ਅਗਲੇ ਹਫਤੇ ਦਿੱਲੀ ਗੁਰਦੁਆਰਾ ਪਰਬੁੰਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ। ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰ ਚੁਣਨ ਲਈ ੨੭ ਫਰਵਰੀ ਨੂੰ ਵੋਟਾਂ ਪੈਣਗੀਆਂ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸੱਤਾਧਾਰੀਆਂ ਦੇ ਕਹਿਣ ਤੇ ਕੇਂਦਰ ਸਰਕਾਰ ਨੇ ਇਹ ਤਰੀਕ ੨੭ ਫਰਵਰੀ ਦੀ ਰੱਖੀ ਹੈ ਤਾਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲ਼ਾਂ ਹੀ ਉਹ ਚੋਣਾਂ ਕਰਵਾ ਲਈਆਂ ਜਾਣ ਤਾਂਕਿ ਪੰਜਾਬ ਵਾਂਗ ਕਿਤੇ ਦਿੱਲੀ ਵੀ ਨਾ ਹਾਰ ਜਾਈਏ। ਜਾਂ ਫਿਰ ਪੰਜਾਬ ਵਿਧਾਨ ਸਭਾ ਦੇ ਨਤੀਜੇ ਕਿਤੇ ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਪਰਭਾਵਿਤ ਨਾ ਕਰਨ।

ਖੈਰ ਕੇਂਦਰ ਸਰਕਾਰ ਨੇ ਅਕਾਲੀ ਦਲ ਦੀ ਮੰਨ ਕੇ ੨੭ ਫਰਵਰੀ ਨੂੰ ਚੋਣਾਂ ਰੱਖ ਦਿੱਤੀਆਂ ਹਨ। ਇਸ ਵੇਲੇ ਚਾਰ ਧਿਰਾਂ ਮੈਦਾਨ ਵਿੱਚ ਹਨ ਅਤੇ ਗੁਰੂ ਘਰਾਂ ਦੀ Ḕਸੇਵਾ ਸੰਭਾਲḙ ਲਈ ਲੜ ਰਹੀਆਂ ਹਨ। ਪਹਿਲੀ ਧਿਰ ਮਨਜੀਤ ਸਿੰਘ ਜੀ.ਕੇ. ਦੇ ਅਕਾਲੀ ਦਲ ਦੀ ਹੈ ਜੋ ਪੰਜਾਬ ਵਾਲੇ ਅਕਾਲੀ ਦਲ ਦਾ ਹੀ ਹਿੱਸਾ ਹੈ ਅਤੇ ਜਿਸਦਾ ਮਕਸਦ ਹਰ ਹਾਲਤ ਵਿੱਚ ਪਿਛਲੇ ੫੦ ਸਾਲ਼ਾਂ ਦੌਰਾਨ ਗੁਰੂਘਰਾਂ ਦੇ ਪਰਬੰਧ ਵਿੱਚ ਹੋ ਰਹੀ ਬੇਨਿਯਮੀ ਤੇ ਪਰਦਾ ਪਾਕੇ ਰੱਖਣਾਂ ਅਤੇ ਹਰ ਪਾਖੰਡੀ ਤੇ ਸਿੱਖ ਵਿਰੋਧੀ ਡੇਰੇ ਦਾ ਸਾਥ ਲੈ ਕੇ ਚੋਣਾਂ ਜਿੱਤਣਾਂ ਹੈ।

ਦੂਜੀ ਧਿਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਅਕਾਲੀ ਦਲ ਦਿੱਲੀ ਦੀ ਹੈ ਜਿਸਦੇ ਕਾਂਗਰਸ ਪਾਰਟੀ ਨਾਲ ਸਬੰਧ ਜੱਗ ਜਾਹਰ ਹਨ। ਪਰਮਜੀਤ ਸਿੰਘ ਸਰਨਾ ਨੇ ਕਦੇ ਵੀ ਕਾਂਗਰਸ ਨਾਲ ਆਪਣੇ ਸਬੰਧਾਂ ਨੂੰ ਲੁਕੋ ਕੇ ਨਹੀ ਰੱਖਿਆ। ਨਿੱਜੀ ਤੌਰ ਤੇ ਪਰਮਜੀਤ ਸਿੰਘ ਸਰਨਾ ਚੰਗੇ ਇਨਸਾਨ ਹਨ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਨੂੰ ਅਦਾਲਤਾਂ ਵਿੱਚ ਲੜਨ ਤੋਂ ਲੈਕੇ ਉਨ੍ਹਾਂ ਦੀ ਰਿਹਾਈ ਲਈ ਅਣਥੱਕ ਯਤਨ ਕਰਨ ਦਾ ਸਿਹਰਾ ਪਰਮਜੀਤ ਸਿੰਘ ਸਰਨਾ ਨੂੰ ਜਾਂਦਾ ਹੈ। ਲੱਖਾਂ ਰੁਪਏ ਦੀ ਵਕੀਲ਼ਾਂ ਦੀ ਫੀਸ ਆਪਣੇ ਕੋਲੋਂ ਭਰਕੇ ਉਨ੍ਹਾਂ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਬਹੁਤ ਸਾਰੇ ਯਤਨ ਕੀਤੇ। ਪਰ ਕਾਂਗਰਸ ਨਾਲ ਉਨ੍ਹਾਂ ਦੇ ਸਿੱਧੇ ਸਬੰਧ ਸਿੱਖਾਂ ਤੋਂ ਹਜ਼ਮ ਨਹੀ ਹੋ ਰਹੇ।

