ਭਗਤ ਸਿੰਘ ਅਜ਼ਾਦੀ ਸੰਘਰਸ਼ ਦੇ ਘੁਲਾਟੀਆਂ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ।ਉਹ ਅਜਿਹਾ ਵਿਅਕਤੀ ਸੀ ਜਿਸ ਨੂੰ ਭਾਰਤੀ ਦੇ ਕ੍ਰਾਂਤੀਕਾਰੀ ਅੰਦੋਲਨ ਨੂੰ ਵਿਚਾਰਧਾਰਕ ਰੂਪ ਦੇਣ ਦਾ ਸਿਹਰਾ ਜਾਂਦਾ ਹੈ।ਭਗਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਹ ਸੰਪ੍ਰਦਾਇਕਤਾ ਦੇ ਬਿਲਕੁਲ ਵਿਰੁੱਧ ਸੀ।ਉਹ ਸੰਪ੍ਰਦਾਇਕਤਾ ਨੂੰ ਭਾਰਤੀਆਂ ਲਈ ਬਸਤੀਵਾਦ ਜਿੰਨਾ ਹੀ ਖਤਰਨਾਕ ਮੰਨਦਾ ਸੀ।ਉਸ ਨੇ ਧਾਰਮਿਕ ਕੱਟੜਤਾ ਅਤੇ ਅੰਧ-ਵਿਸ਼ਵਾਸਾਂ ਦੀ ਆਲੋਚਨਾ ਕੀਤੀ।ਉਸ ਦੀ ਪੂਰੀ ਜ਼ਿੰਦਗੀ ਹੀ ਵਿਵੇਕਪੂਰਣ ਸੋਚ ਦੀ ਮੁਦੱਈ ਸੀ।ਅੱਜ ਜਦੋਂ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਬਹੁਤ ਹੀ ਅਸਾਨੀ ਨਾਲ ਇਕ ਫਿਲਮ ਜਾਂ ਕਾਰਟੂਨ ਦੇ ਜ਼ਰੀਏ ਹੀ ਭੜਕਾਇਆ ਜਾ ਸਕਦਾ ਹੈ, ਭਗਤ ਸਿੰਘ ਨੇ ਇਸ ਕਮਜ਼ੋਰੀ ਬਾਰੇ ਲਿਖਿਆ ਸੀ, “ਅਸੀ ਭਾਰਤੀ ਕੀ ਕਰ ਰਹੇ ਹਾਂ? ਇਕ ਪਿੱਪਲ ਦੀ ਸ਼ਾਖ ਨੂੰ ਤੋੜ ਲਿਆ ਜਾਂਦਾ ਹੈ ਤਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਉੱਠਦੀਆਂ ਹਨ।ਇਕ ਕਾਗਜ਼ੀ ਮੂਰਤੀ ਅਤੇ ਤਜ਼ੀਏ ਦਾ ਟੱੁਟ ਜਾਣਾ ‘ਅੱਲ੍ਹਾ’ ਨੂੰ ਨਰਾਜ਼ ਕਰ ਦਿੰਦਾ ਹੈ ਜਿਸ ਨੂੰ ਕਾਫ਼ਿਰ ਹਿੰਦੂਆਂ ਦੇ ਖੂਨ ਤੋਂ ਬਿਨਾਂ ਕਿਸੇ ਹੋਰ ਚੀਜ਼ ਨਾਲ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ।ਇਕ ਵਿਅਕਤੀ ਦੀ ਜ਼ਿੰਦਗੀ ਨੂੰ ਜਾਨਵਰਾਂ ਤੋਂ ਜਿਆਦਾ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ, ਪਰ ਭਾਰਤ ਵਿਚ ਅਸੀ ‘ਪਵਿੱਤਰ ਪਸ਼ੂਆਂ ਦੇ ਨਾਂ ’ਤੇ ਇਕ ਦੂਜੇ ਦਾ ਸਿਰ ਫੋੜਨ ਲਈ ਤਿਆਰ ਰਹਿੰਦੇ ਹਾਂ।
