2015 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕੇਸਾਂ ਦੀ ਜਾਂਚ ਵਿੱਚ ਅੜਿੱਕਾ ਪਾਉਣ ਲਈ ਹੁਣ ਸੀ.ਬੀ.ਆਈ. ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਇਨ੍ਹਾਂ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਖਤਮ ਕੀਤਾ ਜਾਵੇ ਅਤੇ ਜਾਂਚ ਬੰਦ ਕੀਤੀ ਜਾਵੇ। ਸੀ.ਬੀ.ਆਈ. ਦਾ ਇਹ ਰਵੱਈਆ ਕਾਫੀ ਹੈਰਾਨਕੁੰਨ ਹੈੈ। ਇਸਤੋਂ ਪਹਿਲਾਂ ਕਦੇ ਵੀ ਸੀ.ਬੀ.ਆਈ. ਨੇ ਪੰਜਾਬ ਨਾਲ ਸਬੰਧਤ ਕੇਸਾਂ ਵਿੱਚ ਇਸ ਤਰ੍ਹਾਂ ਦਾ ਸਟੈਂਡ ਨਹੀ ਸੀ ਲਿਆ। ਪਿਛਲੇ 30 ਸਾਲਾਂ ਦੌਰਾਨ ਸੀ.ਬੀ.ਆਈ. ਨੂੰ ਬਹੁਤ ਸਾਰੇ ਅਜਿਹੇ ਕੇਸ ਜਾਂਚ ਲਈ ਦਿੱਤੇ ਗਏ ਜਿਨ੍ਹਾਂ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕੀਤੀ ਸੀ। ਪਰ ਸੀ.ਬੀ.ਆਈ. ਨੇ ਬਹੁਤ ਵਧੀਆ ਢੰਗ ਨਾਲ ਜਾਂਚ ਕਰਕੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਵਾਈਆਂ। ਕਦੇ ਵੀ ਉਸ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਨ ਵਾਲਿਆਂ ਨੂੰ ਬਚਾਉਣ ਦਾ ਯਤਨ ਨਹੀ ਕੀਤਾ।
ਪਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਮਾਮਲਿਆਂ ਵਿੱਚ ਏਜੰਸੀ ਵੱਲੋਂ ਜੋ ਸਟੈਂਡ ਲਿਆ ਜਾ ਰਿਹਾ ਹੈ ਉਸਤੋਂ ਇਹ ਹੀ ਸੰਦੇਸ਼ ਜਾਂਦਾ ਹੈ ਕਿ ਏਜੰਸੀ ਇਸ ਮਾਮਲੇ ਵਿੱਚ ਜਾਂਚ ਕਰਨ ਦੀ ਇ੍ਵਛਕ ਨਹੀ ਹੈੈ। ਸੀ.ਬੀ.ਆਈ. ਇਸ ਮਾਮਲੇ ਵਿੱਚ ਬਿਨਾ ਬਹੁਤੀ ਜਾਂਚ ਦੇ ਕੇਸ ਬੰਦ ਕਰਨ ਦੀ ਰਿਪੋਰਟ ਦਾਖਲ ਕਰ ਚੁੱਕੀ ਹੈੈ। ਪਰ ਹੁਣ ਪੰਜਾਬ ਪੁਲਿਸ ਦੀ ਜਾਂਚ ਟੀਮ ਨੇ ਨਾ ਕੇਵਲ ਦੋਸ਼ੀਆਂ ਦੀ ਪੈੜ ਨੱਪ ਲਈ ਹੈ ਬਲਕਿ ਕੁਝ ਹੇਠਲੀ ਪੱੁਧਰ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਵੀ ਕਰ ਲਿਆ ਹੈ ਅਤੇ ਵੱਡੇ ਦੋਸ਼ੀਆਂ ਦੇ ਨਾਅ ਵੀ ਨਸ਼ਰ ਕਰ ਦਿੱਤੇ ਹਨ।
ਇਸ ਹਾਲਾਤ ਵਿੱਚ ਸੀ.ਬੀ.ਆਈ. ਦਾ ਜਾਂਚ ਦੇ ਕੰਮ ਵਿੱਚ ਅੜਿੱਕਾ ਪਾਉਣ ਦਾ ਯਤਨ ਸਮਝ ਤੋਂ ਬਾਹਰ ਹੈੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੀ.ਬੀ.ਆਈ. ਉੱਤੇ ਕੋਈ ਸਿਆਸੀ ਦਬਾਅ ਪਾਇਆ ਜਾ ਰਿਹਾ ਹੈੈ। ਭਾਰਤ ਸਰਕਾਰ ਦੇ ਉੱਚੇ ਪੱਧਰ ਤੇ ਕੋਈ ਲਾਬੀ ਅਜਿਹੀ ਹੈ ਜੋ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬੇਨਕਾਬ ਨਹੀ ਹੋਣ ਦੇਣਾਂ ਚਾਹੁੰਦੀ। ਅਤੇ ਉਹ ਸੀ.ਬੀ.ਆਈ. ਨੂੰ ਆਪਣੀਆਂ ਇਛਾਵਾਂ ਲਈ ਵਰਤ ਰਹੀ ਹੈੈੈ।
ਇਸ ਵੇਲੇ ਤਿੰਨ ਵੱਖ ਵੱਖ ਟੀਮਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਇੱਕ ਸੀ.ਬੀ.ਆਈ., ਦੂਜਾ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ, ਤੀਜੀ ਕੁੰਵਰ ਵਿਜੇ ਪਰਤਾਪ ਸਿੰਘ ਦੀ ਅਗਵਾਈ ਹੇਠਲੀ ਜਾਂਚ ਟੀਮ। ਇਨ੍ਹਾਂ ਵਿੱਚੋਂ ਕੁੰਵਰ ਵਿਜੇ ਪਰਤਾਪ ਸਿੰਘ ਅਜਿਹੇ ਅਫਸਰ ਹਨ ਜਿਨ੍ਹਾਂ ਤੇ ਕੋਈ ਦਬਾਅ ਪਾਉਣਾਂ ਬਹੁਤ ਔਖਾ ਹੈੈ। ਉਹ ਆਪਣੀ ਪੇਸ਼ੇਵਾਰਾਨਾ ਮੁਹਾਰਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਜਾਂਚ ਕਾਰਨ ਹੀ ਕੁਝ ਵੱਡੇ ਪੁਲਿਸ ਅਫਸਰ ਗਿ੍ਰਫਤਾਰ ਕੀਤੇ ਗਏ ਹਨ ਅਤੇ ਕੁਝ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣਾਂ ਪਿਆ ਹੈੈ। ਬੇਸ਼ੱਕ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਬਾਕੀ ਢਾਂਚਾ ਕੁੰਵਰ ਵਿਜੇ ਪਰਤਾਪ ਸਿੰਘ ਦੇ ਰਾਹ ਵਿੱਚ ਅੜਿੱਕੇ ਡਾਹ ਰਿਹਾ ਹੈ ਪਰ ਇਸਦੇ ਬਾਵਜੂਦ ਉਹ ਆਪਣੇ ਵਿੱਤ ਮੁਤਾਬਕ ਕੰਮ ਕਰ ਰਹੇ ਹਨ। ਕੁੰਵਰ ਵਿਜੇ ਪਰਤਾਪ ਸਿੰਘ ਹਰ ਦੋਸ਼ੀ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਹਨ।
ਰਣਬੀਰ ਸਿੰਘ ਖਟੜਾ ਉਹ ਅਫਸਰ ਹਨ ਜਿਨ੍ਹਾਂ ਨੇ ਮੌੜ ਮੰਡੀ ਬੰਬ ਧਮਾਕੇ ਅਤੇ ਬੇਅਦਬੀ ਕਾਂਡ ਦਾ ਸੱਚ ਆਪਣੀ ਜਾਂਚ ਦੌਰਾਨ ਬੁੱਝ ਲਿਆ ਸੀ। ਪਰ ਉਨ੍ਹਾਂ ਉੱਤੇ ਸਮੇਂ ਦੀ ਸੱਤਾਧਾਰੀ ਅਕਾਲੀ ਸਰਕਾਰ ਦਾ ਵੱਡਾ ਦਬਾਅ ਰਿਹਾ ਜਿਸ ਕਰਕੇ ਉਹ ਆਪਣੇ ਨਿਸ਼ਾਨੇ ਸਰ ਕਰਨ ਵਿੱਚ ਸਫਲ ਨਹੀ ਹੋ ਸਕੇ। ਉਨ੍ਹਾਂ ਨੂੰ ਸਾਰੀ ਜਾਣਕਾਰੀ ਹੈ ਪਰ ਸਿਆਸਤ ਨੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਉਨ੍ਹਾਂ ਦੇ ਪਰਿਵਾਰ ਦੀ ਅਕਾਲੀ ਦਲ ਨਾਲ ਸਾਂਝ ਵੀ ਉਨ੍ਹਾਂ ਦੀ ਪੇਸ਼ੇਵਾਰਾਨਾ ਮੁਹਾਰਤ ਦੇ ਰਾਹ ਵਿੱਚ ਅੜਿੱਕੇ ਡਾਹ ਰਹੀ ਹੈੈ।
ਤੀਜੀ ਧਿਰ ਹੈ ਸੀ.ਬੀ.ਆਈ. ਜੋ ਹਰ ਹਾਲ ਵਿੱਚ ਇਸ ਕੇਸ ਨੂੰ ਬੰਦ ਕਰਕੇ ਜਾਂਚ ਠੱਪ ਕਰ ਦੇਣਾਂ ਚਾਹੁੰਦੀ ਹੈੈ।
ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾਲੋਂ ਸਰਕਾਰਾਂ ਅਤੇ ਰਾਜਸੀ ਨੇਤਾਵਾਂ ਨੂੰ ਆਪਣੇ ਚੋਣਵੇਂ ਅਫਸਰਾਂ ਅਤੇ ਗੱਠਜੋੜਾਂ ਦਾ ਫਿਕਰ ਪਿਆ ਹੋਇਆ ਹੈੈ। ਉਹ ਸਿਰਫ ਸਰਕਾਰਾਂ ਬਦਲਣ ਤੱਕ ਇਸ ਕੇਸ ਨੂੰ ਫੁੱਟਬਾਲ ਵਾਂਗ ਕੁੱਟਣਾਂ ਚਾਹੁੰਦੇ ਹਨ।
ਇਸ ਦਿਸ਼ਾ ਵਿੱਚ ਤਾਂ ਅਸੀਂ ਸਮਝਦੇ ਹਾਂ ਕਿ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀ ਮਿਲ ਸਕੇਗੀ ਅਤੇ ਕੇਸ ਕਮਜ਼ੋਰ ਪੈ ਜਾਵੇਗਾ। ਸਮੂਹ ਸਿੱਖ ਸੰਸਥਾਵਾਂ ਨੂੰ ਇਸ ਸੰਦਰਭ ਵਿੱਚ ਸਿਰ ਜੋੜ ਕੇ ਬੈਠਣ ਦੀ ਲੋੜ ਹੈੈ।