“ਅਸਲ ਮੁੱਦਿਆਂ” ਦੀ ਬਜਾਇ “ਸਖਸ਼ੀਅਤ ਆਧਾਰਿਤ” ਰਾਜਨੀਤੀ ਨੇ ਭਾਰਤ ਰਾਜਨੀਤਿਕ ਖੇਤਰ ਵਿਚ ਆਪਣਾ ਦਾਬਾ ਬਣਾਇਆ ਹੋਇਆ ਹੈ।ਇਹ ਕੌੜੀ ਸੱਚਾਈ ਹੈ ਕਿ ਸਾਡੀ ਰਾਜਨੀਤੀ ਵਿਚ ਸਖਸ਼ੀਅਤਾਂ ਦਾ ਮੁੱਲ ਹੀ ਜਿਆਦਾ ਪੈਦਾ ਹੈ।ਇਕ ਮਜਬੂਤ ਸਖਸ਼ੀਅਤ “ਪ੍ਰਤੱਖ ਤਾਰ” (ਟੇਲੀਗ੍ਰਾਮ) ਦੀ ਤਰਾਂ ਹੁੰਦੀ ਹੈ ਜਿਸ ਦਾ ਸੁਨੇਹਾ ਬਹੁਤ ਜਲਦ ਲੋਕਾਂ ਵਿਚ ਪਹੁੰਚਦਾ ਹੈ।ਪਿਛਲੇ ਪੰਜ ਵਰ੍ਹਿਆਂ ਵਿਚ ਅਸੀਂ ਭਾਰਤੀ ਰਾਜਨੀਤਿਕ ਪਰਿਦ੍ਰਿਸ਼ ਵਿਚ ਵੱਡੀ ਤਬਦੀਲੀ ਦੇਖੀ ਹੈ ਜਿਸ ਵਿਚ ਰਾਜਨੀਤੀ ਦਾ ਆਮ ਵਰਤਾਰਾ ਬਦਲ ਗਿਆ ਹੈ। ਇਸ ਦੇ ਪ੍ਰਮੁੱਖ ਕਾਰਣਾਂ ਵਿਚੋਂ ਪ੍ਰਧਾਨ ਮੰਤਰੀ ਮੋਦੀ ਦਾ ਇਕਹਰੀ ਪ੍ਰਧਾਨਤਾ/ਪ੍ਰਮੁੱਖਤਾ ਅਤੇ ਜਨਤਕ ਰਾਜਨੀਤਿਕ ਪ੍ਰਵਚਨ (ਡਿਸਕੋਰਸ) ਕਰਕੇ ਦਿਨ-ਬ-ਦਿਨ ਵੋਟਰਾਂ ਵਿਚ ਪੈਦਾ ਹੋ ਰਹੀ ਰਾਜਨੀਤਿਕ ਚੇਤਨਾ ਸ਼ਾਮਿਲ ਹਨ।ਇਹਨਾਂ ਸਾਰੀਆਂ ਤਬਦੀਲੀਆਂ ਵਿਚੋਂ ਇਕ ਤਬਦੀਲੀ ਪ੍ਰਤੱਖ ਰੂਪ ਨਾਲ ਸਾਹਮਣੇ ਆਉਂਦੀ ਹੈ: “ਸਖ਼ਸ਼ੀ ਪੂਜਾ” ਵਿਚ ਬੇਇੰਤਹਾ ਵਾਧਾ ਹੋਣਾ ਜੋ ਕਿ ਪਹਿਲਾਂ ਰਾਜਨੀਤੀ ਵਿਚ ਨਹੀਂ ਦੇਖਿਆ ਗਿਆ।ਅਜ਼ਾਦੀ ਤੋਂ ਬਾਅਦ ਭਾਰਤ ਨੇ ਅਜਿਹੇ ਰਾਜਨੇਤਾਵਾਂ ਦਾ ਉਭਾਰ ਦੇਖਿਆ ਹੈ ਜੋ ਮਹਿਜ਼ ਸਖਸ਼ੀ ਜਲਵੇ ਅਤੇ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਕੱਟੜ ਵਿਚਾਰਧਾਰਾਵਾਂ ਉੱਪਰ ਹੀ ਨਿਰਭਰ ਰਹੇ।ਅੱਜ ਵੱਧ ਤੋਂ ਵੱਧ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਇਕ ਰਾਜਨੇਤਾ ਦੀ ਸਖਸ਼ੀਅਤ ਨੂੰ ਪਾਰਟੀ ਦੀ ਵਿਚਾਰਧਾਰਾ ਤੋਂ ਤੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।