ਪਿਛਲੇ ਕਈ ਦਿਨਾਂ ਤੋਂ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਆਖਣ ਵਾਲੇ ਕੁਝ ਸੱਜਣਾਂ ਵੱਲੋਂ ਪਟਿਆਲੇ ਵਿੱਚ ਸਿੱਖ ਵਿਰੋਧੀ ਪਰਦਰਸ਼ਨ ਕਰਨ ਅਤੇ ਸਿੱਖ ਲੀਡਰਸ਼ਿੱਪ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਜਾ ਰਿਹਾ ਸੀ। ਪੰਜਾਬ ਦੇ ਵੱਡੇ ਦੁਖਾਂਤ ਤੋਂ ਬਾਅਦ ਇੱਕ ਵਾਰ ਫਿਰ ਕੁਝ ਸਿਰਫਿਰੇ ਲੋਕ ਪੰਜਾਬ ਦੇ ਮਹੌਲ ਨੂੰ ਅੱਗ ਲਾਉਣ ਲਈ ਯਤਨਸ਼ੀਲ ਹਨ। ਇਹ ਉਸੇ ਲੜੀ ਦਾ ਹਿੱਸਾ ਹੈ ਕਿ ਸਰਕਾਰੀ ਸ਼ਹਿ ਪਰਾਪਤ ਕੁਝ ਲੋਕ ਪੰਜਾਬ ਵਿੱਚ ਮੁੜ ਹਿੰਸਾ ਭੜਕਾਉਣ ਦੇ ਯਤਨ ਕਰ ਰਹੇ ਹਨ। 29 ਅਪਰੈਲ ਨੂੰ ਪਟਿਆਲੇ ਦੇ ਇੱਕ ਹਿੰਦੂ ਮੰਦਰ ਲਾਗਿਓਂ ਸਿੱਖ ਵਿਰੋਧੀ ਜਲੂਸ ਕੱਢਣ ਅਤੇ ਸਿੱਖ ਵਿਰੋਧੀ ਨਾਅਰੇ ਲਗਾਉਣ ਦਾ ਪਰੋਗਰਾਮ ਦਿੱਤਾ ਗਿਆ ਸੀ।

ਕਿਉਂਕਿ ਵਾਰ ਵਾਰ ਸ਼ੋਸ਼ਲ ਮੀਡੀਆ ਤੇ ਸਿੱਖਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਸੀ ਕਿ ਅਸੀਂ ਤੁਹਾਡੀ ਹਿੱਕ ਉੱਤੇ ਇਹ ਜਲੂਸ ਕੱਢਕੇ ਦਿਖਾਂਵਾਂਗੇ ਇਸ ਲਈ ਖਾਲਸਾ ਪੰਥ ਦੇ ਇੱਕ ਹਿੱਸੇ ਨੇ ਇਸ ਚੁਣੌਤੀ ਨੂੰ ਪਰਵਾਨ ਕਰ ਲਿਆ ਅਤੇ 29 ਅਪਰੈਲ ਨੂੰ ਪਟਿਆਲੇ ਵਿਖੇ ਬਹੁਤ ਸਾਰੀਆਂ ਸਿੱਖ ਸੰਗਤਾਂ ਵੀ ਅੱਪੜ ਗਈਆਂ। ਦੋਵਾਂ ਪਾਸਿਆਂ ਤੋਂ ਸਾਰਾ ਦਿਨ ਖਿਚੋਤਾਣ ਹੁੰਦੀ ਰਹੀ ਅਤੇ ਇੱਕ ਦੂਜੇ ਤੇ ਹਮਲੇ ਕਰਨ ਦੇ ਯਤਨ ਵੀ ਕੀਤੇ ਜਾਂਦੇ ਰਹੇ। ਬੇਸ਼ੱਕ ਪਰਸ਼ਾਸ਼ਨ ਨੇ ਵਿੱਚ ਦਖਲਅੰਦਾਜ਼ੀ ਕਰਕੇ ਮਹੌਲ ਨੂੰ ਬਹੁਤ ਜਿਆਦਾ ਖਰਾਬ ਹੋਣ ਤੋਂ ਬਚਾਇਆ ਪਰ ਕਥਿਤ ਹਿੰਦੂ ਲੀਡਰਾਂ ਦੀਆਂ ਨੀਤਾਂ ਦੀ ਇਸ ਨੇ ਸਾਫ ਝਲਕ ਦੇ ਦਿੱਤੀ।

1982-83 ਵਿੱਚ ਵੀ ਪਟਿਆਲਾ ਅਜਿਹੀ ਹੀ ਮਾਰੂ ਖੇਡ ਦਾ ਕੇਂਦਰ ਬਣਕੇ ਉਭਰ ਰਿਹਾ ਸੀ ਜਿਸ ਵੇਲੇ ਸੰਤ ਜਰਨੈਲ ਸਿੰਘ ਨੇ ਸਰਕਾਰ ਨੂੰ ਵੰਗਾਰ ਪਾਈ ਸੀ ਕਿ ਜੇ ਸਿੱਖਾਂ ਕੋਲੋਂ ਹਥਿਆਰ ਨਿਕਲ ਆਉਣ ਤਾਂ ਉਨ੍ਹਾਂ ਤੇ ਕੇਸ ਦਰਜ ਹੋ ਜਾਂਦੇ ਹਨ ਪਰ ਜੇ ਹਿੰਦੂਆਂ ਤੋਂ ਹਥਿਆਰ ਨਿਕਲ ਆਉਣ ਤਾਂ ਉਨ੍ਹਾਂ ਤੇ ਕੋਈ ਕਾਰਵਾਈ ਨਹੀ ਹੁੰਦੀ। ਉਸ ਵੇਲੇ ਸ਼ਿਵ ਸੈਨਾ ਲੀਡਰ ਪਵਨ ਕੁਮਾਰ ਕੋਲ ਨਜਾਇਜ ਹਥਿਆਰ ਹੋਣ ਦੀਆਂ ਖਬਰਾਂ ਆ ਰਹੀਆਂ ਸਨ।

ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਕੁਝ ਪੰਜਾਬ ਦੋਖੀ ਤਾਕਤਾਂ ਇਸ ਖਿੱਤੇ ਨੂੰ ਫਿਰ ਬਲਦੀ ਦੇ ਬੂਥੇ ਝੋਕਣਾਂ ਚਾਹੁੰਦੀਆਂ ਹਨ। ਉ੍ਹਹ ਫਿਰ ਅਜਿਹੀਆਂ ਛੇੜਾਂ ਛੇੜ ਰਹੀਆਂ ਪਰਤੀਤ ਹੁੰਦੀਆਂ ਹਨ ਜਿਨ੍ਹਾਂ ਨਾਲ ਪੰਜਾਬ ਨੂੰ  ਮੁੜ ਸਿੱਖਾਂ ਦੀ ਕਤਲਗਾਹ ਬਣਾਇਆ ਜਾ ਸਕੇ। ਹਸਦੇ ਵਸਦੇ ਸਿੱਖ, ਆਪਣੇ ਘਰਾਂ ਵਿੱਚ ਰਹਿ ਰਹੇ ਇਨਾਂ ਤਾਕਤਾਂ ਤੋਂ ਬਰਦਾਸ਼ਤ ਨਹੀ ਹੋ ਰਹੇ। 1984 ਤੋਂ 1995 ਤੱਕ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਹੈ। ਹਜਾਰਾਂ ਸਿੱਖ ਗੱਭਰੂ, ਮੁਟਿਆਰਾਂ ਅਤੇ ਬਜ਼ੁਰਗ ਉਸ ਹਿੰਸਾ ਦੀ ਭੇਟ ਚੜ੍ਹੇ ਹਨ। ਅਣਗਿਣਤ ਸਿੱਖਾਂ ਨੇ ਬੇਤਹਾਸ਼ਾ ਸਰਕਾਰੀ ਤਸ਼ੱਦਦ ਆਪਣੇ ਪਿੰਡਿਆਂ ਤੇ ਹੰਢਾਇਆ, ਬਹੁਤ ਸਾਰੇ ਜਲਾਵਤਨ ਹੋ ਗਏ। ਜਿਨ੍ਹਾਂ ਮਾਵਾਂ ਦੇ ਪੁੱਤ ਉਸ ਹਨੇਰੀ ਦੀ ਭੇਟ ਚੜ੍ਹੇ ਉਹ ਹਾਲੇ ਵੀ ਆਪਣੇ ਪੁੱਤਰਾਂ ਨੂੰ ਉਡੀਕ ਰਹੀਆਂ ਹਨ। ਉਸ ਹਨੇਰੀ ਦੀ ਮਾਰ ਝੱਲਣ ਵਾਲੇ ਹਾਲੇ ਵੀ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਸੇ ਹਨੇਰੀ ਦੌਰਾਨ ਹੀ ਬਹੁਤ ਸਾਰੇ ਆਮ ਲੋਕ ਵੀ ਦੋਪਾਸੀ ਗੋਲੀ ਵਿੱਚ ਮਾਰੇ ਗਏ। ਜਿਨ੍ਹਾਂ ਦੇ ਘਰਾਂ ਦੇ ਚਿਰਾਗ ਉਸ ਦੋਪਾਸੀ ਗੋਲੀਬਾਰੀ ਵਿੱਚ ਬੁਝ ਗਏ, ਕਦੇ ਉਨ੍ਹਾਂ ਨੂੰ ਪੁੱਛ ਕੇ ਦੇਖੋ।

ਪਰ ਇਸ ਸਭ ਕੁਝ ਦੇ ਬਾਵਜੂਦ ਕੁਝ ਭੂਤਰੇ ਹੋਏ ਲੋਕ ਪੰਜਾਬ ਨੂੰ ਬਲਦੀ ਦੇ ਬੂਥੇ ਦੇਣ ਲਈ ਯਤਨਸ਼ੀਲ ਜਾਪਦੇ ਹਨ। ਉਹ ਆਪ ਸਰਕਾਰੀ ਸੁਰੱਖਿਆ ਦਾ ਅਨੰਦ ਮਾਣ ਕੇ ਲੀਡਰੀ ਕਰ ਰਹੇ ਹਨ ਪਰ ਬੇਗਾਨੇ ਧੀਆਂ ਪੁੱਤਰਾਂ ਨੂੰ ਖਤਰੇ ਮੂੰਹ ਪਾ ਰਹੇ ਹਨ।

ਪੰਜਾਬ ਨੇ ਇਨ੍ਹਾਂ ਛੇੜਾਂ ਦਾ ਬਹੁਤ ਮੁੱਲ ਤਾਰਿਆ ਹੈ। ਇਹ ਛੇੜਾਂ ਨਾ ਛੇੜੋ। ਇਸ ਤਰ੍ਹਾਂ ਜਾਪ ਰਿਹਾ ਕਿ ਸਕਰਾਰਾਂ ਵਿੱਚ ਅਹਿਮ ਅਹੁਦਿਆਂ ਤੇ ਤਾਇਨਾਤ ਕੁਝ ਰਾਜਸੀ ਨੇਤਾ ਅਤੇ ਅਫਸਰ ਪੰਜਾਬ ਵਿੱਚ ਦੁਬਾਰਾ ਹਿੰਸਾ ਭੜਕਾਉਣ ਦੇ ਯਤਨ ਕਰਵਾ ਰਹੇ ਹਨ। ਕੌਮਾਂਤਰੀ ਪੱਧਰ ਤੇ ਜਿਸ ਕਿਸਮ ਦੇ ਹਾਲਾਤ ਪੈਦਾ ਹੋ ਰਹੇ ਹਨ ਉਸ ਸੰਦਰਭ ਵਿੱਚ ਕੁਝ ਸ਼ਰਾਰਤੀ ਲੋਕ ਪੰਜਾਬ ਦਾ ਵੱਡਾ  ਨੁਕਸਾਨ ਕਰਵਾਉਣ ਦੀ ਕਾਹਲ ਵਿੱਚ ਜਾਪਦੇ ਹਨ। ਜਿਨ੍ਹਾਂ ਨੂੰ ਕੁਝ ਸਵਾਰਥੀ ਸਿਆਸਤਦਾਨਾਂ ਨੇ ਮੋਹਰੇ ਬਣਾਇਆ ਹੋਇਆ ਹੈ ਸਭ ਤੋਂ ਪਹਿਲਾਂ ਉਨ੍ਹਾਂ ਦੀ ਗਰਿਫਤਾਰੀ ਕਰਕੇ ਉਨ੍ਹਾਂ ਦੀ ਤਿੱਖੀ ਪੁੱਛਗਿੱਛ ਹੋਣੀ ਚਾਹੀਦੀ ਹੈ। ਜਿਹੜੇ ਸਿਆਸਤਦਾਨ ਅਤੇ ਅਫਸਰ ਪੰਜਾਬ ਦਾ ਨੁਕਸਾਨ ਕਰਵਾਉਣਾਂ ਚਾਹੁੰਦੇ ਹਨ ਉਹ ਬੇਨਕਾਬ ਹੋਣੇ ਚਾਹੀਦੇ ਹਨ।

ਜਿਹੜੇ ਹਰ ਨਵੇਂ ਦਿਨ ਸ਼ੋਸ਼ਲ ਮੀਡੀਆ ਤੇ ਸਿੱਖਾਂ ਖਿਲਾਫ ਜਹਿਰ ਉਗਲਦੇ ਹਨ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਜਾਣੀ ਚਾਹੀਦੀ ਹੈ। ਜੇ ਉਨ੍ਹਾਂ ਨੂੰ ਕੋਈ ਡਰ ਹੈ ਉਹ ਆਪਣੇ ਨਿੱਜੀ ਗੰਨਮੈਨ ਰੱਖ ਲੈਣ। ਸਿਰਫ ਸਰਕਾਰੀ ਸੁਰੱਖਿਆ ਦੀ ਸ਼ਹਿ ਤੇ ਕਿਸੇ ਨੂੰ ਪੰਜਾਬ ਦਾ ਮਹੌਲ ਵਿਗਾੜਨ ਦੀ ਇਜਾਜਤ ਨਹੀ ਦਿੱਤੀ ਜਾਣੀ ਚਾਹੀਦੀ।

ਜਿਹੜੇ ਵੀ ਸੱਜਣ ਇਹ ਛੇੜਾਂ ਛੇੜ ਰਹੇ ਹਨ ਅਸੀਂ ਉਨ੍ਹਾਂ ਨੂੰ ਦੱਸਣਾਂ ਚਾਹੁੰਦੇ ਹਾਂ ਕਿ ਅਜਿਹੀਆਂ ਛੇੜਾਂ ਹਰ ਵਰਗ ਲਈ ਬਹੁਤ ਮਹਿੰਗੀਆਂ ਪੈਂਦੀਆਂ ਹਨ।ਇਸ ਲਈ ਇਹ ਛੇੜਾਂ ਨਾ ਛੇੜੋ।