ਪਰਕਾਸ਼ ਸਿੰਘ ਬਾਦਲ ਦੇ ਪਰਵਾਰ ਦੀ ਅਗਵਾਈ ਹੇਠਲੇ ਅਕਾਲੀ ਦਲ ਲਈ ਦਿਨ ਪ੍ਰਤੀ ਦਿਨ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਫਿਰ ਸ਼ਾਂਤਮਈ ਸਿੰਘਾਂ ਤੇ ਗੋਲੀਆਂ ਚਲਾਉਣ ਦੇ ਘਟਨਾਕ੍ਰਮ ਨੇ ਅਕਾਲੀ ਦਲ ਨੂੰ ਵੱਡੀਆਂ ਸੱਟਾਂ ਮਾਰੀਆਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੇ ਪਾਰਟੀ ਏਨੀਆਂ ਥੋੜੀਆਂ ਸੀਟਾਂ ਤੱਕ ਸਿਮਟ ਗਈ ਹੈ ਤਾਂ ਇਸਦਾ ਵੱਡਾ ਕਾਰਨ ਜਿੱਥੇ ਬਾਦਲ ਪਰਵਾਦ ਦੀ ਤਾਨਾਸ਼ਾਹ ਨੀਤੀ ਸੀ ਉੱਥੇ ਹੀ ਸਿੱਖਾਂ ਦੇ ਧਾਰਮਕ ਰਹਿਬਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸਾਂ ਵਿੱਚ ਅਕਾਲੀ ਦਲ ਦਾ ਦੋਸ਼ੀਆਂ ਨਾਲ ਖੜ੍ਹਨਾ ਸੀ। ਅਸੀਂ ਇਹ ਨਹੀ ਆਖ ਰਹੇ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਅਕਾਲੀ ਦਲ ਨੇ ਕਰਵਾਈ ਬਲਕਿ ਸੱਤਾਧਾਰੀ ਹੰੁਦਿਆਂ, ਸਰਕਾਰ ਹੁੰਦਿਆਂ ਅਕਾਲੀ ਦਲ ਨੇ ਦੋਸ਼ੀਆਂ ਨੂੰ ਫੜਨ ਜਾਂ ਉਨ੍ਹਾਂ ਨੂੰ ਸਖਤ ਸਜ਼ਾ ਦਿਵਾਉਣ ਦਾ ਯਤਨ ਨਹੀ ਕੀਤਾ।
ਸਿਆਸੀ ਤੌਰ ਤੇ ਇਸਦਾ ਖਮਿਆਜ਼ਾ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਭੁਗਤਣਾਂ ਪਿਆ।
ਬੇਸ਼ੱਕ ਅਕਾਲੀ ਦਲ ਦੇ ਨੁਕਸਾਨ ਨੂੰ ਚੋਣਾਂ ਵਿੱਚ ਹਾਰ ਦੇ ਪੈਮਾਨੇ ਨਾਲ ਹੀ ਨਹੀ ਮਾਪਿਆ ਜਾਣਾਂ ਚਾਹੀਦਾ, ਕਿਉਂਕਿ ਜਦੋਂ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤਾਂ ਇਸਦਾ ਮੁਖ ਨਿਸ਼ਾਨਾ ਗੱਦੀਆਂ ਹਥਿਆਉਣਾਂ ਨਹੀ ਸੀ ਬਲਕਿ ਸਿੱਖਾਂ ਦੇ ਕੌਮੀ ਨਿਆਰੇਪਣ ਦੀ ਰਾਖੀ ਕਰਨਾ ਸੀ। ਇਹ ਤਾਂ ਹੌਲੀ ਹੌਲੀ ਲਾਲਚੀ ਲੀਡਰਸ਼ਿੱਪ ਨੇ ਆਪਣੇ ਨਿੱਜੀ ਲਾਲਚਾਂ ਲਈ ਅਕਾਲੀ ਦਲ ਦਾ ਸਰੂਪ ਇੱਕ ਸਿਧਾਂਤਕ ਪਾਰਟੀ ਨਾਲੋਂ, ਲਾਲਚੀ ਲੋਕਾਂ ਦੇ ਗਰੋਹ ਦੇ ਰੂਪ ਵਿੱਚ ਬਦਲ ਦਿੱਤਾ। ਇਸਦੇ ਨਾਲ ਹੀ ਅਕਾਲੀ ਦਲ ਦੇ ਵਕਾਰ ਨੂੰ ਵੀ ਵੱਡੀ ਢਾਅ ਲੱਗੀ ਹੈੈ। ਆਮ ਸਿੱਖਾਂ ਦੇ ਇੱਕ ਵੱਡੇ ਹਿੱਸੇ ਵਿੱਚ ਇਹ ਸੰਦੇਸ਼ ਗਿਆ ਹੈ ਕਿ ਅਕਾਲੀ ਦਲ ਸ਼ੁੱਧ ਅਤੇ ਸਿਆਣੇ-ਇਮਾਨਦਾਰ ਲੋਕਾਂ ਦੀ ਪਾਰਟੀ ਨਹੀ ਰਹਿ ਗਈ।
ਹੁਣ ਕੇਂਦਰ ਸਰਕਾਰ ਦੇ ਥਾਪੜੇ ਨਾਲ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਨਵਾਂ ਅਕਾਲੀ ਦਲ ਖੜ੍ਹਾ ਕਰ ਲਿਆ ਹੈੈ। ਸਿਆਸਤ ਦੀਆਂ ਰਮਜ਼ਾਂ ਜਾਨਣ ਵਾਲੇ ਇਹ ਜਾਣਦੇ ਹਨ ਕਿ ਕੇਂਦਰ ਦੀ ਹਿੰਦੂ ਲੀਡਰਸ਼ਿੱਪ ਦਾ ਬਾਦਲ ਪਰਵਾਰ ਨਾਲੋਂ ਬਹੁਤ ਦੇਰ ਦਾ ਮੋਹ ਭੰਗ ਹੋਇਆ ਪਿਆ ਸੀ। ਉਹ ਪੰਜਾਬ ਵਿੱਚ ਇੱਕ ਨਵਾਂ ਤਜ਼ਰਬਾ ਕਰਨਾ ਚਾਹੁੰਦੇ ਸਨ। ਉਹ ਤਜਰਬਾ ਜੋ ਸਿੱਖਾਂ ਨੂੰ ਭੁਲੇਖਾ ਦੇ ਸਕੇ ਕਿ ਬਾਦਲ ਦਲ ਦੀਆਂ ਕਾਰਵਾਈਆਂ ਤੋਂ ਹੁਣ ਖਹਿੜਾ ਛੁੱਟ ਗਿਆ ਹੈ ਪਰ ਨਵੇਂ ਢਾਂਚੇ ਵਿੱਚ ਦਿੱਲੀ ਦੀ ਲੀਡਰਸ਼ਿੱਪ ਦੀ ਦਖਲਅੰਦਾਜ਼ੀ ਵੱਧ ਹੋਵੇ।
ਸੁਖਦੇਵ ਸਿੰਘ ਢੀਂਡਸਾ ਦੇ ਮੈਦਾਨ ਵਿੱਚ ਆਉਣ ਨਾਲ ਅਕਾਲੀ ਦਲ ਲਈ ਕੁਝ ਮੁਸ਼ਕਲਾਂ ਵੱਧ ਗਈਆਂ ਹਨ। ਵੋਟ ਸਿਆਸਤ ਦੇ ਮਾਮਲੇ ਵਿੱਚ। ਵੈਸੇ ਢੀਂਡਸਾ ਸਾਹਬ ਦਾ ਦਲ ਬਾਦਲ ਦਲ ਨਾਲੋਂ ਕੋਈ ਵੱਖਰਾ ਨਹੀ ਹੈ। ਗੱਲ ਕੇਂਦਰ ਦੀ ਹਿੰਦੂ ਲੀਡਰਸ਼ਿੱਪ ਦੇ ਥਾਪੜੇ ਦੀ ਹੈੈ। ਕਿ ਉਹ ਕਿਸ ਦੀ ਪਿੱਠ ਤੇ ਹੈੈ। ਜੇ ਕੇਂਦਰ ਦੀ ਲੀਡਰਸ਼ਿੱਪ ਦਾ ਥਾਪੜਾ ਸੁਖਦੇਵ ਸਿੰਘ ਢੀਂਡਸਾ ਨੂੰ ਮਿਲ ਗਿਆ ਤਾਂ ਉਹ ਬਾਦਲ ਪਰਵਾਰ ਲਈ,ਵੋਟਾਂ ਦੀ ਸਿਆਸਤ ਵਾਸਤੇ ਕੁਝ ਚੁਣੌਤੀ ਦੇ ਸਕਦੇ ਹਨ। ਬਹੁਤ ਜਿਆਦਾ ਨਹੀ, ਬਲਕਿ ਥੋੜ੍ਹੀ ਜਿਹੀ। ਜੇ ਉਹ ਕੁਝ ਸੀਟਾਂ ਤੇ ਵੀ ਪਰਭਾਵ ਪਾ ਗਏ ਤਾਂ ਅਕਾਲੀ ਦਲ ਤੋਂ ਅਗਲੀ ਸਰਕਾਰ ਨਹੀ ਬਣਾਈ ਜਾਣੀ। ਜਿੱਤਣਾਂ ਢੀਂਡਸਾ ਗਰੁੱਪ ਨੇ ਵੀ ਨਹੀ, ਪਰ ਉਨ੍ਹਾਂ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਨਹੀ ਹੋਣ ਦੇਣਾਂ। ਸਰਕਾਰ ਫਿਰ ਕਾਂਗਰਸ ਦੀ ਬਣ ਜਾਣੀ ਹੈੈ।
ਇਸ ਸਥਿਤੀ ਵਿੱਚ ਸੁਖਬੀਰ ਸਿੰਘ ਬਾਦਲ ਕੀ ਕਰਨ?
ਸਾਡਾ ਮੰਨਣਾਂ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਰਾਜਸੀ ਨੀਤੀ ਤਬਦੀਲ ਕਰਨੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਬਾਰੇ ਇਹ ਗੱਲ ਸਾਰੇ ਜਾਣਦੇ ਹਨ ਕਿ ਉਹ ਹਿੰਦੂ ਲੀਡਰਸ਼ਿੱਪ ਅੱਗੇ ਲਿਫਣ ਵਾਲਾ ਜਾਂ ਲੇਲੜੀਆਂ ਕੱਢਣ ਵਾਲਾ ਲੀਡਰ ਨਹੀ ਹੈੈ। ਉਹ ਪਰਕਾਸ਼ ਸਿੰਘ ਬਾਦਲ ਵਾਂਗ ਹਿੰਦੂ ਲੀਡਰਸ਼ਿੱਪ ਅੱਗੇ ਵਿਛਣ ਵਾਲਾ ਲੀਡਰ ਨਹੀ ਹੈੈ। ਪਰਕਾਸ਼ ਸਿੰਘ ਬਾਦਲ ਨੇ ਹਿੰਦੂ ਲੀਡਰਸ਼ਿੱਪ ਅੱਗੇ ਵਿਛ-ਵਿਛ ਕੇ ਅਕਾਲੀ ਦਲ ਨੂੰ ਕਮਜ਼ੋਰਾਂ ਦੀ ਪਾਰਟੀ ਬਣਾ ਦਿੱਤਾ ਹੈੈ। ਜੋ ਆਪਣੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਵੀ ਸਜ਼ਾ ਨਾ ਦਿਵਾ ਸਕੇ।
ਹੁਣ ਜੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਬਾਦਲ ਪਰਵਾਰ ਨੂੰ ਬਹੁਤ ਵੱਡੀ ਕੁਰਬਾਨੀ ਕਰਨੀ ਪਵੇਗੀ। ਬਹੁਤ ਕੌੜੇ ਸੱਚ ਬੋਲਣੇ ਪੈਣਗੇ। ਜੇ ਵੱਡੇ ਬਾਦਲ ਸਾਹਬ ਆਪਣੇ ਜਿਉਂਦੇ ਜੀਅ ਆਪਣੇ ਵੱਲੋਂ ਕੀਤੀਆਂ ਗਲਤੀਆਂ ਬਾਰੇ ਸੱਚ ਦੱਸ ਦੇਣ ਅਤੇ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਲੈਣ।
ਅਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਮੁੜ ਤੋਂ ਪੰਥਕ ਸਰੂਪ ਵਿੱਚ ਲੈ ਆਉਣ ਦਾ ਐਲਾਨ ਕਰਨ। ਮਹਿਜ਼ ਐਲਾਨ ਹੀ ਨਾ ਕਰਨ ਬਲਕਿ ਅਕਾਲੀ ਦਲ ਦੇ ਸੰਵਿਧਾਨ ਵਿੱਚ ਤਬਦੀਲੀ ਕਰਕੇ ਇਸਨੂੰ ਸਿੱਖ ਪਾਰਟੀ ਬਣਾਉਣ ਅਤੇ ਇਸੇ 50 ਫੀਸਦੀ ਅਹੁਦੇਦਾਰ ਇਮਾਨਦਾਰ, ਸੱਚੇ ਸੁੱਚੇ ਅਤੇ ਪੰਥਕ ਜਜਬੇ ਵਾਲੇ ਸਿੱਖ ਨੌਜਵਾਨਾਂ ਨੂੰ ਬਣਾਉਣ ਤਾਂ ਅਕਾਲੀ ਦਲ ਕਿਤੇ ਨਾ ਕਿਤੇ ਕੋਈ ਪਕੜ ਬਣਾ ਸਕਦਾ ਹੈੈ।
ਸਿਰਫ ਪੰਥਕ ਰਾਹ ਅਤੇ ਪੰਥਕ ਜਜਬਾਤ ਹੀ ਅਕਾਲੀ ਦਲ ਨੂੰ ਡੁੱਬਣ ਤੋਂ ਬਚਾਅ ਸਕਦੇ ਹਨ। ਪਰਕਾਸ਼ ਸਿੰਘ ਬਾਦਲ ਨੂੰ ਸਾਰੀਆਂ ਗਲਤੀਆਂ ਬਾਰੇ ਸੱਚੀ ਬਿਆਨਬਾਜ਼ੀ ਕਰਕੇ, ਪਸ਼ਚਾਤਾਪ ਕਰਕੇ ਆਪਣੇ ਅਕਾਲੀ ਦਲ ਦੀ ਬੇੜੀ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈੈ।ਵੋੋਟ ਰਾਜਨੀਤੀ ਵਿੱਚ ਅੱਜ ਵੀ ਅਕਾਲੀ ਦਲ ਦੀ ਸਥਿਤੀ ਏਨੀ ਖਰਾਬ ਨਹੀ ਹੈ ਜਿੰਨੀ ਦੱਸੀ ਜਾ ਰਹੀ ਹੈੈ। ਅਕਾਲੀ ਦਲ ਦਾ ਢਾਂਚਾ ਹੇਠਲੇ ਪੱਧਰ ਤੱਕ ਮਜਬੂਤ ਹੈੈ। ਲੋਕ ਸਭਾ ਚੋਣਾਂ ਵਿੱਚ ਬਾਦਲ ਪਰਵਾਰ ਦੇ ਦੋਵੇਂ ਜੀਆਂ ਦੀ ਵੱਡੀ ਜਿੱਤ ਅਤੇ ਹੁਣ ਮਨਪਰੀਤ ਸਿੰਘ ਇਆਲੀ ਦੀ ਜਿੱਤ ਦਰਸਾਉਂਦੀ ਹੈ ਕਿ ਅਕਾਲੀ ਦਲਾਂ ਦਾ ਢਾਂਚਾ ਮਜਬੂਤ ਹੈੈ। ਪਰ ਕੇਂਦਰ ਵੱਲੋਂ ਚੱਲੀ ਜਾ ਰਹੀ ਚਾਲ ਦੇ ਸਾਹਮਣੇ ਅਕਾਲੀ ਦਲ ਕੋਲ ਸਿਰਫ ਤੇ ਸਿਰਫ, ਨਿਰੋਲ ਪੰਥਕ ਰਾਹ ਹੀ ਬਚਦਾ ਹੈੈ। ਜਿਸ ਪੰਥ ਨਾਲ ਅਕਾਲੀ ਦਲ ਨੇ ਧੋਖਾ ਕੀਤਾ ਹੈ ਉਸਨੂੰ ਅਪਣਾਂ ਕੇ ਹੀ ਇਹ ਦਲ ਮੁੜ ਮਜਬੂਤ ਹੋ ਸਕਦਾ ਹੈੈ।