ਅਮਰੀਕਾ ਦੇ ਪਰਧਾਨ ਡੌਨਲਡ ਟਰੰਪ ਜਦੋਂ ਦੇ ਆਪਣੇ ਅਹੁਦੇ ਤੇ ਬਿਰਾਜਮਾਨ ਹੋਏ ਹਨ ਉਸ ਦਿਨ ਤੋਂ ਹੀ ਆਪਣੀ ਲੀਕ ਤੋਂ ਪਰ੍ਹੇ ਦੀ ਰਾਜਨੀਤੀ ਕਾਰਨ ਚਰਚਾ ਵਿੱਚ ਹਨ। ਅਮਰੀਕੀ ਪਰਧਾਨ ਦੇ ਅਹੁਦੇ ਨਾਲ ਜੋ ਮਰਯਾਦਾ ਜੁੜੀ ਹੋਈ ਹੁੰਦੀ ਹੈ, ਟਰੰਪ ਨੇ ਪਹਿਲੇ ਦਿਨ ਤੋਂ ਹੀ ਉਸ ਮਰਯਾਦਾ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਹੁਣ ਜਦ ਉਹ ਚੋਣ ਹਾਰ ਗਏ ਹਨ ਇਸਦੇ ਬਾਵਜੂਦ ਵੀ ਉਹ ਆਪਣੀਆਂ ਵਿਸ਼ੇਸ਼ ਕਿਸਮ ਦੀਆਂ ਸਰਗਰਮੀਆਂ ਅਤੇ ਟਿੱਪਣੀਆਂ ਤੋਂ ਬਾਜ਼ ਨਹੀ ਆ ਰਹੇ।
ਅਮਰੀਕੀ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਪਰਧਾਨ ਹੋਵੇ ਜਿਸਨੇ ਆਪਣੇ ਏਨੇ ਸਲਾਹਕਾਰ ਅਤੇ ਸਰਕਾਰੀ ਅਫਸਰਾਂ ਨੂੰ ਇੱਕੋ ਪਲ ਵਿੱਚ ਬਾਹਰ ਦਾ ਰਸਤਾ ਦਿਖਾਇਆ ਹੋਵੇ। ਅਮਰੀਕੀ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਪਰਧਾਨ ਹੋਵੇ ਜਿਸਨੇ ਚਾਰ ਸਾਲਾਂ ਦੇ ਵਕਫੇ ਦੌਰਾਨ ਏਨੀਆਂ ਕੌਮਾਂਤਰੀ ਸੰਧੀਆਂ ਨੂੰ ਤੋੜਿਆ ਹੋਵੇ।
ਅਮਰੀਕੀ ਪਰਧਾਨ ਦੇ ਅਹੁਦੇ ਦੀ ਇਹ ਮਰਯਾਦਾ ਹੁੰਦੀ ਹੈ ਕਿ ਉਹ ਜਿਹੜਾ ਵੀ ਬਿਆਨ ਦੇਂਦਾ ਹੈ ਜਾਂ ਕੋਈ ਰਣਨੀਤਕ ਐਲਾਨ ਕਰਦਾ ਹੈ ਉਹ ਪੱਤਰਕਾਰਾਂ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਕਰਦਾ ਹੈੈ। ਉਸਦੀ ਸਮੁੱਚੀ ਦੁਨੀਆਂ ਨੂੰ ਜੁਆਬਦੇਹੀ ਹੁੰਦੀ ਹੈੈ। ਪਰ ਡੌਨਲਡ ਟਰੰਪ ਪਹਿਲਾ ਪਰਧਾਨ ਦੇਖਿਆ ਹੈ ਜਿਸਨੇ ਸ਼ੋਸ਼ਲ ਮੀਡੀਆ ਨੂੰ ਆਪਣੀ ਰਾਜਨੀਤੀ ਚਮਕਾਉਣ ਲਈ ਵਰਤਿਆ। ਲਗਭਗ ਸਾਰੇ ਰਾਜਨੀਤਿਕ ਫੈਸਲਿਆਂ ਦਾ ਐਲਾਨ ਟਰੰਪ ਨੇ ਸ਼ੋਸ਼ਲ ਮੀਡੀਆ ਉੱਤੇ ਕੀਤਾ।
ਹੁਣ ਜਦੋਂ ਉਹ ਚੋਣਾਂ ਹਾਰ ਗਏ ਹਨ ਇਸਏ ਬਾਵਜੂਦ ਨਾ ਤਂ ਉਹ ਆਪਣੀ ਹਾਰ ਕਬੂਲ ਕਰ ਰਹੇ ਹਨ, ਨਾ ਜੋਅ ਬਾਈਡਨ ਨੂੰ ਅਗਲਾ ਪਰਧਾਨ ਮੰਨ ਰਹੇ ਹਨ ਅਤੇ ਨਾ ਹੀ ਨੇੜ ਭਵਿੱਖ ਵਿੱਚ ਵਾਈਟ ਹਾਉੂਸ ਨੂੰ ਖਾਲੀ ਕਰਨ ਦਾ ਇਰਾਦਾ ਜਤਾ ਰਹੇ ਹਨ। ਸਗੋਂ ਹੋ ਇਹ ਰਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਦਿਨੀ ਆਪਣੇ ਡਿਫੈਸ ਸਕੱਤਰ ਨੂੰ ਬਰਖਾਸਤ ਕਰ ਦਿੱਤਾ ਹੈ, ਕਿਉਂਕਿ ਉਸ ਸਕੱਤਰ ਨੇ ਅਮਰੀਕਾ ਦੀਆਂ ਸੜਕਾਂ ਉੱਤੇ ਅਮਰੀਕੀ ਫੌਜ ਤਾਇਨਾਤ ਕਰਨ ਦਾ ਵਿਰੋਧ ਕੀਤਾ ਸੀ। ਟਰੰਪ ਨੇ ਹੁਣ ਹਾਰ ਜਾਣ ਦੇ ਬਾਵਜੂਦ ਆਪਣੇ ਕੁਝ ਸਲਾਹਕਾਰ ਵੀ ਬਦਲੇ ਹਨ। ਇੱਕ ਅਜਿਹੇ ਆਦਮੀ ਨੂੰ ਆਪਣਾਂ ਸਲਾਹਕਾਰ ਲਗਾਇਆ ਹੈ ਜੋ ਘੱਟ-ਗਿਣਤੀਆਂ ਦਾ ਡਟਵਾਂ ਵਿਰੋਧੀ ਹੈ ਅਤੇ ਬਹੁ-ਗਿਣਤੀ ਦੇ ਫਾਸ਼ੀਵਾਦ ਦਾ ਹਮਾਇਤੀ ਹੈੈ।
ਡੌਨਲਡ ਟਰੰਪ ਅਮਰੀਕਾ ਦੇ ਅਜਿਹੇ ਪਰਧਾਨ ਵੱਜੋਂ ਮਸ਼ਹੂਰ ਹੋਏ ਜਿਨ੍ਹਾਂ ਨੇ ਅਹੁਦੇ ਦੀ ਮਾਨਤਾ ਨਾਲ ਜੁੜੀਆਂ ਬੰਦਸ਼ਾਂ ਨੂੰ ਤੋੜਿਆ।
ਹੁਣ ਸੁਆਲ ਪੈਦਾ ਹੁੰਦਾ ਹੈ ਕਿ ਟਰੰਪ ਅਜਿਹਾ ਕਿੳਂ ਕਰ ਰਹੇ ਹਨ? ਡੌਨਲਡ ਟਰੰਪ ਕੋਈ ਰਾਜਨੀਤਕ ਆਗੂ ਨਹੀ ਹਨ। ਉਹ ਇੱਕ ਵਪਾਰੀ ਹਨ ਅਤੇ ਵਪਾਰੀ ਹੋਣ ਦ ਨਾਤੇ ਹਰ ਚੀਜ ਨੂੰ ਆਪਣੀ ਮੁੱਠੀ ਵਿੱਚ ਰੱਖਣਾਂ ਚਾਹੁੰਦੇ ਹਨ। ਦੂਜਾ ਉਹ ਕੱਟੜ ਸੱਜੇਪੱਖੀ ਵਿਅਕਤੀ ਹਨ ਜੋ ਘੱਟ-ਗਿਣਤੀਆਂ ਦੇ ਡਟਵੇਂ ਵਿਰੋਧੀ ਹਨ। ਜਦੋਂ ਉਨ੍ਹਾਂ ਦੇ ਰਾਜ ਵਿੱਚ ਕਾਲੀ ਨਸਲ ਦੇ ਲੋਕਾਂ ਦਾ ਅਮਰੀਕੀ ਪੁਲਸ ਵੱਲੋਂ ਕਤਲ ਹੋ ਰਿਹਾ ਸੀ ਉਸ ਵੇਲੇ ਵੀ ਉਹ ਪੀੜਤ ਧਿਰ ਦੇ ਹੱਕ ਵਿੱਚ ਨਹੀ ਬੋਲੇ ਬਲਕਿ ਸੱਜੇਪੱਖੀ ਫਾਸ਼ੀਵਾਦ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਦੇ ਵਿਰੋਧ ਵਿੱਚ ਬੋਲੇ।
