ਦੁਨੀਆਂ ਦੇ ਮਸ਼ਹੂਰ ਲਿਖਾਰੀ ਤੇ ਚਿੰਤਕ ਮਾਰਕ ਟਵੇਨ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਤੋਂ ਸਿੱਖ ਕੇ ਇੱਕ ਟਿੱਪਣੀ ਕੀਤੀ ਸੀ ਕਿ ਮਨੁੱਖ ਦੀ ਪਛਾਣ ਜਾਂ ਕਿਸੇ ਸੰਘਰਸ਼ ਜਾਂ ਲਹਿਰ ਦੀ ਪਛਾਣ ਇਹ ਨਹੀਂ ਕਿ ਅੱਜ ਤੋਂ ਦਹਾਕਿਆਂ ਪਹਿਲੇ ਕੀ ਕੀਤਾ ਗਿਆ ਸੀ, ਪਰ ਪਛਾਣ ਇਸ ਤੋਂ ਹੁੰਦੀ ਹੈ ਕਿ ਇੰਨੇ ਸਾਲ ਪਹਿਲਾਂ ਕੀ ਸਾਡੇ ਤੋਂ ਰਹਿ ਗਿਆ ਜਦੋਂ ਹਾਲਾਤਾਂ ਅਤੇ ਸੰਘਰਸ਼ ਦੇ ਅਨੁਸਾਰ ਅਸੀਂ ਜੋ ਨਹੀਂ ਕਰ ਸਕੇ। ਹੁਣੇ ਹੁਣੇ ਮੌਜੂਦਾ ਸਮੇਂ ਵਿੱਚ ਇਕੱਤੀ ਸਾਲ ਪਹਿਲਾਂ ਸਾਕਾ ੧੯੮੪ ਤੋਂ ਬਾਅਦ ਲੜੇ ਗਏ ਖੂਨੀ ਅਤੇ ਲਹੂ-ਭਿੱਜੇ ਸਿੱਖ ਸੰਘਰਸ਼ ਦੀ ਲੰਮਾ ਸਮਾਂ ਅਗਵਾਈ ਕਰਨ ਅਤੇ ਇਸ ਸੰਘਰਸ਼ ਨੂੰ ਪੂਰਾ ਸਮਾਂ ਹੰਢਾਉਣ ਵਾਲੇ ਮਸ਼ਹੂਰ ਸਿੰਘ ਭਾਈ ਦਲਜੀਤ ਸਿੰਘ ਵੱਲੋਂ ਹੁਣੇ ਹੁਣੇ ਇੱਕ ਸਿੱਖ ਸਿਧਾਂਤਾਂ ਅਤੇ ਸਿੱਖ ਸੰਘਰਸ਼ ਦੇ ਨਜ਼ਰੀਏ ਪ੍ਰਤੀ ਆਉਣ ਵਾਲੇ ਸਮੇਂ ਲਈ ਰੂਪ-ਰੇਖਾ ਨਾਲ ਉਲੀਕਿਆ ਦਸਤਾਵੇਜ ਸਿੱਖ ਸੰਗਤ ਅੱਗੇ ਰੱਖਿਆ ਗਿਆ ਹੈ – ਇਥੇ ਪੜੋ। ਜਿਸਨੂੰ ਕਿ ਮੈਂ ਆਪ ਵੀ ਚੰਗੀ ਤਰਾਂ ਪੜਿਆ ਤੇ ਵਿਚਾਰਿਆ ਹੈ। ਇਸ ਦਸਤਾਵੇਜ ਵਿੱਚ ਦਲਜੀਤ ਸਿੰਘ ਜੋ ਕਿ ਮੇਰਾ ਸੰਘਰਸ਼ ਤੇ ਬਚਪਨ ਦਾ ਸਾਥੀ ਵੀ ਹੈ, ਨੇ ਮੂਲ ਰੂਪ ਵਿੱਚ ਸਿਧਾਂਤਵਾਦੀ ਵਿਚਾਰਾਂ ਵਧੇਰੇ ਵਿਚਾਰੀਆਂ ਹਨ ਅਤੇ ਗੁਰੂ ਸਾਹਿਬਾਨਾਂ ਦੀ ਦਿਸ਼ਾ-ਨਿਰਦੇਸ਼ਾ ਅਧੀਨ ਸਿੱਖ ਸੰਘਰਸ਼ ਨੂੰ ਵਿਚਾਰਨ ਦੀ ਕੋਸ਼ਿਸ ਕੀਤੀ ਹੈ। ਮੇਰੇ ਮੁਤਾਬਕ ਇਕੱਤੀ ਸਾਲ ਪਹਿਲਾਂ ਇੱਕ ਸੌ ਤੀਹ ਸਾਲ ਦੇ ਵਕਫੇ ਬਾਅਦ ਸਿੱਖ ਕੌਮ, ਖਾਸ ਕਰਕੇ ਸਿੱਖ ਨੌਜਵਾਨੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਲਿਆਂ ਦੀ ਪ੍ਰੇਰਨਾ ਅਧੀਨ ਜੋ ਹਥਿਆਰਬੰਦ ਸੰਘਰਸ਼, ੧੩੦ ਸਾਲ ਪਹਿਲਾਂ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਅਰੰਭਿਆ ਗਿਆ ਸੀ, ਉਸਨੂੰ ਇਹ ਦੋ ਪੰਕਤੀਆ (ਜੋ ਦਲਜੀਤ ਦੇ ਦਸਤਾਵੇਜ ਵਿੱਚੋਂ ਨਹੀਂ ਹਨ) ਇਸ ਮੌਜੂਦਾ ਹਥਿਆਰਬੰਦ ਸੰਘਰਸ਼ ਨੂੰ ਮੇਰੇ ਖਿਆਲ ਅਨੁਸਾਰ ਦਰਸਾਉਣ ਵਿੱਚ ਕਾਫੀ ਸਹਾਈ ਹੋਣਗੀਆਂ, ਮੌਜੂਦਾ ਹਥਿਆਰਬੰਦ ਸੰਘਰਸ਼ ਅਜਿਹਾ ਮਾਰਗ ਸੀ ਜਿਸਨੂੰ ਮੰਜ਼ਲ ਵੀ ਤੱਕਦੀ ਰਹੀ ਅਤੇ ਰਾਹ ਵੀ ਲੱਭਦੇ ਲੱਭਦੇ ਹੰਭ ਗਏ। ਕਹਿਣ ਤੋਂ ਭਾਵ ਕਿ ਇਸ ਮੌਜੂਦਾ ਸੰਘਰਸ਼ ਵਿੱਚ ਜਿਸ ਬਾਰੇ ਦਲਜੀਤ ਸਿੰਘ ਨੇ ਵਿਚਾਰਨਾ ਠੀਕ ਨਹੀਂ ਸਮਝਿਆ ਕਿ ਇਹ ਸੰਘਰਸ਼ ਦਲਜੀਤ ਸਿੰਘ ਹੋਰਾਂ ਦੀ ਅਗਵਾਈ ਵਿੱਚ ਚਰਮ-ਸੀਮਾਂ ਤੇ ਪਹੁੰਚ ਕੇ ਰਾਹ ਲੱਭਣ ਤੋਂ ਅਸਮਰਥ ਕਿਉਂ ਹੋ ਗਿਆ, ਤੇ ਆਪਣੀ ਮੰਜ਼ਿਲ ਤੋਂ ਦੂਰ ਹੁੰਦਾ ਹੁੰਦਾ ਸਿੱਖਾਂ ਦਾ ਕਾਫਲਾ ਭਟਕਦਾ ਹੋਇਆ ਆਪਣੇ ਹੀ ਲੋਕਾਂ ਅਤੇ ਸਰਕਾਰੀ ਫੌਜਾਂ ਦਾ ਸਾਹਮਣਾ ਕਰਦਾ ਹੋਇਆ ਆਪਣੀ ਮੰਜਿਲ ਹੀ ਭੁੱਲ ਗਿਆ ਅਤੇ ਅੰਤ ਵਿੱਚ ਅੱਜ ਇਸ ਪੜਾਅ ਤੇ ਹੈ ਕਿ ਸਿਵਾਏ ਝੂਠੇ ਨਾਅਰੇ ਤੇ ਫੋਕੀਆਂ ਸਖਸੀਅਤਾਂ ਦੇ ਦੁਆਲੇ ਘੁੰਮਣ ਘੇਰੇ ਖਾ ਫੋਕੀ ਚੜਦੀ ਕਲਾ ਦੇ ਦਾਅਵਿਆਂ ਵਿੱਚ ਹੀ ਸਹਿਕ ਰਿਹਾ ਹੈ। ਇਸ ਬਾਰੇ ਅਤੇ ਅੱਜ ਦੇ ਹਾਲਤ ਬਾਰੇ ਦਲਜੀਤ ਸਿੰਘ ਦੇ ਦਸਤਾਵੇਜ ਨੇ ਮੂਲ-ਸਿਧਾਂਤਕ ਸਿੱਖ ਫਿਲਾਸਫੀ ਜਿਸਨੂੰ ਅੱਜ ਦਾ ਨੌਜਵਾਨ ਜਾਂ ਆਮ ਸਿੱਖ ਸਮਝਣ ਤੋਂ ਅਸਮਰਥ ਹੈ। ਉਸ ਦਾ ਸਹਾਰਾ ਲੈ ਸਿੱਖ ਸੰਘਰਸ਼ ਨੂੰ ਨਵੇਂ ਸਿਰੇ ਤੋਂ ਉਲੀਕਣ ਲਈ ਦੱਸਣ ਦੀ ਕੋਸ਼ਿਸ ਕਰ ਰਿਹਾ ਹੈ। ਜਿਵੇਂ ਕਦੇ ਅਮਰੀਕਾ ਦੇ ਮਸ਼ਹੂਰ ਰਾਸ਼ਟਰਪਤੀ Truman ਨੇ ਦੂਜੀ ਵੱਡੀ ਜੰਗ ਦੇ ਖਾਤਮੇ ਦੌਰਾਨ ਦੁਨੀਆਂ ਨੂੰ ਇਹ ਕਿਹਾ ਸੀ ਕਿ ਹੁਣ ਤੋਂ ਲੋਕਾਂ ਨੂੰ ਆਪਸੀ ਲੜਾਈ ਭੁੱਲ ਜਾਣੀ ਚਾਹੀਦੀ ਹੈ ਅਤੇ ਜਿਆਦਾ ਤਵੱਜੋਂ ਲੋਕਾਂ ਦੀ ਰਹਿਨੁਮਾਈ ਵਾਲੀਆਂ ਸੰਸ਼ਥਾਵਾਂ ਅਤੇ ਪਾਰਲੀਮੈਂਟਾਂ ਉਸਾਰਨੀਆਂ ਚਾਹੀਦੀਆਂ ਹਨ। ਇਸੇ ਤਰਾਂ ਦਲਜੀਤ ਸਿੰਘ ਨੇ ਆਪਣੇ ਦਸਤਾਵੇਜ ਵਿੱਚ ਮਹਾਨ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਫਲਸਫੇ ਨੂੰ ਮੁੱਖ ਸਿਧਾਂਤ ਬਣਾ ਕੇ ਇੱਕ ਰਾਜਨੀਤਿਕ ਲਹਿਰ ਨੂੰ ਧਾਰਮਿਕ ਰੰਗਤ ਦੇਣ ਦਾ ਸਹਾਰਾ ਲਿਆ ਹੈ। ਇਸ ਦਸਤਾਵੇਜ ਵਿੱਚ ਇਹ ਕੁਝ ਵੀ ਸੋਚਣਾ ਜਾਂ ਵਿਚਾਰਨਾ ਠੀਕ ਨਹੀਂ ਸਮਝਿਆ ਗਿਆ ਕਿ ਜਿਸ ਸਿੱਖ ਸੰਘਰਸ਼ ਦੀ ਦਲਜੀਤ ਸਿੰਘ ਨੇ ਆਪ ਲੰਮਾ ਚਿਰ ਅਗਵਾਈ ਕੀਤੀ ਤੇ ਆਪਣੇ ਪਿੰਡੇ ਤੇ ਹੰਢਾਇਆ ਸੰਘਰਸ਼ ਦਾ ਹਰ ਪਹਿਲੂ ਕਿ ਇਸ ਸਿੱਖ ਸੰਘਰਸ਼ ਵਿੱਚ ਮੰਜ਼ਲਾਂ ਅਤੇ ਰਾਹ ਸਮੇਂ ਨਾਲ ਰਲੇ ਕਿਉਂ ਨਹੀਂ ਅਤੇ ਅੱਜ ਇਸ ਸੰਘਰਸ਼ ਨਾਲ ਬਹੁਤੇ ਸਿੱਖਾਂ ਵਿੱਚ ਕੌੜਾ ਤੇ ਮੰਦਭਾਗਾਂ ਪਹਿਲੂ ਵੀ ਸੰਜੀਦਗੀ ਨਾਲ ਸਾਹਮਣੇ ਲਿਆਦਾ ਜਾਂਦਾ ਹੈ ਅਤੇ ਇਸ ਸੰਘਰਸ਼ ਨਾਲ ਜੁੜੇ ਅਜਿਹੇ ਪਹਿਲੂ ਅਤੇ ਪਲ ਜਿਸ ਰਾਹੀਂ ਇਸ ਹਥਿਆਰਬੰਦ ਸਿੱਖ ਰਾਜੀਨਤਿਕ ਸੰਘਰਸ਼ ਨੂੰ ਮਾਣਮੱਤੇ ਅਤੇ ਸਨਮਾਨਤ ਕਦਰਾਂ-ਕੀਮਤਾਂ ਤੱਕ ਨਾ ਅਪੜਨ ਦਾ ਪਹਿਲੂ ਕੀ ਸੀ ਅਤੇ ਇਸ ਦਾਸਤਾਵੇਜ ਵਿੱਚ ਇੱਕ ਹੋਰ ਪੱਖ ਜੋ ਅਜਾਗਰ ਕੀਤਾ ਗਿਆ ਹੈ ਉਹ ਇਹ ਕਿ ਸਿੱਖ ਸੰਘਰਸ਼ ਦੇ ਕਾਫਲੇ ਦੀ ਹੁਣ ਰਹਿੰਦ-ਖੂੰਹਦ ਅਤੇ ਸ਼ਖਸ਼ੀਅਤਾ ਦੁਆਲੇ ਬੁਣੀ ਜਾ ਰਹੀ ਪੰਥਕ ਜਮਾਤ ਜੋ ਕਿ ਫੋਕੇ ਨਾਅਰਿਆਂ ਤੇ ਅਧਾਰਤ ਹੈ ਉਹ ਪੰਥ, ਸਿੱਖ ਨੌਜਵਾਨੀ ਅਤੇ ਆਮ ਸਿੱਖ ਨੂੰ ਕੀ ਸੱਜਰੀ ਸਵੇਰ ਦਾ ਸੁਨੇਹਾ ਦੇਵੇਗੀ?
ਦਲਜੀਤ ਸਿੰਘ ਦਾ ਦਸਤਾਵੇਜ ਪੰਥ ਨੂੰ ਨਵੀਂ ਸੇਧ ਦੇਣੀ ਚਾਹੁੰਦਾ ਹੈ ਪਰ ਕੀ ਜੋ ਇਨਸਾਨ ਲੰਮੇ ਚਿਰ ਤੱਕ ਸੰਘਰਸ਼ ਦਾ ਮੋਢੀ ਤੇ ਮੁੱਖੀ ਹੋਵੇ ਤੇ ਸਿੱਖ ਸੰਘਰਸ਼ ਦੀ ਪੂਰੀ ਚੜਤ ਵੇਲੇ ਮੰਜ਼ਲ ਤੇ ਰਾਹ ਨੂੰ ਸਮੇਂ ਅਨੁਸਾਰ ਬਦਲ ਕੇ ਚੁਣ ਨਹੀਂ ਸਕਿਆ ਅੱਜ ਉਮਰ ਤੇ ਸੰਘਰਸ਼ ਦੇ ਤਜ਼ਰਬੇ ਤੋਂ ਬਾਅਦ ਇਸ ਦਸਤਾਵੇਜ ਰਾਹੀਂ ਜਿਸਨੂੰ ਉਸਨੇ ਆਪਣੇ ਨੇੜਲੇ ਅਤੇ ਸੰਘਰਸ਼ ਦੇ ਸਾਥੀਆਂ ਨਾਲ ਲਿਖਣ ਤੋਂ ਪਹਿਲਾਂ ਵਿਚਾਰਨਾਂ ਠੀਕ ਨਹੀਂ ਸਮਝਿਆਂ, ਉਸ ਬਾਰੇ ਕੀ ਟਿੱਪਣੀ ਕੀਤੀ ਜਾ ਸਕਦੀ ਹੈ ਸਿਵਾਏ ਇਸਦੇ ਕਿ,
