ਮੈਂ ਆਪਣੇ ਵੱਲੋਂ ਨੌਜਵਾਨੀ ਅਦਾਰੇ ਅਤੇ ਇਸ ਨਾਲ ਸਬੰਧਤ ਵਿਅਕਤੀਆਂ ਨੂੰ ਆਉਣ ਵਾਲੇ ਨਵੇਂ ਸਾਲ ੨੦੧੬ ਦੀਆਂ ਸ਼ੁਭ-ਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ। ਮੈਂ ਇਹ ਆਸ ਰੱਖਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਆਪਣੇ ਨੌਜਵਾਨੀ ਅਦਾਰੇ ਲਈ ਪ੍ਰਫੁਲਤਾ ਵਾਲਾ ਵਰ੍ਹਾ ਸਿੱਧ ਹੋਵੇਗਾ। ਇਸ ਬੀਤੇ ਸਾਲ ੨੦੧੫ ਵਿੱਚ ਸ਼ੁਰੂ ਤੋਂ ਹੀ ਸਿੱਖ ਕੌਮ ਲਈ ਕਈ ਉਤਰਾਅ ਚੜਾਅ ਆਉਂਦੇ ਰਹੇ ਸਨ ਅਤੇ ਇੱਕ ਤਰਾਂ ਨਾਲ ਇਹ ਬੀਤ ਜਾਣ ਵਾਲਾ ਸਾਲ ਇੱਕ ਇਤਿਹਾਸਕ ਪੰਨਾ ਲਿਖਣ ਵਾਲਾ ਸਾਲ ਸਿੱਧ ਹੋਇਆ ਹੈ।

ਇਹ ਇੱਕ ਅਜਿਹਾ ਸਾਲ ਸੀ ਜਿਸ ਵਿੱਚ ਸਿੱਖ ਕੌਮ ਦੇ ਗੁਰਪੁਰਬ ਵੀ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਕਾਰਨ ਵੰਡੇ ਗਏ ਅਤੇ ਇੱਕ ਦੀ ਬਜਾਇ ਦੋ ਦੋ ਵਾਰੀ ਅੱਡ-ਅੱਡ ਦਿਨਾਂ ਵਿੱਚ ਗੁਰਪੁਰਬ ਸਿੱਖ ਕੌਮ ਵੱਲੋਂ ਮਨਾਏ ਗਏ ਤੇ ਵੱਡੀ ਦੁਬਿਧਾ ਦਾ ਕਾਰਨ ਨਾਨਕਸ਼ਾਹੀ ਕੈਲੰਡਰ ਬਣਿਆ। ਇਸੇ ਤਰਾਂ ਸਿੱਖ ਕੈਦੀਆਂ ਦੀ ਸਮਾਂ ਬੀਤਣ ਤੋਂ ਬਾਅਦ ਵੀ ਰਿਹਾਈ ਨਾ ਹੋ ਸਕਣਾ ਵੀ ਇੱਕ ਅਹਿਮ ਵਿਸ਼ਾ ਰਿਹਾ ਹੈ। ਇਸ ਮਸਲੇ ਨਾਲ ਸਬੰਧਤ ਪਿਛਲੇ ਇੱਕ ਸਾਲ ਤੋਂ ਬਾਪੂ ਸੂਰਤ ਸਿੰਘ ਖਾਲਸਾ ਲੰਮੀ ਭੁੱਖ ਹੜਤਾਲ ਤੇ ਬੈਠਾ ਹੈ ਭਾਵੇਂ ਕਿ ਇਹ ਭੁੱਖ ਹੜਤਾਲ ਅਕਾਲੀ ਸਰਕਾਰ ਨਾਲ ਟਕਰਾਅ ਦਾ ਕਾਰਨ ਵੀ ਬਣੀ ਅਤੇ ਅੱਜ ਤੱਕ ਵਿਵਾਦ ਵਿੱਚ ਹੈ। ਇਸ ਭੁੱਖ ਹੜਤਾਲ ਦੌਰਾਨ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਦਿੱਲੀ ਤੇ ਕਰਨਾਟਕਾਂ ਦੀਆਂ ਜੇਲ੍ਹਾਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ ਅਤੇ ਇਨਾਂ ਦੀ ਤਬਦੀਲੀ ਦੀ ਪ੍ਰਕਿਰਿਆ ਪਿਛਲੇ ਲੰਮੇ ਸਮੇਂ ਤੋਂ ਕੀਤੀਆਂ ਗਈਆਂ ਸਿੱਖ ਪੰਥ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਸਿੱਟਾ ਸੀ। ਇਸੇ ਤਰਾਂ ਪਿਛਲੇ ਪੱਚੀ ਸਾਲ ਤੋਂ ਯੂ.ਪੀ. ਜੇਲ ਵਿੱਚ ਬੰਦ ਭਾਈ ਵਰਿਆਮ ਸਿੰਘ ਦੀ ਵੀ ਰਿਹਾਈ ਯੂ.ਪੀ. ਸਰਕਾਰ ਤੇ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕੀ ਹੈ। ਅੱਜ ਵੀ ਪੰਜਾਬ ਸਰਕਾਰ ਅਤੇ ਬਾਪੂ ਸੂਰਤ ਸਿੰਘ ਦੇ ਹਮਾਇਤੀਆਂ ਵਿਚਕਾਰ ਪ੍ਰੋ. ਭੁੱਲਰ ਤੇ ਹੋਰ ਸਿੱਖ ਕੈਦੀਆਂ ਦੀ ਬਣਦੀ ਛੁੱਟੀ ਮਨਜੂਰੀ ਲਈ ਗੱਲਬਾਤ ਚੱਲ ਰਹੀ ਹੈ ਜੋ ਕਿ ਸਾਲ ਦੇ ਅੰਤ ਤੱਕ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀ ਹੈ ਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਉਨਾਂ ਵੱਲੋਂ ਦੱਸੀ ਭੁੱਖ ਹੜਤਾਲ ਜਾਰੀ ਹੈ। ਇਹ ਭੁੱਖ ਹੜਤਾਲ ਆਪਣੇ ਆਪ ਵਿੱਚ ਇੱਕ ਵੱਖਰੀ ਹੀ ਭੁੱਖ ਹੜਤਾਲ ਸਿੱਧ ਹੋਈ ਹੈ ਕਿਉਂਕਿ ਇਹ ਬੜੇ ਹੀ ਅਚੰਭੇ ਵਾਲੀ ਗੱਲ ਹੈ ਕਿ ਇੱਕ ਬਜ਼ੁਰਗ ਬਿਨਾਂ ਕੁਝ ਖਾਧੇ ਪੀਤੇ ਸਾਲ ਤੋਂ ਉੱਪਰ ਸਮੇਂ ਤੋਂ ਬਾਅਦ ਵੀ ਪੂਰੀ ਤਰਾਂ ਸੁਚੇਤ ਅਤੇ ਆਪਣੇ ਆਪ ਨੂੰ ਸਾਂਭਣ ਦੇ ਕਾਬਲ ਹੈ।