ਅੱਜ ਜੋ ਲੋਕ ਇਕ ਪਾਸੇ ਤਾਂ ਇਸ ਮਹਾਨ ਕ੍ਰਾਂਤੀਕਾਰੀ ਦੇ ਵਿਚਾਰਾਂ ਦੇ ਸਮਰਥਕ ਹੋਣ ਦਾ ਦਾਅਵਾ ਕਰਦੇ ਹਨ, ਉਹ ਕ੍ਰਾਂਤੀਕਾਰੀ ਵਿਚਾਰ ਰੱਖਣ ਵਾਲਿਆਂ ਅਤੇ ਸਰਕਾਰ ਦੀਆਂ ਸਮਾਜਿਕ-ਆਰਥਿਕ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਹੀ ਅਲੱਗ-ਅਲੱਗ ਨਾਵਾਂ ਨਾਲ ਬੁਲਾਉਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਭਗਤ ਸਿੰਘ ਆਪ ਵੀ ਮੰਨਦਾ ਸੀ ਕਿ ਕ੍ਰਾਂਤੀ ਆਉਣੀ ਚਾਹੀਦੀ ਹੈ।ਉਹ ਕ੍ਰਾਂਤੀ ਨੂੰ ਇਸ ਤਰਾਂ ਪ੍ਰਭਾਸ਼ਿਤ ਕਰਦਾ ਹੈ, “ਕ੍ਰਾਂਤੀ ਤੋਂ ਸਾਡਾ ਭਾਵ ਸਮਾਜ ਵਿਚ ਉਸ ਤਰਾਂ ਦੀ ਵਿਵਸਥਾ ਕਰਨਾ ਹੈ ਜਿਸ ਨੂੰ ਮਾਮੂਲੀ ਘਟਨਾਵਾਂ ਤੋਂ ਕੋਈ ਖਤਰਾ ਨਾ ਹੋਵੇ, ਜਿਸ ਵਿਚ ਪ੍ਰੋਲੋਤਾਰੀ ਦੀ ਪ੍ਰਭੂਸੱਤਾ ਨੂੰ ਮੰਨਿਆ ਜਾਵੇ ਅਤੇ ਵਿਸ਼ਵ ਸੰਘਰਾਜ ਹੀ ਮਨੁੱਖਤਾ ਨੂੰ ਪੂੰਜੀਵਾਦ ਦੇ ਚੁੰਗਲ ਵਿਚੋਂ ਕੱਢ ਸਕੇ।” ਭਗਤ ਸਿੰਘ ਦਾ ਨੌਜਵਾਨਾਂ ਵਿਚ ਅਥਾਹ ਵਿਸ਼ਵਾਸ ਸੀ ਅਤੇ ਉਹ ਮੰਨਦਾ ਸੀ ਕਿ ਨੌਜਵਾਨ ਹੀ ਸਮਾਜ ਵਿਚ ਬਦਲਾਅ ਲਿਆ ਸਕਦੇ ਹਨ।ਮਤਲਵਾ ਵਿਚ ਛਪੇ ਆਪਣੇ ਲੇਖ ‘ਯੁਵਕ’ ਵਿਚ ਉਹ ਨੌਜਵਾਨਾਂ ਦੀ ਮਹੱਤਤਾ ਉੱਪਰ ਜ਼ੋਰ ਦਿੰਦਾ ਹੈ।ਉਹ ਲਿਖਦਾ ਹੈ, “ਅਗਰ ਖੂਨ ਦੀ ਕੁਰਬਾਨੀ ਦੀ ਲੋੜ ਹੈ ਤਾਂ ਨੌਜਵਾਨ ਹੀ ਇਹ ਕੁਰਬਾਨੀ ਦੇ ਸਕਦੇ ਹਨ।