ਪੰਜਾਬ ਅੰਦਰ ਜੋ ਸਿੱਖੀ ਦਾ ਇੱਕ ਤਰਾਂ ਨਾਲ ਧੁਰਾਂ ਮੰਨਿਆ ਜਾਂਦਾ ਹੈ, ਵਿੱਚ ਸਿੱਖੀ ਨੂੰ ਡੇਰਾਵਾਦ ਵੱਲੋਂ ਧਾਰਮਿਕ, ਸਿਆਸੀ, ਮਨੋਵਿਗਿਆਨਕ ਤੇ ਸਮਾਜਿਕ ਕਾਰਨਾਂ ਕਰਕੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਫੀ ਹੱਦ ਤੱਕ ਸਿੱਖੀ ਵਿੱਚ ਆਈ ਕੱਟੜਤਾ ਅਤੇ ਜਾਤ-ਪਾਤ ਦਾ ਡੂੰਘਾ ਪ੍ਰਛਾਵਾਂ ਹੋਣ ਕਾਰਨ ਸਿੱਖ ਕੌਮ ਦੀ ਹੋਂਦ ਤੇ ਡੇਰਾਵਾਦ ਵੱਲੋਂ ਇੱਕ ਸਿੱਧੀ ਵੰਗਾਰ ਹੈ। ਕਿਉਂਕਿ ਡੇਰਿਆਂ ਨੇ ਪੰਜਾਬ ਦੇ ਅੱਡ ਅੱਡ ਖਿੱਤਿਆਂ ਵਿੱਚ ਸਮਾਜ ਵਿਚੋਂ ਅਤੇ ਸਰਕਾਰ ਵੱਲੋਂ ਨਜ਼ਰ ਅੰਦਾਜ਼ ਕੀਤੇ ਹੋਏ ਗਰੀਬ, ਦਲਿਤ ਤੇ ਹੋਰ ਲੋਕਾਂ ਨੂੰ ਸਮਾਜਿਕ ਤੇ ਸਿਆਸੀ ਪਛਾਣ ਦੇਣ ਦੀ ਕਾਬਲੀਅਤ ਹਸਿਲ ਕੀਤੀ ਹੈ ਤੇ ਇਸ ਤੋਂ ਵੀ ਵੱਡਾ ਸਿੱਖ ਕੌਮ ਨਾਲ ਸਬੰਧਿਤ ਮੁੱਖ ਅਦੇਸ਼ ਭਾਈਚਾਰਕ ਸਾਂਝ ਜਿਸ ਤੋਂ ਸਿੱਖ ਪੰਥ ਕਾਫੀ ਹੱਦ ਤੱਕ ਨਿੱਖੜ ਚੁੱਕਿਆ ਹੈ, ਇਸਨੂੰ ਡੇਰਾਵਾਦ ਨੇ ਪੂਰੀ ਤਰਾਂ ਅਪਣਾਇਆ ਹੈ ਤੇ ਇਸ ਤਰਾਂ ਡੇਰਿਆਂ ਦੇ ਨਾਲ ਜੁੜੇ ਲੋਕਾਂ ਦੀ ਭਲਾਈ ਲਈ ਹਸਪਤਾਲ, ਸਕੂਲ, ਰੋਜ਼ਗਾਰ ਅਤੇ ਰੋਜ਼ਮਰਾ ਦੀਆਂ ਲੋੜਾਂ ਨਾਲ ਸਬੰਧਤ ਲੋੜਾਂ ਵਾਲੇ ਵਸੀਲਿਆਂ ਨੂੰ ਪੱਕਿਆਂ ਕੀਤਾ ਹੈ।

ਡੇਰਾ ਸੱਚਾ ਸੌਦਾ ਸਾਧ ਦੀ ਸਜ਼ਾ ਤੋਂ ਬਾਅਦ ਡੇਰਾ ਪ੍ਰੇਮੀਆਂ ਵਿੱਚ ਆਏ ਖਲਾਅ ਨੂੰ ਦੇਖਦਿਆਂ ਹੋਇਆ ਮੌਜੂਦਾ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇੰਨਾ ਡੇਰਾ ਪ੍ਰੇਮੀਆਂ ਨੂੰ ਜੋ ਪਹਿਲਾਂ ਸਿੱਖੀ ਵਿਚੋਂ ਹੀ ਡੇਰੇ ਵੱਲ ਆਕਰਸ਼ਿਤ ਹੋਏ ਸਨ, ਉਨਾਂ ਸਭ ਨੂੰ ਪੰਥ ਵਿੱਚ ਵਾਪਸ ਮੁੜ ਆਉਣ ਦੀ ਅਪੀਲ ਕੀਤੀ ਹੈ। ਪਰ ਇਥੇ ਸਾਵਾਲ ਖੜਾ ਹੁੰਦਾ ਹੈ ਕਿ ਜਿਸ ਕਾਰਨ ਬਹੁਤੇ ਗਰੀਬ ਤੇ ਜਾਤ-ਪਾਤ ਦੇ ਅਧਾਰ ਤੇ ਨਕਾਰੇ ਸਿੱਖ, ਡੇਰਿਆਂ ਵੱਲ ਪ੍ਰੇਰਿਤ ਹੋਏ ਸਨ ਕੀ ਉਹ ਕਾਰਨ ਪੰਥ ਨੇ ਦੂਰ ਕਰਨ ਦਾ ਜਾਂ ਉਨਾਂ ਨੂੰ ਸੁਲਝਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਅਜੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਪ੍ਰੇਮੀਆਂ ਤੇ ਸਮਾਜਿਕ ਤੌਰ ਤੇ ਨਾਮਿਲਵਰਤਣ ਦਾ ਹੁਕਮਨਾਮਾ ਹੀ ਖੜਾ ਹੈ। ਇਸੇ ਤਰਾਂ ਸੌਦਾ ਸਾਧ ਨੂੰ ਮਾਫੀਨਾਮੇ ਵਾਲਾ ਹੁਕਮਨਾਮ ਤੇ ਬਾਅਦ ਵਿੱਚ ਉਸ ਹੁਕਮਨਾਮੇ ਨੂੰ ਵਾਪਸ ਲੈਣ ਵਾਲਾ ਹੁਕਮਨਾਮਾ ਵੀ ਅਕਾਲੀ ਸਿਆਸਤ ਤੋਂ ਪ੍ਰੇਰਿਤ ਹੋਣ ਕਾਰਨ ਵਿਵਾਦਾਂ ਦੇ ਘੇਰੇ ਵਿੱਚ ਖੜਾ ਹੈ।

ਪੰਜਾਬ ਵਿੱਚ ਛੋਟੇ ਵੱਡੇ ਅੱਠ ਹਜ਼ਾਰ ਤੋਂ ਉੱਪਰ ਡੇਰੇ ਹਨ ਜੋ ਕਿ ਬਹੁਤੇ ਕਰਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਹਨ। ਇੰਨਾ ਵਿੱਚ ਬਹੁਤੇ ਅਸਥਾਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਆਪਣੀਆਂ ਮਰਿਯਾਦਾਵਾਂ, ਜੋ ਸਿੱਖ ਰਹਿਤ ਮਰਿਯਾਦਾ ਤੋਂ ਵੱਖਰੀਆਂ ਹਨ ਨੂੰ ਅਧਾਰ ਬਣਾ ਕੇ ਸ਼ਕਤੀਸ਼ਾਲੀ ਡੇਰਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ। ਜਿੰਨਾਂ ਦਾ ਅਧਾਰ ਵਿਦੇਸ਼ਾਂ ਵਿੱਚ ਵੀ ਕਾਫੀ ਫੈਲਿਆਂ ਹੋਇਆ ਹੈ ਅਤੇ ਇੰਨਾਂ ਡੇਰਿਆਂ ਵਿੱਚ ਹਰ-ਇੱਕ ਸਿਆਸਤਦਾਨ ਤੇ ਸਿੱਖ ਧਰਮ ਦੀਆਂ ਧਾਰਮਿਕ ਹਸਤੀਆਂ ਵੀ ਇੰਨਾਂ ਵੱਲੋਂ ਕਰਵਾਏ ਜਾਂਦੇ ਸਮਾਂਗਮਾਂ ਵਿੱਚ ਸ਼ਿਰਕਤ ਕਰਦੀਆਂ ਹਨ। ਮੁੱਖ ਰੂਪ ਵਿੱਚ ਇਸ ਤਰਾਂ ਦੇ ਡੇਰੇ ਪੰਜਾਬ ਦੇ ਪਿੰਡਾਂ ਵਿੱਚ ਸਥਾਪਿਤ ਹਨ ਅਤੇ ਇੰਨਾਂ ਨਾਲ ਜੁੜੇ ਹੋਏ ਸਿੱਖ ਵੀ ਦਿਹਾਤੀ ਖੇਤਰ ਵਿਚੋਂ ਹੀ ਹਨ। ਪਰ ਇੰਨਾਂ ਦੇ ਪ੍ਰਭਾਵ ਤੋਂ ਪੰਜਾਬ ਦੇ ਸ਼ਹਿਰੀ ਲੋਕ ਵੀ ਬਚੇ ਨਹੀਂ ਹਨ। ਸਿੱਖਾਂ ਵਿੱਚ ਦਮਦਮੀ ਟਕਸਾਲ (ਭਿੰਡਰਾਂ) ਜਿਸ ਦੇ ਪਹਿਲੇ ਮੁੱਖੀ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਹੋਏ ਤੇ ਬਾਅਦ ਵਿੱਚ ੧੯੮੦ ਦੇ ਦਹਾਕੇ ਵਿੱਚ ਇਸਨੂੰ ਮੁੱਖ ਰੂਪ ਵਿੱਚ ਪ੍ਰਸਿੱਧੀ ਉਸ ਸਮੇਂ ਮਿਲੀ ਜਦੋਂ ਇਸਦੀ ਬਾਗਡੋਰ ਇਸਦੇ ਚੌਦਵੇਂ ਬਾਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਸੰਭਾਲੀ। ਸੰਤ ਜੀ ਦੀ ਵੱਡੀ ਕੁਰਬਾਨੀ ਤੇ ਸਿੱਖੀ ਤੇ ਆਧਾਰਤ ਪ੍ਰਵਚਨਾਂ ਸਦਕਾਂ ਨੌਜਵਾਨ ਪੀੜੀ ਵਿੱਚ ਮਾਣ ਦੀ ਕਾਮਨਾ ਵੀ ਉਨਾਂ ਨੇ ਹੀ ਭਰੀ ਸੀ। ਪਰ ਅੱਜ ਦਮਦਮੀ ਟਕਸਾਲ ਭਿੰਡਰਾਂਵਾਲਾ ਪੰਜਾਬ ਤੇ ਵਿਦੇਸ਼ਾਂ ਵਿੱਚ ਵਿਚਰ ਰਹੀ ਹੈ ਜਿਸਦੇ ਮੁਖੀ ਭਾਵੇਂ ਅੱਡ-ਅੱਡ ਹਨ ਪਰ ਮੁੱਖ ਰੂਪ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਹੀ ਇਸਦੀ ਰਹਿਨੁਮਾਈ ਕਰ ਰਹੇ ਹਨ। ਇਹ ਕਾਫੀ ਵਿਵਾਦਾਂ ਦੇ ਘੇਰੇ ਵਿੱਚ ਸਿੱਖ ਮੁੱਦਿਆ ਕਾਰਨ ਘਿਰੀ ਹੋਈ ਹੈ। ਮੁੱਖ ਰੂਪ ਵਿੱਚ ਦਮਦਮੀ ਟਕਸਾਲ ਸਿੱਖ ਪੰਥ ਦੀ ਮਰਿਯਾਦਾ ਤੋਂ ਅਲੱਗ ਮਰਿਯਾਦਾ ਰੱਖਦੀ ਹੈ। ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾਂ ਨਹੀਂ ਦਿੰਦੀ ਤੇ ਦਸਮ ਗ੍ਰੰਥ ਬਾਰੇ ਵੀ ਇਸਦਾ ਵੱਖਰਾ ਪੱਖ ਹੈ। ਇਸ ਤਰਾਂ ਕੁਲ ਮਿਲਾ ਕੇ ਪੰਜਾਬ ਵਿੱਚ ਉਠੇ ਡੇਰਾਵਾਦ ਪੰਜਾਬ ਦੀ ਤੇ ਸਿੱਖਾਂ ਦੀ ਧਾਰਮਿਕ, ਸਿਆਸੀ, ਮਨੋਵਿਗਿਆਨਕਤਾ ਤੇ ਸਮਾਜਿਕਤਾ ਉੱਪਰ ਹਾਵੀ ਹਨ। ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰਹਿਨੁਮਾਈ ਹੇਠਾਂ ਸਿਆਸੀ ਦਬਾਅ ਨੂੰ ਖਤਮ ਕਰਕੇ ਗੰਭੀਰ ਆਦੇਸ਼ ਤੇ ਸੇਧ ਸਿੱਖ ਪੰਥ ਲਈ ਉਲੀਕ ਕੇ ਲਾਗੂ ਕਰਨੇ ਚਾਹੀਦੇ ਹਨ ਤੇ ਡੇਰੇਵਾਦ ਦੇ ਵਧਦੇ ਪ੍ਰਭਾਵ ਦੇ ਕਾਰਨਾਂ ਨੂੰ ਸੁਲਝਾ ਕੇ ਇਸ ਵਿਸ਼ੇ ਨੂੰ ਸੰਗਤ ਤੇ ਬੁਧੀਜੀਵੀਆਂ ਨਾਲ ਵਿਚਾਰ ਕੇ ਦਿਸ਼ਾ-ਨਿਰਦੇਸ਼ ਪੰਥ ਨੂੰ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਿੱਖ ਪੰਥ ਅੰਦਰ ਅਜਿਹੇ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ ਤਾਂ ਕਿ ਸਿੱਖਾਂ ਦੀਆਂ ਰਾਜਨੀਤਿਕ ਜਮਾਤਾਂ ਆਪਣੀ ਰਾਜਸੱਤਾ ਨੂੰ ਹਾਸਿਲ ਕਰਨ ਲਈ ਡੇਰਿਆਂ ਦੇ ਪੈਰੋਕਾਰਾਂ ਦੇ ਪੈਰਾਂ ਵਿੱਚ ਨਾ ਡਿੱਗਣ।