ਸਿੱਖ ਕੌਮ ਵਿੱਚ ਕੁਝ ਸਮੇਂ ਤੋਂ ਇੱਕ ਨਵੀਂ ਰੀਤ ਚੱਲ ਪਈ ਹੈ। ਹੁਣ ਸਿੱਖ ਹੀ ਸਿੱਖਾਂ ਦੀਆਂ ਦਸਤਾਰਾਂ ਲਾਹੁਣ ਲੱਗ ਪਏ ਹਨ ਅਤੇ ਉਹ ਵੀ ਗੁਰੂਘਰਾਂ ਵਿੱਚ। ਧਰਮ ਦੀਆਂ ਰਵਾਇਤਾਂ ਅਤੇ ਰਸਮਾਂ ਦੇ ਸੰਦਰਭ ਵਿੱਚ ਕੌਮ ਵਿੱਚ ਦੋ ਧੜੇ ਬਣ ਗਏ ਹਨ ਅਤੇ ਇਨ੍ਹਾਂ ਦੋਵਾਂ ਧੜਿਆਂ ਦੇ ਪੈਰੋਕਾਰ ਆਪਸ ਵਿੱਚ ਕਾਫੀ ਤਿਖੀ ਰੰਜਿਸ਼ ਦਾ ਸ਼ਿਕਾਰ ਹੋ ਰਹੇ ਹਨ। ਇੱਕ ਧੜੇ ਵਾਲੇ ਆਖ ਰਹੇ ਹਨ ਕਿ ਸਿੱਖ ਰਵਾਇਤਾਂ ਦੀ ਰਾਖੀ ਅਸੀਂ ਕਰ ਰਹੇ ਹਾਂ ਅਤੇ ਦੂਜਾ ਧੜਾ ਆਪਣੇ ਆਪ ਨੂੰ ਧਾਰਮਕ ਰਵਾਇਤਾਂ ਦਾ ਖੈਰ-ਖੁਆਹ ਆਖ ਰਿਹਾ ਹੈ।

ਗੁਰੂ ਦੇ ਨਾਦੀ ਪੁੱਤਰਾਂ ਨੂੰ ਹੁਣ ਆਪਣੇ ਪਿਤਾ ਦੀ ਸਿਖਿਆ ਅਤੇ ਉਸਦੀ ਕੁਰਬਾਨੀ ਨਾ ਕੋਈ ਖਿੱਚ ਪਾਉਂਦੀ ਹੈ ਅਤੇ ਨਾ ਹੀ ਕੋਈ ਪ੍ਰੇਰਨਾ ਦੇਂਦੀ ਹੈ। ਧੜਿਆਂ ਵਿੱਚ ਸੋਚਦੇ ਸੋਚਦੇ ਸਿੱਖ ਹੁਣ ਆਪਣੇ ਆਪ ਵਿੱਚ ਇੱਕ ਧੜਾ ਬਣਦੇ ਜਾ ਰਹੇ ਹਨ। ਬਿਪਰਨ ਕੀ ਰੀਤ ਸਿੱਖਾਂ ਵਿੱਚ ਘਰ ਕਰਦੀ ਪ੍ਰਤੀਤ ਹੁੰਦੀ ਹੈ। ਸਾਡੇ ਗੁਰਧਾਮ ਅਜਿਹਾ ਅਸਥਾਨ ਹੁੰਦੇ ਸਨ ਜਿੱਥੇ ਹਰ ਦੱਬੇ ਕੁਚਲੇ ਨੂੰ ਸਹਾਰਾ ਮਿਲਣ ਦੀ ਆਸ ਹੁੰਦੀ ਸੀ। ਪਰ ਹੁਣ ਗੁਰੂਘਰਾਂ ਦੇ ਅਕਸ ਨੂੰ ਕੁਝ ਆਪਹੁਦਰੀਆਂ ਨਾਲ ਕਿੰਨੀ ਢਾਹ ਲਗ ਰਹੀ ਹੈ ਇਸ ਬਾਰੇ ਵੀ ਕੁਝ ਨਹੀ ਸੋਚਿਆ ਜਾ ਰਿਹਾ।

ਕੁਝ ਸੱਜਣਾਂ ਦੇ ਸਾਹਮਣੇ ਆਪਣੀ ਨਿੱਜੀ ਹuਮੈ ਅਤੇ ਆਪਣੇ ਧੜੇ ਦੀ ਹuਮੈਂ ਹੀ ਸਭ ਤੋਂ ਵੱਡੀ ਚੀਜ ਬਣਦੀ ਜਾ ਰਹੀ ਹੈ। ਜੋ ਕਿ ਗਲਤ ਹੈ। ਸਿੱਖੀ ਕਦੇ ਵੀ ਆਪਣੇ ਵਿਚਾਰ ਕਿਸੇ ਤੇ ਜਬਰ ਨਾਲ ਨਹੀ ਥੋਪਦੀ। ਗੁਰੂ ਸਾਹਿਬ ਨੇ ਸਾਨੂੰ ਇਹ ਕਦੇ ਵੀ ਨਹੀ ਆਖਿਆ ਕਿ ਔਰੰਗਜ਼ੇਬ ਵਾਂਗ ਸਿੱਖੀ ਨੂੰ ਜੋਰ ਅਤੇ ਜਬਰ ਨਾਲ ਵਧਾਉਣਾਂ ਹੈ। ਸਿੱਖੀ ਵਿੱਚ ਅਤੇ ਔਰੰਗਜ਼ੇਬੀ ਤਰਜ਼ੇ ਜਿੰਦਗੀ ਵਿੱਚ ਇਹੋ ਹੀ ਫਰਕ ਹੈ। ਔਰੰਗਜ਼ੇਬ ਲਈ ਗਿਣਤੀ ਜਿਆਦਾ ਮਾਇਨੇ ਰੱਖਦੀ ਸੀ ਪਰ ਗੁਰੂ ਦੀਆਂ ਬਖਸ਼ਿਸ਼ਾਂ ਵਾਲੇ ਸਿੰਘਾਂ ਲਈ ਗਿਣਤੀ ਦੇ ਕੋਈ ਮਾਅਨੇ ਨਹੀ ਹਨ। ਗੁਰੂ ਦੀ ਬਖਸ਼ਿਸ ਵਾਲੇ ੪੦ ਸਿੰਘ ਹੀ ਲੱਖਾਂ ਦੇ ਬਰਾਬਰ ਹਨ।

ਅਸੀਂ ਸਮਝਦੇ ਹਾਂ ਕਿ ਵਰਤਮਾਨ ਸਮੇਂ ਸਿੱਖ ਪੰਥ ਵਿੱਚ ਜਿਸ ਕਿਸਮ ਦੀ ਸ਼ਰੀਕੇਬਾਜ਼ੀ ਚੱਲ ਰਹੀ ਹੈ ਇਹ ਆਪਣੇ ਜਨਮਦਾਤਾ ਪੈਗੰਬਰਾਂ ਦੀ ਇਲਾਹੀ ਨਦਰ ਤੋਂ ਅਤੇ ਉਨ੍ਹਾਂ ਦੀਆਂ ਬਖਸ਼ਿਸ਼ਾਂ ਤੋਂ ਦੂਰ ਹੋ ਜਾਣ ਦੀ ਨਿਸ਼ਾਨੀ ਹੈ। ਧਰਮ ਦੇ ਪਰਚਾਰ ਵਿੱਚ ਲੱਗੇ ਸਿੱਖ ਪੰਥ ਦੇ ਦੋਵੇਂ ਕਿਸਮ ਦੇ ਪਾਂਧੀ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰਨ ਦਾ ਯਤਨ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਦੁਨਿਆਵੀ ਕਰਮ ਉਨ੍ਹਾਂ ਤੇ ਭਾਰੂ ਹੋ ਜਾਂਦਾ ਹੈ ਅਤੇ ਫਿਰ ਉਹ ਆਪਸ ਵਿੱਚ ਹੀ ਉਲਝ ਜਾਂਦੇ ਹਨ। ਦਮਦਮੀ ਟਕਸਾਲ ਅਤੇ ਮਿਸ਼ਨਰੀ ਸਿੰਘਾਂ ਦਾ ਸਿੱਖ ਧਰਮ ਦੇ ਪਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਦੋਵਾਂ ਨੂੰ ਆਪੋ ਆਪਣੀਆਂ ਪਗਡੰਡੀਆਂ ਮੁਬਾਰਕ ਹਨ ਅਤੇ ਦੋਵਾਂ ਨੂੰ ਚਾਹੀਦਾ ਹੈ ਕਿ ਕਿਸੇ ਦੂਜੇ ਦਾ ਵਿਰੋਧ ਕਰੇ ਤੋਂ ਬਿਨਾ ਆਪੋ ਆਪਣੀ ਸੋਝੀ ਮੁਤਾਬਕ ਗੁਰੂ ਸਾਹਿਬ ਦੀ ਬਾਣੀ ਦਾ ਪਰਚਾਰ ਕਰਦੇ ਰਹਿਣ ਪਰ ਇਸ ਤਰ੍ਹਾਂ ਕਰਦੇ ਵਕਤ ਇਹ ਯਾਦ ਜਰੂਰ ਰੱਖਿਆ ਜਾਵੇ ਕਿ ਅਸੀਂ ਸਾਰੇ ਹੀ ਇੱਕੋ ਗੁਰੂ ਪਿਤਾ ਦੀ ਔਲਾਦ ਹਾਂ ਅਤੇ ਸਾਡੇ ਗੁਰੂ ਪਿਤਾ ਜੀ ਆਪਣੇ ਬੱਚਿਆਂ ਨੂੰ ਦੇ ਹਰ ਸਮੇਂ ਅੰਗ ਸੰਗ ਹਨ। ਜੇ ਅਜਿਹੀ ਭਾਵਨਾ ਆਵੇਗੀ ਤਾਂ ਅਸੀਂ ਕਿਸੇ ਵੀ ਸਮੇਂ ਕਿਸੇ ਸਿੱਖ ਤe ਹੱਥ ਨਹੀ ਚੁੱਕਾਂਗੇ ਕਿਉਂਕਿ ਹਰ ਸਿੱਖ ਵਿੱਚ ਗੁਰੂ ਸਾਹਿਬ ਆਪ ਬਿਰਾਜਮਾਨ ਹਨ।

ਹੁਣ ਜਦੋਂ ਪੰਥਕ ਤੌਰ ਤੇ ਇੱਕ ਪਾੜਾ ਦਰਾੜ ਬਣਦਾ ਜਾ ਰਿਹਾ ਹੈ ਤਾਂ ਸਿੱਖ ਕੌਮ ਦੇ ਰਹਿਬਰਾਂ ਅਤੇ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪ ਆਪਣੀ ਜਿੰਮੇਵਾਰੀ ਸਮਝ ਕੇ ਦੋਵਾਂ ਧਿਰਾਂ ਨੂੰ ਮਿਲ ਬੈਠ ਕੇ ਮਸਲੇ ਹੱਲ ਕਰਨ ਦੀ ਤਾਕੀਦ ਕਰ। ਇਸ ਤਰ੍ਹਾਂ ਹਰ ਨਵੇਂ ਦਿਨ ਇੱਕ ਦੂਜੇ ਦੇ ਖਿਲਾਫ ਘਟੀਆ ਅਤੇ ਗੰਦੀ ਭਾਸ਼ਾ ਵਿੱਚ ਬੋਲਣ ਅਤੇ ਇੱਕ ਦੂਜੇ ਦੀ ਬੇਇਜ਼ਤੀ ਕਰਨ ਦੀ ਰਵਾਇਤ ਸ਼ੋਭਅ ਨਹੀ ਦੇਂਦੀ ਖਾਸ ਕਰਕੇ ਸਾਡੇ ਵਰਗੀ ਜੁਝਾਰੂ ਕੌਮ ਲਈ।