Dr Jasvir Singh

ਭਾਈ ਸੱਤਪਾਲ ਸਿੰਘ ਢਿਲੋਂ ਦੀ ਸ਼ਹੀਦੀ ਦੂਜੇ ਖਾੜਕੂ ਸਿੰਘਾਂ ਦੀਆਂ ਸ਼ਹੀਦੀਆਂ ਵਰਗਾ ਵਰਤਾਰਾ ਨਹੀਂ ਸੀ। ਇਹ ਸ਼ਹੀਦੀ ਖਾੜਕੂ ਲਹਿਰ ਦੇ ਅੰਦਰ ਵਾਪਰਨ ਵਾਲੀ ਅਹਿਮ ਰਾਜਨੀਤਕ ਤਬਦੀਲੀ ਦੇ ਵਿਚਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋਣ ਦੀ ਦੁਖਦ ਘਟਨਾ ਹੈ। ਭਾਈ ਸੱਤਪਾਲ ਸਿੰਘ ਢਿੱਲੋਂ ਅਸਲ ਵਿੱਚ ਇੱਕ ਕੌਮੀ ਰਾਜਨੀਤੀਵਾਨ ਸੀ, ਜੋ ਖਾੜਕੂ ਲਹਿਰ ਦੀਆਂ ਸੀਮਾਤਾਈਆਂ ਅਤੇ ਇਸ ਦੀ ਅੰਦਰੂਨੀ ਗਤੀਸ਼ੀਲਤਾ ਬਾਰੇ ਗਹਿਰੀ ਸਮਝ ਰੱਖਣ ਵਾਲੀ ਹਸਤੀ ਸੀ। ਭਾਈ ਸੱਤਪਾਲ ਸਿੰਘ ਦੀ ਰਾਜਸੀ ਸੂਝ ਨੇ ਰਾਜਨੀਤਕ ਲਹਿਰ ਦਾ ਸੰਗਠਨਾਤਮਕ ਅਤੇ ਅਗਵਾਈ ਦਾ ਖਾੜਕੂ ਲਹਿਰ ਤੋਂ ਵੱਖਰਾ ਢਾਂਚਾ ਉਸਾਰਨ ਦੀ ਮਹੱਤਤਾ ਤੇ ਜਰੂਰਤ ਬੁੱਝ ਲਈ ਸੀ। ਇਸੇ ਵਿਚਾਰ ਤਹਿਤ ਉਸਨੇ ਖਾੜਕੂ ਆਗੂਆਂ ਅੱਗੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਰਾਜਨੀਤਿਕ ਸੰਸਥਾ ਵਜੋਂ ਉਸਾਰਨ ਲਈ ਇਸ ਨੂੰ ਖਾੜਕੂ ਕਾਰਵਾਈਆਂ ਤੋਂ ਵੱਖਰਿਆ ਕਰਨ ਦਾ ਅਹਿਮ ਪੱਖ ਪੇਸ਼ ਕਰਨ ਦਿੱਤਾ ਸੀ ਪਰ ਉਸਦੀ ਬੇਵਕਤ ਸ਼ਹੀਦੀ ਨੇ ਸਿੱਖ ਕੌਮਵਾਦੀ ਰਾਜਨੀਤੀ ਅੰਦਰ ਆਉਣ ਵਾਲੀ ਅਤਿ ਮਹੱਤਵਪੂਰਨ ਵਿਚਾਰਧਾਰਕ ਤਬਦੀਲੀ ਨੂੰ ਨੱਕਾ ਲਾ ਦਿੱਤਾ। ਇਸ ਵਿਚਾਰਧਾਰਕ ਨੁਕਸਾਨ ਦਾ ਖਮਿਆਜਾ ਅਸੀਂ ਨਾ ਸਿਰਫ਼ ਖਾੜਕੂ ਲਹਿਰ ਦੌਰਾਨ ਹੀ ਭੁਗਤਿਆ ਬਲਕਿ ਹੁਣ ਤਕ ਵੀ ਅਸੀਂ ਸੰਗਠਨਾਤਮਕ ਕੌਮਵਾਦੀ ਰਾਜਨੀਤਿਕ ਪਾਰਟੀ ਅਤੇ ਅਗਵਾਈ ਸਿਰਜਣ ਲਈ ਕਾਮਯਾਬ ਨਹੀਂ ਹੋ ਸਕੇ।