ਇਸੇ ਤਰਾਂ ਦੂਜਾ ਮੁੱਖ ਵਿਸ਼ਾ ਜੋ ਇਸ ਸਾਲ ਦੌਰਾਨ ਸਿੱਖ ਕੌਮ ਦੇ ਸਾਹਮਣੇ ਆਇਆ ਹੈ ਉਹ ਅਚਨਚੇਤ ਸੱਚਾ ਸੋਦਾ ਸਾਧ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰਹਿਨੁਮਾਈ ਅਧੀਨ ਮਾਫ ਕਰ ਦੇਣਾ ਅਤੇ ਠੀਕ ਇੱਕ ਮਹੀਨੇ ਬਾਅਦ ਇਹ ਮਾਫੀ ਨਾਮਾ ਸਿੰਘ ਸਾਹਿਬਾਨਾਂ ਵੱਲੋਂ ਵਾਪਿਸ ਲੈ ਲਿਆ ਜਾਂਦਾ ਹੈ। ਇਹ ਮਾਫੀ ਦੇਣਾ ਤੇ ਬਾਅਦ ਵਿੱਚ ਮਾਫੀ ਨੂੰ ਰੱਦ ਕਰਨਾ ਇੱਕ ਅਜਿਹਾ ਵਿਸ਼ਾ ਸੀ ਜਿਸ ਕਰਕੇ ਸਿੰਘ ਸਾਹਿਬਾਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਲਈ ਦੁਖਦਾਈ ਤੇ ਨਿਰਾਸ਼ਤਾ ਦਾ ਕਾਰਨ ਬਣੇ। ਇਹਨਾਂ ਸਿੱਖ ਕੌਮ ਦੀਆਂ ਅਹਿਮ ਸਖਸ਼ੀਅਤਾਂ ਦਾ ਇੰਨਾਂ ਸਤਿਕਾਰ ਹੇਠਾਂ ਆ ਗਿਆ ਹੈ ਕਿ ਸਿੰਘ ਸਾਹਿਬਾਨ ਅੱਜ ਦੇ ਦਿਨ ਵਿੱਚ ਸਿੱਖ ਸੰਗਤ ਵਿੱਚ ਸਾਮੂਲੀਅਤ ਤੋ ਘਬਰਾਉਂਦੇ ਹਨ।

ਇਸੇ ਸਾਲ ਦੌਰਾਨ ਸਭ ਤੋਂ ਵੱਡੀ ਘਟਨਾ ਇਹ ਵਾਪਰੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਥਾਂ-ਥਾਂ ਰੁਲਣਾ ਪਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਵੱਖ-ਵੱਖ ਥਾਂ ਤੇ ਰੂੜੀਆਂ ਤੇ ਖਿਲਾਰਿਆ ਗਿਆ। ਪੰਜਾਬ ਸਰਕਾਰ ਇਸ ਘਟਨਾ ਦੌਰਾਨ ਪੂਰੀ ਤਰਾਂ ਨਾਕਾਮਯਾਬ ਰਹੀ ਤੇ ਅੱਜ ਤੱਕ ਵੀ ਇਸ ਘਟਨਾ ਨਾਲ ਸਬੰਧਤ ਕੋਈ ਵਿਸਥਾਰ ਪੂਰਵਕ ਜਵਾਬ ਸਿੱਖ ਸੰਗਤ ਨੂੰ ਦੇਣ ਤੋਂ ਅਸਮਰਥ ਰਹੀ ਹੈ। ਸਗੋਂ ਇਸ ਘਟਨਾ ਸਬੰਧੀ ਸਿੱਖ ਕੌਮ ਵਿੱਚ ਆਪ ਮੁਹਾਰੇ ਉਠੇ ਰੋਹ ਅਤੇ ਦੁੱਖ ਨੂੰ ਸਮਝਣ ਦੀ ਬਜਾਇ ਪੰਜਾਬ ਸਰਕਾਰ ਨੇ ਪੁਲੀਸ ਦੀਆਂ ਵਧੀਕੀਆਂ ਰਾਹੀਂ ਖਿਲਾਰਨ ਦਾ ਯਤਨ ਕੀਤਾ ਫਿਰ ਵੀ ਜਦੋਂ ਸਿੱਖ ਕੌਮ ਸ਼ਾਂਤ ਨਾ ਹੋਈ ਤਾਂ ਪੰਜਾਬ ਪੁਲੀਸ ਨੇ ਬੇਲੋੜੀ ਤੇ ਗੈਰਵਾਜਬ ਗੋਲੀ ਚਲਾ ਦਿੱਤੀ ਜਿਸ ਨਾਲ ਕਿ ਦੋ ਸਿੰਘ ਸ਼ਹੀਦ ਹੋ ਗਏ ਅਤੇ ਇਸ ਤੋਂ ਉਠੇ ਰੋਹ ਤੋਂ ਬਾਅਦ ਤੀਹਾਂ ਸਾਲਾਂ ਬਾਅਦ ਸਿੱਖ ਕੌਮ ਦਾ ਭਾਰੀ ਪੰਥਕ ਇੱਕਠ ਹੋਇਆ ਜਿਸਨੂੰ ਕਿ ਸਰਬੱਤ ਖਾਲਸੇ ਦਾ ਰੂਪ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਇੱਕਠ ਵਿੱਚ ਲੱਖਾਂ ਦਾ ਤਾਦਾਦ ਵਿੱਚ ਸਿੱਖ ਕੌਮ ਇੱਕਠੀ ਹੋਈ ਤਾਂ ਜੋ ਉਹ ਇੱਕ ਨਵੀਂ ਲੀਹ ਤੇ ਪੰਥਕ ਧਿਰ ਨੂੰ ਪਾਰਟੀ ਉਜਾਗਰ ਕਰ ਸਕੇ। ਪਰ ਇਸ ਇੱਕਠ ਦੀ ਸਟੇਜ ਉਨਾਂ ਸਿੱਖ ਆਗੂਆਂ ਦੇ ਹੱਥ ਵਿੱਚ ਸੀ ਜੋ ਪੰਥ ਨਾਲ ਪਿਛਲੇ ਤੀਹਾਂ ਸਾਲਾਂ ਤੋਂ ਨਾਅਰਿਆ ਅਤੇ ਵੱਡੇ ਦਾਅਵਿਆਂ ਦੀ ਰਾਜਨੀਤੀ ਧਰਮ ਦੇ ਨਾਂ ਕਰਦੀ ਆਈ ਹੈ। ਇਸ ਕਰਕੇ ਇੰਨਾ ਭਾਰੀ ਇੱਕਠ ਵੀ ਸਿੱਖ ਕੌਮ ਨੂੰ ਸਿਵਾਏ ਨਾਅਰਿਆਂ ਤੋਂ ਕੋਈ ਦਿਸ਼ਾ ਦੇਣ ਵਿੱਚ ਨਾਕਾਮਯਾਬ ਰਿਹਾ ਹੈ।

ਇੱਕ ਹੋਰ ਘਟਨਾ ਜਿਸਦੀ ਕਿ ਪੰਜਾਬ ਸਰਕਾਰ ਵੱਲੋਂ ਰੂਪ-ਰੇਖਾ ਬਣਾਈ ਜਾ ਰਹੀ ਹੈ ਉਹ ਇਹ ਹੈ ਕਿ ਇੱਕ ਕਾਨੂੰਨ ਬਣਾਏ ਜਾਣ ਦੀ ਵਿਵਸਥਾ ਅਧੀਨ ਹੈ ਜਿਸ ਰਾਹੀਂ ਸਰਕਾਰਾਂ ਖਿਲਾਫ ਵਿਰੋਧ ਵਿੱਚ ਹੋਣ ਵਾਲੀ ਜਨਤਕ ਸਰਗਰਮੀ ਨੂੰ ਪੂਰੀ ਤਰਾਂ ਰੋਕ ਦੇਣ ਨਾਲ ਸਬੰਧਤ ਹੈ। ਇਸ ਪਾਬੰਦੀ ਵਾਲੇ ਕਾਨੂੰਨ ਕਾਰਨ ਸਰਕਾਰਾਂ ਖਿਲਾਫ ਲੋਕ ਆਪਣਾ ਕੋਈ ਵੀ ਪਰਦਰਸ਼ਨ ਨਹੀਂ ਕਰ ਸਕਣਗੇ ਅਤੇ ਜ਼ਮਹੂਰੀਅਤ ਦੀਆਂ ਕਦਰਾਂ-ਕੀਮਤਾਂ ਨੂੰ ਇਸ ਕਨੂੰਨ ਰਾਹੀਂ ਪੂਰੀ ਤਰ੍ਹਾਂ ਕੁਚਲਣ ਵਾਲਾ ਕਦਮ ਸਿੱਖ ਹੋਵੇਗਾ। ਕੁਲ ਮਿਲਾ ਕਿ ਇਹ ਬੀਤ ਰਿਹਾ ਸਾਲ ਸਿੱਖ ਕੌਮ ਅਤੇ ਕਿਸਾਨਾਂ ਲਈ ਜੋ ਕਿ ਹਰ ਰੋਜ਼ ਖੁਦਕਸ਼ੀਆਂ ਕਰ ਰਹੇ ਹਨ, ਬੜਾ ਦੁਖਦਾਈ ਅਤੇ ਅਫਸੋਸ ਜਨਕ ਰਿਹਾ ਹੈ।