ਕੁਝ ਸਮਾਂ ਪਹਿਲੇ ਦੀ ਗੱਲ ਜਦੋਂ ਜਵਾਹਰ ਲਾਲ ਨਹਿਰੂ ਵਿਸ਼ਵਵਿਦਿਆਲਾ ਦੇ ਵਿਦਿਆਰਥੀ ਤੇ ਉਹਨਾਂ ਦੇ ਮੁੱਖੀ ਘਨਈਆਂ ਕੁਮਾਰ ਇੱਕ ਬਹੁਤ ਮਸ਼ਹੂਰ ਬਿਹਾਰੀ ਕਵੀ ਰਾਮਧਾਰੀ ਦਿਨਕਰ ਦੇ ਬੁੱਤ ਤੇ ਸਰਧਾ ਦੇ ਫੁੱਲ ਭੇਂਟ ਕਰਨ ਗਿਆ ਸੀ। ਘਨਈਆ ਕੁਮਾਰ ਜੋ ਕਿ ਦਲਿਤ ਵਰਗ ਨਾਲ ਸਬੰਧਤ ਹੈ ਤੇ ਪਿਛਲੇ ਸਮੇਂ ਤੋਂ ਭਾਰਤੀ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਇੱਕ ਜਲਸਾ ਕਰਾਉਣ ਕਰਕੇ ਖਬਰਾਂ ਵਿੱਚ ਵੀ ਰਿਹਾ ਹੈ ਤੇ ਉਸ ਦਾ ਕਿਰਦਾਰ ਤੇ ਸ਼ਖਸ਼ੀਅਤ ਵਿਦਿਆਰਥੀ ਵਰਗ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ। ਉਸ ਵੱਲੋਂ ਜਦੋਂ ਬਿਹਾਰੀ ਕਵੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤਾਂ ਉਸਦੇ ਤੁਰੰਤ ਬਾਅਦ ਬੀ.ਜੇ.ਪੀ ਪਾਰਟੀ ਨਾਲ ਸਬੰਧਿਤ ਵਿਦਿਆਰਥੀ ਸੰਘ ਤੇ ਇਸ ਨਾਲ ਹੀ ਸਬੰਧਿਤ ਬਜ਼ਰੰਗ ਦਲ ਦੇ ਮੈਂਬਰਾਂ ਵੱਲੋਂ ਬੁੱਤ ਅਤੇ ਆਲੇ-ਦੁਆਲੇ ਦੀ ਦੁੱਧ ਨਾਲ ਧੁਲਾਈ ਕੀਤੀ ਗਈ ਤੇ ਇਸਦਾ ਮਕਸਦ ਇਹ ਦਰਸਾਇਆ ਗਿਆ ਕਿ ਇੱਕ ਦਲਿਤ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ, ਨਾਲ ਇਹ ਭਰਿਸ਼ਟ ਹੋ ਗਿਆ ਸ਼ੁੱਧੀਕਰਣ ਤੇ ਗੰਦਗੀ ਦੀ ਡੂੰਘਾਈਆਂ ਦੇ ਵਿਚਕਾਰ ਅੱਜ ਦੇ ਭਾਰਤੀ ਹਿੰਦੂ ਸਮਾਜ ਦੀ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜੋ ਦਿੱਖ ਦਰਸਾਈ ਜਾ ਰਹੀ ਹੈ ਉਸ ਬਾਰੇ ਸੋਚਣ ਨਾਲ ਅੱਜ ਦੇ ਭਾਰਤ ਦੀ ਇੱਕ ਅਜਿਹੀ ਸਫ ਸਾਹਮਣੇ ਆਉਂਦੀ ਹੈ ਜੋ ਕਿ ਅੱਜ ਦੇ ਭਾਰਤ ਅੰਦਰ ਪੈ ਚੁੱਕੀਆਂ ਧਰਮ ਤੇ ਜਾਤ ਦੇ ਪ੍ਰਛਾਵੇ ਹੇਠ ਡੂੰਘੀਆਂ ਖਾਈਆਂ ਹਨ।

ਪਿਛਲੇ ਦੋ ਸਾਲਾਂ ਵਿੱਚ ਕਈ ਇਸੇ ਤਰਾਂ ਦੇ ਵਾਕਿਆ ਉਭਰੇ ਹਨ ਜਿਨਾਂ ਦਾ ਸਿੱਧਾ ਸਬੰਧ ਅੱਜ ਦੀ ਭਾਰਤੀ ਹੁਕਮਰਾਨ ਪਾਰਟੀ ਜਿਸਦੀ ਦਿੱਖ ਤੇ ਪਛਾਣ ਹਿੰਦੂ ਸਮਾਜ ਦੇ ਆਲੇ-ਦੁਆਲੇ ਬਣੀ ਹੋਈ ਹੈ। ਇਸਦੇ ਰਾਜ ਦੌਰਾਨ ਹੁਣ ਤੱਕ ਭਾਰਤ ਅੰਦਰ ਰਹਿ ਰਹੇ ਦਲਿਤ ਵਰਗ ਤੇ ਘੱਟ ਗਿਣਤੀ ਸਮਾਜ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇੰਨਾ ਵਰਗਾ ਦਾ ਜਿਸ ਤਰਾਂ ਇਸ ਸੱਤਾਧਾਰੀ ਪਾਰਟੀ ਦੇ ਸਮਰਥਨ ਸਦਕਾ ਆਪੇ ਬਣੇ ਹਿੰਦੂ ਸਭਾ ਦੇ ਰਖਵਾਲਿਆਂ ਵੱਲੋਂ ਪੂਰੀ ਤਰਾਂ ਖੌਫਜਨਕ ਕਰਨ ਲਈ ਇੰਨਾ ਵਰਗਾ ਨੂੰ ਖੁੱਲੇਆਮ ਸੜਕਾਂ ਤੇ ਲਤਾੜਿਆਂ ਤਾਂ ਜਾ ਹੀ ਰਿਹਾ ਹੈ। ਇੰਨਾ ਹਿੰਦੂ ਸਭਾ ਦੇ ਆਰਖਸ਼ਕਾਂ ਵੱਲੋਂ ਨੰਗੀ ਗੁੰਡਾਗਰਦੀ ਕਰਦਿਆਂ ਬਹੁਤ ਥਾਵਾਂ ਤੇ ਕਨੂੰਨ ਦੇ ਸਾਹਮਣੇ ਇਨਸਾਨਾਂ ਨੂੰ ਬੁਰੀ ਤਰਾਂ ਵਹਿਸ਼ੀਆਂਨਾਂ ਤਰੀਕੇ ਨਾਲ ਮਾਰ ਮੁਕਾਇਆ ਹੈ। ਇਸਦੀ ਤਾਜਾ ਉਦਾਹਰਣ ਗੁਜਰਾਤ ਸੂਬੇ ਅੰਦਰ ਗਊ ਰਖਸ਼ਕਾਂ ਦੇ ਨਾਮ ਹੇਠ ਵਿਚਰ ਰਹੀਆਂ ਇਹ ਬੇਲਗਾਮ ਹਿੰਦੂ ਸਭਾ ਦੀਆਂ ਫੌਜਾਂ ਵੱਲੋਂ ਦਲਿਤ ਵਰਗ ਦੇ ਬੰਦਿਆਂ ਨੂੰ ਉਨਾਂ ਸ਼ਹਿਰ ਵਿੱਚ ਸੜਕ ਤੇ ਖੜਾ ਕਰਕੇ ਬੁਰੀ ਤਰਾਂ ਲਤਾੜਿਆ ਗਿਆ ਜਦਕਿ ਉਸ ਵਕਤ ਕਨੂੰਨ ਦੀ ਫੌਜ ਗੁਜਰਾਤ ਪੁਲੀਸ ਸਾਹਮਣੇ ਖੜੀ ਬੇਵੱੱਸ ਨਜ਼ਰ ਆ ਰਹੀ ਹੈ। ਇੰਨਾ ਦਲਿਤ ਵਰਗ ਦੇ ਬੰਦਿਆਂ ਦਾ ਕਸੂਰ ਸਿਰਫ ਇੰਨਾ ਹੈ ਕਿ ਇਹ ਆਪਣੀ ਰੋਜੀ ਰੋਟੀ ਲਈ ਸਦੀਆਂ ਤੋਂ ਕਾਨੂੰਨੀ ਮਾਨਤਾ ਪ੍ਰਾਪਤਾ ਧੰਦਾ ਮਰੇ ਹੋਏ ਪਸ਼ੂਆਂ ਨੂੰ ਸਾਂਭਣਾ ਤੇ ਉਨਾਂ ਦੀਆਂ ਖੱਲਾਂ ਨੂੰ ਉਤਾਰ ਕੇ ਬਜਾਰ ਵਿੱਚ ਵੇਚ ਕੇ ਆਪਣੀ ਰੋਜੀ ਰੋਟੀ ਚਲਾਉਣਾ ਹੈ ਜਿਸ ਕਰਕੇ ਹਿੰਦੂ ਕਾਰਕੁੰਨਾਂ ਨੇ ਗਊ ਰੱਖਿਆ ਦੇ ਨਾਅਰੇ ਹੇਠ ਹਿੰਸਕ ਵਿਰੋਧ ਕੀਤਾ ਤੇ ਨੰਗੀ ਚਿੱਟੀ ਗੁੰਡਾਗਰਦੀ ਰਾਹੀਂ ਨਿਤ-ਦਿਹਾੜੇ ਇਨਾਂ ਦਲਿਤ ਕਰਮੀਆਂ ਨੂੰ ਚੁਰਾਹੇ ਤੇ ਖੜਾ ਕਰਕੇ ਪਟਿਆਂ ਤੇ ਡੰਡਿਆਂ ਨਾਲ ਕੱਪੜੇ ਉਤਰਾ ਕੇ ਕੁਟਿਆ ਮਾਰਿਆ ਗਿਆ। ਇਸ ਤਰਾਂ ਦੀਆਂ ਘਟਨਾਵਾਂ ਕਰਕੇ ਅੱਜ ਗੁਜਰਾਤ ਸੂਬੇ ਅੰਦਰ ਇੱਕ ਬੇਚੈਨੀ ਦਾ ਮਾਹੌਲ ਹੈ ਤੇ ਦਲਿਤ ਵਰਗ ਇਥੋਂ ਤੱਕ ਮਜ਼ਬੂਰ ਤੇ ਬੇਵੱਸ ਹੋ ਗਿਆ ਹੈ ਕਿ ਉਨਾਂ ਨੇ ਜਨਤਕ ਤੌਰ ਤੇ ਸਰਕਾਰ ਅੱਗੇ ਫਰਿਆਦ ਲਾਈ ਹੈ ਕਿ ਅਸੀਂ ਇਸ ਤਰਾਂ ਪਸ਼ੂਆਂ ਨੂੰ ਮਰਨ ਉਪਰੰਤ ਸਾਂਭਣ ਵਾਲੇ ਕੰਮ ਤੋਂ ਛੁਟਕਾਰਾ ਚਾਹੁੰਦੇ ਹਾਂ ਭਾਵੇਂ ਸਾਨੂੰ ਸੜਕਾਂ ਤੇ ਭੀਖ ਮੰਗਣੀ ਪਵੇ। ਇਸ ਦਲਿਤਾਂ ਦੇ ਵਿਰੋਧ ਸਦਕਾਂ ਅੱਜ ਗੁਜਰਾਤ ਅੰਦਰ ਮਰੇ ਹੋਏ ਪਸ਼ੂਆਂ ਦੇ ਸਰੀਰ ਸ਼ਹਿਰਾਂ ਤੇ ਕਸਬਿਆਂ ਅੰਦਰ ਰੁਲ ਰਹੇ ਹਨ ਕਿਉਂਕਿ ਗਊ ਰਖਿਅਕ ਕਾਰਕੁੰਨਾਂ ਦੇ ਖੌਫ ਤੇ ਸਹਿਮ ਸਦਕਾ ਦਲਿਤ ਜਾਂ ਕੋਈ ਹੋਰ ਵਰਗ ਇਸ ਕਾਨੂੰਨੀ ਕੰਮ ਨੂੰ ਛੇੜਨਾ ਨਹੀਂ ਚਾਹੁੰਦਾ ਹੈ।

