ਵੈਸੇ ਅੱਜਕੱਲ੍ਹ ਦੇ ਅੰਨੀ੍ਹ ਦੌੜ ਵਾਲੇ ਜ਼ਮਾਨੇ ਵਿੱਚ ਆਪਣੀ ਆਤਮਾ ਦੀ ਅਵਾਜ਼ ਸੁਣਨ ਵਾਲੇ ਬਹੁਤ ਥੋੜੇ ਲੋਕ ਲੱਭਦੇ ਹਨ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ, ਆਤਮਾਂ ਜਾਂ ਜ਼ਮੀਰ ਦੀ ਅਵਾਜ਼ ਸੁਣਕੇ ਉਸਤੇ ਫੁੱਲ ਚੜ੍ਹਾਉਣ ਵਾਲਿਆਂ ਦਾ ਹਾਲੇ ਬੀਜ ਨਾਸ ਨਹੀ ਹੋਇਆ। ਕਲਯੁਗ ਦੇ ਇਸ ਘੋਰ ਦੌਰ ਵਿੱਚ, ਦੁਨੀਆਂਦਾਰੀ ਕਰਦਾ ਕਰਦਾ ਬੰਦਾ ਏਨਾ ਨਿਤਾਣਾਂ ਅਤੇ ਖੁਦਗਰਜ਼ ਹੋ ਜਾਂਦਾ ਹੈ ਕਿ ਉਸਨੂੰ ਨਾ ਸਮਾਜ ਦਾ ਫਿਕਰ ਰਹਿੰਦਾ ਹੈ ਨਾ ਧਰਮ ਦਾ ਅਤੇ ਨਾ ਹੀ ਧਾਰਮਕ ਰਹਿਬਰਾਂ ਦਾ। ਅਸੀਂ ਆਪਣੇ ਆਲੇ ਦੁਆਲੇ ਜਿਸ ਕਿਸਮ ਦੇ, ‘ਪਰੇਰਨਾ ਸਰੋਤ’ ਉਸਰਦੇ ਅਤੇ ਪਲ੍ਹਰਦੇ ਦੇਖ ਰਹੇ ਹਾਂ ਉਨ੍ਹਾਂ ਦੇ ਜੀਵਨ ਵਿੱਚੋਂ ਧਰਮ ਅਤੇ ਮਨੁੱਖਤਾ ਸੱਚਮੁੱਚ ਹੀ ਕਿਰ ਗਈ ਜਾਪਦੀ ਹੈ। ਇਸੇ ਲਈ ਕਿਸੇ ਕੌਮ ਦੇ ਲੀਡਰ ਕਹਾਉਣ ਵਾਲੇ ਆਪਣੀ ਖੁਦਗਰਜ਼ੀ ਅਧੀਨ ਏਨੇ ਨੀਵੇਂ ਡਿਗ ਜਾਂਦੇ ਹਨ ਕਿ, ਆਪਣੇ ਧਾਰਮਕ ਰਹਿਬਰ ਦੀ ਬੇਅਦਬੀ ਨੂੰ ਵੀ ਬਿਨਾ ਕਿਸੇ ਡਰ ਭਉ ਦੇ ਸਹਾਰ ਜਾਂਦੇ ਹਨ। ਸਿਰਫ ਸਹਾਰਦੇ ਹੀ ਨਹੀ ਬਲਕਿ ਡਕਾਰ ਹੀ ਜਾਂਦੇ ਹਨ।
ਇਸਦੇ ਬਾਵਜੂਦ ਵੀ ਕੁਝ ਲੋਕ ਹੁੰਦੇ ਹਨ ਜੋ ਸਾਰੇ ਚਿੱਕੜ ਵਿੱਚ ਰਹਿੰਦੇ ਹੋਏ ਵੀ ਆਪਣੀ ਆਤਮਾ ਨੂੰ ਪਲੀਤ ਨਹੀ ਹੋਣ ਦਿੰਦੇ। ਪੰਜਾਬ ਪੁਲਸ ਦੇ ਸੀਨੀਅਰ ਅਫਸਰ, ਕੁੰਵਰ ਵਿਜੇ ਪਰਤਾਪ ਸਿੰਘ ਨੇ ਆਪਣੀ ਆਤਮਾ ਦੀ ਅਵਾਜ਼ ਨੂੰ ਸੁਣਕੇ, ਇਸ ਘੋਰ ਕਲਯੁਗ ਦੇ ਦੌਰ ਵਿੱਚ ਅਜਿਹੀ ਲੀਕ ਖਿੱਚਣ ਦਾ ਯਤਨ ਕੀਤਾ ਹੈ ਜਿਸ ਉੱਤੇ ਚੱਲਣਾਂ ਹਰ ਕਿਸੇ ਦੇ ਵਸ ਦਾ ਰੋਗ ਨਹੀ ਹੁੰਦਾ।
ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ, ਹਰ ਸੱਚਾ ਸਿੱਖ ਜਾਣਦਾ ਹੈ ਕਿ ਪੰਜਾਬ ਦੇ ਵੱਡੇ ਸਿਆਸੀ ਘਰਾਣਿਆਂ ਦਾ ਹੱਥ ਹੈੈ। ਜਦੋਂ ਬੰਦਾ ਏਨਾ ਕਮੀਨਾ ਹੋ ਜਾਵੇ ਕਿ ਉਸਨੂੰ ਆਪਣੀ ਕੌਮ, ਆਪਣੀ ਮਾਂ-ਧਰਤੀ ਆਪਣੇ ਲੋਕ ਅਤੇ ਆਪਣਾਂ ਰਹਿਬਰ ਵੀ ਨਿਗੂਣੇ ਲੱਗਣ ਲੱਗ ਪੈਣ ਉਸ ਵੇਲੇ ਅਜਿਹਾ ਅੰਧਕਾਰ ਪਸਰਦਾ ਹੈ ਕਿ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।
ਉਸ ਬੇਅਦਬੀ ਕਾਂਡ ਦੀ ਜਾਂਚ ਕਰਨ ਵੇਲੇ ਸਮੇਂ ਦੀਆਂ ਹਕੂਮਤਾਂ ਨੇ ਲੱਖ ਪਾਪੜ ਵੇਲੇ। ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਕਨੂੰਨ ਦੀਆਂ ਸਾਰੀਆਂ ਸੰਘੀਆਂ ਨੱਪੀਆਂ ਗਈਆਂ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕਰਵਾਈ ਸੀ ਉਹ ਸ਼ੈਤਾਨ ਹੀ ਏਨੇ ਸਨ ਕਿ ਪੁਲਸ ਤੋਂ ਲੈਕੇ ਰਾਜਨੇਤਾਵਾਂ ਅਤੇ ਅਦਾਲਤਾਂ ਤੱਕ ਨੂੰ ਆਪਣੀਆਂ ਉਂਗਲਾਂ ਉੱਤੇ ਨਚਾਉਣ ਦੇ ਮਾਹਰ ਸਨ।
ਕੁੰਵਰ ਵਿਜੇ ਪਰਤਾਪ ਸਿੰਘ ਨੇ ਆਪਣੀ ਨੈਤਿਕ ਜਿੰਮੇਵਾਰੀ ਸਮਝਕੇ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਕਾਂਡ ਦੀਆਂ ਪਰਤਾਂ ਬਹੁਤ ਬਰੀਕੀ ਨਾਲ ਫੋਲਣੀਆਂ ਅਰੰਭ ਕਰ ਦਿੱਤੀਆਂ। ਇੱਕ ਪੇਸ਼ੇਵਾਰ ਪੁਲਸ ਅਧਿਕਾਰੀ ਵਾਂਗ ਉਸਨੇ ਪੰਜਾਬ ਦੀ ਸਿਾਾਸਤ ਅਤੇ ਪੰਜਾਬ ਦੀ ਅਫਸਰਸ਼ਾਹੀ ਦੇ ਘਾਗ ਲੋਕਾਂ ਦੇ ਗਲਾਮੇ ਨੂੰ ਹੱਥ ਜਾ ਪਾਇਆ। ਇਹ ਗੱਲ ਪੰਜਾਬ ਨੂੰ ਆਪਣੀ ਜਾਗੀਰ ਸਮਝਣ ਵਾਲਿਆਂ ਨੂੰ ਮਨਜੂਰ ਨਹੀ ਸੀ। ਆਖਰ ਉਨਾਂ ਸ਼ਾਤਰ ਸਿਆਸਤਦਾਨਾਂ ਨੇ ਅਦਾਲਤਾਂ ਨੂੰ ਅਪਣੀਆਂ ਉਂਗਲਾਂ ਉੱਤੇ ਨਚਾਕੇ ਆਪਣੇ ਹੱਕ ਵਿੱਚ ਫੈਸਲਾ ਕਰਵਾ ਲਿਆ।
