹੈ ਅਤੇ ਲੜਕੀਆਂ ਵੀ ਇਸ ਰੁਝਾਨ ਵਿਚ ਪੂਰੀ ਤਰਾਂ ਸਾਮਿਲ ਹਨ। ਇਹਨਾਂ ਚੋਣਾਂ ਵਿਚ ਅਨੇਕਾਂ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਇਹ ਵਿਸ਼ਾ ਰਾਜ ਨੇਤਾਵਾਂ ਸਾਹਮਣੇ ਰੱਖਿਆ ਗਿਆ ਹੈ ਅਤੇ ਕਈ ਥਾਵਾਂ ਤੇ ਇਹ ਮੰਗ ਉਠੀ ਹੈ ਸਾਡੇ ਪਿੰਡ ਵਿਚ ਹੋਰ ਸਿਵੇ ਬਣਾ ਦਿਉ ਕਿਉਂਕਿ ਸਾਨੂੰ ਸਾਡੇ ਨੌਜ਼ਵਾਨ ਜੋ ਨਸ਼ੇ ਦੀ ਭੇਟ ਚੜ ਰਹੇ ਹਨ ਲਈ ਸਸਕਾਰ ਕਰਨ ਨੂੰ ਥਾਵਾਂ ਦੀ ਘਾਟ ਹੈ।

ਹੁਣ ਤੋਂ ਕੁਝ ਦਿਨ ਪਹਿਲਾਂ ਚਰਚਾ ਵਿੱਚ ਰਹੇ ਸੇਵਾ ਮੁਕਤ ਪੰਜਾਬ ਪੁਲੀਸ ਦੇ ਡੀ.ਜੀ.ਪੀ ਸ਼ਸੀਕਾਂਤ ਨੇ ਆਪਣੇ ਸੇਵਾ ਕਾਲ ਦੌਰਾਨ ਜਾਂਚ ਦੀ ਰਿਪ੍ਰੋਟ ਅਖਬਾਰਾਂ ਸਾਹਮਣੇ ਰੱਖੀ ਹੈ। ਇਹੀ ਰਿਪ੍ਰੋਟ ਸ਼ਸੀ ਕਾਂਤ ਦੇ ਕਹਿਣ ਮੁਤਾਬਿਕ ਉਹਨਾਂ ੨੦੦੭ ਵਿਚ ਮੌਜ਼ੂਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਕਰੇ-ਕੌਮ ਅੱਗੇ ਵੀ ਰੱਖੀ ਸੀ। ਇਸ ਰਿਪ੍ਰੋਟ ਵਿਚ ਸ਼ਸੀ ਕਾਂਤ ਜੀ ਨੇ ਇਹ ਦਸਿਆਂ ਕਿ ਕਿਹੜੇ ਰਾਜਨੀਤਿਕ ਆਗੂ ਜਿਹਨਾਂ ਵਿਚੋਂ ਅੱਜ ਵੀ ਪੰਜਾਬ ਦੇ ਵੱਡੇ ਮੰਤਰੀ ਹਨ ਅਤੇ ਅਕਾਲੀ ਦਲ ਨਾਲ ਸੰਬਧਤ ਹਨ ਵੱਡੇ ਪੱਧਰ ਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਹਨ। ਇਹਨਾਂ ਵਿਚ ਕੁਝ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਨ ਅਤੇ ਕੁਝ ਭਾਰਤੀ ਜਨਤਾ ਪਾਰਟੀ ਨਾਲ। ਸ਼ਸੀ ਕਾਂਤ ਜੀ ਨੇ ਇਹ ਵੀ ਆਖਿਆ ਹੈ ਕਿ ਉਹ ਸਮਾਂ ਆਉਣ ਪੁਲੀਸ ਅਫਸਰ ਜੋ ਨਸ਼ਿਆਂ ਦੇ ਕਾਰੋਬਾਰ ਨਾਲ ਸੰਬੰਧ ਰੱਖਦੇ ਹਨ ਵੀ ਦਸਾਂਗਾ।

