ਮਰਹੂਮ ਦੀਪ ਸਿੱਧੂ ਵੱਲੋਂ ਉਸਾਰੀ ਗਈ ਜਥੇਬੰਦੀ, ਵਾਰਸ ਪੰਜਾਬ ਦੇ ਦੀ ਵਾਗਡੋਰ ਹੁਣ ਅੰਮ੍ਰਿਤਪਾਲ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਪਿੰਡ ਰੋਡੇ ਵਿੱਚ ਉਨ੍ਹਾਂ ਦੀ ਦਸਤਾਰਬੰਦੀ ਦਾ ਸਮਾਗਮ ਪਿਛਲੇ ਦਿਨੀ ਜਥੇਬੰਦ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਸਿੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਦਸਤਾਰਾਂ ਭੇਟ ਕਰਕੇ ਆਪਣਾਂ ਸਹਿਯੋਗ ਦਿੱਤਾ ਗਿਆ। ਵਿਦੇਸ਼ ਤੋਂ ਆਉਣ ਤੋਂ ਬਾਅਦ ਜਿਸ ਤੇਜ਼ੀ ਨਾਲ ਅੰਮ੍ਰਿਤਪਾਲ ਸਿੰਘ ਨੇ ਸਿੱਖ ਸਿਆਸੀ ਖੇਤਰ ਵਿੱਚ ਸਰਗਰਮੀ ਅਰੰਭ ਕੀਤੀ ਹੈ ਉਸਨੇ ਨੌਜਵਾਨਾਂ ਦੇ ਇੱਕ ਵੱਡੇ ਹਿੱਸੇ ਵਿੱਚ ਆਪਣੀ ਪਹਿਚਾਣ ਬਣਾਈ ਹੈ। ਦੀਪ ਸਿੱਧੂ ਦੀ ਬੇਵਕਤੀ ਮੌਤ ਕਾਰਨ ਸਿੱਖ ਸਿਆਸੀ ਖੇਤਰ ਵਿੱਚ ਜੋ ਲੀਡਰਸ਼ਿੱਪ ਦਾ ਖਲਾਅ ਪੈਦਾ ਹੋ ਗਿਆ ਸੀ ਉਸਨੂੰ ਭਰਨ ਲਈ ਆਖਰ ਕੋਈ ਚਿਹਰਾ ਤਾਂ ਚਾਹੀਦਾ ਸੀ। ਜੇ ਇਹ ਖਲਾਅ ਨਾ ਭਰਿਆ ਜਾਂਦਾ ਤਾਂ ਸਿੱਖ ਜਵਾਨੀ ਨੇ ਨਿਰਾਸ਼ ਹੋ ਜਾਣਾਂ ਸੀ ਅਤੇ ਫਿਰ ਧਰਮ ਤੋਂ ਗਿਰੀਆਂ ਹੋਈਆਂ ਸਰਗਰਮੀਆਂ ਵਿੱਚ ਪੈ ਜਾਣਾਂ ਸੀ।
ਜਰਾ ਯਾਦ ਕਰਕੇ ਦੇਖੋ ਕਿਸਾਨ ਮੋਰਚੇ ਤੋਂ ਪਹਿਲਾਂ ਦੇ ਹਾਲਾਤ ਜਦੋਂ ਪੰਜਾਬ ਦੀ ਜਵਾਨੀ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੀ ਸਿਰਮੌਰਤਾ ਦੀ ਲੜਾਈ ਵਿੱਚ ਹੀ ਫਸੀ ਹੋਈ ਸੀ। ਕੁਝ ਲੋਕ ਜੈਸਮੀਨ ਸੈਂਡਲੈਸ ਦੇ ਅਰਾਜਕ ਬਿਆਨਾਂ ਤੇ ਹੀ ਦੂਜੀ ਧਿਰ ਨਾਲ ਲੜਾਈ ਲੈਣ ਨੂੰ ਫਿਰਦੇ ਸਨ, ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਨੇ ਵੀ ਨੌਜਵਾਨਾਂ ਨੂੰ ਇੱਕ ਹੋਰ ਮੋਰਚੇ ਤੇ ਆਹਰੇ ਲਾਇਆ ਹੋਇਆ ਸੀ।
