੨੧ਵੀਂ ਸਦੀ ਦਾ ਮਨੁੱਖ ਆਪਣੇ ਆਪ ਨੂੰ ਅੱਤ ਦਾ ਸੱਭਿਅਕ ਅਖਵਾ ਰਿਹਾ ਹੈ। ਪੂਰੀ ਦੁਨੀਆਂ ਵਿੱਚ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਇਸ ਸਦੀ ਵਿੱਚ ਮਨੁੱਖ ਨੇ ਸੱਭਿਅਤਾ ਦੇ ਝੰਡੇ ਗੱਡ ਦਿੱਤੇ ਹਨ। ਖਪਤਕਾਰੀ ਸੰਸਾਰ ਵਿੱਚ ਵਿੱਚ ਜੋ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ ਅਤੇ ਜਿਸ ਕਿਸਮ ਦੇ ਪਦਾਰਥ ਸਾਡੀ ਨਿੱਤ ਦੀ ਜਿੰਦਗੀ ਵਿੱਚ ਵਰਤਣ ਲਈ ਪੇਸ਼ ਹੋ ਰਹੇ ਹਨ ਉਸ ਦੇ ਮੱਦੇਨਜ਼ਰ ਹੀ ਇਹ ਆਖਿਆ ਜਾ ਰਿਹਾ ਹੈ ਕਿ ੨੧ਵੀਂ ਸਦੀ ਦੇ ਸੰਸਾਰ ਨੇ ਬਹੁਤ Ḕਵਿਕਾਸḙ ਕਰ ਲਿਆ ਹੈ। ਸੰਸਾਰ ਦੇ ਬੁਧੀਜੀਵੀ ਪਦਾਰਥਕ ਤਰੱਕੀ ਨੂੰ ਹੀ ਵਿਕਾਸ ਵੱਜੋਂ ਪੇਸ਼ ਕਰ ਰਹੇ ਹਨ।
ਪਰ ਅਸਲੀਅਤ ਇਸਤੋਂ ਕੋਹਾਂ ਦੂਰ ਹੈ। ਤਰੱਕੀ ਅਤੇ ਵਿਕਾਸ ਦੇ ਪਾੜੇ ਨੇ ਜੋ ਸੰਸਾਰ ਸਿਰਜ ਦਿੱਤਾ ਹੈ ਉਹ ਸਾਡੇ ਸੱਭਿਅਕ ਕਿਆਸਾਂ ਤੋਂ ਬਹੁਤ ਦੂਰ ਚਲਾ ਗਿਆ ਹੈ।
ਸੱਚ ਤਾਂ ਇਹ ਹੈ ਕਿ ਅੱਜ ਵੀ ਮਨੁੱਖ ਓਨਾ ਹੀ ਜਾਂਗਲੀ ਅਤੇ ਜਾਹਲ ਹੈ ਜਿੰਨਾ ਕਈ ਸਦੀਆਂ ਪਹਿਲਾਂ ਚਿਤਵਿਆ ਜਾਂਦਾ ਸੀ। ਮਸਲਾ ਇਹ ਨਹੀ ਹੈ ਕਿ ਮਨੁੱਖ ਨੇ ਆਪਣੀ ਖਪਤ ਦੇ ਕਿੰਨੇ ਵਧੀਆ ਪਦਾਰਥ ਬਣਾ ਲਏ ਹਨ, ਜਾਂ ਕਿੰਨੇ ਭਿਆਨਕ ਹਥਿਆਰ ਬਣਾ ਲਏ ਹਨ, ਮਸਲਾ ਤਾਂ ਇਹ ਹੈ ਕਿ ਮਨੁੱਖ ਉਸ ਵੇਲੇ ਕਿਸ ਕਿਸਮ ਦੇ ਪ੍ਰਤੀਕਰਮ ਕਰਦਾ ਹੈ ਜਦੋਂ ਉਹ ਹਾਲਾਤਾਂ ਦੇ ਆਪੋ ਸਿਰਜੇ ਜੰਗਲ ਵਿੱਚ ਘਿਰ ਜਾਂਦਾ ਹੈ। ਜਦੋਂ ਉਸਦੀ ਮਨੁੱਖਤਾ ਅਤੇ ਸੱਭਿਆਤਾ ਦੀ ਪਰਖ ਹੁੰਦੀ ਹੈ ਉਸ ਵੇਲੇ ਮਨੁੱਖ ਅਤੇ ਖਾਸ ਕਰਕੇ ਇਸ ਦੁਨੀਆਂ ਨੂੰ ਚਲਾਉਣ ਵਾਲੇ ਮਨੁੱਖ (ਸਿਆਸਤਦਾਨ ਅਤੇ ਫੌਜੀ ਅਫਸਰ) ਕਿਵੇਂ ਵਿਹਾਰ ਕਰਦੇ ਹਨ।
