ਅਜ਼ਾਦੀ ਅਜਿਹਾ ਸੁਖਮਈ ਅਹਿਸਾਸ ਅਤੇ ਭਾਵਨਾ ਹੈ ਕਿ ਮਨੁੱਖ ਅਜ਼ਾਦੀ ਲਈ ਆਪਣਾਂ ਆਪਾ ਵਾਰਨ ਲਈ ਵੀ ਤਿਆਰ ਹੋ ਜਾਂਦਾ ਹੈ। ਅਜ਼ਾਦ ਜੀਵਨ ਜਿਉਣਾਂ ਅਤੇ ਸਿਆਸੀ ਤੌਰ ਤੇ ਅਜਿਹੇ ਹਾਕਮਾਂ ਨਾਲ ਰਹਿਣਾਂ ਜੋ ਸਾਡੇ ਆਪਣੇ ਵਰਗੇ ਹੀ ਹੋਣ ਅਤੇ ਸਾਡੇ ਵਰਗੇ ਅਹਿਸਾਸਾਂ ਨੂੰ ਹੀ ਪ੍ਰਣਾਏ ਹੋਣ, ਹਰ ਮਨੁੱਖ ਦੀ ਪਹਿਲੀ ਪਸੰਦ ਹੁੰਦਾ ਹੈ। ਦੁਨੀਆਂ ਭਰ ਵਿੱਚ ਜਿੰਨੀਆਂ ਵੀ ਅਜ਼ਾਦੀ ਦੀਆਂ ਲਹਿਰਾਂ ਚੱਲੀਆਂ ਜਾਂ ਹਾਲੇ ਵੀ ਚੱਲ ਰਹੀਆਂ ਹਨ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ, ਆਪਣੇ ਅਤੇ ਸਿਰਫ ਆਪਣੇ ਲੋਕਾਂ ਦੇ ਰਾਜ ਥੱਲੇ ਜੀਵਨ ਬਸਰ ਕਰਨ ਦਾ ਹੁੰਦਾ ਹੈ। ਜਦੋਂ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਉਸ ਤੇ ਰਾਜ ਕਰਨ ਵਾਲੇ ਉਸਦੇ ਆਪਣੇ ਸਕੇ ਨਹੀ ਹਨ ਤਾਂ ਉਹ ਅਜਿਹੀ ਸਿਆਸੀ ਵਿਵਸਥਾ ਦੇ ਖਿਲਾਫ, ਸ਼ਾਂਤਮਈ, ਜਮਹੂਰੀ ਅਤੇ ਹਥਿਆਰਬੰਦ, ਹਰ ਕਿਸਮ ਦਾ ਸੰਘਰਸ਼ ਕਰਨ ਲਈ ਮੈਦਾਨ ਵਿੱਚ ਆ ਨਿੱਤਰਦਾ ਹੈ।

ਦੱਖਣੀ ਅਫਰੀਕਾ ਦੇ ਅਜ਼ਾਦੀ ਸੰਘਰਸ਼ ਨੂੰ ਦੁਨੀਆਂ ਭਰ ਦੇ ਇਤਿਹਾਸ ਦਾ ਇੱਕ ਵੱਡਾ ਅਤੇ ਅਹਿਮ ਅੰਗ ਮੰਨਿਆਂ ਜਾਂਦਾ ਹੈ। ਗੋਰੀ ਨਸਲ ਦੇ ਰਾਜ ਅਧੀਨ ਰਹਿ ਰਹੀ ਕਾਲੀ ਨਸਲ ਨੂੰ ਇਹ ਅਹਿਸਾਸ ਪਹਿਲੇ ਦਿਨ ਤੋਂ ਹੀ ਸੀ ਕਿ ਉਨ੍ਹਾਂ ਤੇ ਰਾਜ ਕਰਨ ਵਾਲੀ ਧਿਰ, ਉਨ੍ਹਾਂ ਦੀ ਆਪਣੀ ਨਹੀ ਹੈ ਇਹ ਬਿਗਾਨੀ ਧਿਰ ਹੈ। ਇਸੇ ਲਈ ਇਹ ਬਿਗਾਨੀ ਧਿਰ, ਕਾਲੀ ਨਸਲ ਨੂੰ ਉਸਦੇ ਹੱਕਾਂ ਹਿੱਤਾਂ ਤੋਂ ਵਾਂਝਾ ਰੱਖ ਰਹੀ ਹੈ। ਇਸ ਅਹਿਸਾਸ ਨੇ ਅਤੇ ਦਹਾਕਿਆਂ ਦੀ ਗੁਲਾਮੀ ਨੇ ਕਾਲੀ ਨਸਲ ਨੂੰ, ਅਜ਼ਾਦ ਹੋਣ ਦਾ ਅਜਿਹਾ ਸੁਨੇਹਾ ਦਿੱਤਾ ਕਿ ਉਹ ਆਪਣੀ ਅਜ਼ਾਦੀ ਦੇ ਪਵਿੱਤਰ ਅਹਿਸਾਸ ਲਈ, ਸਿਰਧੜ ਦੀ ਬਾਜ਼ੀ ਲਾਕੇ ਮੈਦਾਨ ਵਿੱਚ ਨਿੱਤਰ ਪਏ। ਅਫਰੀਕਨ ਨੈਸ਼ਨਲ ਕਾਂਗਰਸ ਨੇ ਅਜ਼ਾਦੀ ਦੀ ਉਸ ਲਹਿਰ ਵਿੱਚ ਅਜਿਹੇ ਯੋਧੇ ਪੈਦਾ ਕੀਤੇ ਕਿ ਜਿਨ੍ਹਾਂ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਉਨ੍ਹਾਂ ਯੋਧਿਆਂ ਨੇ ਇਤਿਹਾਸ ਵਿੱਚ ਜਾਂਬਾਜੀ ਦੇ ਅਜਿਹੇ ਕਾਰਨਾਮੇ ਕੀਤੇ ਜਿਨ੍ਹਾਂ ਤੇ ਕਾਲੀ ਨਸਲ ਨੂੰ ਹਮੇਸ਼ਾ ਮਾਣ ਰਹੇਗਾ।

