ਮੀਡੀਆ ਕਿਸੇ ਵੀ ਜਮਹੂਰੀ ਸਮਾਜ ਦਾ ਅਨਿੱਖੜਵਾਂ ਅੰਗ ਹੁੰਦਾ ਹੈ। ਅਜ਼ਾਦ ਮੀਡੀਆ ਹੀ ਕਿਸੇ ਜਮਹੂਰੀਅਤ ਨੂੰ ਵਧਣ ਫੁੱਲਣ ਵਿੱਚ ਸਹਾਈ ਹੁੰਦਾ ਹੈ। ਕਿਸੇ ਵੀ ਜਮਹੂਰੀਅਤ ਦੀ ਸਲਾਮਤੀ ਲਈ ਅਜ਼ਾਦ ਨਿਆਂ-ਪਾਲਿਕਾ ਅਤੇ ਅਜ਼ਾਦ ਮੀਡੀਆ ਦਾ ਹੋਣਾਂ ਪਹਿਲੀ ਸ਼ਰਤ ਮੰਨੀ ਜਾਂਦੀ ਹੈ। ਮੀਡੀਆ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਜਮਹੂਰੀ ਸਮਾਜ ਜਿੱਥੇ ਘੱਟ-ਗਿਣਤੀਆਂ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਸੁਨਣ ਵਾਲਾ ਕੋਈ ਨਾ ਹੋਵੇ ਉ%ਥੇ ਮੀਡੀਆ ਨੂੰ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਨਾ ਪੈਂਦਾ ਹੈ। ਮੀਡੀਆ ਹਮੇਸ਼ਾ ਮਜਲੂਮ ਧਿਰ ਨਾਲ ਖੜਨ ਵਾਲਾ ਹੋਣਾਂ ਚਾਹੀਦਾ ਹੈ।
ਜੇ ਮੀਡੀਆ ਆਪਣੀ ਜਿੰਮੇਵਾਰੀ ਤੋਂ ਬਾਗੀ ਹੋ ਜਾਵੇ। ਜੇ ਮੀਡੀਆ ਗਰੀਬਾਂ ਦੀ ਢਾਲ ਬਣਨ ਦੀ ਆਪਣੀ ਡਿਊਟੀ ਛੱਡਕੇ ਅਮੀਰਾਂ ਦੀ ਚਾਕਰੀ ਕਰਨ ਲੱਗ ਜਾਵੇ ਤਾਂ ਇਹ ਨਹੀ ਸਮਝਿਆ ਜਾਵੇਗਾ ਕਿ ਮੀਡੀਆ ਅਮੀਰਾਂ ਦੀ ਰਖੇਲ ਬਣ ਗਿਆ ਹੈ? ਕਿ ਮੀਡੀਆ ਵਿਕਾਉੂ ਮਾਲ ਬਣ ਗਿਆ ਹੈ?
ਭਾਰਤ ਵਿੱਚ ਮੀਡੀਆ ਨੇ ਇਹੋ ਕੰਮ ਫੜ ਲਿਆ ਹੋਇਆ ਹੈ ਜਿਸਦਾ ਅਸੀਂ ਉਪਰ ਜਿਕਰ ਕਰਕੇ ਆਏ ਹਾਂ। ਭਾਰਤੀ ਮੀਡੀਆ ਇਸ ਵੇਲੇ ਆਪਣੇ ਪੇਸ਼ੇ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ ਸਿਆਸਤਦਾਨਾਂ ਅਤੇ ਅਮੀਰ ਘਰਾਣਿਆਂ ਦੀ ਚਾਕਰੀ ਕਰ ਰਿਹਾ ਹੈ। ਭਾਰਤੀ ਮੀਡੀਆ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ ਜਿਸਨੇ ਆਪਣੀਆਂ ਕਦਰਾਂ ਕੀਮਤਾਂ ਬਚਾਕੇ ਰੱਖੀਆਂ ਹਨ ਵਰਨਾ ਸਾਰੇ ਮੀਡੀਆ ਸਮੂਹ ਆਪਣੀ ਲਛਮਣ ਰੇਖਾ ਨੂੰ ਬਹੁਤ ਦੇਰ ਦੇ ਲੰਘ ਚੁੱਕੇ ਹਨ। ਭਾਰਤੀ ਟੀਵੀ ਚੈਨਲਾਂ ਵਿੱਚ ਨਿਘਾਰ ਪ੍ਰਿੰਟ ਮੀਡੀਆ ਨਾਲੋਂ ਜਿਆਦਾ ਆ ਗਿਆ ਹੋਇਆ ਹੈ। ਟੀਵੀ ਚੈਨਲਾਂ ਵਿੱਚ ਕੰਮ ਕਰਦੇ ਬਹੁ-ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੇ ਪੱਤਰਕਾਰਾਂ ਲਈ ਗਰੀਬ ਲੋਕਾਂ ਦੇ ਮਸਲੇ ਕੋਈ ਅਰਥ ਨਹੀ ਰੱਖਦੇ। ਉਹ ਤਾਂ ਉਚ ਵਰਗੀ ਅਮੀਰ ਰਾਜਨੀਤੀਵਾਨਾਂ ਦੀ ਚਾਕਰੀ ਕਰਨ ਅਤੇ ਆਮ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹਨ। ਟੀਵੀ ਐਂਕਰਾਂ ਦਾ ਬੋਲਣ ਦਾ ਅੰਦਾਜ਼ ਹੈਂਕੜਭਰਪੂਰ ਹੋ ਗਿਆ ਹੈ। ਉਨ੍ਹਾਂ ਦੀ ਗੱਲ ਕਰਨ ਦੀ ਸ਼ੈਲੀ ਵਿੱਚ ਹੰਕਾਰ ਝਲਕਦਾ ਹੈ। ਉਹ ਹੁਣ ਖਬਰਾਂ ਸੁਣਾਉਣ ਵਾਲੇ ਪੱਤਰਕਾਰ ਨਹੀ ਰਹੇ ਬਲਕਿ ਆਪਣੇ ਵਿਚਾਰ ਅਤੇ ਵਿਚਾਰਧਾਰਾ ਥੋਪਣ ਵਾਲੇ ਬਣ ਗਏ ਹਨ। ਉਨ੍ਹਾਂ ਦੇ ਵਿਹਾਰ ਵਿੱਚੋਂ ਹਾਕਮਾਂ ਅਤੇ ਮਾਲਕਾਂ ਵਾਲੀ ਹੈਂਕੜ ਝਲਕਦੀ ਹੈ। ਉਹ ਜਿਸ ਅੰਦਾਜ਼ ਵਿੱਚ ਗੱਲ ਕਰਦੇ ਹਨ ਅਤੇ ਜਿਵੇਂ ਆਮ ਲੋਕਾਂ ਦੇ ਮਸਲਿਆਂ ਦੀ ਖੇਹ ਉਡਾਉਂਦੇ ਉਸਦੀ ਇ%ਥੇ ਵਿਆਖਿਆ ਨਹੀ ਕੀਤੀ ਜਾ ਸਕਦੀ। ਘੱਟ ਗਿਣਤੀਆਂ ਦੇ ਸਰੋਕਾਰਾਂ ਨੂੰ ਉਹ ਆਪਣੀ ਜੁੱਤੀ ਦੀ ਨੋਕ ਤੇ ਰੱਖਦੇ ਹਨ। ਇਸਦੀ ਤਾਜ਼ਾ ਉਦਾਹਰਨ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਸੰਘਰਸ਼ ਦੀ ਦਿੱਤੀ ਜਾ ਸਕਦੀ ਹੈ ਜਿਸਦੀ ਕਿਸੇ ਇੱਕ ਵੀ ਹਿੰਦੀ ਚੈਨਲ ਜਾਂ ਮੇਨ-ਸਟਰੀਮ ਅਖਬਾਰ ਨੇ ਕਵਰੇਜ਼ ਨਹੀ ਕੀਤੀ। ਬਹੁ-ਗਿਣਤੀ ਦੀਆਂ ਊਟਪਟਾਂਗ ਗੱਲਾਂ ਨੂੰ ਮੀਡੀਆ ਸਾਰਾ ਦਿਨ ਉਛਾਲਦਾ ਹੈ ਪਰ ਘੱਟ-ਗਿਣਤੀਆਂ ਦੇ ਮਸਲੇ ਦਬਾਏ ਜਾਂਦੇ ਹਨ।
ਭਾਰਤੀ ਮੀਡੀਆ- ਭਾਰਤੀ ਸਿਆਸਤਦਾਨਾਂ ਅਤੇ ਭਾਰਤੀ ਕਾਰਪਰੇਟ ਜਗਤ ਦਾ ਨਾਪਾਕ ਗੱਠਜੋੜ ਉਸ ਮੁਲਕ ਨੂੰ ਆਪਣੇ ਇਸ਼ਾਰੇ ਤੇ ਚਲਾ ਰਿਹਾ ਹੈ। ਇਸੇ ਲਈ ਭਾਰਤੀ ਮੀਡੀਆ ਹਾਕਮਾਂ ਵਾਲਾ ਵਿਹਾਰ ਕਰ ਰਿਹਾ ਹੈ। ਮੀਡੀਆ ਦਾ ਇਹ ਵਿਹਾਰ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਸਨੂੰ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਚੌਰਾਹੇ ਵਿੱਚ ਚੁਣੌਤੀ ਦਿੱਤੀ ਅਤੇ ਨੰਗਾ ਕਰ ਦਿੱਤਾ ਹੈ। ਆਪਣੀ ਬਦਨੀਤੀ ਦੇ ਸਾਹਮਣੇ ਆਉਂਦਿਆਂ ਹੀ ਭਾਰਤੀ ਮੀਡੀਆ ਨੇ ਚੀਕ ਚਿਹਾੜਾ ਪਾਉਣਾਂ ਅਰੰਭ ਕਰ ਦਿੱਤਾ ਹੈ ਅਤੇ ਉਹ ਆਪਣੇ ਅੰਦਰ ਝਾਤ ਮਾਰਨ ਦੀ ਹਿੰਮਤ ਕਰਨ ਨਾਲੋਂ ਕੇਜਰੀਵਾਲ ਨੂੰ ਨਿੰਦਣ ਤੇ ਵੱਧ ਜੋਰ ਦੇ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਬਹੁਤ ਲੰਬੇ ਸਮੇਂ ਤੋਂ ਚੱਲ ਰਹੇ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਸ ਨੇ ਮੀਡੀਆ ਨੂੰ ਉਸਦੀ ਅਸਲੀ ਥਾਂ ਦੱਸ ਦਿੱਤੀ ਹੈ ਜਿਸ ਕਰਕੇ ਮੀਡੀਆ ਤਿਲਮਿਲਾ ਰਿਹਾ ਹੈ।
ਅੱਜ ਵੀ ਭਾਰਤੀ ਮੀਡੀਆ ਸੰਘਰਸ਼ ਕਰ ਰਹੀਆਂ ਕੌਮਾਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਜਥੇਬੰਦੀਆਂ ਦੀਆਂ ਖਬਰਾਂ ਦਾ ਬਲੈਕਆਉੂਟ ਕਰਕੇ ਚੱਲ ਰਿਹਾ ਹੈ। ਅੱਜ ਮੇਨਸਟਰੀਮ ਭਾਰਤੀ ਮੀਡੀਆ ਵਿੱਚ ਮਨੁੱਖੀ ਅਧਿਕਾਰ ਜਥੇਬੰਦੀਆਂ ਦੀਆਂ ਖਬਰਾਂ ਨਾ ਤਾਂ ਪ੍ਰਕਾਸ਼ਿਤ ਹੁੰਦੀਆਂ ਹਨ ਅਤੇ ਨਾ ਹੀ ਪ੍ਰਸਾਰਿਤ ਹੁੰਦੀਆਂ ਹਨ। ਬਹੁ-ਕੌਮੀ ਮੁਲਕਾਂ ਦੀ ਜਮਹੂਰੀਅਤ ਇਹ ਮੰਗ ਕਰਦੀ ਹੈ ਕਿ ਉਸਦੀ ਨਿਆਂ-ਪਾਲਿਕਾ ਅਤੇ ਮੀਡੀਆ ਸਿਰਫ ਬਹੁ-ਗਿਣਤੀ ਦੇ ਈਲੀਟ ਵਰਗ ਦੀ ਇੱਛਾ ਅਤੇ ਨੀਤੀ ਹੀ ਨਾ ਥੋਪੇ ਬਲਕਿ ਘੱਟ-ਗਿਣਤੀਆਂ ਦੇ ਸਰੋਕਾਰਾਂ ਨੂੰ ਵੀ ਬਣਦੀ ਥਾਂ ਦੇਵੇ। ਭਾਰਤ ਵਰਗੇ ਬਹੁ-ਕੌਮੀ ਮੁਲਕ ਵਿੱਚ ਮੀਡੀਆ ਨੂੰ ਆਪਣੀ ਸੰਤੁਲਤ ਪਹੁੰਚ ਅਪਨਾ ਕੇ ਚੱਲਣਾਂ ਚਾਹੀਦਾ ਹੈ ਨਹੀ ਤਾਂ ਕੇਜਰੀਵਾਲ ਵਾਂਗ ਹੋਰ ਲੀਡਰ ਵੀ ਇਸਦੇ ਪਾਖੰਡ ਦਾ ਭਾਂਡਾ ਸ਼ਰੇਬਜ਼ਾਰ ਭੰਨ ਦੇਣਗੇ। ਮੀਡੀਆ ਨੂੰ ਜਨਤਾ ਦੇ ਚਾਕਰਾਂ ਵਾਂਗ ਵਿਚਰਨਾ ਚਾਹੀਦਾ ਹੈ ਮਾਲਕਾਂ ਵਾਂਗ ਨਹੀ।