ਤੀਜੀ ਧਿਰ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਰਣਜੀਤ ਸਿੰਘ ਦਾ ਗੱਠਜੋੜ ਹੈ ਜੋ ਕਿ ਇੱਕ ਚੰਗਾ ਅਕਸ ਰੱਖਣ ਵਾਲੇ ਗੁਰਸਿੱਖ ਹਨ। ਭਾਈ ਬਲਦੇਵ ਸਿੰਘ ਵਡਾਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਰਹੇ ਹਨ, ਪਰ ਬਾਦਲ਼ਾਂ ਦਾ ਵਿਰੋਧੀ ਹੋਣ ਕਰਕੇ ਉਨ੍ਹਾਂ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਸੀ। ਆਪ ਬਹੁਤ ਲੰਬੇ ਸਮੇਂ ਤੋਂ ਸਿੱਖ ਗੁਰਧਾਮਾਂ ਦੇ ਪਰਬੰਧ ਨੂੰ ਸੱਚੇ ਸੁੱਚੇ ਗੁਰਸਿੱਖਾਂ ਦੇ ਹੱਥਾਂ ਵਿੱਚ ਦੇਣ ਦੀ ਵਕਾਲਤ ਕਰਦੇ ਆ ਰਹੇ ਹਨ। ਹੁਣ ਗਿਆਨੀ ਪਿੰਦਰਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਆ ਮਿਲੇ ਹਨ।

ਚੌਥੀ ਧਿਰ ਆਮ ਅਕਾਲੀ ਦਲ ਦੀ ਹੈ ਜੋ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਹੈ ਪਰ ਪਾਰਟੀ ਦਾ ਕਹਿਣਾਂ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਹਮਾਇਤ ਨਹੀ ਦਿੱਤੀ।

ਉਪਰ ਵਰਨਣ ਕੀਤੇ ਸਾਰੇ ਧੜਿਆਂ ਵਿੱਚੋਂ ਸਾਨੂੰ ਭਾਈ ਬਲਦੇਵ ਸਿੰਘ ਵਡਾਲਾ ਵਾਲੀ ਧਿਰ ਕੁਝ ਚੰਗੀ ਲਗਦੀ ਹੈ ਕਿਉਂਕਿ ਭਾਈ ਬਲਦੇਵ ਸਿੰਘ ਦੇ ਵਿਚਾਰ, ਘਟੀਆ ਸਿਆਸਤ ਤੋਂ ਰਹਿਤ ਉਨ੍ਹਾਂ ਦੀ ਰਹਿਣੀ ਬਹਿਣੀ ਅਤੇ ਕਹਿਣੀ ਜਿਸ ਵਿੱਚ ਖਾਲਸਾ ਪੰਥ ਦੇ ਦਰਦ ਦੀ ਗਹਿਰਾਈ ਦੇ ਦਰਸ਼ਨ ਹੁੰਦੇ ਹਨ। ਬਾਕੀ ਧਿਰਾਂ ਤਾਂ ਅਸੀਂ ਸਮਝਦੇ ਹਾਂ ਕਿ ਆਪਣੀ ਸਿਆਸਤ ਚਮਕਾਉਣ ਲਈ ਹੀ ਚੋਣਾਂ ਲੜ ਰਹੀਆਂ ਹਨ ਪਰ ਜੇ ਕੋਈ ਸੱਚੇ ਦਿਲੋਂ ਸਿੱਖ ਗੁਰਧਾਮਾਂ ਦੇ ਪਰਬੰਧ ਦੀ ਡਿਗ ਚੁੱਕੀ ਸਾਖ ਨੂੰ ਬਹਾਲ ਕਰਨ ਦਾ ਦਰਦ ਰੱਖਦਾ ਹੈ ਉਹ ਭਾਈ ਬਲਦੇਵ ਸਿੰਘ ਅਤੇ ਭਾਈ ਰਣਜੀਤ ਸਿੰਘ ਵਾਲਾ ਗਰੁੱਪ ਹੀ ਹੈ।

ਜਿਵੇਂ ਪੰਜਾਬ ਵਿੱਚ ਲੋਕਾਂ ਨੇ ਕਿਸੇ ਤੀਜੀ ਧਿਰ ਨੂੰ ਅਜ਼ਮਾਉਣ ਦਾ ਮਨ ਬਣਾ ਲਿਆ ਹੈ ਅਸੀਂ ਸਮਝਦੇ ਹਾਂ ਕਿ ਦਿੱਲੀ ਡੇ ਸਿੱਖਾਂ ਨੂੰ ਵੀ ਇਸ ਵਾਰ ਨਵੀਂ ਧਿਰ ਨੂੰ ਮੌਕਾ ਦੇ ਕੇ ਦੇਖਣਾਂ ਚਾਹੀਦਾ ਹੈ ਤਾਂ ਕਿ ਸਿੱਖ ਗੁਰਧਾਮਾਂ ਦੇ ਪਰਬੰਧ ਵਿੱਚ ਸਿਫਤੀ ਸੁਧਾਰ ਹੋ ਸਕੇ।