ਦੁਨੀਆਂ ਭਰ ਤੋਂ ਪਿਛਲੇ ਦਿਨੀ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ। ਇਨ੍ਹਾਂ ਖਬਰਾਂ ਨੇ ਦਿਨ ਦੇ ਹਨੇਰਿਆਂ ਦੀ ਬਾਤ ਪਾ ਦਿੱਤੀ ਹੈ। ਸਿਆਸਤਦਾਨਾਂ ਨੇ ਆਪਣੇ ਕਰਮਾਂ ਨਾਲ ਚਿੱਟੇ ਦਿਨਾਂ ਨੂੰ ਕਿਵੇਂ ਹਨੇਰਿਆਂ ਵਿੱਚ ਬਦਲ ਦਿੱਤਾ ਹੈ ਇਸਦੀ ਮਿਸਾਲ ਸੀਰੀਆ ਤੋਂ ਸ਼ੁਰੂ ਕਰਦੇ ਹਾਂ। ਆਪਣੇ ਹੀ ਮੁਲਕ ਵਿੱਚ ਰਹਿਣ ਵਾਲੇ ਲੋਕਾਂ ਤੇ ਕੋਈ ਸਰਕਾਰ ਕਿਵੇਂ ਰਸਾਇਣਿਕ ਗੈਸ ਦਾ ਹਮਲਾ ਕਰ ਸਕਦੀ ਹੈ? ਸ਼ਾਇਦ ਅਸੱਭਿਅਕ ਕਹੇ ਜਾਣ ਵਾਲੇ ਪੁਰਾਤਨ ਮਨੁੱਖ ਦੇ ਦਿਮਾਗ ਵਿੱਚ ਇਹ ਗੱਲ ਕਦੇ ਵੀ ਨਾ ਆਈ ਹੋਵੇ। ਜੇ ਉਹ ਮਨੁੱਖ ਆਪਣੇ ਆਤਮ ਸਨਮਾਨ ਜਾਂ ਸਿਆਸੀ ਚੌਧਰ ਲਈ ਲੜਾਈ ਲੜਦਾ ਵੀ ਸੀ ਤਾਂ ਉਸਦੇ ਕੁਝ ਕਾਇਦੇ ਕਨੂੰਨ ਸਨ। ਕਿਸੇ ਮਨੁੱਖੀ ਘੇਰੇ ਵਿੱਚ ਰਹਿ ਕੇ ਉਹ ਲੜਾਈ ਲੜਦਾ ਸੀ ਪਰ ੨੧ਵੀਂ ਸਦੀ ਦੇ ਮਨੁੱਖ ਦੀ ਹਵਸ ਸਾਹਮਣੇ ਅਜਿਹਾ ਕੋਈ ਕਾਇਦਾ ਕਨੂੰਨ ਨਹੀ ਬਚਿਆ। ਉਸਨੂੰ ਤਾਂ ਸਿਰਫ ਸਫਲ ਹੋਣ ਦੀ ਬੀਮਾਰੀ ਨੇ ਘੇਰ ਲਿਆ ਹੈ। ਸ਼ਫਲ ਹੋਣ ਲਈ ਕਿਸ ਕਿਸਮ ਦੇ ਰਸਤੇ ਅਖਤਿਆਰ ਕੀਤੇ ਜਾਂਦੇ ਹਨ ਇਸ ਦਾ ਕੋਈ ਮਤਲਬ ਨਹੀ ਹੈ। ਸਫਲ ਹੋਣ ਲਈ ਉਹ ਆਪਣੇ ਹੀ ਸ਼ਹਿਰੀਆਂ ਨੂੰ ਕਤਲ ਵੀ ਕਰ ਸਕਦਾ ਹੈ।
ਇਸੇ ਕਿਸਮ ਦੀ ਦੂਜੀ ਖਬਰ ਭਾਰਤੀ ਰਾਜ ਕਸ਼ਮੀਰ ਤੋਂ ਆਈ ਹੈ ਜਿੱਥੇ ਹੁੰਦੇ ਜੁਲਮਾਂ ਬਾਰੇ ਜਾਣਕਾਰੀ ਲੈਣ ਲਈ ਕੋਈ ਵੀ ਨਿਰਪੱਖ ਸੰਸਥਾ ਜਾਂ ਵਿਅਕਤੀ ਉਥੇ ਦਾਖਲ ਨਹੀ ਹੋ ਸਕਦਾ। ਕਸ਼ਮੀਰ ਵਿੱਚ ਪਿਛਲੇ ੩੦ ਸਾਲਾਂ ਤੋਂ ਕੀ ਹੋ ਰਿਹਾ ਹੈ? ਭਾਰਤੀ ਸਟੇਟ ਉਥੋਂ ਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਕੀ ਕੀ ਕਰਦੀ ਰਹੀ ਹੈ, ਬੇਸ਼ੱਕ ਇਸਦੇ ਹਜਾਰਾਂ ਕਿੱਸੇ ਪਤਾ ਹਨ ਪਰ ਕਦੇ ਵੀ ਉਹ ਭਾਰਤੀ ਸਟੇਟ ਲਈ ਚਰਚਾ ਦਾ ਵਿਸ਼ਾ ਨਹੀ ਬਣੇ। ਕਿਉਂਕਿ ਉਥੇ ਵੀ ਸਫਲ ਹੋਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਪਿਛਲੇ ਦਿਨੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਵਿੱਚ ਭਾਰਤੀ ਫੌਜ ਨੇ ਇੱਕ ਸ਼ਹਿਰੀ ਨੂੰ ਆਪਣੀ ਗੱਡੀ ਦੇ ਅੱਗੇ ਬੰਨ੍ਹ ਕੇ ਆਪਣੇ ਬਚਾਅ ਦਾ ਸੰਦ ਬਣਾਇਆ ਹੋਇਆ ਸੀ। ਇਹ ਸ਼ਾਇਦ ਪਹਿਲੀ ਵੀਡੀਓ ਹੈ ਜੋ ਸਰਕਾਰਾਂ ਦੀ ਦਰਿੰਦਗੀ ਦਾ ਪਾਜ ਉਘੇੜਦੀ ਹੈ। ਇਸ ਤਰ੍ਹਾਂ ਦਾ ਕਸ਼ਮੀਰ ਵਿੱਚ ਕੀ ਕੁਝ ਹੁੰਦਾ ਰਿਹਾ ਹੈ ਅਤੇ ਫੌਜੀ ਨੋਕ ਤੇ ਉਸ ਖਿੱਤੇ ਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਜਾਂ ਆਪਣੀ ਜਿੱਤ ਦੇ ਝੰਡੇ ਗੱਡਣ ਲਈ ਭਾਰਤੀ ਸਟੇਟ ਕੀ ਕਰਦੀ ਰਹੀ ਹੈ ਇਸਦੀ ਕੋਈ ਜਾਣਕਾਰੀ ਨਹੀ ਹੈ।
ਤੀਜੀ ਖਬਰ ਰੂਸ ਤੋਂ ਆਈ ਹੈ। ੨੦੦੪ ਵਿੱਚ ਰੂਸ ਦੇ ਇੱਕ ਪਿੰਡ ਬੈਸਲਾਨ ਵਿੱਚ ਕੁਝ ਅੱਤਵਾਦੀਆਂ ਨੇ ਸਕੂਲ ਦੇ ਬੱਚਿਆਂ ਨੂੰ ਬੰਦੀ ਬਣਾ ਲਿਆ ਸੀ। ਰੂਸੀ ਫੌਜ ਨੇ ਉਸ ਪਿੰਡ ਨੂੰ ਘੇਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪਰ ਉਸ ਸਾਰੀ ਕਾਰਵਾਈ ਦੌਰਾਨ ੨੦੦ ਤੋਂ ਜਿਆਦਾ ਬੱਚੇ ਅੱਤਵਾਦੀਆਂ ਨੇ ਮਾਰ ਦਿੱਤੇ ਸਨ।
