ਜਲੰਧਰ ਛਾਉਣੀ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਮਸ਼ਹੂਰ ਹਾਕੀ ਖਿਡਾਰੀ ਪ੍ਰਗਟ ਸਿੰਘ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਚਾਪਲੂਸ ਸੱਭਿਆਚਾਰ ਉਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਪ੍ਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਇਹ ਗੱਲ ਉਭਾਰੀ ਹੈ ਕਿ ਅਕਾਲੀ ਦਲ ਜੋ ਸ਼ਹੀਦਾਂ ਦੀ ਪਾਰਟੀ ਸੀ ਹੁਣ ਆਪਣੀਆਂ ਮਹਾਨ ਰਵਾਇਤਾਂ ਤੋਂ ਪੱਲਾ ਛੁਡਾ ਗਈ ਹੈ ਅਤੇ ਕੁਝ ਕੁ ਲੋਕਾਂ ਦੀ ਰਖੇਲ ਬਣ ਕੇ ਰਹਿ ਗਈ ਹੈ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਇਹ ਵੀ ਲਿਖਿਆ ਹੈ ਕਿ ਅਕਾਲੀ ਦਲ ਵਿੱਚੋਂ ਸਹਿਜ ਧੀਰਜ ਅਤੇ ਸੱਭਿਅਤਾ ਦਾ ਵਾਤਾਵਰਨ ਖਤਮ ਹੋ ਗਿਆ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ, ਪੈਸੇ ਅਤੇ ਬਾਹੂਬਲ ਨਾਲ ਹਰ ਸਮੱਸਿਆ ਨੂੰ ਹੱਲ ਕਰਨ ਦੇ ਆਦੀ ਬਣ ਗਏ ਹਨ। ਉਨ੍ਹਾਂ ਇਹ ਗੱਲ ਵੀ ਉਭਾਰੀ ਹੈ ਕਿ ਉਹ ਪਾਰਟੀ ਜਿਸਦਾ ਮਕਸਦ, ‘ਪੰਥ ਵਸੇ ਮੈਂ ਉਜੜਾਂ’ ਸੀ ਹੁਣ ਪੰਥ ਨੂੰ ਅਤੇ ਪੰਜਾਬ ਨੂੰ ਤਬਾਹ ਕਰਨ ਵੱਲ ਰੁਚਿਤ ਹੋ ਰਹੀ ਹੈ।

ਨਿਰਸੰਦੇਹ ਭਾਰਤੀ ਹਾਕੀ ਦਾ ਮਾਣ ਰਹੇ ਪ੍ਰਗਟ ਸਿੰਘ ਨੇ ਆਪਣੇ ਇਸ ਖਤ ਰਾਹੀਂ ਸਿੱਖ ਪੰਥ ਦੇ ਉਨ੍ਹਾਂ ਜਜਬਿਆਂ ਨੂੰ ਅਵਾਜ਼ ਦਿੱਤੀ ਹੈ ਜੋ ਪੰਥ ਦਰਦੀ ਲੰਬੇ ਸਮੇਂ ਤੋਂ ਮਹਿਸੂਸ ਕਰ ਰਹੇ ਹਨ। ਪ੍ਰਗਟ ਸਿੰਘ ਨੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਵਿੱਚ ਤਬਦੀਲ ਕਰਕੇ ਇਸਦੀਆਂ ਜੜ੍ਹਾਂ ਅਤੇ ਸੱਭਿਆਚਾਰ ਨੂੰ ਤਬਦੀਲ ਕਰ ਦੇਣ ਦੇ ਉਸ ਦਰਦ ਨੂੰ ਮਹਿਸੂਸ ਕੀਤਾ ਹੈ ਜਿਸਨੂੰ ਅੱਜ ਹਰ ਪੰਥ ਦਰਦੀ ਮਹਿਸੂਸ ਕਰ ਰਿਹਾ ਹੈ।

ਸੱਚ ਮੁੱਚ ਅਕਾਲੀ ਦਲ ਮਹਿਜ਼ ਸੱਤਾ ਤੇ ਕਬਜਾ ਜਮਾਉਣ ਵਾਲੀ ਪਾਰਟੀ ਨਹੀ ਸੀ। ਆਪਣੇ ਸਿਧਾਂਤਾਂ ਨੂੰ ਛਿੱਕੇ ਤੇ ਟੰਗਕੇ ਸੱਤਾ ਹਥਿਆਉਣੀ ਕਦੇ ਵੀ ਅਕਾਲੀ ਦਲ ਦਾ ਮਕਸਦ ਨਹੀ ਸੀ ਰਿਹਾ। ਇੱਥੋਂ ਤੱਕ ਕਿ ਇਸ ਸ਼ਹੀਦਾਂ ਦੀ ਜਥੇਬੰਦੀ ਦੇ ਹੋਂਦ ਵਿੱਚ ਆਉਣ ਵੇਲੇ ਤਂ ਇਹ ਵੀ ਸੁਣੀਦਾ ਹੈ ਕਿ ਇਸਦੇ ਕਿਸੇ ਵੀ ਮੈਬਰ ਨੂੰ ਚੋਣ ਲੜਨ ਦੀ ਇਜਾਜ਼ਤ ਨਹੀ ਸੀ, ਇਸੇ ਲਈ ਉਸ ਵੇਲੇ ਦੇ ਸਿੱਖ ਆਗੂ ਕਾਂਗਰਸ ਜਾਂ ਕਿਸੇ ਹੋਰ ਮੰਚ ਤੋਂ ਚੋਣ ਲੜਦੇ ਹੁੰਦੇ ਸਨ। ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ ਤੋਂ ਹੀ ਲੜੀ ਸੀ।

ਉਸ ਵੇਲੇ ਅਕਾਲੀ ਦਲ ਇੱਕ ਲਹਿਰ ਸੀ ਜਿਸਦਾ ਮਕਸਦ ਸਿੱਖ ਪੰਥ ਦੀਆਂ ਉਚੀਆਂ ਅਤੇ ਸੁੱਚੀਆਂ ਰਵਾਇਤਾਂ ਨੂੰ ਕਾਇਮ ਰੱਖਣਾਂ ਅਤੇ ਭਾਰਤ ਦੇ ਸਿਆਸੀ ਮਹੌਲ ਵਿੱਚ ਸਿੱਖ ਪੰਥ ਦੀ ਧਾਰਮਕ ਅਤੇ ਨੈਤਿਕ ਹਸਤੀ ਨੂੰ ਮਜਬੂਤ ਕਰਨਾ ਸੀ। ਪਰ ਵਕਤ ਬੀਤਣ ਨਾਲ ਅਕਾਲੀ ਦਲ ਦੀਆਂ ਸਫਾਂ ਵਿੱਚ ਕਮਜੋਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਇਸਦੇ ਲੀਡਰਾਂ ਵਿੱਚ ਵੀ ਸੱਤਾ ਦਾ ਸੁੱਖ ਮਾਣ ਕੇ ਗੁਲਸ਼ਰੇ ਉਡਾਉਣ ਦੀ ਬਿਰਤੀ ਭਾਰੂ ਹੋਣ ਲੱਗੀ।

ਸੱਤਾ ਦੇ ਸੁਆਦ ਨੇ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਸਿੱਖ ਪੰਥ ਦੀਆਂ ਉਚੀਆਂ ਸੁੱਚੀਆਂ ਰਵਾਇਤਾਂ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਹ ਪਾਰਟੀ ਆਪਣੇ ਨਿਘਾਰ ਦੀਆਂ ਨਿਵਾਣਾਂ ਛੂਹ ਰਹੀ ਹੈ। ਬੇਸ਼ੱਕ ਇਸਦੀ ਲੀਡਰਸ਼ਿੱਪ ਨੂੰ ਇਹ ਮਹਿਸੂਸ ਹੁੰਦਾ ਹੋਵੇਗਾ ਕਿ ਅਕਾਲੀ ਦਲ ਨੇ ਲਗਾਤਾਰ ੧੦ ਸਾਲ ਰਾਜ ਕਰਕੇ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ ਪਰ ਇਸ ਦਸ ਸਾਲਾਂ ਦੇ ਰਾਜ ਨੇ ਪੰਥ ਦਾ ਅਤੇ ਪੰਜਾਬ ਦਾ ਕਿੰਨਾ ਨੁਕਸਾਨ ਕਰ ਦਿੱਤਾ ਹੈ ਸ਼ਾਇਦ ਨਵੀਂ ਪੀੜ੍ਹੀ ਦੇ ‘ਕਮਾਊ ਲੀਡਰਾਂ’ ਨੂੰ ਇਸਦਾ ਅਹਿਸਾਸ ਵੀ ਨਹੀ ਰਹਿ ਗਿਆ।

ਅਕਾਲੀ ਦਲ ਦੀ ਲੀਡਰਸ਼ਿੱਪ ਗੁਰਬਾਣੀ ਦੇ ਰੰਗ ਵਿੱਚ ਰੰਗੇ ਹੋਏ ਸੰਤਾਂ ਅਤੇ ਆਪਣੀ ਕੌਮ ਤੋਂ ਜਾਨ ਵਾਰ ਦੇਣ ਵਾਲੇ ਰੁਹਾਨੀ ਸਿਪਾਹੀਆਂ ਦੇ ਕਰੈਕਟਰ ਵਾਲੀ ਹੁੰਦੀ ਸੀ। ਪਰ ਹੁਣ ਨਾ ਅਕਾਲੀ ਦਲ ਵਿੱਚ ਸੰਤਾਂ ਦੀ ਕੋਈ ਜੜ੍ਹ ਰਹਿ ਗਈ ਹੈ ਅਤੇ ਨਾ ਹੀ ਸਿਪਾਹੀਆਂ ਦੀ। ਜਿਹੜੀਆਂ ਧਾਰਮਕ ਸ਼ਖਸ਼ੀਅਤਾਂ ਅਕਾਲੀ ਦਲ ਨਾਲ ਜੁੜੀਆਂ ਵੀ ਹੋਈਆਂ ਹਨ ਉਹ ਵੀ ਸਿਆਸੀ ਲਾਰਾਂ ਹੀ ਟਪਕਾ ਰਹੀਆਂ ਹਨ ਧਰਮ ਨਾਲ ਉਨ੍ਹਾਂ ਦਾ ਵੀ ਕੋਈ ਸਬੰਧ ਨਹੀ ਰਹਿ ਗਿਆ।

ਨਿਰਸੰਦੇਹ ਪ੍ਰਗਟ ਸਿੰਘ ਨੇ ਸਹੀ ਸਮੇਂ ਤੇ ਸਹੀ ਰਗ ਉੱਤੇ ਉਂਗਲੀ ਰੱਖੀ ਹੈ ਅਤੇ ਆਪਣੇ ਪੱਤਰ ਰਾਹੀਂ ਉਨ੍ਹਾਂ ਪੰਥ ਦਰਦੀ ਸਿੱਖਾਂ ਦੇ ਜਜਬਾਤਾਂ ਨੂੰ ਅਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਅਕਾਲੀ ਦਲ ਦੇ ਇਸ ਪੈਸੇ ਬਣਾਊ ਸੱਭਿਆਚਾਰ ਤੋਂ ਪ੍ਰੇਸ਼ਾਨ ਹਨ।

ਇਹ ਗੱਲ ਤਾਂ ਪੱਕੀ ਹੈ ਕਿ ਪ੍ਰਗਟ ਸਿੰਘ ਵਰਗੀਆਂ ਅਵਾਜ਼ਾਂ ਨੂੰ ਸੁਣਨ ਦੀ ਸਿਆਸੀ ਇੱਛਾਸ਼ਕਤੀ ਅਤੇ ਜੇਰਾ ਹੁਣ ਅਕਾਲੀ ਦਲ ਵਿੱਚ ਨਹੀ ਰਹਿ ਗਿਆ। ਇਸ ਲਈ ਪ੍ਰਗਟ ਸਿੰਘ ਨੂੰ ਉਹ ਪਾਰਟੀ ਦੇ ਕੂੜਾਦਾਨ ਵਿੱਚ ਸੁਟਣ ਦਾ ਯਤਨ ਕਰਨਗੇ। ਪਰ ਪ੍ਰਗਟ ਸਿੰਘ ਦੇ ਸੁਆਲਾਂ ਨੂੰ ਦਬਾਉਣਾਂ ਕਾਫੀ ਔਖਾ ਹੋਵੇਗਾ। ਖ਼ਾਸ ਕਰਕੇ ਉਸ ਵੇਲੇ ਜਦੋਂ ਪੰਜਾਬ ਵਿੱਚ ਅਕਾਲੀ ਦਲ ਨੂੰ ਇੱਕ ਮਜਬੂਤ ਸ਼ਰੀਕ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ।