ਪੰਥ ਦੇ ਮਸ਼ਹੂਰ ਕੀਰਤਨੀਏ ਭਾਈ ਨਿਰਮਲ ਸਿੰਘ ਪਿਛਲੇ ਦਿਨੀ ਸਰੀਰਕ ਵਿਛੋੜਾ ਦੇ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਸੰਸਾਰ ਵਿੱਚ ਪਸਰੀ ਬਿਮਾਰੀ ‘ਕਰੋਨਾ ਵਾਇਰਸ’ ਦੀ ਭੇਂਟ ਚੜ ਗਏ। ਇੱਕ ਦਲਿਤ ਤੇ ਗਰੀਬ ਸਿੱਖ ਪਰਿਵਾਰ ਵਿਚੋਂ ਉੱਠ ਕੇ ਉਨਾਂ ਨੇ ਗੁਰਬਾਣੀ ਦੀ ਮੁਹਾਰਤ ਹਾਸਿਲ ਕੀਤੀ। ਆਪਣੀ ਰਸੀਲੀ ਅਵਾਜ਼ ਨਾਲ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ ਉਨਾਂ ਨੇ ਗੁਰਬਾਣੀ ਦਾ ਗਾਇਨ ਕੀਤਾ। ਉਨਾਂ ਦੀ ਗੁਰਬਾਣੀ ਵਿੱਚ ਵਿਸ਼ੇਸ ਮੁਹਾਰਤ ਸੀ ਅਤੇ ਉਹ ਤਾ ਰਾਗਾਂ ਵਿੱਚ ਗੁਰਬਾਣੀ ਦਾ ਗਾਇਨ ਕਰਦੇ ਸਨ ਤੇ ਉਨਾਂ ਨੂੰ 2009 ਵਿੱਚ ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਭਾਈ ਨਿਰਮਲ ਸਿੰਘ ਨੇ ਲੰਮਾ ਸਮਾਂ ਹਜ਼ੂਰੀ ਰਾਗੀ ਵਜੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ। ਉਹ ਉਨਾਂ ਇਨਸਾਨਾਂ ਵਿਚੋਂ ਸਨ ਜਿਨਾਂ 1984 ਦਾ ਦਰਬਾਰ ਸਾਹਿਬ ਦਾ ਸਾਕਾ ਅੱਖੀ ਦੇਖਿਆ ਤੇ ਹੰਡਾਇਆ ਸੀ। ਇਸੇ ਤਰਾਂ ਜਦੋਂ 1988 ਵਿੱਚ ਦਰਬਾਰ ਸਾਹਿਬ ਤੇ ‘ਬਲੈਕ ਥੰਡਰ’ ਹੋਇਆ ਤਾਂ ਉਸ ਸਮੇ ਵੀ ਭਾਈ ਸਾਹਿਬ ਦਰਬਾਰ ਸਾਹਿਬ ਵਿਖੇ ਕੀਰਤਨ ਕਰ ਰਹੇ ਸਨ ਤੇ ਉਨਾਂ ਨੇ ਨੌ ਘੰਟੇ ਲਗਾਤਾਰ ਗੁਰਬਾਣੀ ਦਾ ਕੀਰਤਨ ਕੀਤਾ ਕਿਉਂ ਕਿ ਅਗਲੀ ਡਿਊਟੀ ਲਾਉਣ ਵਾਲੇ ਹਜੂਰੀ ਰਾਗੀ ਉਥੇ ਪਹੁੰਚਨ ਤੋਂ ਅਸਮਰਥ ਸਨ। ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਹ ਭਾਵੇਂ ਪੰਜ ਜਮਾਤਾਂ ਹੀ ਪੜ ਸਕੇ ਸਨ ਪਰ ਇਨਾਂ ਨੇ ਗੁਰਬਾਣੀ ਦੀਆਂ ਦੋ ਕਿਤਾਬਾਂ ‘ਗੁਰਮਤਿ ਸੰਗੀਤ ਦੇ ਅਨਮੋਲ ਹੀਰੇ’ ਅਤੇ ‘ਪ੍ਰਸਿੱਧ ਕੀਰਤਨਕਾਰ ਬੀਬੀਆਂ’ ਲਿਖੀਆਂ।
ਇਸੇ ਤਰਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇੰਨਾਂ ਦੇ ਅਦੀਨ 26 ਵਿਦਿਆਰਥੀਆਂ ਨੇ ਪੀ.ਐਛ.ਡੀ. ਦੀ ਡਿਗਰੀ ਮੁਕੰਮਲ ਕੀਤੀ। ਇਹ ਉਸਤਾਦ ਗੁਲਾਮ ਅਲੀ ਜੋ ਪ੍ਰਸਿੱਧ ਗਜ਼ਲ ਸਮਰਾਟ ਹੈ ਨੂੰ ਆਪਣਾ ਉਸਤਾਦ ਮੰਨਦੇ ਸਨ। ਇੰਨਾਂ ਵੱਲੋਂ ਗੁਰਬਾਣੀ ਦੇ ਉਚਾਰਣ ਵਾਲੀਆਂ ਸੀ.ਡੀ. ਅਤੇ ਕੈਸਿਟਾਂ ਲੱਖਾਂ ਦੀ ਤਾਦਾਦ ਵਿੱਚ ਵਿਕ ਚੁੱਕੀਆਂ ਹਨ। ਇਨਾਂ ਨੇ ਆਪਣੀ ਜਵਿਨ ਕਥਾ ਅਜੇ ਪੰਜਾਬੀ ਯੂਨੀਵਰਸਿਟੀ ਵਿੱਚ ਛਪਾਈ ਅਧੀਨ ਹੈ ਜਿਸ ਵਿੱਚ ਉਨਾਂ ਨੇ ਆਪਣੇ ਅੰਤਰ ਜੀਵਨ ਤੇ ਝਾਤ ਪਾਈ ਤੇ 1984 ਦੇ ਸਾਕੇ ਅਤੇ 1988 ਵਾਲੇ ਵਾਕਿਆ ਬਾਰੇ ਆਪਣੇ ਅਨੁਭਵ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।
ਭਾਈ ਸਾਹਿਬ ਆਪ ਦਲਿਤ ਸਿੱਖ ਪਰਿਵਾਰ ਦੇ ਪਿਛੋਕੜ ਵਿਚੋਂ ਨਿਕਲ ਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਉਣ ਵਾਲੇ ਬਣੇ ਅਤੇ ਇੰਨੀ ਮੁਹਾਰਤ ਹਾਸਿਲ ਕੀਤੀ ਕਿ ਇਹ ਆਪਣੀਆਂ ਸੇਵਾਵਾਂ ਪੰਜ ਤਖਤ ਸਾਹਿਬਾਨ ਤੇ ਨਿਭਾਉਂਦੇ ਰਹੇ ਹਨ। ਇੰਨੇ ਨਾਮਵਰ ਤੇ ਗੁਰਬਾਣੀ ਦੇ ਰਸੀਏ ਇਨਸਾਨ ਦੀ ਇਸ ਬਿਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਜੋ ਦੁਰਦਸਾ ਕੀਤੀ ਗਈ, ਉਹ ਆਪਣੇ ਆਪ ਵਿੱਚ ਦਾਸਤਾਨ ਬਣ ਗਈ ਹੈ। ਪਹਿਲਾਂ ਤਾਂ ਹਸਪਤਾਲ ਅੰਦਰ ਡਾਕਟਰਾਂ ਤੇ ਹੋਰ ਸਟਾਫ ਨੇ ਉਹਨਾਂ ਪ੍ਰਤੀ ਪੂਰੀ ਤਰਾਂ ਅਣਗਹਿਲੀ ਵਰਤੀ ਤੇ ੳਨਾਂ ਦੀ ਆਖਰੀ ਫੋਨ ਕਾਲ, ‘ਕਿ ਮੇਰੀ ਇੱਥੇ ਕੋਈ ਨਹੀਂ ਸੁਣ ਰਿਹਾ’ ਅਨੁਸਾਰ ਇਸੇ ਲਾਪਰਵਾਹੀ ਕਾਰਨ ਕੁਝ ਘੰਟੇ ਬਾਅਦ ਉਨਾਂ ਦੀ ਮੌਤ ਹੋ ਗਈ। ਜਿਸ ਬਾਰੇ ਹੁਣ ਭਾਰਤ ਦੇ ਪਛੜੀਆਂ ਸ੍ਰੇਣੀਆਂ ਦੇ ਕਮਿਸਨਰ ਨੇ ਭਾਰਤ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਇਸ ਬਾਰੇ ਜਾਂਚ ਕੀਤੀ ਜਾਵੇ ਤੇ ਦੱਸਿਆ ਜਾਵੇ ਕੇ ਕੌਣ ਇਸ ਦਾ ਜਿੰਮੇਵਾਰ ਹੈ। ਇਸ ਗੱਲ ਬਾਰੇ ਤਾਂ ਸਿੱਖ ਕੌਮ ਵਿੱਚ ਰੋਸ ਹੈ ਹੀ ਪਰ ਇਸ ਤੋਂ ਵੀ ਮਾੜੀ ਤੇ ਅਫਸੋਸ ਜਨਕ ਘਟਨਾ ਇਹ ਹੈ ਕਿ ਉਨਾਂ ਦਾ ਅੰਤਿਮ ਸਸਕਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਨਸੀਬ ਨਹੀਂ ਹੋਇਆ ਤੇ ਉਨਾਂ ਦੀ ਮ੍ਰਿਤਕ ਦੇਹ ਨੂੰ ਜਦੋਂ ਨਾਲ ਲਗਦੇ ਕਸਬੇ ਵੇਰਕਾ ਵਿੱਚ ਲਿਜਾਇਆ ਜਾਣਾ ਚਾਹਿਆ ਤਾਂ ਉਥੋਂ ਦੇ ਪਿੰਡ ਵਾਸੀਆਂ ਨੇ ਵੀ ਆਪਣੇ ਸ਼ਮਸ਼ਾਨ ਘਾਟ ਦੀ ਜਗਾ ਦੇਣ ਤੋ ਮਨਾ ਕਰ ਦਿਤਾ ਤੇ ਆਖਿਰਕਾਰ ਵੇਰਕਾ ਪਿੰਡ ਦੇ ਬਾਹਰਵਾਰ ਛੱਪੜ ਕੋਲ ਇਕਾਂਤ ਵਿੱਚ ਚੁਪਚਾਪ ਉਨਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਅਣਮਨੁੱਖੀ ਵਰਤਾਰੇ ਨੇ ਇਸ ਮਹਾਨ ਸਖਸੀਅਤ ਦਾ ਤਾਂ ਨਿਰਾਦਰ ਕੀਤਾ ਹੀ ਹੈ ਪਰ ਸਿੱਖ ਕੌਮ ਵੀ ਇਸ ਨਾਲ ਸ਼ਰਮਿੰਦਾ ਹੋਈ ਹੈ।