ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਵਲੋਂ ਲਿਖੀਆਂ ਪ੍ਰਸਿੱਧ ਸਤਰਾਂ:
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੈ ਸੁਣਦਿਆਂ ਸੁਣਦਿਆਂ ਸੁੱਕ ਗਏ
ਆਖੋ ਇਹਨਾਂ ਨੂੰ ਉਜੜੇ ਘਰੀਂ ਜਾਉ ਹੁਣ
ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ
ਇਹ ਸਤਰਾਂ ੨੮ ਸਾਲ ਪਹਿਲਾਂ ਵਾਪਰੇ ਸਿੱਖ ਸੰਘਰਸ਼ ਨਾਲ ਸਬੰਧਤ ਵਾਕਿਆ ਤੇ ਬਾਖੂਬੀ ਢੁਕਦੀਆਂ ਹਨ। ਸਿੱਖ ਸੰਘਰਸ਼ ਦੌਰਾਨ ਬਹੁਤੇ ਅਜਿਹੇ ਸਿੱਖ ਪਰਿਵਾਰ ਸਨ ਜੋ ਅਕਾਲੀ ਸੋਚ ਨਾਲ ਜੁੜੇ ਹੋਣ ਕਰਕੇ ਸਿੱਖ ਸੰਘਰਸ਼ ਨਾਲ ਦਿਲੋਂ ਹਮਦਰਦੀ ਕਰਦੇ ਹੋਏ ਪੰਥ ਦੀ ਚੜ੍ਹਦੀ ਕਲਾ ਲਈ ਸਦਾ ਜੋਦੜੀਆਂ ਕਰਦੇ ਸੀ। ਇਹੀ ਅਜਿਹੇ ਪਰਿਵਾਰ ਸਨ ਜੋ ਸਿੱਖ ਸੰਘਰਸ਼ ਦੀ ਰੀੜ ਦੀ ਹੱਡੀ ਬਣੇ ਅਤੇ ਰਾਤ-ਬਰਾਤੇ ਬਿਖਰੇ ਰਾਹਾਂ ਤੇ ਤੁਰੇ ਫਿਰਦੇ ਸਿੱਖ ਸੰਘਰਸ਼ ਨਾਲ ਸਬੰਧਤ ਨੌਜਵਾਨ ਇਹਨਾਂ ਪਰਿਵਾਰਾਂ ਦੀਆਂ ਪਨਾਹਾਂ ਅਤੇ ਲੰਗਰਾਂ ਦੇ ਸਹਾਰੇ ਆਪਣੀ ਥਕਾਨ ਅਤੇ ਬੇਅਰਾਮੀ ਨੂੰ ਧਰਾਸ ਦੇ ਲੈਦੇ ਸਨ ਇਹੋ ਜਿਹੇ ਹਜ਼ਾਰਾਂ ਸਿੱਖ ਪਰਿਵਾਰਾਂ ਨੇ ਸੇਵਾ ਕਰਨ ਕਰਕੇ ਬੇਪਨਾਹ ਫੌਜ ਅਤੇ ਪੰਜਾਬ ਪੁਲੀਸ ਦੇ ਅਤਿਆਚਾਰ ਦਾ ਦਰਦ ਆਪਣੇ ਪਿੰਡਿਆ ਤੇ ਹੰਢਾਇਆ ਹੈ। ਅਨੇਕਾਂ ਹੀ ਅਜਿਹੇ ਸਿੱਖ ਪਰਿਵਾਰਾਂ ਦੇ ਨੌਜਵਾਨ ਪੁੱਤਰ ਅਤੇ ਬਜ਼ੁਰਗ ਸਿੱਖਾਂ ਦੇ ਪੁਰਾਤਨ ਇਤਿਹਾਸ ਵਾਂਗ ਭਾਰਤੀ ਫੌਜ ਤੇ ਪੰਜਾਬ ਪੁਲੀਸ ਦੇ ਵਹਿਸ਼ੀਆਨਾ ਜ਼ੁਲਮ ਰਾਹੀਂ ਸ਼ਹੀਦੀਆਂ ਪ੍ਰਾਪਤ ਕਰ ਗਏ। ਕਈਆਂ ਨੇ ਲੰਮੀਆਂ ਕਠਨਾਈ ਪੂਰਵਕ ਦੂਰ-ਦੁਰਾਡੇ ਥਾਵਾਂ ਤੇ ਲੰਮੀਆਂ ਜੇਲ੍ਹਾਂ ਕੱਟੀਆਂ। ਇਨਾਂ ਹੀ ਸਿੱਖ ਪਰਿਵਾਰਾਂ ਦੀਆਂ ਸਿੱਖ ਬੀਬੀਆਂ ਨੂੰ ਵੀ ਬਹੁਤ ਵਾਰ ਅਤਿਆਚਾਰ ਅਤੇ ਬੇਪੱਤੀ ਦਾ ਸ਼ਿਕਾਰ ਹੋਣਾ ਪਿਆ। ਇਹਨਾਂ ਅਰਸਾ ਪਹਿਲਾਂ ਇਸ ਸਿੱਖ ਸੰਘਰਸ ਦੇ ਦੁਖਾਂਤ ਬਾਰੇ ਅੱਜ ਉਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਇਸ ਮੌਜੂਦਾ ਇਤਿਹਾਸ ਨੂੰ ਕਿਸੇ ਵਿਉਂਤ ਰਾਹੀਂ ਲਿਖਤ ਵਿੱਚ ਨਹੀਂ ਲਿਆਂਦਾ ਜਾ ਸਕਿਆ ਜਿਸ ਰਾਹੀ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹ ਪਤਾ ਲੱਗ ਸਕੇ ਕਿ ਲੋੜ ਪੈਣ ਤੇ ਆਪਣੇ ਪੁਰਾਤਕ ਇਤਿਹਾਸ ਨੂੰ ਪੰਥ ਵਾਰ-ਵਾਰ ਦੁਹਰਾਉਂਦਾ ਰਿਹਾ ਹੈ।
ਇਸੇ ਦੁਖਾਂਤ ਵਿੱਚੋਂ ਇੱਕ ਵਾਕਿਆ ਉਹਨਾਂ ਦਸਾਂ ਸਿੱਖ ਪਰਿਵਾਰਾਂ ਦਾ ਹੈ ਜਿਨ੍ਹਾਂ ਨੂੰ ਦੋ ਸਾਲ ਪਹਿਲਾ ਸਿੱਖ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਪਨਾਹ ਦੇਣਾ ਅਤੇ ਉਹਨਾਂ ਦੀ ਸੇਵਾ ਕਰਨ ਬਦਲੇ ਦਸ-ਦਸ ਸਾਲ ਦੀ ਕੈਦ ਸੁਣਾਈ ਗਈ ਹੈ। ਇਸ ਕੇਸ ਦਾ ਸਬੰਧ ੧੨ ਫਰਵਰੀ ੧੯੮੭ ਨੂੰ ਸਿੱਖ ਸੰਘਰਸ਼ ਵਿੱਚ ਵਿਚਰ ਰਹੇ ਇੱਕ ਗਰੁੱਪ ਜਿਸ ਦੀ ਅਗਵਾਈ ਸ਼ਹੀਦ ਜਰਨਲ ਲਾਭ ਸਿੰਘ ਕਰ ਰਿਹਾ ਸੀ ਨੇ ਲੁਧਿਆਣੇ ਵਿੱਚ ਬਹੁਤ ਵੱਡਾ ਸਾਂਤਮਈ ਤਰੀਕੇ ਨਾਲ ਬੈਂਕ ਖਜ਼ਾਨਾ ਲੁੱਟਿਆ ਸੀ। ਜਿਸ ਦਾ ਮੂਲ ਮਕਸਦ ਇਹ ਸੀ ਕਿ ਜਿਹੜੇ ਸਿੱਖ ਪਰਿਵਾਰ ਸੇਵਾ ਦੌਰਾਨ ਸ਼ਹੀਦ ਹੋ ਚੁੱਕੇ ਹਨ ਜਾਂ ਆਰਥਿਕ ਪੱਖੋ ਤੰਗੀਆਂ ਝੱਲ ਰਹੇ ਹਨ ਦੀ ਲੋੜ ਅਨੁਸਾਰ ਵਿੱਤੀ ਸਹਾਇਤਾ ਕੀਤੀ ਜਾਵੇ। ਇਸ ਕੇਸ ਦੇ ਮੁੱਖ ਨਾਇਕ ਦੋ ਬੰਦਿਆਂ ਨੂੰ ਛੱਡ, ……….. ਸ਼ਹੀਦ ਹੋ ਚੁੱਕੇ ਹਨ। ਜਿਹੜੇ ਇਹ ਦਸ ਸਿੱਖ ਪਰਿਵਾਰ ਇਸ ਕੇਸ ਵਿੱਚ ਦਸ ਦਸ ਸਾਲ ਲਈ ਸਜਾ ਯਾਫਤਾ ਹਨ ਇਹ ਉਹ ਸਿੱਖ ਪਰਿਵਾਰਾਂ ਦੇ ਮੋਢੀ ਹਨ ਜਿਨਾਂ ਨੇ ਸਿੱਖ ਸੰਘਰਸ਼ ਵਿਚ ਵਿਚਰ ਰਹੇ ਨੌਜਵਾਨਾਂ ਨੂੰ ਬਗੈਰ ਕਿਸੇ ਲੋਭ-ਲਾਲਚ ਤੋਂ ਤਨ-ਮਨ ਨਾਲ ਸੇਵਾ ਨਿਭਾਈ ਹੈ। ਇਹ ਸਾਰੇ ਹੀ ਸਿੱਖ ਪਰਿਵਾਰ ਅੱਜ ਕੌਮ ਦੇ ਇੱਕ ਭੁੱਲੇ ਵਿਰਸੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਅਤੇ ਵਡੇਰੀਆਂ ਉਮਰਾਂ ਹੋਣ ਦੇ ਬਾਵਜੂਦ ਵੀ ਸਿੱਖ ਸੰਘਰਸ਼ ਦੀ ਪੀੜ ਆਪਣੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਝੱਲ ਰਹੇ ਹਨ। ਇਹਨਾਂ ਵਿਚੋਂ ਮੁੱਖ ਰੂਪ ਵਿੱਚ ਡਾਕਟਰ ਆਸਾ ਸਿੰਘ ਹਨ ਜਿਨਾਂ ਦੀ ਉਮਰ ਇਸ ਵੇਲੇ ੯੪ ਸਾਲ ਹੈ। ਇਸੇ ਤਰ੍ਹਾਂ ਭਾਈ ਮਾਨ ਸਿੰਘ ਉਮਰ ੭੦ ਸਾਲ, ਭਾਈ ਹਰਭਜਨ ਸਿੰਘ ੮੪ ਸਾਲ, ਭਾਈ ਸਰੂਪ ਸਿੰਘ ੬੬ ਸਾਲ, ਭਾਈ ਬਲਵਿੰਦਰ ਸਿੰਘ ੬੨ ਸਾਲ, ਭਾਈ ਹਰਜਿੰਦਰ ਸਿੰਘ ੫੫ ਸਾਲ। ਇਹਨਾਂ ਵਿੱਚੋਂ ਭਾਈ ਸੇਵਾ ਸਿੰਘ ਅਜਿਹੇ ਸਿੱਖ ਸੇਵਾਦਾਰ ਹਨ ਜਿਨਾਂ ਦੀਆਂ ਦੋਵੇਂ ਭਤੀਜੀਆਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਨੂੰਹਾਂ ਹਨ। ਇਹ ਸਾਰੇ ਹੀ ਸਿੱਖ ਸੇਵਦਾਰ ਪੁਰਾਣੇ ਸਮੇਂ ਤੋਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਰਹੇ ਹਨ ਅਤੇ ਸਦਾ ਹੀ ਵੱਧ ਚੜ ਕੇ ਹਰੇਕ ਅਕਾਲੀ-ਦਲ ਵੱਲੋਂ ਲਾਏ ਧਰਮੀ ਮੋਰਚੇ ਵਿੱਚ ਸ਼ਾਮਿਲ ਹੋ ਕੇ ਜੇਲ੍ਹਾਂ ਕੱਟ ਚੁੱਕੇ ਹਨ। ਇਹਨਾਂ ਸਾਰੇ ਸਿੱਖ ਪਰਿਵਾਰਾਂ ਦਾ ਹਰ-ਇੱਕ ਪੱਖੋਂ ਪਰਿਵਾਰਕ ਅਤੇ ਆਰਥਿਕ ਪੱਖੋਂ ਢਾਂਚਾਂ ਖਿੱਲਰ ਰਿਹਾ ਹੈ। ਭਾਵੇਂ ਕਿ ਇਹਨਾਂ ਪਰਿਵਾਰਾਂ ਨੇ ਸਦਾ ਹੀ ਚੜਦੀ ਕਲਾ ਵਿੱਚ ਰਹਿ ਕੇ ਸਿੱਖ ਸੰਘਰਸ ਵਿੱਚ ਸਾਮਿਲ ਨੌਜਵਾਨਾਂ ਦੀ ਹਰ ਇੱਕ ਪੱਖੋ ਆਪਣਾ ਫਰਜ਼ ਸਮਝ ਕੇ ਸੇਵਾ ਨਿਭਾਈ ਹੈ। ਇਹਨਾਂ ਤੇ ਕੇਸ ਮੁਤਾਬਕ ਇਹ ਕਿਹਾ ਗਿਆ ਹੈ ਕਿ ਇਹ ਬੈਂਕ ਡਾਕੇ ਵਿੱਚ ਸ਼ਾਮਿਲ ਸਿੰਘਾਂ ਦੀ ਪਨਾਹਗਾਹਾਂ ਸੀ ਅਤੇ ਇਹਨਾਂ ਨੇ ਉਹਨਾਂ ਨੂੰ ਪੁਲੀਸ ਅਤੇ ਫੌਜ ਦੇ ਸਿਕੰਜੇ ਤੋਂ ਬਚਾਉਣ ਵਿੱਚ ਭੂਮਿਕਾ ਨਿਭਾਈ ਹੈ। ਇਹਨਾਂ ਤੇ ਜੋ ਮਾੜੀਆਂ ਮੋਟੀਆਂ ਪੈਸੇ ਦੀਆਂ ਬਰਾਮਦੀਆਂ ਵੀ ਪਾਈਆਂ ਹਨ ਉਹ ਵੀ ਇਹਨਾਂ ਪਰਿਵਾਰਾਂ ਦੇ ਆਪਣੇ ਘਰੇਲੂ ਜੱਦੀ ਗਹਿਣੇ ਪੁਲੀਸ ਵੱਲੋਂ ਵੇਚ ਕੇ ਉਹੀ ਪੈਸਾ ਬਰਾਮਦੀ ਦਿਖਾਈ ਗਈ। ਇਸੇ ਦੇ ਅਧਾਰ ਤੇ ਇਹਨਾਂ ਦੀ ਵਡੇਰੀ ਉਮਰ ਦੀ ਪਰਵਾਹ ਨਾ ਕਰਦਿਆਂ ਹੋਇਆ ੯੪ ਸਾਲਾਂ ਦੇ ਬਜੁਰਗ ਸਿੱਖਾਂ ਨੂੰ ਦਸ ਦਸ ਸਾਲ ਦੀ ਸਜਾ ਕਰਕੇ ਜੇਹਲੀਂ ਡੱਕ ਦਿੱਤਾ। ਜਿਥੇ ਉਹ ਆਪਣੇ ਆਪ ਦੀ ਪੂਰੀ ਤਰਾਂ ਸਰੀਰਿਕ ਸੰਭਾਲ ਵੀ ਨਹੀਂ ਕਰ ਸਕਦੇ। ਇਹਨਾਂ ਦਸਾਂ ਸਿੱਖਾਂ ਵਿਚੋਂ ਬਹੁਤੇ ਸ਼ਰੀਰਿਕ ਬਿਮਾਰੀਆਂ ਤੋਂ ਪੀੜਿਤ ਹਨ ਅਤੇ ਦਵਾਈਆਂ ਦੇ ਆਸਰੇ ਆਪਣਾ ਜੇਹਲੀ ਜੀਵਨ ਬਤੀਤ ਕਰ ਰਹੇ ਹਨ। ਇਸ ਤਰਾਂ ਦਾ ਦੁਖਾਂਤ ਅੱਜ ਸਿੱਖ ਕੌਮ ਦੀਆਂ ਵਾਰਤਾਲਾਪਾਂ ਅਤੇ ਹੋਰ ਮੀਟਿੰਗਾਂ ਦੇ ਵਿਸ਼ਿਆਂ ਤੋਂ ਗਵਾਚ ਚੁੱਕਿਆ ਹੈ। ਭਾਵੇਂ ਇਸ ਬਾਰੇ ਅਨੇਕਾਂ ਬਾਰ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਸਬੰਧਤ ਪਰਿਵਾਰਾਂ ਵੱਲੋਂ ਪੱਤਰ ਰਾਹੀਂ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਨਿੱਜੀ ਰਸੂਖ ਵਰਤ ਕੇ ਪੰਜਾਬ ਸਰਕਾਰ ਜਿਸ ਦੀ ਰਹਿਨੁਮਾਈ ਅਕਾਲੀ ਦਲ ਕਰ ਰਿਹਾ ਹੈ, ਕੋਲ ਫਰਿਆਦ ਕੀਤੀ ਜਾਵੇ ਕਿ ਇਹਨਾਂ ਵਡੇਰੀ ਉਮਰ ਦੇ ਸਿੱਖ ਸੇਵਾਦਾਰਾਂ ਦੀ ਜੇਹਲ ਖਲਾਸੀ ਹੋ ਸਕੇ ਅਤੇ ਆਪਣੇ ਜੀਵਨ ਦੇ ਆਖਰੀ ਸਵਾਸ ਆਪਣੇ ਪਰਿਵਾਰਾਂ ਕੋਲ ਰਹਿ ਕੇ ਬਤੀਤ ਕਰ ਸਕਣ। ਇਹ ਵਿਸ਼ਾਂ ਜੋ ਇਹਨਾਂ ਸਿੱਖ ਪਰਿਵਾਰਾਂ ਨਾਲ ਸਬੰਧਤ ਹੈ ਮਨੁੱਖੀ ਕਦਰਾਂ-ਕੀਮਤਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਹਨਾਂ ਕਦਰਾਂ ਕੀਮਤਾਂ ਸਦਕਾ ਮੰਗ ਕਰਦਾ ਹੈ ਕਿ ਪੰਜਾਬ ਦੇ ਸਿੱਖ ਅਤੇ ਪੱਛਮੀ ਮੁਲਕਾਂ ਵਿੱਚ ਬੈਠੇ ਸਿੱਖ ਇੱਕ ਸਾਂਝੀ ਪੱਤਰੀ ਮੁਹਿੰਮ ਚਲਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬਾਨ ਨੂੰ ਇਹਨਾਂ ਦੀ ਸਜਾ ਖਲਾਸੀ ਲਈ ਅਵਾਜ ਉਠਾਉਣ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਲ ਪਹਿਲਾਂ ਵੀ ਅਨੇਕਾਂ ਬਾਰ ਦਰਖਾਸਤ ਤੇ ਅਪੀਲ ਸਿੱਖ ਸੰਗਤਾਂ ਵੱਲੋਂ ਹੋ ਚੁੱਕੀ ਹੈ ਕਿ ਭਾਰਤ ਦੀਆਂ ਵੱਖ-ਵੱਖ ਸੂਬੇ ਦੀਆਂ ਜੇਲ੍ਹਾਂ ਵਿੱਚ ਸਜਾਯਫਤਾ ਸਿੱਖ ਕੈਦੀ ਜੋ ਆਪਣੀ ਸਜਾ ਤੋਂ ਵੀ ਵੱਧ ਸਜਾ ਭੁਗਤ ਚੁੱਕੇ ਹਨ ਦੀ ਰਿਹਾਈ ਪ੍ਰਤੀ ਆਪਣੇ ਅਹੁਦੇ ਦੀ ਵਰਤੋਂ ਕਰਨ। ਇਹਨਾਂ ਸਭ ਨਾਲੋਂ ਮੁੱਖ ਮੁੱਦਾ ਅੱਜ ਇਹਨਾਂ ਬਜੁਰਗ ਸਿੱਖ ਸੇਵਾਦਾਰਾਂ ਦੀ ਰਿਹਾਈ ਹੈ। ਤਾਂ ਜੋ ਕਿਤੇ ਅਕਾਲੀ ਸਰਕਾਰ ਆਪਣੀ ਸਰਕਾਰ ਦੇ ਸਮੇਂ ਅਧੀਨ ਇਹ ਧੱਬਾ ਨਾ ਲੈ ਬੈਠੇ ਕੇ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਬੇਕਸੂਰ ਹੁੰਦਿਆਂ ਹੋਇਆਂ ਵੀ ਜਿਹਲਾਂ ਚ ਦਮ ਤੋੜ ਗਏ। ਸਿੰਘ ਸਾਹਿਬਾਨ ਜੋ ਕਿ ਸਿੱਖ ਪੰਥ ਦੀਆਂ ਸਨਮਾਨਤ ਹਸਤੀਆਂ ਹਨ ਉਹਨਾਂ ਨੂੰ ਇਸ ਵਿਸ਼ੇ ਤੇ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਨਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਦੀਆਂ ਤਰੀਕਾਂ ਅਤੇ ਬੀ.ਜੇ.ਪੀ. ਦੇ ਇੱਕ ਵਰਕਰ ਵੱਲੋਂ ਬੋਲੀ ਸ਼ਬਦਾਵਲੀ ਦੇ ਵਿੱਚ ਹੀ ਗੁਆਚੇ ਰਹਿਣ।