“ਕਾਰਵਾਂ ਕੇ ਲੁੱਟ ਜਾਣੇ ਕਾ ਗਮ ਨਹੀਂ,
ਫਰਕ ਤੋ ਹੈ ਕਿ ਆਪ ਰਹਿਬਰ ਕਿਸ ਬਾਤ ਕੇ ਹੈ।”
ਗਾਲਿਬ
ਇਸ ਦਸਤਾਵੇਜ ਵਿੱਚ ਸਭ ਤੋਂ ਅਹਿਮ ਗੱਲ ਜੋ ਦੱਸਣੀ ਮੁਨਾਸਬ ਨਹੀਂ ਸਮਝੀ ਗਈ ਉਸਨੂੰ ਇਹ ਪੰਕਤੀਆਂ ਬਿਆਨ ਕਰਦੀਆਂ ਹਨ ਤੇ ਕਹਿਣਾ ਚਾਹੁੰਦੀਆਂ ਹਨ ਸਿੱਖ ਸੰਘਰਸ਼ ਦੀ ਅਗਵਾਈ ਉਨਾਂ ਹੱਥਾਂ ਵਿੱਚ ਸੀ ਜਿਨਾਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ –
“ਜਿਸਕੋ ਖਬਰ ਥੀ ਮੰਜਿਲੇ ਜਾਨਾ,
ਉਸਸੇ ਪਤਾ ਪੂਛਾ
ਵੋਹ ਬੇਖਬਰ ਮਿਲਾ।”
ਦਲਜੀਤ ਸਿੰਘ ਜੀ ਦਾ ਨਜਰ ਤੇ ਨਜ਼ਰੀਆਂ ਦਸਤਾਵੇਜ਼ ਵਿਚੋਂ ਇਹ ਕਿਤੇ ਦਿਖਾਈ ਨਹੀਂ ਦਿੰਦਾ ਕਿ ਸਿੱਖ ਸੰਘਰਸ਼ ਦੇ ਆਗੂ ਹੋਣ ਨਾਤੇ ਦੂਸਰੀਆਂ ਕੌਮਾਂ ਜਿਵੇ Irish ਸੰਘਰਸ਼ ਸੀ ਦਾ ਕੋਈ ਪੱਖ ਦੇਖਿਆ ਗਿਆ ਹੋਵੇ ਜਿਸਨੂੰ ਮੁਖ ਮਕਸਦ ਤੱਕ ਉਪੜਨ ਲਈ ੧੯੨੨ ਵਿੱਚ ਹੀ ਉਹਨਾਂ ਦੇ ਮੁੱਖੀ Michael Collins ਨੇ ਰੂਪ ਰੇਖਾ ਦੇ ਦਿਤੀ ਸੀ ਪਰ ਉਸਨੂੰ ਨਾ ਮੰਨਦੇ ਹੋਏ ਆਪਣੇ ਹੀ ਬੰਦਿਆ ਨੇ ਮਾਰ ਦਿੱਤਾ ਸੀ। ਪਰ ਅੰਤ ੧੯੨੨ ਦੀ ਰੂਪ ਰੇਖਾ ਹੀ ੧੯੯੦ ਦੇ ਅੱਧ ਵਿੱਚ ਇਸ ਸੰਘਰਸ਼ ਦੀ ਪ੍ਰਾਪਤੀ ਦਾ ਮੁਢ ਬਣਿਆ ਸੀ। ਇਸ ਤਰਾਂ ਦੂਸਰੇ ਸੰਘਰਸ਼ਾ ਬਾਰੇ ਵੀ ਜਾਣਕਾਰੀ ਹੋਣੀ ਲਾਜ਼ਮੀ ਹੈ ਜੇ ਸਿੱਖ ਕੌਮ ਨੂੰ ਨਜ਼ਰ ਜਾਂ ਨਜ਼ਰੀਏ ਵਰਗੇ ਦਸਤਾਵੇਜ ਦਿਸ਼ਾ-ਨਿਰਦੇਸ਼ ਦੀ ਤਰਾਂ ਲਿਖਣੇ ਹਨ।