ਇਹ ਹੈ ਕੌਮੀਅਤ। ਇਹ ਹੈ ਉਹ ਸਾਂਝਾ ਜਜਬਾ ਜੋ ਕਿਸੇ ਸਮੂਹ ਨੂੰ ਕੌਮ ਬਣਾਉਣਦਾ ਹੈ। ਅਜਿਹੇ ਹੁੰਦੇ ਹਨ ਉਹ ਇਤਿਹਾਸਕ ਪਲ ਜਦੋਂ ਕੋਈ ਘੱਟ ਗਿਣਤੀ ਪਰੋੜ ਹੋਕੇ ਕੌਮ ਬਣ ਜਾਂਦੀ ਹੈ। ਇਹ ਹੁੰਦਾ ਹੈ ਆਪਣੇ ਗਵਾਂਢੀਆਂ ਤੋਂ ਵੱਖਰੇ ਹੋਣ ਦਾ ਅਹਿਸਾਸ ਅਤੇ ਜਜਬਾ।
ਪੰਜਾਬ ਵਿੱਚ ਬਹੁਤ ਸਾਰੇ ਧਰਮਾਂ ਨੂੰ ਅਤੇ ਸੱਭਿਆਚਾਰਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਰਹੁ ਰੀਤਾਂ ਵੀ ਹਨ ਅਤੇ ਬਹੁਤ ਸਾਰੀਆਂ ਸਾਂਝੀਆਂ ਰਹੁ ਰੀਤਾਂ ਵੀ ਹਨ। ਬਹੁਤ ਸਾਰੇ ਹਿੰਦੂ ਅਤੇ ਮੁਸਲਿਮ ਪਰਵਾਰ ਕੁੜਤੇ ਪਜਾਮੇ ਪਾਉਂਦੇ ਹਨ, ਔਰਤਾਂ ਦੇ ਵੀ ਸਾਂਝੇ ਲਿਬਾਸ ਹਨ, ਬਹੁਤੇ ਮੱਕੀ ਦੀ ਰੋਟੀ ਅਤੇ ਸਰ੍ਹੋ ਦਾ ਸਾਗ ਵੀ ਖਾਂਦੇ ਹਨ। ਇੱਕੋ ਧਰਤੀ ਤੇ ਰਹਿੰਦੇ ਹਨ।
ਪਰ ਉਸ ਧਰਤੀ ਲਈ ਮਰ ਮਿਟਣ ਦਾ ਜਜਬਾ ਸਾਰਿਆਂ ਵਿੱਚ ਨਹੀ ਹੈ। ਉਨ੍ਹਾਂ ਲਈ ਪੰਜਾਬ ਸਿਰਫ ਘਰ ਹੈ, ਇੱਟਾਂ ਅਤੇ ਰੋੜਿਆਂ ਦਾ ਘਰ। ਘਰ ਕੱਲਾ ਇੱਟਾਂ ਰੋੜਿਆਂ ਦਾ ਨਹੀ ਹੁੰਦਾ। ਉਸ ਵਿੱਚ ਵਸਣ ਵਾਲੀਆਂ ਰੂਹਾਂ ਉਸਨੂੰ ਘਰ ਬਣਾਉਂਦੀਆਂ ਹਨ।
ਕੌਮ ਵੀ ਉਸ ਘਰ ਵਰਗਾ ਅਹਿਸਾਸ ਹੁੰਦਾ ਹੈ ਜਿਸ ਦੀ ਸਲਾਮਤੀ ਲਈ ਉਸ ਘਰ ਵਿੱਚ ਰਹਿਣ ਵਾਲੇ ਆਪਣੀਆਂ ਜਾਨਾਂ ਵਾਰ ਦੇਣ, ਉਸ ਲਈ ਬੰਦ ਬੰਦ ਕਟਵਾ ਦੇਣ, ਚਰਖੜੀਆਂ ਤੇ ਚੜ੍ਹ ਜਾਣ, ਆਰਿਆਂ ਨਾਲ ਚੀਰੇ ਜਾਣ। ਪੰਜਾਬੀ ਬੋਲਣ ਵਾਲੇ ਪੰਜਾਬ ਵਿੱਚ ਬਹੁਤ ਹੋਣਗੇ। ਜਿਨ੍ਹਾਂ ਦੀਆਂ ਦੁਕਾਨਾਂ ਪੰਜਾਬੀ ਬੋਲਣ ਨਾਲ ਹੀ ਚਲਦੀਆਂ ਹਨ। ਮੱਕੀ ਦੀ ਰੋਟੀ ਖਾਣ ਵਾਲੇ ਬਹੁਤ ਹੋਣਗੇ, ਜਿਨ੍ਹਾਂ ਲਈ ਇਹ ਇੱਕ ਸੁਆਦਲੇ ਭੋਜਨ ਤੋਂ ਵੱਧ ਕੁਝ ਨਹੀ ਹੈ।