ਹਰ ਸੱਜੇਪੱਖੀ ਅਤੇ ਕੱਟੜ ਫਿਰਕੂ ਹਾਕਮ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਸੱਤਾ ਨੂੰ ਅਤੇ ਜਮਹੂਰੀਅਤ ਨੂੰ ਆਪਣੇ ਨਿੱਜੀ ਨਿਸ਼ਾਨਿਆਂ ਅਤੇ ਫਾਇਦਿਆਂ ਲਈ ਵਰਤਦਾ ਹੈੈ। ਜਮਹੂਰੀਅਤ ਅਤੇ ਸੱਤਾ ਫਿਰਕੂ ਹਾਕਮਾਂ ਲਈ ਇੱਕ ਹਥਿਆਰ ਹੁੰਦੀ ਹੈ ਆਪਣੇ ਫਿਰਕੂ ਅਤੇ ਗੈਰ-ਰਾਜਨੀਤਕ ਏਜੰਡੇ ਨੂੰ ਲਾਗੂ ਕਰਨ ਲਈ। ਸੱਚੇ ਸੁੱਚੇ ਜੁਝਾਰੂਆਂ ਅਤੇ ਫਾਸ਼ੀ ਤਾਕਤਾਂ ਵਿੱਚ ਇਹ ਹੀ ਫਰਕ ਹੁੰਦਾ ਹੈ ਕਿ ਸੱਚੇ ਸੁਚੇ ਜੁਝਾਰੂ ਸੱਤਾ ਦੀ ਲਾਲਸਾ ਨਹੀ ਕਰਦੇ ਪਰ ਸੱਤਾ ਹਾਸਲ ਹੋਣ ਤੇ ਉਸਨੂੰ ਲੋਕਾਂ ਦੇ ਭਲੇ ਲਈ ਵਰਤਦੇ ਹਨ। ਦੂਜੇ ਪਾਸੇ ਫਾਸ਼ੀਵਾਦੀ ਨੇਤਾ ਸੱਤਾ ਦੇ ਲਾਲਸਾਵਾਨ ਹੁੰਦੇ ਹਨ। ਉਹ ਸਭ ਤੋਂ ਪਹਿਲਾਂ ਸਟੇਟ ਦੇ ਸਿੰਗਾਂ ਨੂੰ ਹੱਥ ਪਾਕੇ ਮੁੜ ਉਸਦੀ ਹਰ ਸੰਸਥਾ ਨੂੰ ਪੁਲਸ ਵਾਂਗ ਵਰਤਦੇ ਹਨ। ਉਨ੍ਹਾਂ ਦਾ ਨਿਸ਼ਾਨਾ ਸੰਸਦੀ ਜਮਹੂਰੀਅਤ ਨੂੰ ਮਜਬੂਤ ਕਰਨਾ ਨਹੀ ਹੁੰਦਾ ਬਲਕਿ ਆਪਣੇ ਘਟੀਆ ਏਜੰਡੇ ਨੂੰ ਮਜਬੂਤ ਕਰਨ ਦਾ ਹੁੰਦਾ ਹੈੈ। ਇਸ ਕੰਮ ਲਈ ਉਹ ਫਿਰ ਪਾਰਲੀਮੈਂਟ, ਅਦਾਲਤਾਂ, ਮੀਡੀਆ, ਬੈਕਾਂ, ਫੌਜ ਅਤੇ ਪੁਲਸ ਨੂੰ ਆਪਣੇ ਏਜੰਡੇ ਦੀ ਪੂਰਤੀ ਲਈ ਵਰਤਦੇ ਹਨ। ਜਦੋਂ ਤੱਕ ਸਿਸਟਮ ਉਨ੍ਹਾਂ ਦਾ ਪਾਣੀ ਭਰਦਾ ਹੈ ਉਹ ਉਦੋਂ ਤੱਕ ਹੀ ਸਿਸਟਮ ਦਾ ਹਿੱਸਾ ਰਹਿੰਦੇ ਹਨ ਜਦੋਂ ਸਿਸਟਮ ਉਨ੍ਹਾਂ ਦੇ ਉਲਟ ਹੋ ਜਾਵੇ ਤਾਂ ਉਹ ਨੇਤਾ ਉਸੇ ਸਿਸਟਮ ਵਿੱਚ ਨੁਕਸ ਕੱਢਣ ਲੱਗ ਜਾਂਦੇ ਹਨ।
ਡੌਨਲਡ ਟਰੰਪ ਇਸ ਵਕਤ ਕੱਟੜ ਸੱਜੇਪੱਖੀ ਨੇਤਾ ਦੀ ਭੂਮਿਕਾ ਨਿਭਾ ਰਹੇ ਹਨ।
ਭਾਰਤ ਵਿੱਚ ਵੀ ਭਵਿੱਖ ਵਿੱਚ ਇਹੋ ਨਜਾਰਾ ਦੇਖਣ ਨੂੰ ਮਿਲੇਗਾ। ਕੁਝ ਕੁਝ ਤਾਂ ਆਪਾਂ ਹੁਣ ਦੇਖ ਹੀ ਰਹੇ ਹਾਂ।