ਇਸੇ ਤਰਾਂ ਜੇ ਰਾਜਸਥਾਨ ਸੂਬੇ ਦੀ ਗੱਲ ਕਰ ਲਈਏ ਤਾਂ ਉਥੋਂ ਦੇ ਜਿਲਾ ਨਾਗੌਰ ਵਿੱਚ ਦਲਿਤ ਵਰਗ ਅੱਜ ਜੁਲਮ ਦੇ ਸਹਿਮ ਅੰਦਰ ਹੈ। ਉਨਾਂ ਦੇ ਸਹਿਮਣ ਦਾ ਕਾਰਨ ਸਿਰਫ ਇੰਨਾ ਹੈ ਕਿ ਉਨਾਂ ਵਿੱਚੋਂ ਕੁਝ ਦਲਿਤ ਪਰਿਵਾਰਾਂ ਵੱਲੋਂ ਅੱਜ ਜਾਤ-ਪਾਤ ਦੇ ਘੇਰੇ ਵਿਚੋਂ ਨਿਕਲ ਕੇ ਕਦਰਾਂ-ਕੀਮਤਾਂ ਵਾਲੇ ਸਮਾਜ ਦਾ ਹਿੱਸਾ ਬਣਨਾ ਸੀ। ਜਿਵੇਂ ਕਿ ਇੱਕ ਪਰਿਵਾਰ ਦੇ ਲੜਕੇ ਵੱਲੋਂ ਜਦੋਂ ਵਿਆਹ ਮੌਕੇ ਘੋੜੇ ਤੇ ਚੜ ਬਰਾਤ ਵਿੱਚ ਜਾਣ ਦੀ ਹਿੰਮਤ ਕੀਤੀ ਗਈ ਤਾਂ ਉਸ ਸਾਰੀ ਬਰਾਤ ਤੇ ਪਰਿਵਾਰ ਨੂੰ ਬਹੁਗਿਣਤੀ ਸਮਾਜ ਦੀਆਂ ਡਾਂਗਾਂ ਦਾ ਸਾਹਮਣਾ ਕਰਨਾ ਪਿਆਂ ਤੇ ਉਨਾਂ ਨੂੰ ਧਮਕਾਇਆ ਗਿਆ ਕਿ ਤੁਸੀਂ ਸਾਡੀ ਬਰਾਬਰੀ ਨਹੀਂ ਕਰ ਸਕਦੇ।

ਅੱਜ ਦੇ ਭਾਰਤ ਅੰਦਰ ਛੂਆ-ਛਾਤ ਤੇ ਜਾਤ-ਪਾਤ ਇੱਕ ਅਜਿਹਾ ਭਾਰਤੀ ਸਮਾਜਿਕ ਬਣਤਰ ਦਾ ਕੋਹੜ ਤੇ ਕਾਜ਼ ਬਣ ਚੁਕਿਆ ਹੈ ਕਿ ਜਿਸ ਤੋਂ ਮੁਕਤੀ ਹੋਣੀ ਅੱਜ ਦੇ ਮਾਹੌਲ ਵਿੱਚ ਨਾ-ਮੁਮਕਿਨ ਲੱਗਦੀ ਹੈ। ਜਿਸ ਸਦਕਾ ਅੱਜ ਭਾਰਤੀ ਸਮਾਜ ਨਰੋਏਪਨ ਅਤੇ ਬਰਾਬਰਤਾ-ਵਾਲੇ ਸਮਾਜ ਤੋਂ ਵਿਹੂਣਾ ਹੋ ਗਿਆ ਹੈ। ਇਹ ਭਾਰਤ ਅੰਦਰ ਦਲਿਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਸਿਰਫ ਗੁਜਰਾਤ ਤੇ ਰਾਜਸਥਾਨ ਨਾਲ ਹੀ ਸੀਮਿਤ ਨਹੀਂ ਹਨ ਸਗੋਂ ਭਾਰਤ ਸੰਗ ਅੰਦਰ ਪ੍ਰਚਾਰੇ ਜਾਂਦੇ ਨਰੋਏ ਸੂਬੇ ਪੰਜਾਬ ਵਿੱਚ ਘਰ ਕਰ ਚੁੱਕੀ ਹੈ। ਜਿਸ ਸਦਕਾ ਅੱਜ ਪੰਜਾਬ ਮਾਲਵੇ ਦੇ ਕਈ ਇਲਾਕਿਆਂ ਵਿੱਚ ਦਲਿਤ ਵਰਗ ਆਪਣੀ ਰੋਜੀ ਰੋਟੀ ਕਮਾਉਣ ਦੇ ਉਪਰਾਲੇ ਕਰਨ ਸਦਕਾ ਮੁੱਖ ਸਮਾਜ ਦੀ ਘ੍ਰਿਣਾ, ਬਦਫੈਲੀ ਤੇ ਉਨਾਂ ਵੱਲੋਂ ਦੁਰਕਾਰੇ ਜਾਣ ਦਾ ਸ਼ਿਕਾਰ ਹੋ ਚੁਕਿਆ ਹੈ। ਜਿਸ ਕਾਰਨ ਕਈ ਪਿੰਡਾਂ ਤੇ ਕਸਬਿਆਂ ਵਿੱਚ ਹਿੰਦੂ ਤੇ ਸਿੱਖ ਸਮਾਜ ਨਾਲ ਸਬੰਧਤ ਪੈਰੋਕਾਰਾਂ ਵੱਲੋਂ ਦਲਿਤ ਵਰਗ ਨਾਲ ਕਿਸੇ ਤਰਾਂ ਦਾ ਵੀ ਮੇਲ ਮਿਲਾਪ ਕਰਨ ਦੀ ਜਨਤਕ ਮਨਾਹੀ ਕੀਤੀ ਗਈ ਹੈ ਤੇ ਦਲਿਤ ਸਮਾਜ ਦੇ ਹਿੱਸੇ ਆਉਂਦੀ ਪੰਚਾਇਤੀ ਜਗਾ ਤੇ ਜ਼ਮੀਨ ਤੋਂ ਵੀ ਉਨਾਂ ਨੂੰ ਪੂਰੀ ਤਰਾਂ ਵਾਂਝਿਆਂ ਕਰ ਦਿੱਤਾ ਗਿਆ ਹੈ। ਇਹ ਸਾਰਾ ਵਤੀਰਾ ਅੱਜ ਦੇ ਭਾਰਤ ਵਰਗ ਦੀਆਂ ਦਰਸਾਈਆਂ ਜਾ ਰਹੀਆਂ ਨਰੋਈਆਂ ਨੀਹਾਂ ਦਾ ਖੋਖਲਾਪਨ ਹੈ।

ਇਸ ਗਊ ਰਖਿਅਕਾਂ ਦੇ ਹੱਲਾ ਬੋਲ ਅਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਭਾਰਤੀ ਹੁਕਮਰਾਨਾਂ ਦੀ ਇਸ ਵਤੀਰੇ ਪ੍ਰਤੀ ਚੁੱਪ ਭਾਰਤ ਦੇ ਉਭਾਰ ਪ੍ਰਤੀ ਦਾਅਵਿਆ ਦਾ ਇੱਕ ਤਰਾਂ ਨਾਲ ਵੱਡਾ ਨਿਸ਼ਾਨੀਆਂ ਚਿੰਨ ਹੈ ਕਿਉਂਕਿ ਇਸ ਵਧ ਰਹੇ ਜਾਤ-ਪਾਤ ਦੇ ਵਾਦ-ਵਿਵਾਦ ਤੇ ਧਰਮ ਦੇ ਨਾਮ ਤੇ ਬਹੁਬਲੀ ਦੀ ਸਿਆਸਤ ਇਥੋਂ ਤੱਕ ਭਾਰਤ ਦੀ ਸਮਾਜਿਕ ਫਿਜ਼ਾ ਉਤੇ ਛਾ ਚੁੱਕੀ ਹੈ ਕਿ ਦਲਿਤ ਵਰਗ ਨਾਲ ਸਬੰਧਤ ਵਰਮੁੱਲਾ ਵਰਗੇ ਹੋਣਹਾਰ ਵਿਦਿਆਰਥੀ ਨੂੰ ਮਜਬੂਰਨ ਇਸ ਘ੍ਰਿਣਾ ਤੇ ਤੰਗਦਿਲੀ ਤੋਂ ਬਚਣ ਲਈ ਆਤਮ ਹੱਤਿਆ ਵਰਗਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।