ਪਰ ਕੁਝ ਉਹ ਵੀ ਹਨ ਜਿਨ੍ਹਾਂ ਲਈ ਪੰਜਾਬੀ ਵਪਾਰਕ ਜਮ੍ਹਾਂ ਘਟਾਓ ਦਾ ਸਾਧਨ ਨਹੀ ਹੈ ਬਲਕਿ ਹੋਂਦ ਦੀ ਪਹਿਚਾਣ ਹੈ। ਉਨ੍ਹਾਂ ਲਈ ਪੰਜਾਬੀ ਹੋਂਦ ਦੀ ਨੀਹ ਹੈ। ਇਸੇ ਲਈ ਉਹ ਆਪਣੀ ਮਾਂ ਬੋਲੀ ਤੇ ਹੋਏ ਇਕ ਵੀ ਹਮਲੇ ਖਿਲਾਫ ਡਟਕੇ ਖੜ੍ਹ ਜਾਂਦੇ ਹਨ। ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਆਪਣੇ ਇਤਿਹਾਸ ਲਈ ਆਪਣੇ ਗੁਰੂ ਲਈ ਹਸ ਹਸ ਕੇ ਸ਼ਹਾਦਤਾਂ ਦੇ ਜਾਂਦੇ ਹਨ। ਪੰਜਾਬ ਉਨ੍ਹਾਂ ਲਈ ਇੱਟਾਂ ਰੋੜਿਆਂ ਦਾ ਘਰ ਨਹੀ ਹੈ ਬਲਕਿ ਕੌਮੀ ਹੋਂਦ ਦਾ ਆਖਰੀ ਕਿਲਾ ਹੈ। ਜਿੱਥੇ ਉਨ੍ਹਾਂ ਦੇ ਗੁਰੂ ਦੇ ਘੋੜਿਆਂ ਦੀਆਂ ਟਾਪਾਂ ਦੀ ਗੂੰਜ ਸੁਣਾਈ ਦੇਂਦੀ ਹੈ। ਉਨ੍ਹਾਂ ਟਾਪਾਂ ਦੀ ਗੂੰਜ ਨੂੰ ਜਦੋਂ ਕੋਈ ਪਰਿਭਾਸ਼ਤ ਕਰਨ ਆ ਜਾਂਦਾ ਹੈ ਤਾਂ ਉਹ ਸਾਡਾ ਕੌਮੀ ਨਾਇਕ ਹੋ ਨਿਬੜਦਾ ਹੈ।
ਜਦੋਂ ਕੋਈ ਹਰ ਮਸਲੇ ਨੂੰ ਸਾਡੀ ਹੋਂਦ ਦੀ ਲੜਾਈ ਬਣਾਕੇ ਸਾਡੇ ਸਾਹਮਣੇ ਰੱਖਦਾ ਹੈ, ਜਦੋਂ ਵੱਖਰੇ ਅਤੇ ਨਿਆਰੇ ਵਿਚਾਰ ਪਰਬੰਧ ਦੀ ਗੱਲ ਕਰਦਾ ਹੈ,ਜਦੋਂ ਨਸਲਾਂ ਨੂੰ ਬਚਾਉਣ ਦੀ ਗੱਲ ਕਰਦਾ ਹੈ ਜਦੋਂ ਸ਼ਹੀਦਾਂ ਦੇ ਪਹਿਰੇ ਦੀ ਬਾਤ ਪਾਉਂਦਾ ਹੈ, ਜਦੋਂ ਵਾਹਿਗੁਰੂ ਜੀ ਦੀ ਕਲਾ ਵਰਤਣ ਦੀਆਂ ਰੁਹਾਨੀ ਗੱਲਾਂ ਕਰਦਾ ਹੈ ਤਾਂ ਉਹ ਕੌਮ ਦਾ ਕੇਂਦਰੀ ਪਾਤਰ ਬਣ ਜਾਂਦਾ ਹੈ।