ਬਹੁਤ ਇਮਾਨਦਾਰੀ ਨਾਲ ਜਾਂਚ ਕਰਨ ਵਾਲੇ ਇਖਲਾਕੀ ਅਫਸਰ ਲਈ ਇਹ ਬਹਤ ਵੱਡਾ ਝਟਕਾ ਸੀ। ਉਸਨੇ ਉਹ ਹੀ ਕੀਤਾ ਜੋ ਇੱਕ ਜਾਗਦੀ ਜਮੀਰ ਵਾਲਾ ਇਨਸਾਨ ਕਰ ਸਕਦਾ ਹੈੈ। ਨੌਕਰੀ ਤੋਂ ਅਸਤੀਫਾ।
ਉਸ ਇਮਾਨਦਾਰ ਅਫਸਰ ਨੇ ਸ਼ੈਤਾਨ ਰਾਜਨੀਤੀਵਾਨਾਂ ਅਤੇ ਅਫਸਰਸ਼ਾਹੀ ਦੇ ਗੱਠਜੋੜ ਦੀਆਂ ਅਨੈਤਿਕ ਕਾਰਵਾਈਆਂ ਤੋਂ ਤੰਗ ਆਕੇ ਇਹ ਲਿਖ ਦਿੱਤਾ ਹੈ ਕਿ ਉਹ ਆਪਣਾਂ ਕੇਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਰੱਖਣ ਜਾ ਰਿਹਾ ਹੈੈ।
ਉਨ੍ਹਾਂ ਦਾ ਕਹਿਣਾਂ ਹੈ ਕਿ ਸਾਰੀਆਂ ਦੁਨਿਆਵੀ ਅਦਾਲਤਾਂ ਤੋਂ ਉੱਚੀ ਅਦਾਲਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈੈ। ਅਤੇ ਮੇਰਾ ਮੰਨਣਾਂ ਹੈ ਕਿ ਗੁਰੂ ਸਾਹਿਬ ਉਨ੍ਹਾਂ ਘਿਨਾਉਣੀਆਂ ਸ਼ਖਸ਼ੀਅਤਾਂ ਨੂੰ ਜਰੂਰ ਸਜ਼ਾ ਦੇਣਗੇ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਸਿੱਧਾ ਜਾਂ ਅਸਿੱਧਾ ਰੋਲ ਨਿਭਾਇਆ ਅਤੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ।
ਅਸੀਂ ਸਮਝਦੇ ਜਾਂ ਕਿ ਜਦੋਂ ਕਨੂੰਨੀ ਚਾਰਜੋਈ ਦੇ ਸਾਰੇ ਰਾਹ ਬੰਦ ਹੋ ਜਾਣ ਉਸ ਵੇਲੇ ਗੁਰੂ ਸਾਹਿਬ ਦੀ ਅਦਾਲਤ ਹੀ ਅਜਿਹੀ ਬਚਦੀ ਹੈ ਜਿੱਥੇ ਦੋਸ਼ੀਆਂ ਦੀ ਨੈਤਿਕ ਹਾਰ ਹੋ ਸਕਦੀ ਹੈੈ। ਅਜਿਹਾ ਕਾਰਜ ਕੋਈ ਜਾਗਦੀ ਜਮੀਰ ਵਾਲਾ ਹੀ ਕਰ ਸਕਦਾ ਹੈ ਜਿਸ ਦੀ ਆਤਮਾ ਜਿਉਂਦੀ ਹੋਵੇ।