ਆਖਰ ਅਜਿਹੇ ਯੋਧਿਆਂ ਦੇ ਸਾਹਸ ਅੱਗੇ, ਮੌਤ ਹਾਰ ਗਈ ਅਤੇ ਦੱਖਣੀ ਅਫਰੀਕਾ ਨੂੰ ਅਜ਼ਾਦੀ ਮਿਲ ਗਈ। ਨੈਲਸਨ ਮੰਡੇਲਾ ਦੇ ਰੂਪ ਵਿੱਚ, ਕੌਮ ਨੂੰ ਅਜਿਹਾ ਲੀਡਰ ਮਿਲਿਆ, ਜਿਸਨੇ ਉਸ ਨਵੇਂ ਅਜ਼ਾਦ ਹੋਏ ਮੁਲਕ ਨੂੰ ਆਪਣੇ ਅਤੇ ਅਜ਼ਾਦੀ ਦੀ ਲਹਿਰ ਦੇ ਆਸ਼ਿਆਂ ਅਨੁਸਾਰ ਚਲਾਉਣ ਅਤੇ ਵਿਕਸਤ ਕਰਨ ਦੇ ਯਤਨ ਕੀਤੇ।

ਪਰ ਮੰਡੇਲਾ ਦੇ ਅੱਖਾਂ ਮੀਚਣ ਤੋਂ ਬਾਅਦ, ਮਹਾਨ ਸੂਰਮਿਆਂ ਦੀ ਕੁਰਬਾਨੀ ਨਾਲ ਹਾਸਲ ਹੋਈ ਅਜ਼ਾਦੀ ਇੱਕ ਦੁਖਾਂਤ ਬਣ ਗਈ। ਮੰਡੇਲਾ ਤੋਂ ਬਾਅਦ ਜੋ ਲੀਡਰਸ਼ਿੱਪ ਅੱਗੇ ਆਈ ਉਸਨੇ ਨਾ ਕੇਵਲ ਅਫਰੀਕਨ ਨੈਸ਼ਨਲ ਕਾਂਗਰਸ ਦੇ ਮਹਾਨ ਸੂਰਮਿਆਂ ਦੇ ਨਾਅ ਨੂੰ ਦਾਗੀ ਕਰ ਦਿੱਤਾ ਬਲਕਿ ਅਜ਼ਾਦੀ ਦੀ ਪਵਿੱਤਰ ਭਾਵਨਾ ਦਾ ਵੀ ਗਲਾ ਘੁੱਟ ਦਿੱਤਾ।

ਜੈਕਬ ਜ਼ੂਮਾ ਦੇ ਰੂਪ ਵਿੱਚ ਦੇਸ਼ ਨੂੰ ਅਜਿਹਾ ਰਾਸ਼ਟਰਪਤੀ ਮਿਲਿਆ ਜਿਸਨੇ ਆਪਣੇ ਨਿੱਜੀ ਲੋਭ ਅਤੇ ਸਿਆਸੀ ਹਵਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੈਕਬ ਜ਼ੂਮਾ ਨੇ ਅਜ਼ਾਦੀ ਦੀ ਉਸ ਭਾਵਨਾ ਨੂੰ ਆਪਣੇ ਨਿੱਜੀ ਲਾਭਾਂ ਲਈ ਖੂਬ ਵਰਤਿਆ। ਬੇਸ਼ੱਕ ਉਹ ਵੀ ਅਜ਼ਾਦੀ ਦੇ ਸੰਘਰਸ਼ ਵਿੱਚ ਅਗਲੀਆਂ ਸਫਾਂ ਵਿੱਚ ਹੋ ਕੇ ਲੜਿਆ।ਬੇਸ਼ੱਕ ਉਹ ਵੀ ਇੱਕ ਗਰੀਬ ਪਰਿਵਾਰ ਵਿੱਚੋਂ ਆਇਆ ਸੀ। ਪਰ ਸਿਆਸੀ ਸੱਤਾ ਹੱਥ ਆਉਂਦਿਆਂ ਹੀ ਉਸਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