ਕਿਸਾਨ ਮੋਰਚੇ ਦੌਰਾਨ ਉਹ ਸੁਖਾਵਾਂ ਮੋੜ ਆਇਆ ਜਦੋਂ ਸਿੱਖ ਜਵਾਨੀ ਨੂੰ ਆਪਣੇ ਆਪੇ ਬਾਰੇ ਝਾਤ ਮਾਰਨ ਦਾ ਸਮਾਂ ਮਿਲਿਆ। 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਜਵਾਨੀ ਨੇ ਮੁੜ ਤੋਂ ਆਪਣੀ ਹੋਂਦ ਬਾਰੇ ਜਾਨਣ ਦੀ ਚੇਸ਼ਟਾ ਅਰੰਭ ਕੀਤੀ। ਉਨ੍ਹਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਅਸੀਂ ਭਾਈ ਬਘੇਲ ਸਿੰਘ ਦੇ ਵਾਰਸ ਹਾਂ ਜਿਸਨੇ ਦਿੱਲੀ ਦੀ ਧੌਣ ਤੇ ਗੋਡਾ ਰੱਖਕੇ ਉਸਨੂੰ ਅਧੀਨ ਕੀਤਾ ਸੀ। ਉਨ੍ਹਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਠੰਢਾ ਬੁਰਜ ਸੜਕਾਂ ਤੇ ਵੀ ਸਿਰਜਿਆ ਜਾ ਸਕਦਾ ਹੈ। ਆਪਣੀ ਕੌਮ ਨਾਲ ਮੋਹ, ਆਪਣੇ ਸ਼ਹੀਦਾਂ ਦਾ ਸਤਕਾਰ ਆਪਣੇ ਨਾਇਕਾਂ ਨਾਲ ਸਾਂਝ, ਕਿਸਾਨ ਮੋਰਚੇ ਦੌਰਾਨ ਉਭਰ ਕੇ ਸਾਹਮਣੇ ਆਈ। ਇਸਤੋਂ ਪਹਿਲਾਂ ਕੁਝ ਪੰਥ ਦਰਦੀ ਜਦੋਂ ਕੋਈ ਸੈਮੀਨਾਰ ਜਾਂ ਸਮਾਗਮ ਕਰਦੇ ਸਨ ਤਾਂ 150 ਤੋਂ ਜਿਆਦਾ ਨੌਜਵਾਨ ਇਕੱਠੇ ਨਹੀ ਸੀ ਹੁੰਦੇ। ਪੰਥਕ ਖੇਤਰਾਂ ਵਿੱਚ ਇਹ ਗੱਲ ਆਮ ਹੀ ਆਖੀ ਜਾਂਦੀ ਸੀ ਕਿ ਸਿੱਖ ਜਵਾਨੀ ਤਾਂ ਹੁਣ ਭੰਗੜੇ ਪਾਉਣ ਤੱਕ ਹੀ ਸੀਮਤ ਹੋ ਗਈ ਹੈ।
ਕਿਸਾਨ ਮੋਰਚੇ ਦੌਰਾਨ ਹੀ ਹੋਂਦ ਦੀ ਲੜਾਈ ਅਤੇ ਨਸਲਾਂ ਦੀ ਜੰਗ ਵਰਗੇ ਬੋਲੇ ਪਰਚੱਲਤ ਹੋਏ ਜੋ ਬਹੁਤ ਸਾਰੇ ਜਵਾਨਾਂ ਦੀ ਰੂਹ ਵਿੱਚ ਘਰ ਕਰ ਗਏ। ਇਸ ਅਹਿਸਾਸ ਦਾ 20 ਸਾਲਾਂ ਤੋਂ ਬਾਅਦ ਪੈਦਾ ਹੋਣਾਂ ਕੋਈ ਸਧਾਰਨ ਗੱਲ ਨਹੀ ਸੀ। ਇਸਤੋਂ ਪਹਿਲਾਂ ਦੇ 