ਦੁਨੀਆਂ ਦੇ ਮਸ਼ਹੂਰ ਬੁੱਧੀਜੀਵੀ ਇਸ ਗੱਲ ਦੇ ਧਾਰਨੀ ਹਨ ਕਿ ਖੇਤੀਬਾੜੀ ਦੁਨੀਆਂ ਵਿੱਚ ਸਭ ਤੋਂ ਪਹਿਲਾ ਸਰਬ-ਪ੍ਰੜਾਨਤ ਮਾਨਯੋਗ ਕਿੱਤਾ ਹੈ। ਜਿਸਨੂੰ ਸਭ ਤੋਂ ਉਨੱਤ ਖੁਸ਼ਗਵਾਰ ਅਤੇ ਮਨ ਨੂੰ ਭਾਉਣ ਵਾਲਾ ਕਿੱਤਾ ਮੰਨਿਆ ਗਿਆ ਹੈ। ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ਼ ਵਾਸ਼ਿੰਗਟਨ ਜੋ ਕਿ ਪਹਿਲਾਂ ਤਬਾਕੂ ਖੇਤੀ ਕਰਨ ਵਾਲਾ ਕਿਸਾਨ ਸੀ ਨੇ ਖੇਤੀ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਇਹ ਦਰਸਾਇਆ ਸੀ ਕਿ ਮੈਂ ਦੁਨੀਆਂ ਦਾ ਰਾਜਾ ਬਣਨ ਦੀ ਬਜਾਇ ਖੇਤਾਂ ਵਿੱਚ ਰਹਿਣਾ ਤੇ ਖੇਤੀ ਕਰਨ ਨੂੰ ਜਿਆਦਾ ਵੱਡਾ ਸਨਮਾਨ ਸਮਝਦਾ ਹਾਂ। ਇਹ ਵੀ ਪ੍ਰਤੱਖ ਪ੍ਰਮਾਣ ਹੈ ਕਿ ਖੇਤੀਬਾੜੀ ਹੀ ਦੁਨੀਆਂ ਦਾ ਸਭ ਤੋਂ ਪਹਿਲਾ ਉਦਯੋਗ ਸੀ ਜਿਹੜਾ ਕਿ ਉਸ ਸਮੇਂ ਆਪਣੇ ਦੇਸਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਸੀ। ਅੱਜ ਭਾਵੇਂ ਸਭ ਤੋਂ ਵਿਕਸਿਤ ਦੇਸ਼ ਅਮਰੀਕਾ ਦੁਨੀਆਂ ਦਾ ਸਭ ਤੋਂ ਵੱਡਾ ਅੰਕ ਦਾ ਅਤੇ ਖੇਤੀਬਾੜੀ ਦੇ ਉਦਯੋਗ ਦਾ ਕੇਂਦਰ ਹੈ ਪਰ ਉਥੇ ਵੀ ਦੂਜੇ ਉਦਯੋਗਾਂ ਨੂੰ ਵੱਧ ਮਹੱਤਤਾ ਮਿਲਣ ਸਦਕਾ ਅਮਰੀਕਾ ਵਿੱਚ ਖੇਤੀਬਾੜੀ ਦਾ ਕਿੱਤਾ ਸੁੰਗੜ ਕਿ ਰਹਿ ਗਿਆ ਹੈ। ਪੁਰਾਣੇ ਪਿੰਡ ਇੱਕ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੇ ਹਨ ਜਿਨਾਂ ਨੂੰ ਸਹਿਰੀ ਲੋਕ ਇੱਕ ਸ਼ੌਕ ਵਜੋਂ ਕਦੀ ਕਦਾਈ ਦੇਖਣ ਜਾਂਦੇ ਹਨ। ਇਸ ਪੇਂਡੂ ਸੱਭਿਆਚਾਰ ਤੇ ਖੇਤੀਬਾੜੀ ਦੀ ਹੋਈ ਅਮਰੀਕਾ ਵਿੱਚ ਦੁਰਦਸ਼ਾਂ ਬਾਰੇ ਕਈ ਨਾਵਲ ਅਤੇ ਫਿਲਮਾਂ ਵੀ ਬਣ ਚੁੱਕੀਆਂ ਹਨ। ਇਸੇ ਤਰਾਂ ਸਤੰਬਰ ਮਹੀਨੇ ਵਿੱਚ ਭਾਰਤੀ ਹੁਕਮਰਾਨਾਂ ਵੱਲੋਂ ਖੇਤੀਬਾੜੀ ਸਬੰਧੀ ਜੋ ਨਵੇ ਸੋਧ ਕਨੂੰਨ ਲਿਆਂਦੇ ਗਏ ਹਨ ਉਹਨਾਂ ਬਾਰੇ ਵੀ ਇਸ ਦਿਹਾਤ ਨਾਲ ਸਬੰਧਤ ਮੁਲਕਾਂ ਦੀ ਖੇਤੀਬਾੜੀ ਤੇ ਡੂੰਘਾ ਪ੍ਰਛਾਵਾਂ ਦਿਖਾਈ ਦੇ ਰਿਹਾ ਹੈ ਜਿਸ ਬਾਰੇ ਇੱਕੀ ਸੂਬਿਆਂ ਵਿੱਚ ਕਿਸਾਨ ਜੱਥੇਬੰਦੀਆਂ ਕੇਂਦਰੀ ਸਰਕਾਰ ਖਿਲਾਫ ਵਿਦਰੋਹ ਕਰਦਿਆਂ ਸੰਘਰਸ਼ ਦੇ ਰਾਹ ਤੁਰੀਆਂ ਹੋਈਆਂ ਹਨ। ਇਨਾਂ ਕਿਸਾਨੀ ਸੰਘਰਸ਼ਾਂ ਦਾ ਧੁਰਾ ਸਦਾ ਵਾਂਗ ਪੰਜਾਬ ਦਾ ਕਿਸਾਨ ਹੀ ਹੈ ਜੋ ਤਕਰੀਬਨ ਸਿੱਖ ਕਿਸਾਨ ਹੀ ਹੈ। ਪੰਜਾਬ ਦੇ ਤੇ ਹੋਰ ਮਿਹਨਤਕਸ਼ ਕਿਸਾਨਾਂ ਨੂੰ ਆਪਣਾ ਖੇਤੀਬਾੜੀ ਦਾ ਭਵਿੱਖ ਨਵੇਂ ਕਨੂੰਨਾਂ ਨਾਲ ਡਾਵਾ ਡੋਲ ਜਾਪ ਰਿਹਾ ਹੈ। ਉਹਨਾਂ ਅੱਗੇ ਵੰਗਾਰ ਹੈ ਕਿ ਇਸ ਕੇਂਦਰੀ ਸਰਕਾਰ ਦੇ ਵੱਡੇ ਹੱਲੇ ਖਿਲਾਫ ਕਿਵੇਂ ਆਪਣੇ ਸੰਘਰਸ਼ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਪਿਛਲੀ ਸਦੀ ਦਾ ਮਸ਼ਹੂਰ ਕਵੀ ਫੈਜ਼ ਇਸ ਕਿਸਾਨਾਂ ਦੀ ਸਥਿਤੀ ਨੂੰ ਬਿਆਨ ਕਰਦੇ ਹੋਏ ਕਹਿੰਦਾ ਹੈ:
ਏਹ ਖਾਕ ਨਸੀਨੋਂ ਉਠ ਬੈਠੋ
ਵਹ ਵਕਤ ਕਰੀਬ ਆ ਪਹੁੰਚਾ ਹੈ।
ਜਬ ਤਖਤ ਗਿਰਾਏ ਜਾਏਂਗੇ,
ਜਬ ਤਾਜ਼ ਉਛਾਲੇ ਜਾਏਂਗੇ।
ਕਟਤੇ ਵੀ ਚਲੋ, ਬੜਤੇ ਵੀ ਚਲੋ,
ਬਾਯੂ ਵੀ ਬਹੁਤ ਹੈ, ਸਰ ਵੀ ਬਹੁਤ।
ਚਲਤੇ ਹੀ ਚਲੋ ਕਿ ਅਬ ਡੇਰੇ ਮੰਜ਼ਿਲ ਪੇ ਹੀ ਡਾਲੇ ਜਾਏਂਗੇ।