ਇਕ ਨੌਜਵਾਨ ਹੀ ਆਪਣੇ ਭਾਈਚਾਰੇ ਦੇ ਭਵਿੱਖ ਨੂੰ ਤੈਅ ਕਰਦਾ ਹੈ।” ਇਕ ਪੱਛਮੀ ਚਿੰਤਕ ਨੇ ਠੀਕ ਕਿਹਾ ਹੈ, “ਇਹ ਪ੍ਰਮਾਣਿਤ ਸੱਚ ਹੈ ਕਿ ਅੱਜ ਦੇ ਨੌਜਵਾਨ ਹੀ ਕੱਲ ਦੇ ਦੇਸ਼ਵਾਸੀ ਬਣਦੇ ਹਨ ਜਿਨ੍ਹਾਂ ਦੇ ਹੱਥ ਵਿਚ ਆਪਣੇ ਦੇਸ਼ ਦਾ ਭਵਿੱਖ ਹੈ।ਉਹ ਹੀ ਬੀਜ ਹਨ ਜਿਨ੍ਹਾਂ ਨੇ ਫਲ ਦੇਣੇ ਹਨ।” ਇਸ ਦਾ ਅਰਥ ਹੈ ਕਿ ਨੌਜਵਾਨਾਂ ਨੇ ਹੀ ਦੇਸ਼ ਦੇ ਨਿਰਮਾਤਾ ਅਤੇ ਭਵਿੱਖ ਬਣਨਾ ਹੈ।
ਭਗਤ ਸਿੰਘ ਨੇ ਕਈ ਸਾਰੀਆਂ ਜ਼ਿੰਦਗੀਆਂ ਜੀਵੀਆਂ।ਇਕ ਉਸ ਦੀ ਅਸਲ ਜ਼ਿੰਦਗੀ ਸੀ ਜਿਸ ਵਿਚ ਉਸ ਨੂੰ ੨੩ ਸਾਲ ਦੀ ਛੋਟੀ ਉਮਰ ਵਿਚ ਹੀ ਬ੍ਰਿਟਿਸ਼ ਸਰਕਾਰ ਦੁਆਰਾ ਫਾਂਸੀ ਦੇ ਤਖਤੇ ’ਤੇ ਚੜ੍ਹਾ ਦਿੱਤਾ ਗਿਆ।ਉਸ ਦੀਆਂ ਬਾਕੀਆਂ ਜ਼ਿੰਦਗੀਆਂ ਨੂੰ ਬਣਾਉਣ ਵਿਚ ਦੂਜਿਆਂ ਦਾ ਵੀ ਅਹਿਮ ਰੋਲ ਸੀ ਜਿਸ ਵਿਚ ਉਹ ਅਮੀਰ ਰਾਜਨੀਤਿਕ ਫਸਲ ਉਗਾਉਣਾ ਅਤੇ ਕੱਟਣਾ ਚਾਹੁੰਦਾ ਸੀ।ਭਗਤ ਸਿੰਘ ਰਾਜਨੀਤਿਕ ਪਾਰਟੀਆਂ ਲਈ ਬਹੁਤ ਹੀ ਸਹੂਲਤ ਵਾਲਾ ਪ੍ਰਤੀਕ ਬਣ ਗਿਆ।ਸੱਤਰਵਿਆਂ ਅਤੇ ਅੱਸੀਵਿਆਂ ਵਿਚ ਭਗਤ ਸਿੰਘ ਦੀ ਰਾਜਨੀਤੀ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ।ਇਸ ਵਿਚ ਇਹ ਵੀ ਕਿਹਾ ਗਿਆ ਕਿ ਰਾਸ਼ਟਰਵਾਦੀ ਹੋਣ ਦੇ ਨਾਲ-ਨਾਲ ਉਹ ਧਰਮ-ਨਿਰਪੱਖ ਸਮਾਜਿਕ ਕ੍ਰਾਂਤੀਕਾਰੀ ਵੀ ਸੀ।ਜਿਸ ਇਤਿਹਾਸਕਾਰ ਨੇ ਇਨ੍ਹਾਂ ਤੱਥਾਂ ਨੂੰ ਉਜਾਗਰ ਕੀਤਾ, ਉਸ ਦਾ ਨਾਂ ਬਿਪਨ ਚੰਦਰ ਹੈ।ਉਸ ਨੂੰ ੧੯੩੧ ਵਿਚ ਭਗਤ ਸਿੰਘ ਜੇਲ ਵਿਚ ਲਿਖਿਆ ਹੋਇਆ ਇਕ ਆਰਟੀਕਲ ਮਿਲਿਆ।