20 ਸਾਲਾਂ ਦੀ ਸਿੱਖ ਸਿਆਸਤ ਨੇ ਜਾਂ ਤਾਂ ਵਿੱਕੀ ਮਿੱਢੂਖੇੜੇ ਪੈਦਾ ਕੀਤੇ ਸਨ ਜਾਂ ਲਾਰੈਂਸ ਬਿਸ਼ਨੋਈ ਜਾਂ ਰੋਜ਼ੀ ਬਰਕੰਦੀ ਜਾਂ ਬੰਟੀ ਰੋਮਾਣਾਂ। ਜੇ ਇਹ ਸਿਆਸਤ ਖਤਮ ਨਾ ਹੁੰਦੀ ਅਤੇ ਪੰਜਾਬ ਮਿੱਢੂਖੇੜਿਆਂ ਤੇ ਬਰਕੰਦੀਆਂ ਦੇ ਜਾਲ ਵਿੱਚ ਘਿਰਿਆ ਰਹਿੰਦਾ ਤਾਂ ਪੰਥ ਦਾ ਹੋਕਾ ਦੇਣਾਂ ਵੀ ਔਖਾ ਹੋ ਜਾਣਾਂ ਸੀ। ਇਸ ਸਿਆਸਤ ਦਾ ਜੋਰ ਇੱਕ ਸਮੇਂ ਅਜਿਹਾ ਹੋ ਗਿਆ ਸੀ ਕਿ ਇਹ ਅਨਸਰ ਭਾਈ ਦਲਜੀਤ ਸਿੰਘ ਦੀ ਦਸਤਾਰ ਨੂੰ ਹੱਥ ਪਾਉਣ ਦੀ ਵੀ ਜੁਅਰਤ ਕਰਨ ਲੱਗ ਪਏ ਸਨ।
ਕਿਸਾਨ ਮੋਰਚੇ ਦੌਰਾਨ ਪੈਦਾ ਹੋਇਆ ਪੰਥਕ ਅਹਿਸਾਸ ਅਤੇ ਖੱਬੇਪੱਖੀਆਂ ਦੀ ਸਿਆਸਤ ਦਰਮਿਆਨ ਖਿੱਚੀ ਗਈ ਲਕੀਰ ਵਿੱਚੋਂ ਦੀਪ ਸਿੱਧੂ ਸਾਹਮਣੇ ਆਇਆ। ਆਪਣੀ ਸ਼ਖਸ਼ੀਅਤ ਦੀ ਖਿੱਚ ਨਾਲ ਉਸਨੇ ਨੌਜਵਾਨਾਂ ਨੂੰ ਬੜੀ ਅਨੁਸ਼ਾਸ਼ਤ ਸਿਆਸਤ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਉਸਨੇ ਵੱਧ ਅਧਿਕਾਰਾਂ ਦੀ ਗੱਲ ਨੂੰ ਹੀ ਅੱਗੇ ਤੋਰਿਆ। ਉਸਦੇ ਸੰਪੂਰਨ ਗੁਰਸਿੱਖ ਨਾ ਹੋਣ ਦੇ ਬਾਵਜੂਦ ਵੀ ਕੌਮ ਵਿੱਚ ਉਹ ਪਰਵਾਨ ਹੋਇਆ। ਉਸਦੀ ਮੌਤ ਨੇ ਸਿੱਖ ਜਵਾਨੀ ਨੂੰ ਹਲੂਣਿਆ। ਨਹੀ ਕਿਸੇ ਦੇ ਭੋਗ ਤੇ ਕਦੇ ਲੱਖਾਂ ਦਾ ਇਕੱਠ ਨਹੀ ਸੀ ਦੇਖਿਆ। ਉਹ ਜੋ ਬੀਜ, ਬੀਜ ਗਿਆ ਸੀ ਉਸ ਬੀਜ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਨਵੀਆਂ ਲੀਹਾਂ ਤੇ ਤੋਰਿਆ। ਉਸਦੀ ਮੌਤ ਨੇ ਜੋ ਖਲਾਅ ਪੈਦਾ ਕੀਤਾ ਸੀ ਉਹ ਫਿਰ ਮਿੱਢੂਖੇੜਿਆਂ ਦੀ ਸਿਆਸਤ ਦੇ ਪੈਰ ਬੰਨ੍ਹ ਸਕਦਾ ਸੀ।
ਅੰਮ੍ਰਿਤਪਾਲ ਸਿੰਘ ਨੇ ਉਸ ਖਲਾਅ ਨੂੰ ਭਰਨ ਦਾ ਯਤਨ ਕੀਤਾ ਹੈ। ਮੈਨੂੰ ਨਿੱਜੀ ਤੌਰ ਤੇ ਨਹੀ ਪਤਾ ਕਿ ਉਸਦੀ ਆਮਦ ਪਿੱਛੇ ਕੋਈ ਸਿਆਸਤ ਹੈ ਜਾਂ ਗੁਰੂ ਨੇ ਕਿਸੇ ਹੋਰ ਸਿੰਘ ਨੂੰ ਆਪਣੀ ਬਖਸ਼ਿਸ਼ ਦਾ ਥਾਪੜਾ ਦਿੱਤਾ ਹੈ। ਜੇ ਇਹ ਗੁਰੂ ਦੀ ਕਰਾਮਾਤ ਹੈ ਤਾਂ ਇਸ ਵਰਤਾਰੇ ਦਾ ਸਵਾਗਤ ਕਰਨਾ ਬਣਦਾ ਹੈ ਜੇ ਕੋਈ ਕੋਝੀ ਸਿਆਸਤ ਹੈ ਤਾਂ ਬਹੁਤੀ ਦੇਰ ਲੁਕੀ ਨਹੀ ਰਹੇਗੀ।
ਜੇ ਇਸ 21ਵੀਂ ਸਦੀ ਵਿੱਚ ਹੁਣ ਕੋਈ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰੇਗਾ ਕੌਮ ਉਸਨੂੰ ਮੁਆਫ ਨਹੀ ਕਰੇਗੀ। ਅਕਾਲੀਆਂ ਦਾ ਹਾਲ ਸਾਡੇ ਸਾਹਮਣੇ ਹੈ। ਬਾਕੀ ਪੰਥਕ ਰਾਜਨੀਤੀ ਦੇ ਦਾਅਵੇਦਾਰਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਹੁਣ ਸਮਾਂ ਨਵੀਂ ਨੌਜਵਾਨ ਪੀੜ੍ਹੀ ਦਾ ਹੈ। ਉਹ ਆਪਣੇ ਹਮਉਮਰਾਂ ਨੂੰ ਹੀ ਆਪਣਾਂ ਲੀਡਰ ਦੇਖਣਾਂ ਚਾਹੁੰਦੇ ਹਨ। ਸਿੱਖ ਲਹਿਰ ਦੇ ਪੁਰਾਣੇ ਜੁਝਾਰੂਆਂ ਤੇ ਹੁਣ ਦੀ ਨੌਜਵਾਨੀ ਦਰਮਿਆਨ ਡੇਢ ਪੀੜ੍ਹੀ ਦਾ ਪਾੜਾ ਪੈ ਚੁੱਕਾ ਹੈ। ਦੋਹਾਂ ਦੀ ਸੋਚ ਦਾ ਪੱਧਰ ਵੱਖ ਵੱਖ ਹੈ। ਦੋਹਾਂ ਦੀ ਰਾਜਨੀਤਕ ਕਸਰਤ ਦਾ ਖੇਤਰ ਵੀ ਵੱਖ ਵੱਖ ਹੈ। ਦੋਹਾਂ ਦੇ ਸੁਪਨੇ ਅਤੇ ਮੰਜਲ ਤੇ ਪਹੁੰਚਣ ਦੇ ਰਸਤੇ ਵੀ ਵੱਖਰੇ ਹਨ। ਦੋਹਾਂ ਪੀੜ੍ਹੀਆਂ ਦੇ ਸੁਭਾਅ ਦਾ ਵੀ ਫਰਕ ਹੈ। ਪੁਰਾਣੀ ਪੀੜ੍ਹੀ ਜਿੱਥੇ ਸਹਿਜ ਵਾਲੀ ਸੀ ਨਵੀਂ ਪੀੜ੍ਹੀ ਕਾਫੀ ਤੱਤੀ ਹੈ। ਇਹ ਕੁਦਰਤ ਦੇ ਸਮਾਜਕ ਅਤੇ ਮਨੋਵਿਗਿਆਨਕ ਫਰਕ ਹਨ। ਇਸ ਲਈ ਅਸੀਂ ਸਮਝਦੇ ਹਾਂ ਕਿ ਵਕਤ ਤੋਂ ਪਹਿਲਾਂ ਨਿਰਣੇ ਨਾ ਕਰੀਏ। ਪੀੜ੍ਹੀਆਂ ਦੇ ਸਮਾਜਕ ਪਾੜੇ ਨੂੰ ਸਵੀਕਾਰ ਕਰਕੇ ਅੱਗੇ ਵਧਣ ਦਾ ਯਤਨ ਕਰੀਏ।