ਗੁਜਰਾਤ ਵਿਚ ਪਿਛਲੇ ੧੦ ਸਾਲਾਂ ਦੌਰਾਨ ਸਿਰਫ ੨੨ ਝੂਠੇ ਪੁਲੀਸ ਮੁਕਾਬਲੇ ਸਾਹਮਣੇ ਆਏ ਹਨ। ਇਹਨਾਂ ਬਾਰੇ ਕਾਨੂੰਨੀ ਕਾਰਵਾਈ ਹੋ ਰਹੀ ਹੈ ਅਤੇ ਹੁਣ ਤੱਕ ਅਨੇਕਾਂ ਵਡੇ ਪੁਲੀਸ ਅਫਸਰ ਅਦਾਲਤਾਂ ਦੇ ਹੁਕਮ ਮੁਤਾਬਿਕ ਜਿਹਲ ਵਿਚ ਹਨ ਅਤੇ ਇਥੋਂ ਤਕ ਕਿ ਗੁਜ਼ਰਾਤ ਦੇ ਮੌਜੂਦਾ ਮੁਖ ਮੰਤਰੀ ਜੋ ਕਿ ਹੁਣ ਹੋ ਰਹੀਆਂ ਭਾਰਤ ਦੀਆਂ ਪਾਰਲੀਮੈਟਰੀ ਚੌਣਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਪਦ ਦੇ ਮੁੱਖ ਦਾਅਵੇਦਾਰ ਹਨ ਦੇ ਮੁੱਖ ਨਿੱਜੀ ਸਹਾਇਕ ਅਤੇ ਅਹਿਮ ਮੰਤਰੀ ਵੀ ਇਹਨਾਂ ਮੁਕੱਦਮਿਆਂ ਵਿਚ ਜਿਹਲੀ ਬੰਦ ਰਹੇ ਹਨ ਅਤੇ ਹੁਣ ਜਮਾਨਤ ਤੇ ਹਨ। ਪੰਜਾਬ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਕਮਲਦੀਪ ਸਿੰਘ ਵਰਗੇ ਨੌਜ਼ਵਾਨ ਪੁਲੀਸ ਮੁਕਾਬਿਲਿਆਂ ਦੀ ਭੇਂਟ ਚੜੇ ਹਨ ਉਹਨਾਂ ਦਾ ਸਿੱਖਾਂ ਦੀ ਮੁੱਖ ਸਿਆਸੀ ਪਾਰਟੀ ਦੇ ਲੰਮੇ ਰਾਜਕਾਲ ਵਿਚ ਵੀ ਕੋਈ ਇਨਸਾਫ ਜਾਂ ਸੱਚ ਸਾਹਮਣੇ ਨਹੀਂ ਆਇਆ ਸਗੋਂ ਮੁੱਖ ਪੁਲੀਸ ਅਫਸਰ ਜੋ ਝੂਠੇ ਪੁਲਿਸ ਮੁਕਾਬਿਆਂ ਦੇ ਸਾਹਿਰ ਵਜੋਂ ਜਾਣੇ ਜਾਂਦੇ ਹਨ ਨੂੰ ਇਸ ਸਿੱਖ ਪਾਰਟੀ ਦੀ ਸਰਕਾਰ ਵਲੋਂ ਵੱਡੇ ਅਹਿਮ ਅਹੁਦੇ ਦਿਤੇ ਹਨ ਅਤੇ ਇਹਨਾਂ ਦੇ ਜੇ ਕੁੱਝ ਮੁਕੱਦਮੇ ਚਲੇ ਵੀ ਹਨ ਤਾਂ ਉਹਨਾਂ ਦਾ ਕਾਨੂੰਨੀ ਖਰਚ ਵੀ ਇਹੀ ਸਰਕਾਰ ਦੇ ਰਹੀ ਹੈ। ਇਥੇ ਇਹ ਸਤਰਾਂ ਠੀਕ ਢੁਕਦੀਆਂ ਹਨ ਕਿ ਅਦਾਲਤਾਂ “ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਮੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀਂ ਜਾਣ ਹੁਣ, ਇਹ ਕਦੋਂ ਤੱਕ ਇਥੇ ਖਲ੍ਹੋ ਰਹਿਣਗੇ॥