ਆਖਰ ਜਦੋਂ ਅਫਰੀਕਨ ਨੈਸ਼ਨਲ ਕਾਂਗਰਸ ਨੇ, ਜਮਹੂਰੀ ਢੰਗ ਨਾਲ ਆਪਣਾਂ ਨੇਤਾ ਬਦਲ ਦਿੱਤਾ ਤਾਂ ਵੀ ਜ਼ੂਮਾ ਆਪਣੀ ਜਿੱਦ ਤੇ ਅੜਿਆ ਰਿਹਾ ਅਤੇ ਪਾਰਟੀ ਦੇ ਡਸਿਪਲਨ ਦੀ ਕੋਈ ਪਰਵਾਹ ਨਹੀ ਕੀਤੀ। ਆਖਰ ਜਦੋਂ ਪਾਰਟੀ ਨੇ ਉਸਨੂੰ, ਰਾਸ਼ਟਰਪਤੀ ਦਾ ਅਹੁਦਾ ਛੱਡਣ ਦੀ ਬੇਨਤੀ ਕੀਤੀ ਤਾਂ ਉਸਨੇ ਅਹੁਦਾ ਛੱਡਣ ਤੋਂ ਵੀ ਨਾਹ ਕਰ ਦਿੱਤੀ।

ਉਹ ਅਫਰੀਕਨ ਨੈਸ਼ਨਲ ਕਾਂਗਰਸ ਜਿਸਦੇ ਸੂਰਮੇ ਵੱਡੇ ਸੰਕਟਾਂ ਅੱਗੇ ਹਿੱਕਾਂ ਡਾਹ ਕੇ ਅਜ਼ਾਦੀ ਹਾਸਲ ਕਰਨ ਵਿੱਚ ਕਮਯਾਬ ਹੋਏ, ਉਸਦੀ ਅਗਲੀ ਪੀੜ੍ਹੀ ਜੋ ਸੱਤਾ ਤੇ ਕਾਬਜ ਹੋਈ ਉਸਨੇ ਸ਼ਹੀਦਾਂ ਦੇ ਅਹਿਸਾਸਾਂ ਦਾ ਕੀ ਮੁੱਲ ਪਾਇਆ,ਦੱਖਣੀ ਅਫਰੀਕਾ ਦੇ ਘਟਨਾਕ੍ਰਮ ਨੇ ਇਹ ਸਾਫ ਕਰ ਦਿੱਤਾ ਹੈ। ਪਹਿਲਾਂ ਜਿੰਬਬਾਵੇ ਦੇ ਰਾਸ਼ਟਰਪਤੀ, ਰਾਬਰਟ ਮੁਗਾਬੇ ਨੇ ਵੀ ਦੇਸ਼ ਦਾ ਅਜਿਹਾ ਹਾਲ ਕਰਕੇ ਹੀ ਸਾਹ ਲਿਆ। ਜਿੰਬਬਾਵੇ ਵਿੱਚ ਵੀ ਵੱਡੇ ਗੁਰੀਲਾ ਸੰਘਰਸ਼ ਤੋਂ ਬਾਅਦ ਅਜ਼ਾਦੀ ਦਾ ਮੂੰਹ ਦੇਖਣਾਂ ਨਸੀਬ ਹੋਇਆ ਸੀ।

ਖਾੜਕੂ ਅਤੇ ਅਜ਼ਾਦੀ ਪਸੰਦ ਲਹਿਰਾਂ ਜਦੋਂ ਤੱਕ ਉਚੇ ਕਿਰਦਾਰ ਦੇ ਮਾਲਕ ਲੀਡਰਾਂ ਅਤੇ ਯੋਧਿਆਂ ਦੇ ਹੱਥ ਰਹਿੰਦੀਆਂ ਹਨ ਉਦੋਂ ਤੱਕ ਤਾਂ ਉਹ ਮਹਾਨ ਇਤਹਾਸ ਸਿਰਜਦੀਆਂ ਹਨ, ਪਰ ਜਦੋਂ ਉਹ ਲਾਲਚੀ ਅਤੇ ਲੋਭੀ ਲੀਡਰਾਂ ਦੇ ਹੱਥ ਚੜ੍ਹ ਜਾਂਦੀਆਂ ਹਨ ਤਾਂ, ਅਜ਼ਾਦੀ ਨੂੰ ਵੀ ਇੱਕ ਦੁਖਾਂਤ ਬਣਾ ਕੇ ਰੱਖ ਦਿੰਦੀਆਂ ਹਨ।

ਰਾਬਰਟ ਮੌਗਾਬੇ ਅਤੇ ਜ਼ੈਕਬ ਜੂਮਾਂ ਨੇ ਅਜਿਹਾ ਅਹਿਸਾਸ ਹੋਰ ਵੀ ਪੱਕਾ ਕਰ ਦਿੱਤਾ ਹੈ।