ਅਗਰ ਇਸ ਨੂੰ ਮੋਦੀ ਅਤੇ ਕੇਜਰੀਵਾਲ ਦੇ ਪ੍ਰਸੰਗ ਵਿਚ ਸਮਝਿਆ ਜਾਵੇ, (ਭਾਵੇਂ ਇੱਥੇ ਅਕਾਰਹੀਣ ਰੂਪ ਵਿਚ ਵਿਚਾਰਧਾਰਾ ਦੀ ਮੌਜੂਦਗੀ ਹੈ), ਇਹ ਵਿਅਕਤੀ ਦੀ ਸਖਸ਼ੀਅਤ ਤੋਂ ਜਿਆਦਾ ਮਹੱਤਵਪੂਰਨ ਨਹੀਂ ਹੈ।ਅਸਲ ਵਿਚ ਰਾਜਨੀਤੀ ਦਾ ਸਰੋਕਾਰ ਸਖਸ਼ੀਅਤਾਂ ਨਾਲ ਨਹੀਂ, ਬਲਕਿ ਮੁੱਦਿਆਂ ਨਾਲ ਹੁੰਦਾ ਹੈ।ਕਥਿਤ ਰੂਪ ਵਿਚ, ਸਖਸ਼ੀਅਤਾਂ ਗੌਣ ਅਤੇ ਅਸਥਾਈ ਹੁੰਦੀਆਂ ਹਨ ਜਦੋਂ ਕਿ ਮੁੱਦੇ ਜਿਆਦਾ ਗਹਿਰਾਈ ਨਾਲ ਜਮੀਨੀ ਹਕੀਕਤ ਨੂੰ ਦਰਸਾਉਂਦੇ ਹਨ।ਇਸ ਲਈ ਉਹਨਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ।
ਜਦੋਂ ਅਸੀ “ਸਖਸ਼ੀਅਤ ਆਧਾਰਿਤ” ਰਾਜਨੀਤੀ ਨੂੰ ਪੰਜਾਬ ਦੇ ਪ੍ਰਸੰਗ ਵਿਚ ਦੇਖਦੇ ਹਾਂ ਤਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਨੇ ਅਨੁਸੂਚਿਤ ਜਾਤੀਆਂ ਨੂੰ ਰਾਜਨੀਤਿਕ ਖੇਤਰ ਦੇ ਕੇਂਦਰ ਵਿਚ ਲਿਆ ਦਿੱਤਾ ਹੈ।ਇਹ “ਸਖਸ਼ੀਅਤ ਆਧਾਰਿਤ” ਰਾਜਨੀਤੀ ਨਾਲੋਂ ਜਾਤੀ ਸਮੀਕਰਨ ਦਾ ਮੁੱਦਾ ਜਿਆਦਾ ਹੈ ਜਿਸ ਵਿਚ ਪੰਜਾਬ ਨਾਲ ਸੰਬੰਧਿਤ ਹੋਰ ਮਹੱਤਵਪੂਰਨ ਮੁੱਦੇ ਗੌਣ ਹੋ ਜਾਂਦੇ ਹਨ।ਭਾਰਤ ਦੇ ਸਾਰੇ ਸੂਬਿਆਂ ਦੇ ਮੁਕਾਬਲਤਨ ਪੰਜਾਬ ਵਿਚ ਦਲਿਤ ਅਬਾਦੀ ਦੀ ਪ੍ਰਤੀਸ਼ਤਤਾ ਸਭ ਤੋਂ ਜਿਆਦਾ ੩੨ ਪ੍ਰਤੀਸ਼ਤ ਹੈ।ਇਸ ਦੇ ਬਾਵਜੂਦ ਵੀ ਦਲਿਤ ਸਮਾਜ ਨੇ ਰਾਜਨੀਤਿਕ ਪਾਰਟੀਆਂ ਵਿਚ ਮਜਬੂਤ ਨੇਤਾਵਾਂ ਦਾ ਉਭਾਰ ਨਹੀਂ ਦੇਖਿਆ ਹੈ।ਦਲਿਤ ਸਮਾਜ ਵਿਚ ਮੌਜੂਦ ਤਿੱਖੀ ਵੰਡ, ਭੂਮੀਹੀਣ ਹੋਣਾ ਅਤੇ ਰਾਜਨੀਤਿਕ ਪਾਰਟੀਆਂ ਦੀ ਬੇਰੁਖੀ ਉਨ੍ਹਾਂ ਦੇ ਉਭਾਰ ਦੇ ਰਾਹ ਵਿਚ ਵੱਡੇ ਰੋੜੇ ਹਨ।ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਭਾਰਤ ਦੇ ਹੋਰ ਹਿੱਸਿਆਂ ਵਾਂਗ ਸਮਰੂਪ ਨਹੀਂ ਹਨ।ਉਹ ਅੱਗੇ ੩੯ ਜਾਤਾਂ ਵਿਚ ਅਤੇ ਪੰਜ ਧਰਮਾਂ – ਹਿੰਦੂ, ਸਿੱਖ, ਈਸਾਈ, ਮੁਸਲਿਮ ਅਤੇ ਬੌਧੀਆਂ – ਵਿਚ ਵੰਡੀਆਂ ਹੋਈਆਂ ਹਨ।ਇਸ ਤੋਂ ਇਲਾਵਾ ਰਵੀਦਾਸੀਏ, ਰਾਮਦਾਸੀਏ, ਕਬੀਰਪੰਥੀ ਅਤੇ ਰਾਧਾ ਸੁਆਮੀ ਜਿਹੇ ਸੰਪ੍ਰਦਾਇਆਂ ਦੀ ਮੌਜੂਦਗੀ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।੨੦੧੧ ਦੀ ਜਨਗਣਨਾ ਅਨੁਸਾਰ, ਪੰਜਾਬ ਵਿਚ ਮੌਜੂਦ ੩੯ ਜਾਤਾਂ ਵਿਚੋਂ ਦੋ ਜਾਤੀ ਸਮੂਹ ਕੁੱਲ ਅਨੁਸੂਚਿਤ ਜਾਤਾਂ ਦੀ ਅਬਾਦੀ ਦਾ ੮੦ ਪ੍ਰਤੀਸ਼ਤ ਹਨ।ਇਹਨਾਂ ਦੋ ਜਾਤੀ ਸਮੂਹਾਂ ਵਿਚ ਵਾਲਮੀਕੀ, ਮਜਹਬੀ, ਚਮਾਰ ਅਤੇ ਆਦਿ-ਧਰਮੀ ਸ਼ਾਮਿਲ ਹਨ।
ਰਾਜਨੀਤਿਕ ਤੌਰ ਤੇ ਵੀ ਇਹ ਜਾਤੀ ਸਮੂਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀ ਵਿਚਾਰਧਾਰਾ ਅਨੁਸਾਰ ਵੰਡੇ ਹੋਏ ਹਨ।ਇਸ ਰਾਜਨੀਤਿਕ ਵੰਡ ਨੂੰ ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਵਿਚੋਂ ਸਮਝਿਆ ਜਾ ਸਕਦਾ ਹੈ ਜਿਸ ਵਿਚ ੨੫ ਪ੍ਰਤੀਸ਼ਤ ਰਾਖਵੇਂਕਰਨ ਵਿਚੋਂ ੧੨.੫ ਪ੍ਰਤੀਸ਼ਤ ਵਾਲਮੀਕੀਆਂ ਅਤੇ ਮਜਹਬੀਆਂ ਲਈ ਹੈ ਜਦੋਂ ਕਿ ਬਚਦਾ ੧੨.੫ ਪ੍ਰਤੀਸ਼ਤ ਰਾਖਵਾਂਕਰਨ ੩੭ ਜਾਤਾਂ ਵਿਚ ਵੰਡਿਆ ਹੋਇਆ ਹੈ।ਵਰ੍ਹਿਆਂ ਤੋਂ ਚੱਲੀ ਆ ਰਹੀ ਜਾਤੀ ਅਤੇ ਧਰਮ ਅਧਾਰਿਤ ਇਹ ਵੰਡ ਉਨ੍ਹਾਂ ਨੂੰ ਸੂਬਾਈ ਪੱਧਰ ਤੇ ਆਪਣੀ ਲੀਡਰਸ਼ਿਪ ਵਿਕਸਿਤ ਕਰਨ ਤੋਂ ਰੋਕਦੀ ਹੈ।