ਸਮਾਜ ਵਿੱਚ ਅੱਜ ਇੱਕ ਅਜਿਹੀ ਸਖਸ਼ੀਅਤ ਕੈਥੇਲਿਕ ਨੰਨ ਸਿਸਟਰ ਟਰੈਸਾ ਫਾਰਕੇਡਸ (Sister Teresa Forcades) ਸਾਹਮਣੇ ਆਈ ਹੈ ਜੋ ਕਿ ਯੂਰਪ ਵਿੱਚ ਮਸ਼ਹੂਰ ਦੇਸ਼ ਸਪੇਨ ਵਿੱਚ ਕੈਟਾਲਾਨ ਰਾਜ ਦੀ ਵਸਨੀਕ ਹੈ ਉਸਨੂੰ ਅੱਜ ਯੂਰਪ ਵਿੱਚ ਮਹੱਤਵਪੂਰਨ ਅਸਥਾਨ ਹਾਸਲ ਹੈ। ਉਸਨੂੰ ਸਭ ਤੋਂ ਜ਼ਿਆਦਾ ਯੂਰਪ ਦੀ ਖੱਬੇ ਪੱਖੀ ਸਮਾਜਿਕ ਬੁੱਧੀਜੀਵੀ ਵਜੋਂ ਜਾਣਿਆ ਜਾ ਰਿਹਾ ਹੈ। ਉਸਨੇ ਯੂਰਪ ਵਿੱਚ ਅਤੇ ਖਾਸ ਕਰਕੇ ਸਪੇਨ ਵਿੱਚ ਚਿਰਾਂ ਤੋਂ ਸਮਾਜਿਕ ਪੂੰਜੀਵਾਦਕ ਸਮਾਜ ਦੇ ਦਬ-ਦੱਬੇ ਨੂੰ ਵਿੱਦਿਆ ਦੇ ਗਿਆਨ ਅਤੇ ਧਰਮ ਦੇ ਆਸਰੇ ਨਾਲ ਵੰਗਾਰ ਪਾਈ ਹੈ। ਉਸਨੇ ਵਿੱਦਿਆ ਅਤੇ ਧਰਮ ਦਾ ਆਸਰਾ ਲੈ ਕੇ ਰਾਜਨੀਤੀ ਨੂੰ ਇੱਕ ਨਵੀਂ ਲੀਹ ਦਿੱਤੀ ਹੈ।
ਸਿਸਟਰ ਟਰੇਸਾ ਫਾਰਕੇਡਸ ਜੋ ਕਿ ਇੱਕ ਸਧਾਰਨ ਪਰਿਵਾਰ ਵਿੱਚੋਂ ਆਈ ਹੈ ਜਿਸਦਾ ਕੋਈ ਧਾਰਮਿਕ ਪਿਛੋਕੜ ਨਹੀ ; ਜੋ ਆਪਣੇ ਜਨਮ-ਭੂਮੀ ਰਾਜ ਕੈਟਾਲਾਨ ਜਿੱਥੇ ਕਿ ਦਹਾਕਿਆਂ ਤੋਂ ਆਜ਼ਾਦੀ ਦੀ ਮੰਗ ਉੱਠ ਰਹੀ ਹੈ, ਉਸਨੂੰ ਵੱਡਮੁੱਲਾ ਸਮਰੱਥਨ ਤਾਂ ਦਿੱਤਾ ਹੀ ਹੈ ਸਗੋਂ ਉਸਦੀ ਇੱਕ ਮਜ਼ਬੂਤ ਆਵਜ਼ ਵੀ ਬਣੀ ਹੈ। ਉਸਦੀ ਸਮਾਜਕ ਕਾਂਤੀ ਦਾ ਨਾਂ ਪ੍ਰੋਸੇ ਕੌਨਸੀਚਿਉਂਟ (Proces constituent) ਹੈ। ਉਸ ਅਧੀਨ ਇਸ ਨੇ ਪਹਿਲੇ ਹੁੰਗਾਰੇ ਵਿੱਚ ਹੀ ਪੰਜਾਹ ਹਜ਼ਾਰ ਕੈਟਾਲਾਨ ਦੇ ਲੋਕਾਂ ਦਾ ਵੱਡਮੁੱਲਾ ਸਮੱਰਥਨ ਹਾਸਲ ਕੀਤਾ ਹੈ ਅਤੇ ਦਿਨ-ਬ-ਦਿਨ ਲੱਖਾਂ ਲੋਕਾਂ ਦੀ ਅਪੀਲ ਬਣ ਰਹੀ ਹੈ। ਸਿਸਟਰ ਟਰੈਸਾ ਜਿਸਨੂੰ ਬੜਾ ਸੁਹੱਪਣ ਪ੍ਰਾਪਤ ਹੈ ਤੇ ਦਿੱਖ ਤੋਂ ਸਾਦਗੀ ਦਾ ਪ੍ਰਤੀਕ ਹੈ ਅਤੇ ਅੰਗਰੇਜ਼ੀ ਭਾਸ਼ਾ ਦਾ ਵੀ ਉੱਚਾ ਗਿਆਨ ਹੈ ਕਿਉਂਕਿ ਉਸਨੇ ਦੁਨੀਆਂ ਦੀ ਇੱਕ ਬਿਹਤਰਹੀਨ ਯੂਨੀਵਰਸਿਟੀ ਜਿਸਦਾ ਨਾਂ ਹਾਵਰਡ ਯੂਨੀਵਰਸਿਟੀ ਹੈ ਤੋਂ ਧਾਰਮਿਕ ਗਿਆਨ ਦੀ ਪੀ.ਐਚ.ਡੀ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਉਸਨੇ ਮੈਡੀਕਲ ਡਾਕਟਰ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ। ਉਸਦਾ ਧਾਰਮਿਕ ਪਿਛੋਕੜ ਨਾ ਹੋਣ ਕਰਕੇ ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਬਾਈਬਲ ਪੜ੍ਹੀ ਸੀ ਜਿਸਨੇ ਉਸਦੀ ਆਤਮਾ ਤੇ ਦਿਲ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ ਜਿਸ ਰਾਹੀਂ ਉਸਦੀ ਆਪਣੀ ਸੋਚ ਤੇ ਸਮਝ ਵਿੱਚ ਇੱਕ ਨਵਾਂ ਅੰਤਰ ਆਇਆ ਪਰ ਉਸਨੇ ਇਸਦਾ ਵੱਧ ਗਿਆਨ ਕਰਨ ਤੋਂ ਪਹਿਲਾਂ ਆਪਣੀ ਡਾਕਟਰੀ ਦੀ ਡਿਗਰੀ ਪੂਰੀ ਕਰਨ ਨੂੰ ਤਰਜ਼ੀਹ ਦਿੱਤੀ ਅਤੇ ਉਸਤੋਂ ਬਾਅਦ ਧਾਰਮਿਕ ਗਿਆਨ ਵਿੱਦਿਆ ਹਾਸਲ ਕੀਤੀ ਤਾਂ ਜੋ ਉਸਦੀ ਵਿੱਦਿਆ ਦਾ ਗਿਆਨ ਧਾਰਮਿਕ ਵਿੱਦਿਆ ਦੇ ਵਿਸਥਾਰ ਦੇ ਨਾਲ-ਨਾਲ ਸਮਾਜ ਨੂੰ ਇੱਕ ਨਵੀਂ ਸੇਧ ਦੇ ਸਕੇ। ਇਸ ਅਧੀਨ ਹੀ ਉਸਨੇ ੧੯੯੭ ਵਿੱਚ ਕੈਥੇਲਿਕ ਚਰਚ ਨੂੰ ਅਪਣਾਇਆ ਅਤੇ ਉਸ ਵਿੱਚ ਸਿੱਖਿਆ ਲੈਣ ਤੋਂ ਬਾਅਦ ਸਿਸਟਰ ਟਰੇਸਾ ਫਾਰਕੇਡਸ ਬਣੀ।
ਪਿਛਲੇ ਕੁੱਝ ਸਾਲਾਂ ਤੋਂ ਉਹ ਬਾਰਸੀਲੋਨਾ ਸਹਿਰ ਦੇ ਨੇੜੇ ਬਹੁਤ ਰਮਣੀਕ ਪਹਾੜੀਆਂ ਅਤੇ ਸਾਂਤਮਈ ਵਾਤਾਵਰਣ ਵਿੱਚ ਬਣੀ ਬਹੁਤ ਪੁਰਾਣੇ ਗਿਰਜ਼ਾਘਰ ਦੀ ਮੁੱਖ ਸਿਸਟਰ ਹੈ ਅਤੇ ਕੇਥੈਲਿਕ ਗਿਰਜ਼ਾਘਰ ਦੇ ਪੋਪ ਅਧੀਨ ਸੇਵਾ ਨਿਭਾਅ ਰਹੀ ਹੈ। ਪਰ ਅੱਜ ਇਹ ਆਪਣੀ ਵਿੱਦਿਅਕ ਤੇ ਧਾਰਮਿਕ ਸੋਚ ਨਾਲ ਧਾਰਮਿਕ ਜਿੰਮੇਵਾਰੀਆਂ ਨੂੰ ਨਵੇਂ ਅਰਥਾਂ ਨਾਲ ਸਮਾਜ ਨੂੰ ਆ ਰਹੀਆਂ ਦਰਪੇਸ ਮੁਸ਼ਕਲਾਂ ਤੋਂ ਅਜਾਦ ਕਰਾਉਣ ਲਈ ਉਪਰਾਲਾ ਕਰ ਰਹੀ ਹੈ। ਇਹ ਇੱਕ ਅਜਿਹੇ ਆਦਰਸ਼ਮਈ ਸਮਾਜ ਦੀ ਨਾਇਕਾ ਬਣੀ ਹੈ ਜਿਸ ਤਰਾਂ ਦੇ ਨਾਇਕ ਦੀ ਸਿੱਖ ਕੌਮ ਨੂੰ ਲੰਮੇ ਅਰਸੇ ਤੋਂ ਉਡੀਕ ਹੈ। ਇਸ ਨੇ ਆਪਣੇ ਉੱਚ ਵਿੱਦਿਅਕ ਗਿਆਨ ਅਤੇ ਧਾਰਮਿਕ ਆਸਰੇ ਨਾਲ ਇੱਕ ਦਸ ਨੁਕਤਿਆ ਦਾ ਆਦਰਸ਼ ਸਮਾਜ ਅੱਗੇ ਰੱਖਿਆ ਹੈ ਜਿਸ ਰਾਹੀਂ ਉਸਨੇ ਸਪੈਨਿਸ਼ ਸਰਕਾਰ ਨੂੰ ਆਪਣੀਆਂ ਸਰਕਾਰੀ ਨੀਤੀਆਂ ਵਿੱਚ ਬਦਲਾਅ ਲਿਆਉਣ ਲਈ ਸੱਦਾ ਦਿੱਤਾ ਹੈ ਤਾਂ ਜੋ ਸਪੇਨ, ਯੂਰਪ ਅਤੇ ਦੁਨੀਆਂ ਵਿੱਚ ਖਿਸਕ ਰਹੀ ਮਨੁੱਖੀ ਕਦਰਾਂ ਕੀਮਤਾਂ ਅਤੇ ਬਰਾਬਰਤਾ ਬਾਰੇ ਨਵੀ ਦਿਸ਼ਾ ਦਿੱਤੀ ਜਾ ਸਕੇ ਅਤੇ ਇਨਾਂ ਮਨੁੱਖੀ ਕਦਰਾ-ਕੀਮਤਾ ਤੇ ਖਿਸਕ ਰਹੀ ਮਨੁੱਖੀ ਬਰਾਬਰਤਾ ਨੂੰ ਨਵੇਂ ਆਸ਼ੇ ਅਨੁਸਾਰ ਬਦਲਿਆ ਜਾ ਸਕੇ। ਇਸ ਦਸ ਨੁਕਾਤੀ ਪ੍ਰੋਗਰਾਮ ਨਾਲ ਪੂੰਜੀਵਾਦੀ ਸਮਾਜ ਦੇ ਵਧ ਰਹੇ ਸਮਾਜ ਉੱਤੇ ਦਬਦਬੇ ਨੂੰ ਸਦਾ ਲਈ ਕਿਵੇਂ ਰੋਕਿਆ ਜਾ ਸਕਦਾ ਹੈ, ਦਾ ਆਦੇਸ਼ ਦਿੱਤਾ ਹੈ। ਉਸਨੇ ਪੂੰਜੀਵਾਦੀ ਤਾਕਤਾਂ ਦੇ ਅਧੀਨ ਵੱਧ ਰਿਹਾ ਹਥਿਆਰਬੰਦ ਗੱਠਜੋੜਾਂ ਦੇ ਟਕਰਾਅ ਨੂੰ ਫੱਲਣ ਲਈ ਇੱਕ ਨਵੀਂ ਦਿਸ਼ਾ ਸਮਾਜ ਅੱਗੇ ਰੱਖੀ ਹੈ ਜਿਸ ਰਾਹੀਂ ਲੋਕਾਂ ਨੂੰ ਆਪਣੀ ਖੁਦਮੁਖਤਿਆਰੀ ਤੇ ਸਵੈ-ਨਿਰਣੇ ਦੇ ਹੱਕ ਨੂੰ ਦੁਬਾਰਾ ਉਜ਼ਾਗਰ ਕੀਤਾ ਹੈ। ਇਸ ਅਧੀਨ ਹੀ ਚੱਲਦਿਆ ਸਿਸਟਰ ਟਰੈਸਾ ਅੱਜ ਵੱਖ-ਵੱਖ ਪ੍ਰਚਲਿਤ ਨਾਮੀਂ ਟੀ.ਵੀ. ਅਤੇ ਹੋਰ ਸਾਧਨਾਂ ਰਾਹੀਂ ਹੋ ਰਹੀ ਚਰਚਾ ਦਾ ਮੁੱਖ ਵਿਸ਼ਾ ਹੈ।
ਇਸ ਦਸ ਨੁਕਾਤੀ ਪ੍ਰੋਗਰਾਮ ਅਧੀਨ ਹੀ ਸਿਸਟਰ ਟਰੈਸ ਸਮਾਜ ਵਿੱਚ ਚਿਰਾਂ ਤੋਂ ਕੈਥੇਲਿਕ ਚਰਚ ਵਿੱਚ ਔਰਤ-ਜਾਤ ਦੀ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਯੋਜਨਾਬੱਧ ਤਰੀਕੇ ਨਾਲ ਚੈਲੰਜ ਕੀਤਾ ਹੈ। ਔਰਤਾਂ ਪ੍ਰਤੀ ਕੇਥੈਲਿਕ ਚਰਚ ਵਿੱਚ ਨਜ਼ਰੀਏ ਨੂੰ ਬਦਲਣ ਲਈ ਅਤੇ ਉਹਨਾਂ ਦੀ ਬਰਾਬਰਤਾ ਲਈ ਜ਼ੋਰਦਾਰ ਆਵਜ਼ ਜੋ ਬਣਨ ਤੋਂ ਪਹਿਲੇ ਹੀ ਸਦੀਆਂ ਤੋਂ ਖਤਮ ਕਰ ਦਿੱਤੀ ਜਾਂਦੀ ਰਹੀ ਹੈ ਨੂੰ ਯੋਜਨਾਬੰਦ ਤਾਰੀਕੇ ਨਾਲ ਦੁਬਾਰਾ ਚਰਚ ਅੱਗੇ ਲਿਆਦਾ ਹੈ। ਉਸਨੇ ਕੇਥੈਲਿਕ ਚਰਚ ਵਿੱਚ ਔਰਤਾਂ ਨੂੰ ਪੂਰੀ ਅਜ਼ਾਦੀ ਦੇ ਹੱਕ ਦਿਵਾਉਣ ਲਈ ਇੱਕ ਨਵੀਂ ਚਰਚਾ ਦਾ ਵਿਸ਼ਾ ਸ਼ੁਰੂ ਕੀਤਾ ਹੈ ਜਿਸਦਾ ਉਸਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਸਦੀ ਚਰਚ ਅੱਜ ਇੱਕ ਚਿਰਾਂ ਤੋਂ ਦੱਬੇ ਹੋਏ ਸਮਾਜ ਦੀ ਬੁਲੰਦ ਅਜ਼ਾਦੀ ਦੀ ਅਵਾਜ ਬਣ ਰਿਹਾ ਹੈ ਜਿਸ ਰਾਹੀ ਉਸਨੇ ਸਪੇਨ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ ਕਿ ਉਹ ਆਉਣ ਵਾਲੇ ਸਾਲ ੨੦੧੪ ਵਿੱਚ ਕੈਟਾਲਾਨ ਰਾਜ ਦੇ ਲੋਕਾਂ ਨੂੰ ਸਵੈ ਨਿਰਣੇ ਦੇ ਹੱਕ ਪ੍ਰਤੀ ਚੋਣ ਕਰਵਾਈ ਜਾਵੇ ਤੇ ਕਾਫੀ ਹੱਦ ਤੱਕ ਇਹ ਵਿਚਾਰ ਹੈ ਕਿ ਕੈਟਾਲਾਨ ਲੋਕ ਸਦੀਆ ਬਾਅਦ ਆਪਣੇ ਸਵੈ ਨਿਰਣੇ ਦੇ ਹੱਕ ਰਾਹੀ ਆਪਣੀ ਅਜ਼ਾਦੀ ਦਾ ਪ੍ਰਗਟਾਵਾ ਕਰ ਸਕਣਗੇ ਤੇ ਇੱਕ ਨਰੋਏ ਸਮਾਜ ਨੂੰ ਉਲੀਕਣ ਲਈ ਦੁਨੀਆਂ ਅੱਗੇ ਇੱਕ ਨਵੀਂ ਉਦਾਹਰਣ ਰੱਖ ਸਕਣਗੇ। ਇਸ ਤਰਾਂ ਦੀ ਅਵਾਜ ਦਹਾਕਿਆਂ ਪਹਿਲਾਂ ਕਦੇ ਸ਼ੇ-ਗੁਵੇਰਾ ਵੱਲੋਂ ਵੀ ਉਠਾਈ ਗਈ ਸੀ ਪਰ ਉਸਦੇ ਵਿਚਾਰ ਧਰਮ ਤੋਂ ਹਟ ਕੇ ਸਿਰਫ ਸਮਾਜ ਬਣਤਰ ਨੂੰ ਲੋਕਾਂ ਦੇ ਹੱਕਾਂ ਅਧੀਨ ਕਰਨਾ ਸੀ। ਪਰ ਸਿਸਟਰ ਟਰੈਸਾ ਨੇ ਸਦੀਆਂ ਪਹਿਲਾਂ ਦੀ ਅਵਾਜ ਨੂੰ ਧਰਮ ਤੇ ਵਿਦਿਆ ਦਾ ਆਸਰਾ ਲੈ ਕੇ ਇੱਕ ਵਾਰ ਫੇਰ ਸੋਚਣ ਲਈ ਮਜ਼ਬੂਰ ਕੀਤਾ ਹੈ। ਇਸਦਾ ਸਿਸਟਰ ਟਰੈਸਾ ਨੂੰ ਇਕੱਲੇ ਕੈਟਾਲਾਨ, ਸਪੇਨ ਜਾਂ ਯੂਰਪ ਵਿੱਚ ਹੀ ਭਰਪੂਰ ਹੁੰਗਾਰਾ ਨਹੀਂ ਮਿਲ ਰਿਹਾ ਹੈ ਸਗੋਂ ਦੱਖਣੀ ਅਮਰੀਕਾ ਵਿੱਚ ਵੀ ਇਸ ਅਵਾਜ਼ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਤਾਂ ਜੋ ਚਿਰਾਂ ਤੋ ਚੱਲੀ ਆਉਦੀ ਇਹ ਵਾਰਤਾਲਾਪ ਦਾ ਇਹ ਹੱਲ ਕਿ ਪੂੰਜੀਵਾਦੀ ਨੀਤੀਆਂ ਹੀ ਨਰੋਏ ਸਮਾਜ ਦਾ ਹੱਲ ਹਨ ਜਾ ਇਹਨਾਂ ਨੀਤੀਆਂ ਨੂੰ ਸਿਸਟਰ ਟਰੈਸਾ ਵੱਲੋਂ ਉਠਾਏ ਦਸ ਨੁਕਤਿਆਂ ਨਾਲ ਕੋਈ ਵੱਖਰੀ ਨੀਤੀ ਅਪਣਾਉਣ ਦੀ ਲੋੜ ਹੈ, ਜਿਸ ਵਿੱਚ ਹਰ ਮਨੁੱਖ ਦੀ ਕਦਰ-ਕੀਮਤ-ਮਾਣ-ਸਵੈਮਾਨ ਤੇ ਸਵੈ ਨਿਰਣਾ ਇੱਕ ਵੱਡਮੁੱਲਾ ਹਿੱਸਾ ਹੋਵੇਗਾ। ਇਸ ਤਰਾਂ ਦੇ ਸਿਆਣੇ ਦਿਮਾਗ ਦੁਨੀਆਂ ਅੱਗੇ ਕਦੇ ਕਦੇ ਹੀ ਉਜਾਗਰ ਹੁੰਦੇ ਹਨ। ਅੱਜ ਸਿੱਖ ਕੌਮ ਵਿੱਚ ਇਸ ਤਰਾਂ ਦੇ ਸੂਝਵਾਨ ਖਿਆਲ ਤੇ ਗਿਆਨ ਦੀ ਕਾਫੀ ਚਿਰਾਂ ਤੋਂ ਤਲਾਸ ਹੈ ਤਾਂ ਜੋ ਆਪਣੀ ਬਿਖਰ ਰਹੀ ਹੈਸੀਅਤ ਪ੍ਰਤੀ ਥਾਂ-ਥਾਂ ਮੰਗੇ ਜਾ ਰਹੇ ਸਵਾਲਾਂ ਨੂੰ ਠੱਲਿਆ ਜਾ ਸਕੇ। ਇਸ ਤਰਾਂ ਦਾ ਵਿੱਦਿਆ ਤੇ ਧਰਮ ਦਾ ਗਿਆਨ ਰਾਂਹੀ ਸਧਾਰਨ ਸਿਸਟਰ ਟਰੈਸਾ ਫਾਰਕੇਡਸ ਨੇ ਚਰਚ ਵਿੱਚ ਰਹਿ ਕੇ ਵੀ ਦੁਨੀਆਂ ਨੂੰ ਜੋੜਨ ਦੀ ਕੋਸ਼ਿਸ ਕੀਤੀ ਹੈ ਅਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਤਰਾਂ ਦੀ ਅਜਾਦ ਹਸਤੀ ਨੂੰ ਦੁਨੀਆਂ ਕਿਸ ਤਰਾਂ ਪਛਾਣਦੀ ਹੈ ਤੇ ਉਸ ਵੱਲੋਂ ਉਠਾਈ ਆਵਾਜ਼ ਨੂੰ ਕਿੰਨੇ ਲੋਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ ਕਰਦੇ ਹਨ। ਇਸ ਤਰਾਂ ਦੀ ਹੱਕ ਸੱਚ ਦੀ ਆਵਾਜ ਸਿਖਾਂ ਦੇ ਬੁੱਧੀਜੀਵੀ ਵਰਗ ਲਈ ਵੀ ਪ੍ਰੇਰਨਾ ਹੈ ਤਾਂ ਜੋ ਸਿੱਖ ਕੌਮ ਕੋਲ ਵੀ ਇਸ ਤਰਾਂ ਦੀ ਆਵਾਜ ਸਾਹਮਣੇ ਆ ਸਕੇ।