ਇਸ ਆਰਟੀਕਲ ਦਾ ਸਿਰਲੇਖ ਸੀ: “ਮੈਂ ਨਾਸਤਿਕ ਕਿਉਂ ਹਾਂ?” ਜਿਸ ਵਿਚ ਭਗਤ ਸਿੰਘ ਦੇ ਧਰਮ, ਕ੍ਰਾਂਤੀ ਅਤੇ ਸਮਾਜਿਕ ਬਦਲਾਅ ਬਾਰੇ ਵਿਚਾਰਾਂ ਦਾ ਪਤਾ ਲੱਗਦਾ ਹੈ।ਇਸ ਆਰਟੀਕਲ ਨੂੰ ਪੈਂਫਲਟ ਦੇ ਰੂਪ ਵਿਚ ਪੀਪਲ ਪਬਲੰਿਸ਼ਗ ਹਾਊਸ ਦੁਆਰਾ ਛਾਪਿਆ ਗਿਆ ਅਤੇ ਬਿਪਨ ਚੰਦਰ ਨੇ ਇਸ ਦੀ ਭੂਮਿਕਾ ਲਿਖੀ ਸੀ।ਇਸ ਤੋਂ ਬਾਅਦ ਭਗਤ ਸਿੰਘ ਨੂੰ ਇਕ ਨਵੀਂ ਰੋਸ਼ਨੀ ਵਿਚ ਦੇਖਿਆ ਜਾਣ ਲੱਗ ਪਿਆ।ਇਸ ਆਰਟੀਕਲ ਦਾ ਵਿਸ਼ਾ ਬਰਟਰੈਂਡ ਰਸਲ ਦੇ ਆਰਟੀਕਲ “ਮੈਂ ਇਸਾਈ ਕਿਉਂ ਹਾਂ?” ਉੱਪਰ ਅਧਾਰਿਤ ਸੀ ਜੋ ਉਸ ਨੇ ਸਟੇਟ ਅਤੇ ਯੂਰੋਪ ਦੀ ਆਮ ਜ਼ਿੰਦਗੀ ਉੱਪਰ ਚਰਚ ਦੇ ਵਧਦੇ ਪ੍ਰਭਾਵ ਦੇ ਪ੍ਰਤੀਕਰਮ ਵਜੋਂ ਲਿਖਿਆ ਸੀ।ਨਵਾਂ ਭਗਤ ਸਿੰਘ ਕ੍ਰਾਂਤੀਕਾਰੀ ਸੋਚ ਰੱਖਣ ਵਾਲਾ, ਧਰਮ-ਨਿਰਪੱਖਤਾ ਨੂੰ ਪ੍ਰਣਾਇਆ ਹੋਇਆ ਅਤੇ ਧਰਮ ਦੀ ਗੁੰਝਲਦਾਰ ਸਮਝ ਰੱਖਣ ਵਾਲਾ ਸੀ।ਉਸ ਨੂੰ “ਹਿੰਦੂ ਪ੍ਰਤੀਕ” ਦੇ ਰੂਪ ਵਿਚ ਪੇਸ਼ ਕਰਨਾ ਸੰਭਵ ਨਹੀਂ ਸੀ ਅਤੇ ਉਹ ਸੱਜੇ-ਪੱਖੀ ਪਾਰਟੀਆਂ ਦੀਆਂ ਕੰਧਾਂ ਦਾ ਸ਼ਿੰਗਾਰ ਨਹੀਂ ਸੀ ਬਣ ਸਕਦਾ।ਬਿਪਨ ਚੰਦਰ ਨੇ ਭਗਤ ਸਿੰਘ ਦੀ ਰਾਜਨੀਤੀ ਲਈ “ਕ੍ਰਾਂਤੀਕਾਰੀ ਅੱਤਵਾਦੀ” ਲਫਜ਼ ਵਰਤਿਆ ਹੈ।ਸਾਨੂੰ ਇਸ ਦਾ ਸੰਦਰਭ ਸਮਝਣ ਦੀ ਲੋੜ ਹੈ।੧੯੦੮ ਵਿਚ ਖਤਮ ਹੋਏ ਪ੍ਰਸਿੱਧ ਸਵਦੇਸ਼ੀ ਅੰਦੋਲਨ ਨੇ ਲੋਕਾਂ ਵਿਚ ਢਹਿੰਦੀ ਕਲਾ ਪੈਦਾ ਕਰ ਦਿੱਤੀ ਸੀ। ਇਸ ਨੇ ਹੀ ਬ੍ਰਿਟਿਸ਼-ਵਿਰੋਧੀ ਸੰਘਰਸ਼ ਨੂੰ ਇਕ ਨਵਾਂ ਰੂਪ ਵੀ ਦਿੱਤਾ।