ਚੂੰਕਿ, ਸੂਬੇ ਵਿਚ ਸਿਰਫ ਅਨੁਸੂਚਿਤ ਜਾਤੀ ਲੀਡਰਸ਼ਿਪ ਨਹੀਂ ਮੌਜੂਦ ਹੈ, ਇਸ ਲਈ ਜਾਤ ਅਧਾਰਿਤ ਦਲਿਤ ਸਮੂਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜ ਜਾਂਦੇ ਹਨ।ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿਚ ਦਲਿਤਾਂ ਕੋਲ ਆਪਣੀ ਕੋਈ ਭੂਮੀ ਨਹੀਂ ਹੈ।ਸੂਬੇ ਵਿਚ ਮਜਬੂਤ ਦਲਿਤ ਨੇਤਾ ਦਾ ਉਭਾਰ ਨਾ ਹੋਣ ਵਿਚ ਇਹ ਪ੍ਰਮੁੱਖ ਕਾਰਣ ਬਣਦਾ ਹੈ।ਜਿੱਥੋਂ ਤੱਕ ਜ਼ਮੀਨ ਦੀ ਮਾਲਕੀ ਦਾ ਸੰਬੰਧ ਹੈ, ਇਸ ਵਿਚ ਜੱਟ-ਸਿੱਖਾਂ ਦੀ ਪ੍ਰਧਾਨਤਾ ਹੈ।ਉਨ੍ਹਾਂ ਦੇ ਮੁਕਾਬਲੇ ਦਲਿਤਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਹੈ।ਅਸਲ ਵਿਚ ਉਨ੍ਹਾਂ ਦੀ ਬਹੁਤੀ ਅਬਾਦੀ ਜੱਟ-ਸਿੱਖਾਂ ਦੇ ਖੇਤਾਂ ਵਿਚ ਮਜਦੂਰੀ ਕਰਦੀ ਹੈ।ਉਨ੍ਹਾਂ ਵਿਚ ਅੱਗੇ ਧਾਰਮਿਕ ਅਤੇ ਜਾਤੀ ਵੰਡ ਵਿਚ ਇਸ ਵਿਚ ਰੋਲ ਅਦਾ ਕਰਦੀ ਹੈ।
ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਕਰਕੇ ਇਸ ਰੇਸ ਵਿਚ ਸਭ ਤੋਂ ਜਿਆਦਾ ਉਤਸ਼ਾਹੀ ਬਾਜੀ ਲਾਉਣ ਦੀ ਚਾਹ ਰੱਖਣ ਵਾਲੇ ਸਿੱਧੂ ਉੱਪਰ ਲਗਾਮ ਲਗਾ ਦਿੱਤੀ ਹੈ ਜਿਸ ਨੇ ਹਾਈਕਮਾਂਡ ਦੇ ਫੈਸਲੇ ਨੂੰ ਮੰਨ ਲਿਆ ਜੋ ਕਿ ਸਰਹੱਦੀ ਸੂਬੇ ਵਿਚ ਦੁਬਾਰਾ ਸਰਕਾਰ ਬਣਾਉਣ ਦੀ ਚਾਹਵਾਨ ਹੈ।ਚੰਨੀ ਨੂੰ ਦਲਿਤ ਸ਼ਕਤੀਕਰਨ ਦੇ ਚਿੰਨ੍ਹ ਵਜੋਂ ਪੇਸ਼ ਕਰਕੇ ਕਾਂਗਰਸ ਦਲਿਤਾਂ ਦੇ ਵੱਡੇ ਹਿੱਸੇ (੩੨ ਪ੍ਰਤੀਸ਼ਤ) ਨੂੰ ਰਿਝਾਉਣਾ ਚਾਹੁੰਦੀ ਹੈ।ਉਨ੍ਹਾਂ ਦੀ ਵੱਡੀ ਅਬਾਦੀ ਕੁੱਲ ੧੧੭ ਹਲਕਿਆਂ ਵਿਚ ੪੮ ਉੱਪਰ ਆਪਣਾ ਜੋਰਦਾਰ ਅਸਰ ਦਿਖਾਉਣ ਦੀ ਸਮਰੱਥਾ ਰੱਖਦੀ ਹੈ।ਆਪਣੇ ਇਸ ਪਾਸੇ ਨਾਲ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਚੈਕ ਮੇਟ ਕਰਨਾ ਚਾਹੁੰਦੀ ਹੈ ਜਿਸ ਨੇ ਬਹੁਜਨ ਸਮਾਜ ਪਾਰਟੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਕੀਤਾ ਹੈ।ਇਸ ਲਈ ਪਾਰਟੀ ਨੇ ਚੰਨੀ ਉੱਪਰ ਦਾਅ ਖੇਡਿਆ ਹੈ।“ਤੁਹਾਡੇ ਵਿਚੋਂ ਹੀ ਇਕ” ਦੀ ਪਹੁੰਚ ਵਾਲੇ ਰਵੱਈਏ ਕਰਕੇ ਉਸ ਨੇ ਰਾਜਨੀਤਿਕ ਨਿਆਂਸੰਗਿਕਤਾ ਹਾਸਿਲ ਕਰ ਲਈ।ਉਸ ਨੇ ਆਪਣੇ ਆਪ ਨੂੰ “ਅਸਲੀ ਆਮ ਆਦਮੀ” ਦੇ ਰੂਪ ਵਿਚ ਪੇਸ਼ ਕੀਤਾ।ਚੰਨੀ ਨੂੰ ਲੈ ਕੇ ਜ਼ਾਹਿਰ ਕੀਤੀ ਗਈ ਸਹਿਮਤੀ ਹੁਣ ਤੱਕ ਆਪਸੀ ਖਹਿਬਾਜ਼ੀ ਅਤੇ ਭੰਬਲਭੂਸੇ ਵਿਚ ਫਸੀ ਕਾਂਗਰਸ ਦੇ ਚੋਣ ਪ੍ਰਚਾਰ ਨੂੰ ਨਵਾਂ ਵੇਗ ਪ੍ਰਦਾਨ ਕਰ ਸਕਦੀ ਹੈ।
ਇੱਥੇ ਇਹ ਕਾਫੀ ਮਹੱਤਵਪੂਰਨ ਹੈ ਕਿ ਚੰਨੀ ਨੂੰ ਗਰੀਬਾਂ ਦੇ ਸ਼ਕਤੀਕਰਨ ਲਈ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਵਿਕਾਸ ਦੇ ਪੰਧ ਲਈ ਨਵੀਆਂ ਲੀਹਾਂ ਦਾ ਨਿਰਮਾਣ ਕਰੇਗਾ।ਬਹੁਤ ਸਾਰੇ ਰਾਜਨੀਤਿਕ ਮਾਹਿਰ ਇਸ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨ ਲਈ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਜਾਤ ਅਤੇ ਪਛਾਣ ਦੀ ਰਾਜਨੀਤੀ ਬਣਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖ ਰਹੇ ਹਨ।ਕਾਂਗਰਸ ਦੁਆਰਾ ਦਲਿਤਾਂ ਨੂੰ ਕੇਂਦਰ ਵਿਚ ਲੈ ਕੇ ਆਉਣਾ ਜੱਟ-ਸਿੱਖ ਅਤੇ ਹਿੰਦੂ ਵੋਟ ਨੂੰ ਉਨ੍ਹਾਂ ਤੋਂ ਦੂਰ ਕਰ ਸਕਦਾ ਹੈ।ਇਹਨਾਂ ਦੋ ਵਰਗਾਂ ਨੇ ਹੀ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।ਪਰ ਚੰਨੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਕਾਂਗਰਸ ਨੇ ਆਖੀਰ ਤੱਕ ਗੇਮ ਵਿਚ ਬਣੇ ਰਹਿਣ ਦਾ ਦਾਅ ਖੇਡਿਆ ਹੈ।