ਅਜਿਹਾ ਬੰਦਾ ਜਦੋਂ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ ਤਾਂ ਕੌਮ ਧਾਹਾਂ ਮਾਰਕੇ ਰੋਂਦੀ ਹੈ। ਜਿਹੜੇ ਅਜਿਹੇ ਨਾਇਕ ਦੀ ਮੌਤ ਤੇ ਰੋਂਦੇ ਹਨ ਅਸਲ ਵਿੱਚ ਉਹ ਕੌਮ ਦਾ ਹਿੱਸਾ ਹਨ। ਜਿਹੜੇ ਹਾਲੇ ਵੀ ਵੋਟਾਂ ਮੰਗਣ ਤੁਰੇ ਹੋਏ ਹਨ ਉਨ੍ਹਾਂ ਦਾ ਕੌਮੀ ਜਜਬਾ ਏਨਾ ਤਿੱਖਾ ਨਹੀ।
ਦੀਪ ਸਿੱਧੂ ਦੀ ਮੌਤ ਤੇ ਹਰ ਉਹ ਸ਼ਖਸ਼ ਰੋਇਆ ਹੈ ਜੋ ਸਿੱਖ ਕੌਮ ਦਾ ਹਿੱਸਾ ਹੈ। ਜਿਸਨੂੰ ਉਸ ਦੇ ਬੋਲਾਂ ਵਿੱਚੋਂ ਆਪਣਾਂ ਇਤਿਹਾਸ ਰੁਮਕਦਾ ਦਿਸਦਾ ਸੀ। ਜਿਸਨੂੰ ਉਸਦੀਆਂ ਗੱਲਾਂ ਵਿੱਚੋਂ ਆਪਣਾਂ ਭਵਿੱਖ ਦਿਸਦਾ ਸੀ। ਜਦੋਂ ਕੋਈ ਘੋਨ ਮੋਨ ਬੰਦਾ ਵੈਰਾਗ ਵਿੱਚ ਆਕੇ ਇਹ ਅਰਦਾਸ ਕਰਦਾ ਹੈ ਕਿ ਕਲਗੀਆਂ ਵਾਲਿਆ ਸਾਡੇ ਤੇ ਵੀ ਰਹਿਮਤ ਕਰ ਅਤੇ ਸਾਨੂੰ ਗਾਤਰੇ ਪਵਾਦੇ ਤਾਂ ਸਮਝ ਆ ਜਾਂਦੀ ਹੈ ਕਿ ਦੀਪ ਸਿੱਧੂ ਨੇ ਸਿੱਖ ਨੌਜਵਾਨੀ ਦੇ ਮਨਾ ਵਿੱਚ ਕੀ ਭਾਂਬੜ ਬਾਲ ਦਿੱਤੇ ਸਨ। ਲੁਧਿਆਣੇ ਤੋਂ ਲੈਕੇ ਲੰਡਨ ਤੱਕ ਜਿਸਦੀ ਯਾਦ ਵਿੱਚ ਲੋਕ ਰੋਏ ਹੋਣ ਤਾਂ ਸਮਝ ਲਿਆ ਜਾਣਾਂ ਚਾਹੀਦਾ ਹੈ ਕਿ ਮਰਨ ਵਾਲਾ ਬੰਦਾ ਇੱਕ ਵਾਰ ਫਿਰ ਤੁਹਾਡੇ ਵਿੱਚ ਕੌਮੀ ਜਜਬੇ ਦੀ ਅੱਗ ਬਾਲ ਗਿਆ ਹੈ।
ਅਸੀਂ ਬਹੁਤੇ ਪੜ੍ਹੇ ਲਿਖੇ ਲੱਖ ਆਖੀ ਜਾਈਏ ਕਿ ਕੌਮ, ਕੌਮਵਾਦ ਅਤੇ ਕੌਮੀ ਸਟੇਟ ਪੱਛਮ ਦੀਆਂ ਧਾਰਨਾਵਾਂ ਹਨ। ਇਹ ਸਾਡੇ ਮੇਚ ਨਹੀ ਆਉਂਦੀਆਂ, ਪਰ ਜਦੋਂ ਕੌਮ ਦਾ ਕੋਈ ਵੱਡਾ ਨਾਇਕ ਵਿਛੜਦਾ ਹੈ ਅਤੇ ਕੌਮ ਦਾ ਜਾਗਿਆ ਹੋਇਆ ਹਿੱਸਾ ਉਸਦੀ ਮੌਤ ਤੇ ਧਾਹਾਂ ਮਾਰਦਾ ਹੈ ਤਾਂ ਪੱਛਮ ਦੀ ਕਥਿਤ ਧਾਰਨਾ ਦੇ ਬਖੀਏ ਉਧੇੜ ਦੇਂਦਾ ਹੈ। ਇਹ ਸਭ ਜੁਬਾਨੀ ਜਮ੍ਹਾ ਖਰਚੀ ਹੈ। ਹਰ ਭਾਈਚਾਰਾ, ਹਰ ਸਮੂਹ ਅਤੇ ਹਰ ਘੱਟ ਗਿਣਤੀ ਜਿਸਦੇ ਨਾਇਕ ਸਾਂਝੇ ਹਨ, ਖਲਨਾਇਕ ਸਾਂਝੇ ਹਨ,ਹਾਸੇ ਸਾਂਝੇ ਹਨ ਅਤੇ ਵੈਣ ਸਾਂਝੇ ਹਨ ਉਹ ਕੌਮ ਹੈ। ਇਹ ਉਦਾਸੀ ਚਮਕੌਰ ਸਾਹਿਬ ਦੇ ਸਾਕੇ ਵੇਲੇ ਵੀ ਆਈ ਹੋਵੇਗੀ, ਇਹ ਉਦਾਸੀ ਸਰਹੰਦ ਦੀਆਂ ਨੀਹਾਂ ਦੇ ਸਾਕੇ ਵੇਲੇ ਵੀ ਆਈ ਹੋਵੇਗੀ,ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੇ ਵੀ ਇਹ ਵੈਰਾਗ ਭਰਿਆ ਹੋਵੇਗਾ। ਸੰਤ ਜਰਨੈਲ ਸਿੰਘ ਦੀ ਸ਼ਹਾਦਤ ਨੇ ਤਾਂ ਨਿਸ਼ਚੇ ਹੀ ਇਹ ਵੈਰਾਗ ਭਰਿਆ ਅਤੇ ਰੋਹ ਵੀ ਜਗਾਇਆ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁਖਾ ਅਤੇ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਅਦੁਤੀ ਸ਼ਹਾਦਤ ਨੇ ਇਹ ਕੌਮੀ ਵੈਰਾਗ ਪੈਦਾ ਕੀਤਾ ਸੀ। ਦੀਪ ਸਿੱਧੂ ਦੀ ਮੌਤ ਨੇ ਵੀ ਉਹ ਕੌਮੀ ਵੈਰਾਗ ਪੈਦਾ ਕੀਤਾ ਹੈ।
ਜਦੋਂ ਟੋਪੀ ਪਾਉਣ ਵਾਲਾ ਇੱਕ ਸਿੱਖ ਨੌਜਵਾਨ ਉਸਦੀ ਫੋਟੋ ਨੂੰ ਫਰੇਮ ਕਰਕੇ ਫੌਜੀਆਂ ਵਾਂਗ ਸਲੂਟ ਮਾਰਦਾ ਹੈ ਤਾਂ ਉਹ ਸਿੱਖਾਂ ਦੇ ਕੌਮੀ ਨਿਆਰੇਪਣ ਦੀ ਬਾਤ ਪਾਉਂਦਾ ਹੈ।
ਦੀਪ ਸਿੱਧੂ ਦੀ ਮੌਤ ਤੇ ਜਿਹੜੇ ਰੋਏ ਹਨ ਉਹ ਸਿੱਖ ਕੌਮ ਦਾ ਹਿੱਸਾ ਬਣਦੇ ਹਨ।
ਜਿਹੜੇ ਮੱਕੀ ਦੀ ਰੋਟੀ ਅਤੇ ਸਰ੍ਹੋ ਦਾ ਸਾਗ ਖਾਣ ਦੇ ਬਾਵਜੂਦ ਵੀ ਉਸਦੀ ਮੌਤ ਤੇ ਉਦਾਸ ਨਹੀ ਹੋਏ ਉਹ ਪੰਜਾਬੀ ਕੌਮ ਦਾ ਹਿੱਸਾ ਹਨ, ਜਿਸਦਾ ਕੋਈ ਵਜੂਦ ਨਹੀ ਹੈ।