ਹੁਣੇ ਜਿਹੇ ਉਸ ਸਕੂਲ ਦੀ ਘਟਨਾ ਬਾਰੇ ਮਨੁੱਖੀ ਅਧਿਕਾਰਾਂ ਬਾਰੇ ਯੂਰਪੀਅਨ ਅਦਾਲਤ ਵਿੱਚ ਕਾਰਵਾਈ ਖਤਮ ਹੋਈ ਹੈ, ਜਿਸ ਵਿੱਚ ਫੌਜ ਦੀ ਦਰਿੰਦਗੀ ਦਾ ਮਸਲਾ ਫਿਰ ਉਜਾਗਰ ਹੋਇਆ ਹੈ। ਅਦਾਲਤ ਵਿੱਚ ਗਵਾਹੀ ਦੇਣ ਆਈ ਇੱਕ ਚਸ਼ਮਦੀਦ ਗਵਾਹ ਨੇ ਅਦਾਲਤ ਨੂੰ ਦੱਸਿਆ ਕਿ ਰੂਸੀ ਫੌਜ ਦਾ ਰਵੱਈਆ ਸਕੂਲੀ ਬੱਚਿਆਂ ਨੂੰ ਬਚਾਉਣ ਵਾਲਾ ਨਹੀ ਸੀ ਬਲਕਿ ਅੱਤਵਾਦੀਆਂ ਨੂੰ ਮਾਰ ਦੇਣ ਵਾਲਾ ਸੀ। ਫੌਜ ਨੇ ਮਾਸੂਮ ਬੱਚਿਆਂ ਦੀ ਜਾਨ ਬਚਾਉਣ ਲਈ ਕੁਝ ਨਹੀ ਕੀਤਾ ਬਲਕਿ ਸਾਰਾ ਜੋਰ ਅੱਤਵਾਦੀਆਂ ਨੂੰ ਮਾਰ ਦੇਣ ਤੇ ਹੀ ਲਗਾਇਆ, ਜਿਸ ਤੋਂ ਗੁੱਸੇ ਵਿੱਚ ਆਕੇ ਅੱਤਵਾਦੀਆਂ ਨੇ ਸਕੂਲੀ ਬੱਚਿਆਂ ਦੀ ਜਾਨ ਲੈਣੀ ਅਰੰਭ ਕੀਤੀ।
ਉਸ ਔਰਤ ਨੇ ਦੱਸਿਆ ਕਿ ਰੂਸੀ ਫੌਜ ਦੇ ਹਰ ਵਾਰ ਤੋਂ ਬਾਅਦ ਅੱਤਵਾਦੀ ਕੁਝ ਬੱਚਿਆਂ ਨੂੰ ਮਾਰ ਦੇਂਦੇ ਸਨ। ਜੇ ਫੌਜ ਆਪਣੀ ਕਾਰਵਾਈ ਦਾ ਧੁਰਾ ਬੱਚਿਆਂ ਦੀ ਜਾਨ ਬਚਾਉਣ ਵੱਲ ਰੱਖਦੀ ਤਾਂ ਬਹੁਤ ਸਾਰੇ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਸੀ।
ਯੂਰਪੀ ਅਦਾਲਤ ਨੇ ਇਸ ਸਬੰਧੀ ਰੂਸ ਦੇ ਖਿਲਾਫ ਸਖਤ ਟਿੱਪਣੀਆਂ ਕੀਤੀਆਂ ਹਨ।
ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਦਿਨ ਦੇ ਹਨੇਰਿਆਂ ਵਿੱਚ ਦੇਸ਼ਾਂ ਨੂੰ ਬਚਾਉਣ ਦੇ ਕਾਰਜ ਚੱਲ ਰਹੇ ਹਨ।