ਦਲਿਤ ਪਰਵਾਸ ਦਾ ਫਾਇਦਾ ਲੈਣ ਵਾਲਿਆਂ ਵਿਚੋਂ ਚੰਨੀ ਦਾ ਪਰਿਵਾਰ ਵੀ ਆਉਂਦਾ ਹੈ ਜਦੋਂ ਉਸ ਦੇ ਪਿਤਾ ਮਲੇਸ਼ੀਆ ਵਿਚ ਕੰਮ ਕਰਨ ਲਈ ਗਏ।ਉੱਥੇ ਹਰਸਾ ਸਿੰਘ ਦੀ ਆਮਦਨੀ ਕਰਕੇ ਹੀ ਉਨ੍ਹਾਂ ਦਾ ਪਰਿਵਾਰ ਆਪਣੇ ਜੱਦੀ ਪਿੰਡ ਭਜੌਲੀ ਤੋਂ ਬਾਹਰ ਨਿਕਲ ਕੇ ਖਰੜ ਆਉਣ ਵਿਚ ਕਾਮਯਾਬ ਹੋ ਸਕਿਆ।ਇਸ ਨੇ ਹੀ ਇਹ ਯਕੀਨੀ ਬਣਾਇਆ ਕਿ ਚੰਨੀ ਅਤੇ ਉਸ ਦੇ ਦੋ ਭਰਾ ਚੰਗੀ ਸਿੱਖਿਆ ਪ੍ਰਾਪਤ ਕਰ ਸਕਦੇ ਸਨ।ਉਸ ਦੀ ਆਰਥਿਕ ਸਥਿਤੀ ਵੀ ਕਾਫੀ ਠੀਕ-ਠਾਕ ਸੀ ਅਤੇ ੨੦੦੭ ਵਿਚ ਚਮਕੌਰ ਸਾਹਿਬ ਤੋਂ ਪਹਿਲੀ ਵਾਰ ਵਿਧਾਇਕ ਬਣਨ ਤੋਂ ਪਹਿਲਾਂ ਉਸ ਨੇ ਰੀਅਲ ਅਸਟੇਟ ਦੇ ਬਿਜਨੈਸ ਵਿਚ ਆਪਣਾ ਹੱਥ ਅਜਮਾਇਆ।ਉਸ ਤੋਂ ਬਾਅਦ ਲਗਾਤਾਰ ਉਸ ਦੀ ਰਾਜਨੀਤੀ ਵਿਚ ਗੱੁਡੀ ਉੱਪਰ ਹੀ ਗਈ ਹੈ।ਚੰਨੀ ਨੂੰ ਮੱੁਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਬਿਨਾਂ ਸ਼ੱਕ “ਮੰਡਲ ਪਲ” ਹੀ ਹੈ ਕਿਉਂਕਿ ਜੱਟ-ਸਿੱਖਾਂ ਦੀ ਪ੍ਰਧਾਨਤਾ ਵਾਲੇ ਸੂਬੇ ਵਿਚ ਇਕ ਦਲਿਤ ਨੂੰ ਮਹੱਤਵਪੂਰਨ ਰੋਲ ਮਿਲਿਆ ਹੈ।ਪਰ ਇਸ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਨਹੀਂ ਹੈ।ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵੰਡੀ ਹੋਈ ਦਲਿਤ ਵੋਟ ਨੂੰ ਇਕੱਠਾ ਕਰਨ ਵਿਚ ਮਦਦ ਕਰੇਗਾ, ਪਰ ਦਲਿਤ ਸਮਾਜ ਸਿਰਫ ਇਕ ਹੀ ਦਿਸ਼ਾ ਵੱਲ ਵੋਟ ਨਹੀਂ ਕਰੇਗਾ।ਉਹ ਦੂਜੀਆਂ ਪਾਰਟੀਆਂ ਨੂੰ ਵੀ ਚੁਣੇਗਾ।
ਪੰਜਾਬ ਵਿਚ ਦਲਿਤਾਂ ਨੂੰ ਸੰਗਠਿਤ ਕਰਨਾ ਕਾਫੀ ਮੁਸ਼ਕਿਲ ਭਰਿਆ ਕੰਮ ਹੈ ਕਿਉਂ ਕਿ ਉਹ ਬੀਤੇ ਵਿਚ ਰਾਜਨੀਤਿਕ ਤੌਰ ਤੇ ਕਾਫੀ ਵੰਡੇ ਰਹੇ ਹਨ।ਬੀਤੇ ਵਿਚ ਪੰਜਾਬ ਵਿਚ ਦਲਿਤਾਂ ਨੂੰ ਸੰਗਠਿਤ ਕਰਨ ਦਾ ਕੰਮ ਨਹੀਂ ਹੋਇਆ ਅਤੇ ਨਾ ਹੀ ਇਸ ਸਮੇਂ ਹੋਵੇਗਾ ਕਿਉਂ ਕਿ ਪੰਜਾਬ ਵਿਚ ਦੂਜੇ ਸੂਬਿਆਂ ਦੇ ਮੁਕਾਬਲਤਨ ਜਾਤੀ ਵਿਰੋਧਤਾਈਆਂ ਘੱਟ ਹਨ।ਪੰਜਾਬ ਵਿਚ ਸਿੱਖ ਧਰਮ ਦੇ ਪ੍ਰਭਾਵ ਕਰਕੇ ਵੀ ਜਾਤੀ ਸਮੀਕਰਨਾਂ ਨੂੰ ਹੋਰ ਪੱਖ ਤੋਂ ਦੇਖਿਆ ਜਾਂਦਾ ਹੈ।ਦਲਿਤਾਂ ਦਾ ਕਾਫੀ ਵੱਡਾ ਹਿੱਸਾ ਵੱਖ-ਵੱਖ ਡੇਰਿਆਂ ਨਾਲ ਜੁੜਿਆ ਹੋਇਆ ਹੈ ਜੋ ਕਿ ਚੋਣਾਂ ਦੌਰਾਨ ਆਪਣਾ ਸਮਰਥਨ ਦਿੰਦੇ ਰਹਿਣਗੇ।ਇਸ ਸਮੇਂ ਦੇ ਚੋਣ ਸਮੀਕਰਨ ਦੱਸ ਰਹੇ ਹਨ ਕਿ ਪੰਜਾਬ ਵਿਚ ਚੁਣਾਵੀ ਲੜਾਈ ਬਹੁ-ਪਰਤੀ ਹੋ ਗਈ ਹੈ ਜਿਸ ਵਿਚ ਆਮ ਆਦਮੀ ਪਾਰਟੀ, ਅਕਾਲੀ-ਬਸਪਾ ਗਠਜੋੜ ਅਤੇ ਕਾਂਗਰਸ ਪ੍ਰਮੱੁਖ ਧੜੇ ਹਨ।ਇਸ ਦੇ ਨਾਲ ਹੀ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਸ਼ਾਮਿਲ ਹੋ ਗਈਆਂ ਹਨ।ਇਸ ਲਈ ਉੱਚ-ਜਾਤੀ ਜੱਟ-ਸਿੱਖਾਂ ਅਤੇ ਹਿੰਦੂਆਂ ਵਿਚ ਵੋਟਾਂ ਵੰਡਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਕਾਂਗਰਸ ਇਹ ਸੋਚਦੀ ਹੈ ਕਿ ਅਗਰ ਇਹ ਦਲਿਤਾਂ ਨੂੰ ਸੰਗਠਿਤ ਕਰਨ ਵਿਚ ਕਾਮਯਾਬ ਰਹੀ ਤਾਂ ਇਸ ਲਈ ਪੰਜਾਬ ਵਿਚ ਸਰਕਾਰ ਬਣਨ ਦੀ ਸੰਭਾਵਨਾ ਹੋ ਸਕਦੀ ਹੈ।
੧੯੯੨ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੇ ਪਹਿਲੀ ਵਾਰ ੧੬ ਪ੍ਰਤੀਸ਼ਤ ਵੋਟਾਂ ਨਾਲ ਨੌਂ ਸੀਟਾਂ ਜਿੱਤੀਆਂ।ਪਰ ਉਸ ਤੋਂ ਬਾਅਦ ਇਸ ਦੇ ਸਮਰਥਨ ਵਿਚ ਲਗਾਤਾਰ ਗਿਰਾਵਟ ਆਈ ਹੈ ਜੋ ਕਿ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿਚ ੧.