ਖੇਤੀਬਾੜੀ ਭਾਰਤ ਦੀ ਵਿੱਤੀ ਹਾਲਤ ਵਿੱਚ ਅੱਜ ਭਾਵੇਂ ਸਤਾਰਾਂ ਪ੍ਰਤੀਸ਼ਤ ਆਰਥਿਕ ਤੌਰ ਤੇ ਹਿੱਸਾ ਪਾ ਰਹੀ ਹੈ ਪਰ ਦੇਸ਼ ਦਾ ਦੋ ਤਿਹਾਈ ਹਿੱਸਾ ਕਿਸਾਨੀ ਕਾਰੋਬਾਰ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜਿਆ ਹੋਇਆ ਹੈ। ਇਸੇ ਤਰਾਂ 78% ਹਿੱਸਾ ਆਰਥਿਕ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਪਿਛਲੇ 50 ਸਾਲਾਂ ਦੇ ਉੱਪਰ ਸਮੇਂ ਤੋਂ ਖੇਤੀਬਾੜੀ ਨਾਲ ਸਬੰਧਿਤ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਖੇਤੀ ਵਿੱਚ ਕੋਈ ਸੰਸਥਾਸਤ ਤਬਦੀਲੀ ਲਿਆਉਣ ਲਈ ਨੀਤੀ ਨਹੀਂ ਬਣਾਈ ਜਾ ਸਕੀ ਹੈ। ਭਾਰਤ ਦੇਸ਼ ਦਾ ਰਾਸ਼ਟਰ ਪਿਤਾ ਮੰਨਿਆ ਜਾਂਦਾ ਮੋਹਨਦਾਸ ਗਾਂਧੀ ਆਪਣੇ ਵੱਲੋਂ ਭਾਰਤ ਦੀ ਅਜਾਦੀ ਤੋਂ ਬਾਅਦ ਇਹ ਕਹਿੰਦਾ ਰਿਹਾ ਹੈ ਕਿ, “ਨਹਿਰੂ ਪਟੇਲ ਹੁਰੀਂ ਚੰਗੇ ਬਾਬੂ ਤੇ ਵਕੀਲ ਹਨ ਪਰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਖੇਤੀਬਾੜੀ ਨਾਲ ਸਬੰਧਤ ਕਿਸਾਨ ਹੀ ਹੋਣਾ ਚਾਹੀਦਾ ਹੈ।” ਦੁਨੀਆਂ ਦੇ ਸਭ ਤੋਂ ਵਿਕਸਤ ਦੇਸ਼ ਅਮਰੀਕਾ ਦਾ ਵੀ ਪਹਿਲਾ ਰਾਸ਼ਟਰਪਤੀ ਕਿਸਾਨ ਹੀ ਹੋਇਆ ਹੈ ਜੋ ਕਿ ਇੱਕ ਚੰਗਾ ਜਰਨੈਲ ਵੀ ਸੀ ਜਦ ਕਿ ਭਾਰਤ ਦੇ ਪ੍ਰਧਾਨ ਮੰਤਰੀ ਬਹੁਤੇ ਕਮਰਿਆਂ ਵਿੱਚ ਬੈਠਣ ਵਾਲੇ ਬਾਬੂ ਹੀ ਹਨ ਜੋ ਬੰਦ ਕਮਰਿਆਂ ਵਿੱਚ ਬੈਠ ਕੇ ਕਿਸਾਨੀ ਨੀਤੀਆਂ ਘਰਦੇ ਆਨੇ ਹਨ ਜਿਸ ਕਰਕੇ ਕਿਸਾਨੀ ਸਾਲ ਦਰ ਸਾਲ ਆਪਣੀ ਲੀਹ ਤੋਂ ਬਿਖਰਦੀ ਗਈ। ਗਾਂਧੀ ਰਾਸ਼ਟਰਪਿਤਾ ਨੇ ਚਾਹਿਆ ਸੀ ਕਿ ਕਿਸਾਨ ਇਸ ਦੇਸ਼ ਦਾ ਰਾਜਾ ਬਣੇ। ਪਰ ਕੇਂਦਰੀ ਸਰਕਾਰ ਦੀਆਂ ਨੀਤੀਆਂ ਕਾਰਨ ਖੇਤੀ ਦੇ ਕਿੱਤੇ ਨੂੰ ਪਿਡਾਂਹ ਕਰਕੇ ਦੂਸਰੇ ਉਦਯੋਗਾਂ ਨੂੰ ਅਤੇ ਕਾਰੋਬਾਰਾਂ ਨੂੰ ਦੇਸ਼ ਦੇ ਵਿਕਿਸਤ ਹੋਣ ਦਾ ਮਾਧਿਅਮ ਬਣਾਇਆ। ਜਿਸ ਕਰਕੇ 1990 ਦੇ ਸ਼ੁਰੂ ਤੋਂ ਆਖਰਕਾਰ ਕਿਸਾਨੀ ਵਿਕਸਤ ਹੋਣ ਦੀ ਬਜਾਇ ਨਿਵਾਣ ਵੱਲ ਤੁਰ ਪਈ ਜਿਸ ਸਦਕਾ ਜਿਹੜਾ ਦੇਸ਼ ਆਪਣੇ ਖਾਣ ਪੀਣ ਦੀਆਂ ਖੇਤੀ ਨਾਲ ਸਬੰਧਿਤ ਵਸਤੂਆਂ ਅਤੇ ਜਿਲਸਾਂ ਵਿੱਚ ਆਤਮ ਨਿਰਭਰ ਸੀ ਉਸ ਦੇਸ਼ ਨੂੰ ਆਪਣਾ ਖੇਤੀ ਨਾਲ ਸਬੰਧਤ ਉਤਪਾਦਨ ਬਾਹਰਲੇ ਦੇਸ਼ਾਂ ਤੋਂ ਮੰਗਵਾਉਣ ਲਈ ਮਸ਼ਹੂਰ ਹੋਣਾ ਪਿਆ। 1990 ਦੇ ਅਖੀਰ ਤੱਕ ਭਾਰਤੀ ਕਿਸਾਨੀ ਇੱਕ ਤਰਾਂ ਨਾਲ ਦਮ ਤੋੜਨ ਦੇ ਕਿਨਾਰੇ ਪੁੱਜ ਗਈ ਸੀ। ਹਰ ਸਾਲ ਜੇ 2019 ਦਾ ਹੀ ਤਾਜਾ ਅੰਕੜਾ ਲੈ ਲਈਏ ਤਾਂ 10,281 ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਗਏ। ਔਸਤਨ ਅਠਾਈ ਕਿਸਾਨ ਤੇ ਖੇਤ ਮਜ਼ਦੂਰ-ਫਾਹਾ ਲੈਣ ਲੱਗ ਪਏ। ਕਿਉਂ ਕਿ ਕਿਸਾਨੀ ਦਾ ਪੱਲਾ ਇੰਨੀ ਗਿਰਾਵਟ ਵਿੱਚ ਜਾ ਚੁੱਕਿਆ ਸੀ ਕਿ ਉਸ ਨਾਲ ਕਿਸਾਨਾਂ ਤੇ ਉਸ ਨਾਲ ਸਬੰਧਿਤ ਖੇਤ ਮਜ਼ਦੂਰਾਂ ਦੀ ਆਤਮ ਨਿਰਭਕਤਾ ਨਾ-ਮੁਮਕਿਨ ਹੋ ਗਈ ਸੀ। ਇਸ ਦਾ ਮੁੱਖ ਕਾਰਨ ਉਸਾਰੇ ਗਏ ਉਦਯੋਗਾਂ ਅਤੇ ਸ਼ਹਿਰੀ ਆਵਾਜਾਣੀਆਂ ਕਾਰਨ ਮੌਸਮ ਵਿੱਚ ਤਬਦੀਲੀ ਆ ਗਈ। ਜਿਸ ਨਾਲ 78% ਖੇਤੀਬਾੜੀ ਜੋ ਸਿੱਧੀ ਕੁਦਰਤ ਨਾਲ ਜੁੜੀ ਹੋਈ ਸੀ ਉਹ ਪ੍ਰਭਾਵਤ ਹੋਈ। ਬਾਹਰੋਂ ਮੰਗਾਈਆਂ ਜਾਂਦੀਆਂ ਖੇਤੀ ਦੀਆਂ ਜਿਨਸਾਂ ਸਰਕਾਰ ਦੀ ਅਮਦਾਦੀ ਮੱਦਦ ਵਿੱਚ ਕਟੌਤੀ, ਬੈਂਕਾਂ ਦੀਆਂ ਕਰਜ਼ਾ ਸਰਕਾਰਾਂ ਵੱਲੋਂ ਖੇਤੀ ਦੇ ਬੁਨਿਆਦੀ ਢਾਂਚੇ ਵਿਚੋਂ ਆਪਣਾ ਹੱਥ ਖਿੱਚ ਲੈਣਾ। ਇਸ ਨਵੇਂ ਬਣੇ ਘਟਨਾ ਚੱਕਰ ਅਤੇ ਪ੍ਰਸਥਿਤੀਆਂ ਨੂੰ ਨਜਿੱਠਣ ਦੀ ਬਜਾਇ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਅਤੇ ਕੋਮਾਂਤਰੀ ਮੁਦਰਾ ਬੈਂਕ ਦੇ ਦਬਾਅ ਹੇਠਾਂ ਖੇਤੀ ਨੂੰ ਨਵੇਂ ਕਨੂੰਨਾਂ ਰਾਹੀਂ ਪੂੰਜੀਵਾਦੀ ਕਾਰੋਬਾਰ ਦੇ ਸਪੁਰਦ ਕਰ ਬੈਠੀ ਹੈ। ਜਿਸਦੇ ਤੌਖਲੇ ਕਾਰਨ 86% ਜੋ ਦੇਸ਼ ਦਾ ਮਾਰੂ ਸਥਿਤੀ ਵਾਲਾ ਕਿਸਾਨ ਹੈ, ਉਹ ਘਬਰਾ ਉਠਿਆ ਹੈ ਅਤੇ ਇਹ ਡਰ ਉਨਾਂ ਤੇ ਘਰ ਕਰ ਚੁੱਕਿਆ ਹੈ ਕਿ ਸਾਨੂੰ ਸਰਕਾਰ ਖੇਤੀ ਤੋਂ ਭਜਾਉਣਾ ਚਾਹੁੰਦੀ ਹੈ ਅਤੇ ਪਿੰਡਾਂ ਨੂੰ ਇੱਕ ਖੰਡਰ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ। ਇੰਨਾ ਤੋਖਲਿਆਂ ਨੂੰ ਠੱਲ ਪਾਉਣ ਲਈ ਪੰਜਾਬ ਦੇ ਕਿਸਾਨਾਂ ਦੀ ਰਹਿਨੁਮਾਈ ਵਿੱਚ ਅੱਜ ਕਰੋਨਾ ਮਹਾਂ ਮਾਰੀ ਦੇ ਦੌਰਾਨ ਕਿਸਾਨ ਸੰਘਰਸ਼ ਦਾ ਰਾਹ ਚੁਣ ਚੁੱਕੇ ਹਨ। ਜਿਸ ਤੋਂ ਕਿਸਾਨੀ ਜਗਤ ਤਾਂ ਪ੍ਰਭਾਵਤ ਹੈ ਹੀ ਸਗੋਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੀ ਕਿਸਾਨਾਂ ਨੂੰ ਦੁਭਾਉਣ ਦੇ ਜ਼ਰੀਏ ਲੱਭ ਰਹੀਆਂ ਹਨ। ਜਿਸ ਸਦਕਾ ਪੰਜਾਬ ਦੀ ਐਸੰਬਲੀ ਨੇ ਸਰਬਸੰਮਤੀ ਨਾਲ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਦੀ ਨੀਤੀ ਖਿਲਾਫ ਰੋਸ ਜਤਾਇਆ ਹੈ। ਪਰ ਇਹ ਕਨੂੰਨ ਵਿੱਚ ਤਬਦੀਲੀ ਲਿਆਉਣ ਦੇ ਮਨਸੂਬੇ ਤੋਂ ਨਾ-ਕਾਮਯਾਬ ਹੀ ਰਹੇਗਾ ਕਿਉਂ ਕਿ ਕਿਸੇ ਵੀ ਕੀਮਤ ਤੇ ਅੱਜ ਦੀ ਮੋਦੀ ਸਰਕਾਰ ਇਸ ਕਨੂੰਨ ਤੋਂ ਪਿੱਛੇ ਹੱਟਦੀ ਦਿਖਾਈ ਨਹੀਂ ਦੇ ਰਹੀ ਹੈ।