ਦੁਨੀਆਂ ਵਿੱਚ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਨਾਪ ਕੇ ਭਾਰਤ ਪਹਿਲੇ ਪ੍ਰਦੂਸ਼ਤ ਦੇਸ਼ਾ ਦੀ ਸੂਚੀ ਵਿੱਚ ਆਉਂਦਾ ਹੈ ਤੇ ਇਸਦਾ ਮੁੱਖ ਸੂਬਾ ਪੰਜਾਬ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਪ੍ਰਦੂਸ਼ਣਤਾ ਦੀ ਸੂਚੀ ਵਿੱਚ ਮੋਹਰੀ ਹੈ। ਪੰਜਾਬ ਦੇ ਵਾਤਾਵਰਣ ਸਬੰਧੀ ਅਕਤੂਬਰ ਦੇ ਸ਼ੁਰੂ ਵਿੱਚ ਵੀ ਝੋਨੇ ਦੀ ਪਰਾਲੀ ਸਾੜਨ ਸਮੇਂ ਕਾਫੀ ਚਰਚਾ ਹੋਈ ਸੀ। ਇਸਦਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਨੂੰ ਸਾਂਭਣ ਜਾਂ ਧਰਤੀ ਵਿੱਚ ਖਪਾ ਸਕਣ ਦੀਆਂ ਸਰਕਾਰੀ ਸਹੂਲਤਾਂ ਨਾ ਮਿਲਣ ਕਾਰਨ ਉਨਾਂ ਨੇ ਸਦਾ ਵਾਂਗ ਪਰਾਲੀ ਨੂੰ ਅੱਗ ਲਉਣਾ ਹੀ ਠੀਕ ਸਮਝਿਆ ਸੀ। ਇਸ ਨਾਲ ਕਈ ਦਿਨਾਂ ਤੱਕ ਪੰਜਾਬ ਵਿੱਚ ਦਿਨ ਵੇਲੇ ਵੀ ਪਰਾਲੀ ਦੇ ਧੂੰਏ ਕਾਰਨ ਹਨੇਰੇ ਵਾਲਾ ਵਾਤਾਵਰਣ ਬਣਿਆ ਰਿਹਾ ਸੀ। ਇਸ ਸਮੱਸਿਆ ਦਾ ਹੱਲ ਕਰਨ ਦੀ ਲਈ ਅਖਬਾਰੀ ਬਿਆਨਾਂ ਰਾਹੀਂ ਸਰਕਾਰ ਨੇ ਆਪਣੇ ਕੀਤੇ ਜਾਂਦੇ ਉਪਰਾਲਿਆਂ ਦੀ ਚਰਚਾ ਤਾਂ ਜਰੂਰ ਕੀਤੀ ਪਰ ਇਸਦੀ ਪੱਕੀ ਵਿਉਂਤਬੰਦੀ ਅਜੇ ਤੱਕ ਸਿਰਫ ਉਲੀਕੀ ਹੀ ਗਈ ਹੈ ਜ਼ਮੀਨੀ ਪੱਧਰ ਤੇ ਇਹ ਕੋਹਾਂ ਦੂਰ ਹੈ। ਕੋਈ ਵੀ ਅਜਿਹੇ ਉਪਰਾਲੇ ਜਾ ਸਹਾਇਤਾ ਸਰਕਾਰਾਂ ਨੇ ਨਹੀਂ ਕੀਤੀ ਜਿੰਨਾ ਨੂੰ ਅਪਣਾ ਕੇ ਕਿਸਾਨ ਧਰਤੀ ਦੇ ਸੀਨੇ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰ ਸਕਣ।