੫ ਪ੍ਰਤੀਸ਼ਤ ਹੀ ਰਹਿ ਗਿਆ।ਕਾਂਗਰਸ, ਅਕਾਲੀਆਂ ਅਤੇ ਹੋਰ ਪਾਰਟੀਆਂ ਨੇ ਦਲਿਤਾਂ ਦੇ ਉਥਾਨ ਲਈ ਕੋਈ ਖਾਸ ਕੰਮ ਨਹੀਂ ਕੀਤਾ ਹੈ।ਰਵਾਇਤੀ ਪਾਰਟੀਆਂ ਵਿਚ ਜੱਟ-ਸਿੱਖ ਲੀਡਰਸ਼ਿਪ ਦੀ ਹੀ ਪ੍ਰਧਾਨਤਾ ਰਹੀ ਹੈ।ਉਨ੍ਹਾਂ ਨੇ ਕੋਈ ਵੀ ਅਜਿਹਾ ਦਲਿਤ ਲੀਡਰ ਪੈਦਾ ਹੀ ਨਹੀਂ ਹੋਣ ਦਿੱਤਾ ਜੋ ਉਨ੍ਹਾਂ ਉੱਪਰ ਭਾਰੂ ਹੋਵੇ।ਚੰਨੀ ਨੂੰ ਮੱੁਖ ਮੰਤਰੀ ਬਣਾਉਣ ਵੀ ਇਕ ਮਜਬੂਰੀ ਵਿਚ ਲਿਆ ਗਿਆ ਕਦਮ ਜਿਆਦਾ ਜਾਪਦਾ ਹੈ।ਰਾਜਨੀਤਿਕ ਪਾਰਟੀਆਂ ਨੇ ਖਿੱਤੇ ਦੇ ਹਿਸਾਬ ਨਾਲ ਦਲਿਤ ਅਬਾਦੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਨੇ ਉਨ੍ਹਾਂ ਵਿਚ ਹੋਰ ਜਿਆਦਾ ਵੰਡ ਪੈਦਾ ਕਰ ਦਿੱਤੀ ਹੈ।ਬਾਬੂ ਕਾਂਸੀਰਾਮ ਨੇ ਦਲਿਤਾਂ ਵਿਚ ਏਕਾ ਪੈਦਾ ਕਰਨ ਲਈ ਕਾਫੀ ਮੁਸ਼ੱਕਤ ਕੀਤੀ, ਪਰ ਇਸ ਵਿਚ ਜਿਆਦਾ ਸੰਭਾਵਨਾ ਨਾ ਦੇਖਦੇ ਹੋਏ ਉਸ ਨੇ ਯੂਪੀ ਨੂੰ ਆਪਣਾ ਕੇਂਦਰ ਬਣਾ ਲਿਆ।ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਕਰਕੇ ਮਾਲਵਾ ਖਿਤੇ ਵਿਚ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।ਇਹ ਕਾਂਗਰਸ ਲਈ ਵੀ ਦੋ-ਧਾਰੀ ਤਲਵਾਰ ਸਾਬਿਤ ਹੋ ਸਕਦਾ ਹੈ।ਪੰਜਾਬ ਵਿਚ ਜੱਟ-ਸਿੱਖਾਂ ਦੀ ਅਬਾਦੀ ੨੦ ਪ੍ਰਤੀਸ਼ਤ ਦੇ ਲਗਭਗ ਹੈ।੧੯੭੭ ਤੋਂ ਲੈ ਕੁ ਹੁਣ ਤੱਕ ਸੂਬੇ ਵਿਚ ਗੈਰ-ਜੱਟਸਿੱਖ ਮੁੱਖ ਮੰਤਰੀ ਨਹੀਂ ਬਣਿਆ ਹੈ।ਇਸ ਤੋਂ ਸਪੱਸ਼ਟ ਹੈ ਕਿ ਸੂਬੇ ਵਿਚ ਉਨ੍ਹਾਂ ਦੀ ਹੀ ਪ੍ਰਧਾਨਤਾ ਰਹੀ ਹੈ।ਚੰਨੀ ਦੁਆਰਾ ਆਪਣੀ ਲੀਡਰਸ਼ਿਪ ਦਿਖਾਉਣਾ ਜੱਟ-ਸਿੱਖ ਨੇਤਾਵਾਂ ਵਿਚ ਹਲਚਲ ਪੈਦਾ ਕਰ ਸਕਦੀ ਹੈ।