ਇਹ ਨਵੀਂ ਰਾਜਨੀਤੀ ਬ੍ਰਿਟਿਸ਼ ਅਫਸਰਾਂ ਨੂੰ ਹਿੰਸਾਤਮਕ ਢੰਗ ਨਾਲ ਨਿਸ਼ਾਨਾ ਬਣਾਉਣ ਉੱਪਰ ਵੀ ਅਧਾਰਿਤ ਸੀ।ਭਗਤ ਸਿੰਘ ਨੇ ਲੋਕਾਂ ਵਿਚੋਂ ਡਰ ਦੀ ਭਾਵਨਾ ਦੂਰ ਕਰਕੇ ਕ੍ਰਾਂਤੀਕਾਰੀ ਸਮਾਜਿਕ ਬਦਲਾਅ ਲੈ ਕੇ ਆਉਣ ਦੀ ਵਕਾਲਤ ਕੀਤੀ।
੨੦੧੨ ਵਿਚ ਭਾਰਤੀ ਸਰਕਾਰ ਨੇ ਹੀ ਅਧਿਕਾਰਿਕ ਰੂਪ ਵਿਚ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਫੈਸਲਾ ਕੀਤਾ।ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਲੈਣ ਦੀ ਕਹਾਣੀ ਲੋਕ ਮਨਾਂ ਵਿਚ ਛਪੀ ਹੋਈ ਹੈ, ਪਰ ਹੁਣ ਤੱਕ ਸਰਕਾਰ ਨੇ ਉਸ ਦੀ ਕੁਰਬਾਨੀ ਅਤੇ ਉਸ ਸਮੇਂ ਉਸ ਦੇ ਨਾਂ ਵਾਲਿਆਂ ਨੂੰ ਯਾਦ ਰੱਖਣ ਲਈ ਬਣਦਾ ਕੁਝ ਨਹੀਂ ਕੀਤਾ ਹੈ।ਭਗਤ ਸਿੰਘ ਦੇ ਸਮੇਂ ਵਿਚ ਚਾਰ ਭਗਤ ਸਿੰਘ ਹੋਰ ਹੋਏ ਸੀ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਸਿੱਖ ਲਹਿਰ ਦੌਰਾਨ ਸਿੱਖ ਸੰਘਰਸ਼ ਵਿਚ ਸੇਵਾ ਭਾਵਨਾ ਅਧੀਨ ਹਿੱਸਾ ਲਿਆ ਅਤੇ ਬ੍ਰਿਟਿਸ਼ ਅੱਤਿਆਚਾਰਾਂ ਕਰਕੇ ਕੁਰਬਾਨੀ ਦਿੱਤੀ। ਪਰ ਉਨ੍ਹਾਂ ਦਾ ਯੋਗਦਾਨ ਗੁਮਨਾਮੀ ਵਿਚ ਹੀ ਗੁਆਚ ਗਿਆ।
ਜਦੋਂ ਵੀ ਅਸੀਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਭਗਤ ਸਿੰਘ ਦਾ ਨਾਂ ਅੱਜ ਵੀ ਪ੍ਰਮੁੱਖ ਰੂਪ ਵਿਚ ਲਿਆ ਜਾਂਦਾ ਹੈ। ਮੌਜੂਦਾ ਰਾਜਨੀਤੀ ਦੇ ਪ੍ਰਵਾਹ ਨੂੰ ਵੱਖਰੇ ਜ਼ਾਵੀਏ ਤੋਂ ਸਮਝਣ ਲਈ ਵੀ ਬੀਤੇ ਨਾਲ ਸੰਵਾਦ ਰਚਾਇਆ ਜਾਂਦਾ ਹੈ ਜਿਸ ਵਿਚ ਭਗਤ ਸਿੰਘ ਨੂੰ ਜਾਣਨ ਦੀ ਪ੍ਰਵਿਰਤੀ ਨੇ ਪਿਛਲੇ ਕੁਝ ਸਮੇਂ ਤੋਂ ਜਿਆਦਾ ਪ੍ਰਬਲ ਰੂਪ ਲਿਆ ਹੈ।ਇਸ ਵਿਚ ਭਗਤ ਸਿੰਘ ਦੇ ਵਿਚਾਰਾਂ ਨੂੰ ਮੌਜੂਦਾ ਰਾਜਨੀਤਿਕ ਸਰੋਕਾਰਾਂ ਨਾਲ ਜੋੜਨ ਉੱਪਰ ਜੋਰ ਦਿੱਤਾ ਗਿਆ ਹੈ।ਵੰਡ ਤੋਂ ਪਹਿਲਾਂ ਦੇ ਪੰਜਾਬ ਵਿਚ ਭਗਤ ਸਿੰਘ ਨੌਜਵਾਨਾਂ ਦੇ ਨਾਇਕ ਦੇ ਰੂਪ ਵਿਚ ਵਿਆਪਕ ਪ੍ਰਸਿੱਧੀ ਮਿਲਣ ਤੋਂ ਪਹਿਲਾਂ ਗੁਮਨਾਮੀ ਦੀ ਜਿੰਦਗੀ ਹੀ ਜਿਉਂ ਰਿਹਾ ਸੀ।ਉਸ ਨੂੰ ਪ੍ਰਮੁੱਖ ਰੂਪ ਵਿਚ ਉਸ ਦੇ ਆਰਟੀਕਲਾਂ, ਨਿਬੰਧਾਂ, ਚਿੱਠੀਆਂ ਅਤੇ ਲੇਖਾਂ ਰਾਹੀ ਜਾਣਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰਮਾਣਿਕਤਾ ਉੱਪਰ ਵੀ ਸਮੇਂ-ਸਮੇਂ ਤੇ ਸੁਆਲ ਉੱਠਦੇ ਰਹੇ ਹਨ।ਇਹ ਲਿਖਤੀ ਸਮੱਗਰੀ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਭਾਰਤ ਪ੍ਰਤੀ ਉਸ ਦੇ ਤਸੱਵਰ ਵੱਲ ਇਸ਼ਾਰਾ ਕਰਦੀ ਹੈ।ਉਸ ਦਾ ਤਸੱਵਰ ਪ੍ਰਮੁੱਖ ਰੂਪ ਵਿਚ ਉਸ ਸਮੇਂ ਪ੍ਰਚਲਿਤ ਲੈਨਿਨ ਦੀ ਵਿਚਾਰਧਾਰਾ ਅਤੇ ਕੁਝ ਹੱਦ ਤੱਕ ਮਾਰਕਸਵਾਦ ਦੁਆਰਾ ਘੜਿਆ ਗਿਆ ਸੀ।ਲਿਖਤੀ ਸਮੱਗਰੀ ਦੇ ਰੂਪ ਵਿਚ ਪ੍ਰਾਪਤ ਉਸ ਦੀ ਵਿਰਾਸਤ ਨੂੰ ਖੱਬੇਪੱਖੀ ਜੱਥੇਬੰਦੀਆਂ ਦੁਆਰਾ ਜਿਆਦਾ ਪ੍ਰਚਾਰਿਆ ਗਿਆ ਹੈ।ਹਾਲਾਂਕਿ, ਉਨ੍ਹਾਂ ਦੇ ਆਪਣੇ ਵਿਚਾਰ ਵੀ ਆਪਣੇ ਰਾਜਨੀਤਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਕਰਕੇ ਥਿੜਕਦੇ ਰਹੇ ਹਨ।ਲੈਨਿਨਵਾਦ ਦੀ ਵਿਚਾਰਧਾਰਾ ਨੇ ਆਪਣੀ ਚਮਕ ਗੁਆ ਲਈ ਅਤੇ ਇਹੋ ਹੀ ਹਸ਼ਰ ਮਾਰਕਸਵਾਦੀ ਵਿਚਾਰਧਾਰਾ ਦਾ ਹੋਇਆ ਜੋ ਬਾਅਦ ਵਿਚ ਸਮਾਜਵਾਦ ਵਿਚ ਸਮਾ ਗਈ।