ਮੌਜੂਦਾ ਰਾਜਸੀ ਢਾਂਚਿਆਂ ਵਿੱਚ ਜਿਹੜੀਆਂ ਕੌਮਾਂ ਵੱਡੀਆਂ ਕੌਮਾਂਤਰੀ ਤਬਦੀਲੀਆਂ ਦੌਰਾਨ ਰਾਜ ਸਿਰਜਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ, ਤਾਂ ਇਹ ਕੌਮਾਂ ਵੱਡੇ ਕੌਮੀ ਰਾਜਾਂ ਵਿੱਚ ਕੌਮੀ ਘਟਗਿਣਤੀਆਂ ਦੇ ਪੱਧਰ ਤਕ ਨਿਘਰ ਗਈਆਂ। ਮੌਜੂਦਾ ਸਮੇਂ ਵਿੱਚ ਪ੍ਰਭੂਸੱਤਾਤਮਕ ਰਾਜਾਂ ਦੇ ਆਪਸੀ ਸਬੰਧਾਂ ਦੇ ਆਧਾਰਿਤ ਕੁਝ ਕੌਮਾਂਤਰੀ ਨਿਯਮ ਹਨ, ਇਨਾਂ ਨਿਯਮਾਂ ਵਿੱਚ ਪ੍ਰਭੂਸੱਤਾਤਮਕ ਸਮਾਨਤਾ ਅਤੇ ਖੇਤਰੀ ਦਖਲਅੰਦਾਜੀ ਮੁੱਖ ਹਨ। ਪ੍ਰਭੂਸੱਤਾਤਮਕ ਸਮਾਨਤਾ ਦੇ ਨਿਯਮ ਅਨੂਸਾਰ ਛੋਟੇ ਤੇ ਵੱਡੇ ਰਾਜ ਆਪਣੀਆਂ ਕੌਮੀ ਹੱਦਾਂ ਅੰਦਰ ਹਰੇਕ ਤਰਾਂ ਦੇ ਫੈਸਲੇ ਲੈਣ ਲਈ ਆਜਾਦ ਹਨ ਤੇ ਕੋਈ ਵੀ ਰਾਜ ਕਿਸੇ ਦੂਜੇ ਰਾਜ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਨਹੀਂ ਦੇਵੇਗਾ। ਇਸ ਦੂਜੀ ਮਾਨਤਾ ਨੇ ਖੇਤਰੀ ਦਖਲ ਅੰਦਾਜੀ ਦੇ ਸਿੱਧਾਂਤ ਜਾਂ ਨਿਯਮ ਨੂੰ ਜਨਮ ਦਿੱਤਾ। ਇਹਨਾਂ ਨਿਯਮਾਂ ਨੇ ਵਿਹਾਰਕ ਤੌਰ ’ਤੇ ਕੌਮੀ ਘੱਟ ਗਿਣਤੀਆਂ ਨੂੰ ਕੌਮੀ ਰਾਜਾਂ ਉਤੇ ਕਾਬਜ ਬਹੁਗਿਣਤੀ ਦਾਬੇ ਵਾਲੀਆਂ ਕੌਮਾਂ ਦੇ ਰਾਜਸੀ ਫੈਸਲਿਆਂ ਦੀਆਂ ਗੁਲਾਮ ਬਣਾ ਦਿੱਤਾ। ਇਹਨਾਂ ਕੌਮੀ ਰਾਜਾਂ ਨੇ ਮਨੁੱਖਾਂ ਨੂੰ ਨਿੱਜੀ ਤੌਰ ’ਤੇ ਨਾਗਰਿਕ ਅਧਿਕਾਰ ਦਿੱਤੇ ਅਤੇ ਰਾਖੀ ਦੇ ਅਸੂਲ ਬਣਾਏ ਪਰ ਕੌਮਾਂ ਨੂੰ ਰਾਜਸੀ ਤੇ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ। ਕੌਮੀ ਘੱਟ ਗਿਣਤੀਆਂ ਦੇ ਬਹੁਗਿਣਤੀ ਰਾਜ ਦੇ ਰਾਜਸੀ ਦਾਬੇ ਹੇਠ ਆਉਣ ਦੇ ਵਰਤਾਰੇ ਨੇ ਕਈ ਕੌਮੀ ਲਹਿਰਾ ਨੂੰ ਜਨਮ ਦਿੱਤਾ, ਯੂੁਰੋਪ ਵਿੱਚ ਸੋਵੀਅਤ ਰੂਸ ਦੇ ਟੁੱਟਣ ਦੇ ਸਿੱਟੇ ਵਜੋਂ ਕਈ ਸੰਘਰਸ਼ਸ਼ੀਲ ਕੌਮਾਂ ਆਪਣੇ ਕੌਮੀ ਰਾਜ ਸਿਰਜਣ ਵਿੱਚ ਕਾਮਯਾਬ ਰਹੀਆਂ। ਵੀਹ ਵੀਹ ਲੱਖ ਦੀ ਆਬਾਦੀ ਵਾਲੀਆਂ ਕੌਮਾਂ ਵੀ ਆਪਣੇ ਰਾਜ ਸਿਰਜ ਗਈਆਂ। ਸਲੋਵੀਨ ਤੇ ਅਲਬਾਨੀਆਈ ਕੌਮਾਂ ਇਸ ਦੀ ਉਦਾਹਰਨ ਹਨ।

ਭਾਰਤੀ ਆਗੂਆਂ ਦੇ ਸਿੱਖਾਂ ਪ੍ਰਤੀ ਨਾਂਹਪੱਖੀ ਰਵਈਏ ਨੇ ਉਸ ਸਮੇਂ ਦੇ ਵੱਡੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੇ ਵਿਚਾਰਾਂ ਨੂੰ ਵੀ ਵੱਡੇ ਪੱਧਰ ’ਤੇ ਅਸਰ ਅੰਦਾਜ ਕੀਤਾ। ਪੰਜਾਬੀ ਭਾਸ਼ਾ ਅਤੇ ਕੌਮ ਲਈ ਕਾਨੂੰਨੀ ਰਾਖੀ ਪ੍ਰਬੰਧਾਂ ਲਈ ਮਾਸਟਰ ਜੀ ਵੱਲੋਂ ਵੱਡੇ ਰਾਜਸੀ ਯਤਨ ਕੀਤੇ ਗਏ। ਇਸੇ ਕਰਕੇ ਭਾਰਤੀ ਰਾਜ ਵੱਲੋਂ ਉਹਨਾਂ ਨੂੰ ਕਈ ਵਾਰ ਜੇਲ ਵਿੱਚ ਸੁਟਿਆ ਗਿਆ। ਇਥੋਂ ਤਕ ਕਿ ਭਾਰਤੀ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲੋਂ ਮਾਸਟਰ ਜੀ ਨੂੰ ਜਨੂੰਨੀ ਤਕ ਕਿਹਾ ਗਿਆ ਪਰ ਇਹ ਕੌਮੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਮਾਸਟਰ ਤਾਰਾ ਸਿੰਘ ਵਰਗਾ ਵੱਡਾ ਰਾਜਸੀ ਆਗੂ ਵੀ ਭਾਰਤੀ ਰਾਸ਼ਟਰਵਾਦੀ ਚੇਤਨਾ ਤੋਂ ਗ੍ਰਸਿਤ ਸਿੱਖ ਰਾਜਸੀ ਹਿਸਿਆਂ ਨੂੰ ਕੌਮਵਾਦੀ ਲਹਿਰ ਉਸਾਰਨ ਵੱਲ ਪ੍ਰੇਰਿਤ ਨਾ ਕਰ ਸਕਿਆ।

ਸਿੱਖਾਂ ਨੇ ਅੰਗਰੇਜ਼ਾਂ ਵਿਰੁੱਧ ਭਾਰਤੀ ਕੌਮ ਦੇ ਇੱਕ ਹਿਸੇ ਵਜੋਂ ਸੰਘਰਸ਼ ਕੀਤਾ ਤੇ 1947 ਤੋਂ ਬਾਅਦ ਭਾਰਤੀ ਰਾਜ ਅੰਦਰ ਇੱਕ ਕੌਮੀ ਘੱਟ ਗਿਣਤੀ ਵਜੋਂ ਇੱਕ ਤਾਕਤਹੀਣ ਕੌਮੀ ਸਮੂਹ ਬਣ ਗਏ। 1947-48 ਵਿੱਚ ਭਾਰਤੀ ਸੰਵਿਧਾਨ ਘਾੜਨੀ ਸਭਾ ਨੇ ਸਿੱਖ ਆਗੂ ਸਰਦਾਰ ਹੁਕਮ ਸਿੰਘ ਵੱਲੋਂ ਰਖੀਆਂ ਕਰੀਬ ਸਾਰੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹ ਮੰਗਾਂ ਸਿੱਖਾਂ ਦੇ ਧਰਮ, ਭਾਸ਼ਾ ਅਤੇ ਸਭਿਆਚਾਰਕ ਪਛਾਣ ਦੀ ਰਾਖੀ ਲਈ ਕਾਨੂੰਨੀ ਨਿਯਮ ਬਣਾਉਣ ਵੱਲ ਸੇਧਿਤ ਸਨ। ਇਹਨਾਂ ਮੰਗਾਂ ਵਿੱਚ ਪੰਜਾਬ ਵਿਚੋਂ ਸਿੱਖ ਵਸੋਂ ਅਨੁਸਾਰ ਵਿਧਾਨਿਕ ਅਸੈਂਬਲੀ ਦੀਆਂ ਸੀਟਾਂ ਰਾਖਵੀਂਆਂ ਕਰਨਾ, ਗੁਰਮੁੱਖੀ ਭਾਸ਼ਾ ਤੇ ਲਿਪੀ ਦੀ ਰਾਖੀ ਤੇ ਵਿਕਾਸ ਲਈ ਵੱਖਰੇ ਪੰਜਾਬੀ ਰਾਜ ਦੀ ਸਿਰਜਣ ਕਰਨਾਂ, ਸਰਕਾਰੀ ਸੇਵਾਵਾਂ ਵਿੱਚ ਸਿੱਖ ਨੂੰ ਰਾਖਵਾਂਕਰਨ ਦੇਣ, ਸਿੱਖ ਦਲਿਤ ਅਤੇ ਪਛੜੀਆਂ ਜਾਤਾਂ ਨੂੰ ਰਾਖਵਾਂਕਰਨ ਦੇਣਾ ਸ਼ਾਮਲ ਸਨ।

ਦਲਿਤ ਅਤੇ ਪੱਛੜੀਆਂ ਜਾਤਾਂ ਨੂੰ ਰਾਖਵਾਂਕਰਨ ਦੇਣ ਤੋਂ ਇਨਾਵਾ ਬਾਕੀ ਸਾਰੀਆਂ ਮੰਗਾਂ ਨੂੰ ਮੁੱਢੋਂ ਨਕਾਰ ਦਿੱਤਾ ਗਿਆ। ਸੰਵਿਧਾਨ ਘਾੜਨੀ ਸਭਾ ਵਿੱਚ ਵੱਡੇ ਭਾਰਤੀ ਆਗੂ ਸਰਦਾਰ ਪਟੇਲ ਜੋ ਕਿ ਭਾਰਤ ਦਾ ਗ੍ਰਹਿ ਮੰਤਰੀ ਵੀ ਰਿਹਾ, ਨੇ ਘੱਟ ਗਿਣਤੀਆਂ ਨੂੰ ਬਹੁਗਿਣਤੀ ਦੀ ਖੁਸ਼ੀ ਅਨੁਸਾਰ ਜੀਉਣਾ ਸਿੱਖਣ ਦਾ ਵੱਡੇ ਰਾਜਨੀਤਕ ਅਰਥਾਂ ਵਾਲਾ ਐਲਾਨ ਜਾਰੀ ਕੀਤਾ ਗਿਆ। ਇਸ ਐਲਾਨ ਵੱਲੋਂ ਸਿੱਖ ਆਗੂਆਂ ਨੂੰ ਭਾਰਤ ਅੰਦਰ ਘੱਟ ਗਿਣਤੀ ਹੋਣ ਦੀ ਰਾਜਸੀ ਔਕਾਤ ਵਾਰੇ ਸਮਝਦਿਆਂ ਕਰ ਦਿੱਤਾ ਸੀ ਪਰ ਸਰਦਾਰ ਹੁਕਮ ਸਿਘੰ ਵੱਲੋਂ ਸੰਵਿਧਾਨ ਘਾੜਨੀ ਸਭ ਅੰਦਰ ਭਾਰਤੀ ਸੰਵਿਧਾਨ ਦੇ ਖਰੜੇ ਨੂੰ ਮੰਨਣ ਤੋਂ ਇਨਕਾਰ ਕਰਨ ਸਮੇਂ ਦਿੱਤੇ ਬਿਆਨ ਸਿੱਖਾਂ ਵੱਲੋਂ ਭਾਰਤ ਅੰਦਰ ਆਪਣੀ ਰਾਜਸੀ ਹੋਣੀ ਤੇ ਤਾਕਤਹੀਣਤਾਂ ਦੀ ਹਾਲਤਾਂ ਨੂੰ ਮੰਨਣ ਤੋਂ ਇਨਕਾਰੀ ਹੋਣ ਅਤੇ ਮੁੜ ਸੰਘਰਸ਼ ਕਰਨ ਦਾ ਐਲਾਨੀਆ ਦਸਤਾਵੇਜ਼ ਹੈ। ਅਜਿਹੀਆਂ ਰਾਜਸੀ ਹਾਲਤਾਂ ਵਿਚੋਂ ਹੀ ਆਮ ਕਰਕੇ ਕੌਮਵਾਦੀ ਲਹਿਰਾਂ ਪੈਦਾ ਹੁੰਦੀਆਂ ਹਨ ਪਰ ਸਿੱਖਾਂ ਅੰਦਰ ਮੌਜੂਦ ਅਕਾਲੀ ਦਲ ਵੱਲੋਂ ਵੱਧ ਅਧਿਕਾਰਾਂ ਅਤੇ ਪੰਜਾਬੀ ਸੂਬੇ ਲਈ ਸੰਘਰਸ਼ ਵਰਤਾਰਿਆ ਨੇ ਕੌਮਵਾਦੀ ਰਾਜਸੀ ਲਹਿਰ ਨੂੰ ਉਭਰਨ ਦਾ ਮੌਕਾ ਹੀ ਪੈਦਾ ਨਹੀਂ ਹੋਣ ਦਿੱਤਾ। ਭਾਵ ਕਿ ਅਕਾਲੀ ਦਲ ਦਾ ਵਰਤਾਰਾ ਬ੍ਰਿਟਿਸ ਕਾਲ ਤੋਂ ਹੀ ਸਿੱਖਾਂ ਦੀ ਕੌਮੀ ਰਾਜਸੀ ਲਹਿਰ ਨਹੀ ਸੀ ਭਾਵੇਂ ਕਿ ਇਸ ਨੇ ਸਿੱਖ ਹਿੱਤਾਂ ਲਈ ਵੱਡੇ ਸੰਘਰਸ਼ ਵਰਗੇ ਸਨ। ਪਰ ਇਸਦਾ ਖਾਸਾ ਕੌਮਵਾਦੀ ਲਹਿਰਾ ਵਰਗਾ ਨਹੀਂ ਸੀ। ਕੌਮਵਾਦੀ ਲਹਿਰਾਂ ਦੇ ਪੈਦਾ ਹੋਣ ਅਤੇ ਵਿਗਸਣ ਦਾ ਇੱਕ ਖਾਸ ਗਤੀਅਮਲ ਹੁੰਦਾ ਹੈ। ਆਮ ਤੌਰ ’ਤੇ ਬਹੁਗਿਣਤੀ ਦਾਬੇ ਦੀਆਂ ਸ਼ਿਕਾਰ ਕੌਮਾਂ ਦੇ ਉਚ ਵਿਦਿਆ ਪ੍ਰਾਪਤ ਇਲੀਟ ਹਿੱਸੇ ਇਹਨਾਂ ਲਹਿਰਾਂ ਨੂੰ ਪੈਦਾ ਕਰਦੇ ਹਨ। ਸ਼ੁਰੂਆਤੀ ਦੌਰ ਵਿੱਚ ਪੜਿਆ ਲਿਖਿਆ ਇਲੀਟ ਸਾਹਿਤਕ ਸਰੋਤਾਂ ਦੀ ਵਰਤੋ ਕਰਕੇ ਕੌਮਵਾਦੀ ਚੇਤਨਾ ਪੈਦਾ ਕਰਦਾ ਹੈ। ਕੌਮਵਾਦੀ ਚੇਤਨਾ ਪੈਦਾ ਹੋਣ ਦੇ ਸ਼ੁਰੂਆਤੀ ਸਮੇਂ ਵਿੱਚ ਕੌਮਾਂ ਦੇ ਛੋਟੇ ਹਿਸੇ ਹੀ ਕੌਮੀ ਤੌਰ ਤੇ ਗਤੀਸ਼ੀਲ ਹੁੰਦੇ ਹਨ। ਅਜਿਹੀਆਂ ਹਲਾਤਾਂ ਕਈ ਵਾਰ ਰਾਜਸੀ ਮਾਯੂਸੀ ਦਾ ਕਾਰਨ ਵੀ ਬਣਦੀਆਂ ਹਨ। ਵੈਸੇ ਵੀ ਕੌਮਵਾਦੀ ਵਰਤਾਰੇ ਦਾ ਇਕ ਸਮਾਜਿਕ ਨਿਯਮ ਹੈ ਕਿ ਕੌਮੀ ਚੇਤਨਾ ਦਾ ਪੱਧਰ ਸਾਰੀ ਕੌਮ ਤੇ ਇਕਸਾਰ ਨਹੀਂ ਹੁੰਦਾ। ਕਈ ਵਾਰ ਕੌਮਾਂ ਦਾ ਇਕ ਖਾਸ ਹਿੱਸਾ ਹੀ ਚੇਤੰਨ ਹੁੰਦਾ ਹੈ, ਜੋ ਵਰਿਆ ਤਕ ਸੰਘਰਸ਼ ਕਰਦਾ ਹੈ ਪਰ ਕੌਮੀ ਚੇਤਨਾ ਦਾ ਤੱਤ ਹੀ ਕੌਮਵਾਦੀ ਲਹਿਰਾਂ ਦੇ ਵਿਗਾਸ ਦਾ ਮੁੱਖ ਅਧਾਰ ਹੁੰਦਾ ਹੈ। ਜਿਹੜੀਆਂ ਕੌਮਾਂ ਦੀ ਚੇਤਨਾ ਖਤਮ ਹੋ ਜਾਂਦੀ ਹੈ। ਇਹ ਸਧਾਰਨ ਕੌਮੀ ਨਿਯਮਾਂ ਅਨੁਸਾਰ ਦਾਬੇ ਵਾਲੀਆਂ ਕੌਮਾਂ ਵਿੱਚ ਜਜਬ ਹੋ ਜਾਂਦੀ ਹੈ। ਇਹੀ ਨਿਯਮ ਕੌਮੀ ਅਗਵਾਈ ’ਤੇ ਲਾਗੂ ਹੁੰਦਾ ਹੈ।

ਕੌਮਵਾਦੀ ਲਹਿਰਾਂ ਦੀ ਰਾਜਸੀ ਅਗਵਾਈ ਕਰਨ ਵਾਲੇ ਇਲੀਟ ਹਿੱਸੇ ਕਈ ਵਾਰ ਖਾੜਕੂ ਕਾਰਵਾਈਆਂ ਕਰਨ ਵਾਲੇ ਹਿੱਸੇ ਤੋਂ ਰਾਜਸੀ ਤੋਰ ਤੇ ਵੱਖਰੇ ਹੋਣ ਦੇ ਬਾਵਜੂਦ ਸਿਧਾਂਤਿਕ ਤੋਰ ਤੇ ਇਸ ਤੋਂ ਵੱਖਰੇ ਨਹੀਂ ਹੁੰਦੇ। ਕਈ ਵਾਰ ਰਾਜਸੀ ਅਗਵਾਈ ਖਾੜਕੂ ਕਾਰਵਾਈਆਂ ਬਾਰੇ ਫ਼ੈਸਲੇ ਲੈਂਦੀ ਹੈ ਪਰ ਸਿੱਖ ਖਾੜਕੂ ਲਹਿਰ ਤੇ ਕੌਮਵਾਦੀ ਲਹਿਰਾਂ ਦੇ ਕਈ ਨਿਯਮ ਲਾਗੂ ਨਹੀਂ ਹੁੰਦੇ। ਜਿਵੇਂ ਕਿ ਸਿੱਖ ਖਾੜਕੂ ਲਹਿਰ ਕੌਮਵਾਦੀ ਪੜੇ ਲਿਖੇ ਉਚ ਵਿਦਿਆ ਪ੍ਰਾਪਤ ਇਲੀਟ ਹਿਸੇ ਵਜੋਂ ਉਪਜਾਇਆ ਵਰਤਾਰਾ ਨਹੀਂ ਸੀ। ਇਸਦੇ ਉਲਟ ਸਿੱਖ ਇਤਿਹਾਸ ਦੀਆਂ ਵੱਡੀਆਂ ਘਟਨਾਂਵਾਂ ਭਾਵ ਜੂਨ ਚੁਰਾਸੀ ਦੇ ਦਰਬਾਰ ਸਾਹਿਬ ਦੇ ਹਮਲੇ ਅਤੇ ਨਵਬੰਰ ਵਿੱਚ ਹੋਏ ਸਿੱਖ ਕਤਲੇਆਮ ਨੇ ਇਸ ਇਲੀਟ ਹਿੱਸੇ ਨੂੰ ਕੌਮਵਾਦੀ ਲਹਿਰ ਉਭਾਰਨ ਲਈ ਤਿਆਰ ਨਹੀਂ ਕੀਤਾ। ਆਮ ਤੌਰ ’ਤੇ ਇਹ ਹਿੱਸਾ ਭਾਰਤੀ ਰਾਜਸੀ ਢਾਂਚਿਆਂ ਦਾ ਹਿੱਸਾ ਬਣਿਆ ਰਿਹਾ। ਖਾੜਕੂ ਲਹਿਰ ਵਿੱਚ ਆਏ ਬਹੁਤੇ ਸਿੱਖ ਮੱਧ ਵਰਗੀ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿਚੋਂ ਆਏ। ਜ਼ਿਆਦਾ ਤਰ ਇਲੀਟ ਸਿੱਖ ਇਸ ਲਹਿਰ ਦਾ ਹਿੱਸਾ ਨਹੀਂ ਬਣੇ।

ਖਾੜਕੂ ਲਹਿਰ ਦੇ ਆਗੂਆਂ ਦਾ ਵੱਡਾ ਹਿੱਸਾ ਫ਼ੌਜੀ ਕਾਰਵਾਈ ਕਰਨ ਦਾ ਮੁਦਈ ਰਿਹਾ ਜਾਂ ਕਿਹਾ ਜਾ ਸਕਦਾ ਹੈ ਕਿ ਲਹਿਰ ਦੀ ਅੰਦਰੂਨੀ ਗਤੀਸ਼ੀਲਤਾ ਨੇ ਰਾਜਸੀ ਲਹਿਰ ਦੀ ਸਿਰਜਣਾ ਦਾ ਮੌਕਾ ਹੀ ਨਹੀਂ ਦਿੱਤਾ। ਭਾਈ ਸੱਤਪਾਲ ਸਿੰਘ ਢਿੱਲੋਂ ਸਿਰਫ਼ ਖਾੜਕੂ ਕਾਰਵਾਈਆਂ ’ਤੇ ਆਧਾਰਿਤ ਲਹਿਰ ਦੀ ਅੰਦਰੂਨੀ ਗਤੀ ਜਾਂ ਖਾਸੇ ਨੂੰ ਬਦਲਣਾ ਚਾਹੁੰਦਾ ਸੀ। ਭਾਈ ਢਿੱਲੋਂ ਕੌਮਵਾਦੀ ਲਹਿਰ ਦੀ ਮੁੱਢਲੇ ਨਿਯਮ ਨੂੰ ਖਾੜਕੂੁ ਲਹਿਰ ’ਤੇ ਲਾਗੂ ਕਰਨਾ ਚਾਹੁੰਦਾ ਸੀ, ਜਿਸ ਅਨੁਸਾਰ ਕੌਮਵਾਦੀ ਲਹਿਰ ਦੇ ਰਾਜਸੀ ਆਗੂ ਖਾੜਕੂ ਲਹਿਰਾਂ ਤੋਂ ਸਿੱਧਾਂਤਕ ਤੌਰ ਤੇ ਵੱਖਰੇ ਵੀ ਚਲਦੇ ਹਨ ਪਰ ਨਾਲ ਹੀ ਇਸ ਦੀਆਂ ਕਾਰਵਾਈਆਂ ਦੇ ਅਮਲ ਨੂੰ ਵੀ ਨਿਯਮਬੱਧ ਕਰਦੇ ਹਨ। ਭਾਈ ਢਿੱਲੋਂ ਦੀ ਸ਼ਹੀਦੀ ਦਾ ਕੌਮਵਾਦੀ ਰਾਜਨੀਤੀ ਤੇ ਪਿਆ ਨਾਂਹਵਾਦੀ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਇਸ ਵਰਤਾਰੇ ਬਾਰੇ ਬੇਹਤਰ ਸਮਝ ਉਸਾਰ ਕੇ ਕੌਮਵਾਦੀ ਰਾਜਸੀ ਲਹਿਰ ਉਸਾਰਨ ਲਈ ਵਿਚਾਰ ਵਟਾਂਦਰਾ ਸ਼ੁਰੂ ਕਰਨਾ ਚਾਹੀਦਾ ਹੈ।