ਵਾਤਾਵਰਣ ਤੇ ਪ੍ਰਦੂਸ਼ਣ ਸਬੰਧੀ ਵਿਸ਼ੇ ਨੂੰ ਸਾਰੀਆਂ ਸਰਕਾਰੇ ਦਰਬਾਰੇ ਚਰਚਾਵਾਂ ਰਾਹੀਂ ਪੰਜਾਬ ਅੰਦਰ ਕਿਸਾਨਾਂ ਦੀ ਹੋ ਰਹੀ ਤ੍ਰਾਸਦੀ ਨੂੰ ਪਰੇ ਰੱਖ ਇਸ ਵਾਤਾਵਰਣ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਹੀ ਪੂਰੀ ਤਰਾਂ ਜੁੰਮੇਵਾਰ ਠਹਿਗਇਆ ਗਿਆ ਹੈ। ਜਦਕਿ ਇਸ ਵਾਤਾਵਰਣ ਦੇ ਪ੍ਰਦੂਸ਼ਣ ਸਬੰਧੀ ਕਿਸਾਨ ਤੇ ਪਿੰਡਾਂ ਦੇ ਲੋਕ ਆਪ ਵੀ ਬੁਰੀ ਤਰਾਂ ਸਰੀਰਿਕ ਤੇ ਮਾਨਸਿਕ ਰੋਗਾਂ ਤੋਂ ਗ੍ਰਸਤ ਹੋ ਗਏ। ਪਰ ਉਨਾਂ ਦੀ ਬੇਵਸੀ ਦਾ ਕਾਰਨ ਉਨਾਂ ਦੀ ਆਰਥਿਕਤਾ ਦਾ ਕਿਸਾਨੀ ਰਾਹੀਂ ਨਿਕਲ ਰਿਹਾ ਦਿਵਾਲਾ ਕਿਸੇ ਵੀ ਸਰਕਾਰ ਨੇ ਸਮਝਣ ਦੀ ਕੋਸ਼ਿਸ ਹੀ ਨਹੀਂ ਕੀਤੀ ਸਿਰਫ ਬਿਆਨਬਾਜੀ ਹੀ ਕੀਤੀ ਹੈ।
ਹੁਣ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਕਰੀਏ ਤਾਂ ਇੱਕ ਵਾਰ ਫੇਰ ਪੰਜਾਬ ਵਿੱਚ ਲਗਾਤਾਰ ਵਾਤਾਵਰਣ ਪ੍ਰਦੂਸ਼ਣ ਸਬੰਧੀ ਅਖਬਾਰਾਂ ਤੇ ਮੀਡੀਆ ਰਾਹੀਂ ਬਹੁਤ ਵੱਡੀ ਚਰਚਾ ਛਿੜੀ ਹੈ। ਜਿਸਦਾ ਕਾਰਨ ਪੰਜਾਬ ਦਾ ਬਿਆਸ ਦਰਿਆ ਹੈ ਜਿਸਨੂੰ ਕਾਫੀ ਹੱਦ ਤੱਕ ਪ੍ਰਦੂਸ਼ਣ ਤੋਂ ਸੁਰੱਖਿਅਤ ਮੰਨਿਆਂ ਗਿਆ ਸੀ। ਇਹ ਸ਼ੁੱਧ ਪਾਣੀ ਦੇ ਰਾਤੋ ਰਾਤ ਕਾਲੇ ਹੋ ਜਾਣ ਕਾਰਨ ਕਾਫੀ ਚਿੰਤਾ ਵਾਲੀ ਗੱਲ ਹੈ। ਇਸ ਪਾਣੀ ਦੇ ਅਸ਼ੁੱਧ ਹੋ ਜਾਣ ਕਾਰਨ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਤੇ ਪਸ਼ੂਆਂ ਉੱਪਰ ਤਾਂ ਪ੍ਰਭਾਵ ਪਿਆ ਹੀ ਹੈ ਸਗੋਂ ਇਸ ਗੰਧਲੇ ਪਾਣੀ ਨੇ ਇਸ ਦਰਿਆ ਵਿੱਚ ਰਹਿ ਰਹੇ ਜੀਵ-ਜੰਤੂਆਂ ਨੂੰ ਵੀ ਖਤਮ ਕਰ ਦਿੱਤਾ ਹੈ। ਜਿਸ ਕਾਰਨ ਟਨਾਂ ਦੇ ਹਿਸਾਬ ਨਾਲ ਮਰੀਆਂ ਹੋਈਆਂ ਮੱਛੀਆਂ ਤੇ ਹੋਰ ਦਰਿਆਈ ਜੀਵ ਜੰਤੂ ਮਰੇ ਹੋਣੇ ਕਿਨਾਰਿਆ ਉਪਰ ਆ ਗਏ। ਜਦੋਂ ਇਸ ਬਾਰੇ ਦਿਨ ਚੜੇ ਲੋਕਾਂ ਵਿੱਚ ਰੌਲਾ ਪਿਆ ਤਾਂ ਪੰਜਾਬ ਦੇ ਪ੍ਰਸ਼ਾਸ਼ਨ ਨੂੰ ਜਾਗ ਆਈ ਤੇ ਉਨਾਂ ਨੇ ਮੌਕੇ ਤੇ ਪਹੁੰਚ ਕੇ ਜ਼ਾਇਜ਼ਾਂ ਲੈਣ ਤੋਂ ਬਾਅਦ ਇਸਦਾ ਮੁੱਖ ਕਾਰਨ ਬਿਆਸ ਦਰਿਆ ਦੇ ਕੰਢੇ ਬਣੇ ਗੁਰਦਾਸਪੁਰ ਦੇ ਇਲਾਕੇ ਵਿੱਚ ਚੱਲ ਰਹੀ ਸ਼ੂਗਰ ਮਿੱਲ ਵਿੱਚੋਂ ਨਿਕਲਿਆ ਹੋਇਆ ਰਸਾਇਣਕ ਪਦਾਰਥ ਦੱਸਿਆ ਹੈ ਜੋ ਇਸ ਵਾਰੀ ਵਧੇਰੇ ਮਾਤਰਾ ਵਿੱਚ ਆ ਕੇ ਬਿਆਸ ਦਰਿਆ ਦੇ ਪਾਣੀ ਵਿੱਚ ਰਲ ਗਿਆ। ਜਿਸ ਨਾਲ ਰਾਤੋ ਰਾਤ ਬਿਆਸ ਦਰਿਆ ਦਾ ਪਾਣੀ ਵੀ ਪੂਰੀ ਤਰਾਂ ਪ੍ਰਦੂਸ਼ਿਤ ਹੋ ਗਿਆ। ਪਹਿਲਾਂ ਵੀ ਪੰਜਾਬ ਦੇ ਸਤਲੁਜ ਦਰਿਆ ਅਤੇ ਇਸ ਵਿੱਚ ਪੈਂਦੇ ਸ਼ਹਿਰਾਂ ਦੀ ਗੰਦਗੀ ਨਾਲ ਭਰੇ ਹੋਏ ਨਾਲਿਆਂ ਦਾ ਰਲਣਾ ਇੱਕ ਆਮ ਗੱਲ ਹੈ। ਇਸੇ ਤਰਾਂ ਕਾਲੀ ਬੇਈਂ ਜਿਸ ਵਿੱਚ ਜਲੰਧਰ ਦੀਆਂ ਚਮੜੇ ਵਾਲੀਆਂ ਫੈਕਟਰੀਆਂ ਦੇ ਗੰਧਲੇ ਰਸਾਇਣਕ ਪਦਾਰਥਾਂ ਦਾ ਰਲਣਾ ਤੇ ਹੋਰ ਇਸ ਬੇਈਂ ਦੇ ਕੰਢੇ ਬਣੀਆਂ ਦਵਾਈਆਂ, ਸ਼ਰਾਬਾਂ ਦੀਆਂ ਫੈਕਟਰੀਆਂ ਵੱਲੋਂ ਛੱਡੇ ਜਾਂਦੇ ਰਸਾਇਣਕ ਪਦਾਰਥਾ ਨਾਲ ਭਰੇ ਇਹ ਨਾਲਿਆਂ ਦਾ ਆ ਕੇ ਸਤਲੁਜ ਵਿੱਚ ਰਲਣਾ ਕੋਈ ਛੁਪਿਆ ਹੋਇਆ ਵਿਸ਼ਾ ਨਹੀਂ ਹੈ। ਹਰੀਕੇ ਪੱਤਣ ਜਾ ਕੇ ਇਹੀ ਸਤਲੁਜ ਤੇ ਬਿਆਸ ਦਰਿਆਂ ਆ ਕੇ ਮਿਲਦੇ ਹਨ ਤੇ ਇਸ ਵਿਚੋਂ ਪੰਜਾਬ ਦੇ ਮਾਲਵਾ ਖੇਤਰ ਤੇ ਰਾਜਸਥਾਨ ਤੱਕ ਨੂੰ ਪਾਣੀ ਪਹੁੰਚਾਉਣ ਲਈ ਵੱਡੀਆਂ ਨਹਿਰਾਂ ਕੱਢੀਆਂ ਗਈਆਂ ਹਨ। ਇੰਨਾਂ ਨਹਿਰਾਂ ਰਾਹੀਂ ਮਾਲਵੇ ਦੇ ਖੇਤਰ ਵਿੱਚ ਅਨੇਕਾਂ ਸ਼ਹਿਰਾਂ ਤੇ ਪਿੰਡਾਂ ਨੂੰ ਪੀਣ ਲਈ ਤੇ ਖੇਤੀ ਸਿੰਜਾਈ ਲਈ ਪਾਣੀ ਦਿੱਤਾ ਜਾਂਦਾ ਹੈ। ਇਸੇ ਤਰਾਂ ਰਾਜਸਥਾਨ ਦੇ ਇਲਾਕਿਆਂ ਵਿੱਚ ਇਹਨਾਂ ਨਹਿਰਾਂ ਦੁਆਰਾ ਹੀ ਪਾਣੀ ਮੁਹੱਈਆ ਕੀਤਾ ਜਾਂਦਾ ਹੈ। ਇਸ ਬਿਆਸ ਦਰਿਆ ਦੀ ਘਟਨਾ ਕਾਰਨ ਪ੍ਰਦੂਸ਼ਤ ਹੋਏ ਪਾਣੀ ਕਰਕੇ ਹਰੀਕੇ ਪੱਤਣ ਤੱਕ ਤਾਂ ਪਾਣੀ ਕਾਲਾ ਤੇ ਗੰਧਲਾ ਹੋਇਆ ਹੈ ਸਗੋਂ ਨਾਲ ਹੀ ਮਾਲਵਾ ਤੇ ਰਾਜਸਥਾਨ ਵੱਲ ਨੂੰ ਕੱਢੀਆਂ ਨਹਿਰਾਂ ਦਾ ਪਾਣੀ ਵੀ ਇੰਨਾ ਪ੍ਰਦੂਸ਼ਤ ਹੋ ਗਿਆ ਕਿ ਇਸ ਪਾਣੀ ਦੀ ਵਰਤੋਂ ਉੱਪਰ ਸਰਕਾਰ ਨੂੰ ਰੋਕ ਲਾਉਣੀ ਪਈ। ਕਿਉਂਕਿ ਇਹ ਪਾਣੀ ਰਾਜਸਥਾਨ ਤੱਕ ਕਾਲਾ ਹੋ ਗਿਆ ਹੈ। ਕਿਸਾਨਾਂ ਵੱਲੋਂ ਪਰਾਲੀ ਸਾੜਨ ਪ੍ਰਤੀ ਤਾਂ ਸਰਕਾਰਾਂ ਵੱਲੋਂ ਬਹੁਤ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਇੰਨਾਂ ਵੱਡੀਆਂ ਫੈਕਟਰੀਆਂ ਜੋ ਰਸੂਖਵਾਨ ਬੰਦਿਆਂ ਦੀਆਂ ਹਨ, ਵੱਲੋਂ ਪੰਜਾਬ ਦੀ ਆਬੋ-ਹਵਾ ਤੇ ਪਾਣੀ ਵਿੱਚ ਜੋ ਦਿਨ ਪ੍ਰਤੀ ਦਿਨ ਜ਼ਹਿਰ ਘੋਲਿਆ ਜਾ ਰਿਹਾ ਹੈ ਉਸ ਪ੍ਰਤੀ ਸਦਾ ਹੀ ਸਰਕਾਰਾਂ ਦੀਆਂ ਕਲਮਾਂ ਇੱਕ ਮਹਿਜ਼ ਰੌਲੇ ਰੱਪੇ ਤੋਂ ਬਾਅਦ ਖਾਮੋਸ਼ ਹੀ ਰਹਿੰਦੀਆਂ ਹਨ। ਇਸ ਬਿਆਸ ਦਰਿਆ ਦੀ ਘਟਨਾ ਪ੍ਰਤੀ ਵਕਤੀ ਤੌਰ ਤੇ ਭਾਵੇਂ ਖੰਡ ਮਿੱਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਲੰਮੇ ਸਮੇਂ ਤੋਂ ਇਸ ਵਿਚੋਂ ਨਿਕਲਦੇ ਰਸਾਇਣਾ ਬਾਰੇ ਇਲਾਕੇ ਦੇ ਲੋਕ ਆਪਣਾ ਰੋਸ ਜਤਾ ਰਹੇ ਸਨ ਪਰ ਪ੍ਰਸ਼ਾਸਨ ਨੇ ਉਨਾਂ ਦੀ ਇੱਕ ਨਹੀਂ ਸੁਣੀ। ਹੁਣ ਇੰਨੀ ਵੱਡੀ ਘਟਨਾ ਦੇ ਵਾਪਰਨ ਕਾਰਨ ਕੁਝ ਦਿਨ ਸਰਕਾਰੀ ਕਾਰਵਾਈਆਂ ਚੱਲਣਗੀਆਂ ਪਰ ਸਦਾ ਵਾਂਗ ਕਿਸੇ ਕਾਨੂੰਨੀ ਕਾਰਵਾਈ ਤੋਂ ਵਿਹੂਣੀਆਂ ਹੀ ਰਹਿਣਗੀਆ। ਇਹ ਵੱਡੇ ਕਾਰੋਬਾਰੀ ਪੰਜਾਬ ਦੇ ਵਾਤਾਵਰਣ ਤੇ ਪਾਣੀਆਂ ਨੂੰ ਇਸੇ ਤਰਾਂ ਹੀ ਗੰਧਲਾ ਕਰਦੇ ਰਹਿਣਗੇ। ਭਾਵੇਂ ਹੁਣ ਇਹ ਜਰੂਰ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਹੁਣ ਜੋ ਸ਼ਾਹਕੋਟ ਇਲਾਕੇ ਵਿੱਚ ਜ਼ਿਮਨੀ (ਭੇ ਫੋਲਲ) ਚੋਣ ਹੋ ਰਹੀ ਹੈ ਉਸ ਵਿੱਚ ਪੈਂਦੇ ਅਨੇਕਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਉਤੇ ਤੇ ਹੋਰ ਥਾਵਾਂ ਤੇ ਜਨਤਕ ਬੋਰਡ ਲਗਾ ਕੇ ਉਮੀਦਵਾਰਾਂ ਨੂੰ ਸੁਚੇਤ ਕੀਤਾ ਹੈ ਕਿ ਅਸੀਂ ਉਸ ਉਮੀਦਰਵਾਰ ਨੂੰ ਵੋਟ ਪਾਵਾਂਗੇ ਜੋ ਪੰਜਾਬ ਦੇ ਪਾਣੀਆਂ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਉਪਰਾਲਾ ਕਰਨ ਦਾ ਵਾਅਦਾ ਕਰੇਗਾ। ਇਸ ਜਾਗਰਤਾ ਪਿੱਛੇ ਉਸ ਇਲਾਕੇ ਵਿੱਚ ਵਸਦੇ ਬਾਬਾ ਬਲਵੀਰ ਸਿੰਘ ਸੀਚੇਵਾਲ ਦਾ ਕਾਫੀ ਵੱਡਾ ਯੋਗਦਾਨ ਹੈ। ਕਿਉਂਕਿ ਬਾਬਾ ਜੀ ਆਪ ਵਾਤਾਵਰਣ ਪ੍ਰਤੀ ਬਹੁਤ ਸੁਚੇਤ ਹਨ। ਹੁਣ ਬਿਆਸ ਦਰਿਆ ਤੇ ਇਸ ਵਿਚੋਂ ਨਿਕਲਦੀਆਂ ਨਹਿਰਾਂ ਦੇ ਪਾਣੀ ਦੇ ਪ੍ਰਦੂਸ਼ਤ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਹੈ ਕਿ ਅਸੀਂ ਫੈਕਟਰੀਆਂ ਤੇ ਹੋਰ ਨਿਰਮਾਣਕ ਵਿਕਾਸ ਦੇ ਵਿਰੋਧੀ ਨਹੀਂ ਹਾਂ ਸਗੋਂ ਅਸੀਂ ਇਸ ਵਿਕਾਸ ਦੇ ਕਾਰੋਬਾਰ ਰਾਹੀਂ ਜੋ ਪੰਜਾਬ ਦੇ ਵਾਤਾਵਰਣ ਤੇ ਪਾਣੀ ਨਾਲ ਖਿਲਵਾੜ ਹੋ ਰਿਹਾ ਹੈ ਉਸ ਪ੍ਰਤੀ ਰੋਸ ਰੱਖਦੇ ਹਾਂ। ਕਿਉਂਕਿ ਇਸ ਨਾਲ ਅੱਜ ਪੰਜਾਬ ਦੇ ਵਸਨੀਕ ਕੈਂਸਰ ਤੇ ਹੋਰ ਨਾਮੁਰਾਦ ਬਿਮਾਰੀਆਂ ਦੇ ਜਾਲ ਵਿੱਚ ਉਲਝ ਚੁੱਕੇ ਹਨ। ਨਹਿਰੀ ਤੇ ਦਰਿਆਈ ਪਾਣੀ ਤਾਂ ਪ੍ਰਦੂਸ਼ਤ ਹੋ ਹੀ ਚੁੱਕਿਆ ਹੋ ਸਗੋਂ ਡੂੰਘੇ ਬੋਰਾਂ ਦਾ ਪਾਣੀ ਵੀ ਸਿਹਤ ਲਈ ਠੀਕ ਨਹੀਂ ਰਿਹਾ। ਇਸ ਲਈ ਸਰਕਾਰਾਂ ਤੇ ਕਾਰੋਬਾਰੀਆਂ ਰਾਹੀਂ ਕੀਤੇ ਜਾ ਰਹੇ ਵਿਕਾਸ ਨੂੰ ਮਨੁੱਖੀ ਸਿਹਤ ਪ੍ਰਤੀ ਸੁਚੇਤ ਤੇ ਕੇਂਦਰਿਤ ਰੱਖਿਆ ਜਾਵੇ। ਤਾਂ ਜੋ ਪੰਜ-ਆਬਾਂ ਦੀ ਧਰਤੀ ਪੰਜਾਬ ਆਪਣੇ ਕੁਦਰਤੀ ਸੋਮਿਆਂ ਨੂੰ ਮਾਣ ਸਕੇ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਸਮੱਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਫੈਕਟਰੀਆਂ ਦੇ ਮਾਲਕਾਂ ਪ੍ਰਤੀ ਠੋਸ ਕਾਰਵਾਈ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਹਿਰੀਲੀਆਂ ਹਵਾਵਾਂ ਤੇ ਜ਼ਹਿਰੀਲੇ ਪਾਣੀਆਂ ਤੋਂ ਥੋੜੀ ਨਿਜ਼ਾਤ ਮਿਲ ਸਕੇ।