ਅੱਜ ਭਾਰਤ ਅੰਦਰ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਦੇਸ਼ ਵਾਸੀ ਤੇ ਰਾਸ਼ਟਰਵਾਦੀ ਹੋਣ ਦਾ ਸਬੂਤ ਬਣ ਗਿਆ ਹੈ। ਭਾਰਤ ਦੀ ਲੜਖੜਾਉਂਦੀ ਲੋਕਤੰਤਰ ਵਿੱਚ ਅਜਿਹੇ ਨਾਅਰਿਆਂ ਤੋਂ ਇਲਾਵਾ ਨਫਰਤ ਤੇ ਦੂਜਿਆਂ ਨੂੰ ਧਰਮ ਦੇ ਅਧਾਰ ਤੇ ਰਾਸ਼ਟਰਵਾਦੀ ਸੋਚ ਤੋਂ ਬਾਹਰ ਰੱਖਣਾ ਇੱਕ ਮੰਤਵ ਬਣ ਚੁੱਕਿਆ ਹੈ। ਅਜਿਹੇ ਮੰਤਵ ਨਾਲ ਹੀ ਭਾਰਤ ਦੇ ਲੋਕਤੰਤਰ ਅੰਦਰ ਚੋਣਾਂ ਲੜੀਆਂ ਜਾ ਰਹੀਆਂ ਹਨ। ਇਹ ਵਰਤਾਰਾ ੨੦੧੪ ਦੀਆਂ ਰਾਸ਼ਟਰੀ ਚੋਣਾਂ ਤੋਂ ਬਾਅਦ ਜਦੋਂ ਬਹੁਗਿਣਤੀ ਵਿੱਚ ਭਾਜਪਾ ਦੀ ਸਰਕਾਰ ਕੇਂਦਰੀ ਸੱਤਾ ਵਿੱਚ ਆਈ ਹੈ ਤਾਂ ਦੇਖਣ ਨੂੰ ਮਿਲਿਆ ਹੈ। ਇਹ ਸੱਤਾਧਾਰੀ ਸਰਕਾਰ ਇੱਕ ਅਜਿਹੇ ਮੰਤਵ ਨਾਲ ਚੱਲ ਰਹੀ ਹੈ ਜਿਸ ਨੂੰ ਅੰਗਰੇਜੀ ਦਾ ਇੱਕ ਕਥਨ ਬਾਖੂਬੀ ਦਰਸਾਉਨਦਾ ਹੈ, “In a time of Univeral decide telling the truth is a revolutionary act” -George Orwell। ਅਜਿਹੇ ਵਾਤਾਵਰਣ ਵਿੱਚ ਕੋਈ ਵੀ ਸੱਤਾਧਾਰੀ ਸਰਕਾਰ ਦਾ ਵਿਰੋਧ ਜਾਂ ਗਲਤ ਨੀਤੀਆਂ ਕਰਕੇ ਸਵਾਲ ਉਠਾਉਂਦਾ ਹੈ ਤਾਂ ਉਸਨੂੰ ਰਾਸ਼ਟਰਵਾਦ ਵਿਰੋਧੀ ਗਰਦਾਨਿਆਂ ਜਾਂਦਾ ਹੈ। ਇਥੋਂ ਤੱਕ ਕਿ ਕਈ ਐਮ.ਐਲ.ਏ. ਨੂੰ ਸੂਬੇ ਦੀਆਂ ਐਸੰਬਲੀਆਂ ਵਿਚੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸਾਰੇ ਦਾ ਪ੍ਰਗਟਾਵਾ ਇਹ ਦਰਸਾਉਂਦਾ ਹੈ ਕਿ ਅੱਜ ਭਾਰਤ ਵਿੱਚ ਜਬਰ ਦੀ ਹਕੂਮਤ ਹੈ ਜਿਸ ਅੱਗੇ ਬਹੁਤਾ ਅਵਾਮ ਚੁੱਪ ਧਾਰੀ ਬੈਠਾ ਹੈ। ਇਸ ਤਰਾਂ ਦੇ ਮਹੌਲ ਅੰਦਰ ਹੀ ਹੁਣੇ ਹੁਣੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਮੁਕੰਮਲ ਹੋਈਆਂ ਹਨ। ਭਾਵੇਂ ਇੰਨਾਂ ਚੋਣਾਂ ਵਿੱਚ ਸਿਰਫ ਇੱਕ ਮਕਸਦ ਸੀ ਕਿ ਕਿਸੇ ਵੀ ਹੀਲੇ ਚੋਣਾਂ ਜਿੱਤਣੀਆਂ ਹਨ ਭਾਵੇਂ ਭਾਰਤ ਦਾ ਲੋਕਤੰਤਰ ਕਿੰਨਾ ਵੀ ਖਿੱਲਰ ਜਾਵੇ। ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਮਾਂਡ ਹੇਠ ਇੰਨਾ ਚੋਣਾਂ ਵਿੱਚ ਆਪਣੀ ਪਾਰਟੀ ਲਈ ਰੱਜ ਕੇ ਪ੍ਰਚਾਰ ਕੀਤਾ ਤੇ ਦੂਜੇ ਪਾਸੇ ‘ਆਪ’ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ‘ਆਪ’ ਲਈ ਕਮਾਂਡ ਸੰਭਾਲੀ ਹੋਈ ਸੀ। ਭਾਜਪਾ ਦਾ ਮੁੱਖ ਨਾਅਰਾ ਰਾਸ਼ਟਰਵਾਦੀ ਅਤੇ ਨਫਰਤ ਤੇ ਅਧਾਰਤ ਸੀ। ਇਥੋਂ ਤੱਕ ਕੇ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਤੱਕ ਗਰਦਾਨ ਦਿੱਤਾ ਗਿਆ। ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਪਿਛਲੇ ਕੁਝ ਸਾਲਾਂ ਦੌਰਾਨ ਇੱਕ ਘਟਨਾਕ੍ਰਮ ਵਿਚੋਂ ਉਭਰੀ ਹੋਈ ਪਾਰਟੀ ਹੈ ਤੇ ਇਹ ਵਰਤਾਰਾ ਦਿੱਲੀ ਦੇ ਲੋਕਾਂ ਦੇ ਮਨਾਂ ਅੰਦਰ ਘਰ ਕਰ ਬੈਠਾ ਹੈ ਜਿਸ ਸਦਕਾ ਰਾਸ਼ਟਰਵਾਦ ਤੇ ਨਫਰਤ ਦੀ ਚੱਲੀ ਹਨੇਰੀ ਵਿੱਚ ਵੀ ਲੋਕਾਂ ਦੇ ਮਨ ਡੋਲੇ ਨਹੀਂ ਤੇ ਉਹਨਾਂ ਨੇ ‘ਆਪ’ ਨੂੰ ਹੀ ਮੁੜ ਬਹੁ ਗਿਣਤੀ ਨਾਲ ਸੱਤਾ ਵਿੱਚ ਲਿਆਂਦਾ ਹੈ। ਮੁੱਖ ਰੂਪ ਵਿੱਚ aਰਵਿੰਦ ਕੇਜਰੀਵਾਲ ਨੇ ਵੀ ਅੰਦਰਖਾਤੇ ਹਿੰਦੂ ਕਾਰਡ ਦਾ ਹੀ ਸਹਾਰਾ ਲਿਆ ਹੈ ਅਤੇ ਨਰਮੀ ਵਿੱਚ ਭਾਜਪਾ ਵਾਂਗੂ ਆਪਣੀ ਰਣਨੀਤੀ ਘੜ ਕੇ ਉਸ ਤੇ ਹੀ ਅਮਲ ਕੀਤਾ ਹੈ। ਭਾਵੇਂ ਇਨਾਂ ਦਿੱਲੀ ਚੋਣਾਂ ਨੂੰ ਵਿਚਾਰਧਾਰਕ ਭੇੜ ਕਿਹਾ ਜਾ ਰਿਹਾ ਹੈ ਜਿਸ ਵਿੱਚ ‘ਆਪ’ ਦੀ ਜਿੱਤ ਹੋਈ ਹੈ ਪਰ ਇਹ ਇੱਕ ਅਜਿਹਾ ਵਰਤਾਰਾ ਹੈ ਜੋ ਇੱਕ ਵਿਆਕਤੀ ਅਧਾਰਤ ਹੈ ਅਤੇ ਸਮੇਂ ਨਾਲ ਕੀ ਇੱਕ ਇਕੱਲਾ ਵਿਅਕਤੀ ਇਸ ਵਰਤਾਰੇ ਨੂੰ ਪੰਜਾਬ ਵਿੱਚ ਦੁਬਾਰਾ ‘ਆਪ’ ਨੂੰ ਹੁਲਾਰਾ ਦੇ ਸਕੇਗਾ। ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ।